NATIONAL

ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ

One Minute Read

Image may contain: 1 person , people standing

Jarnail on War

ਬਾਦਲ ਅਤੇ ਸਾਬਕਾ ਕੈਪਟਨ ਇਕ ਦੂਜੇ ਖਿਲਾਫ ਕਮਜੋਰ ਉਮੀਦਵਾਰ ਉਤਾਰਦੇ ਆਏ ਹਨ-ਕੇਜਰੀਵਾਲ

M.Singh, Kolianwali/Lambi, p4punjab.com
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਆਗੂ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਤੋਂ 2017 ਦੀਆਂ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ।
ਲੰਬੀ ਹਲਕੇ ਦੇ ਪਿੰਡ ਕੋਲਿਆਵਾਲੀ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਹਾਜਰ ਸੰਗਤਾਂ ਨੂੰ ਜਰਨੈਲ ਸਿੰਘ ਦੇ ਲੰਬੀ ਤੋਂ ਉਮੀਦਵਾਰ ਬਣਾਉਣ ਬਾਰੇ ਜਿਉ ਹੀ ਪੁਛਿਆ ਤਾਂ ਭਾਰੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਹੱਥ ਖੜੇ ਕਰਕੇ ਅਤੇ ਤਾੜੀਆਂ ਨਾਲ ਇਸਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਦੀ ਉਮੀਦਵਾਰੀ ਤੇ ਮੋਹਰ ਲਗਾ ਦਿੱਤੀ।
ਇਸ ਮੌਕੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਾਂਗਰਸ ਮੁਖੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਆਪਸੀ ਸਹਿਮਤੀ ਰਾਹੀਂ ਇਕ ਦੂਜੇ ਦੇ ਖਿਲਾਫ ਕਮਜੋਰ ਉਮੀਦਵਾਰ ਖੜੇ ਕਰਦੇ ਆ ਰਹੇ ਹਨ ਜਿਸ ਨਾਲ ਕਿ ਉਹ ਅਸਾਨੀ ਨਾਲ ਚੋਣ ਜਿੱਤਦੇ ਆਏ ਹਨ ਪਰੰਤੂ ਇਸ ਵਾਰੀ ਅਸੀਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸਾਬਕਾ ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਮਜੀਠੀਆ ਨੂੰ ਭੱਜਣ ਨਹੀਂ ਦਿਆਂਗੇ। ਇਸੇ ਲਈ ਹੀ ਅਸੀਂ ਅਮਰਿੰਦਰ, ਬਾਦਲ, ਸੁਖਬੀਰ ਅਤੇ ਮਜੀਠੀਏ ਨੂੰ ਧੂੜ ਚਟਾਉਣ ਲਈ ਆਪਣੇ ਤਕੜੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ।
ਆਪ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਮਿਲੀਭੁਗਤ ਦੇ ਸਬੂਤ ਦਿੰਦਿਆਂ ਕਿਹਾ ਕਿ ਪਿਛਲੀ ਬਾਰ ਜਲਾਲਾਬਾਦ ਤੋਂ ਖੜੇ ਕੀਤੇ ਗਏ ਕਾਂਗਰਸ ਦੇ ਉਮੀਦਵਾਰ ਅਤੇ ਮਜੀਠਾ ਤੋਂ ਕਾਂਗਰਸੀ ਉਮੀਦਵਾਰ ਆਪਣੀਆਂ ਜਮਾਨਤਾ ਵੀ ਨਹੀਂ ਬਚਾ ਸਕੇ ਅਤੇ ਸਿਰਫ 7 ਹਜਾਰ ਦੇ ਕਰੀਬ ਵੋਟਾਂ ਲੈਣ ਵਿਚ ਹੀ ਕਾਮਯਾਬ ਹੋ ਸਕੇ।
ਕੇਜਰੀਵਾਲ ਨੇ ਕਿਹਾ ਕਿ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਵਰਣ ਸਿੰਘ ਫਿਲੌਰ ਦੇ ਪੁੱਤਰ ਦਾ ਨਾਮ ਨਸ਼ਾ ਵਪਾਰ ਵਿਚ ਆਉਣ ਤੋਂ ਬਾਅਦ ਉਸਨੂੰ ਕੈਬਿਨੇਟ ਤੋਂ ਅਸਤੀਫਾ ਦੇਣਾ ਪਿਆ ਸੀ ਪਰੰਤੂ ਅਜਿਹੇ ਲੀਡਰ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਬਾਹਾਂ ਖਿਲਾਰ ਕੇ ਕਾਂਗਰਸ ਵਿਚ ਲੈ ਆਏ। ਇਸੇ ਤਰਾਂ ਬਿਕਰਮ ਮਜੀਠੀਆ ਦੇ ਖਾਸਮ ਖਾਸ ਇੰਦਰਬੀਰ ਸਿੰਘ ਬੁਲਾਰੀਆ ਨੂੰ ਵੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਕਰ ਲਿਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਬਾਦਲ, ਸਾਬਕਾ ਕੈਪਟਨ ਅਤੇ ਮਜੀਠੀਆ ਪਰਿਵਾਰ ਮਿਲਕੇ ਪੰਜਾਬ ਨੂੰ ਲੁੱਟ ਰਹੇ ਹਨ।
ਇਸ ਮੌਕੇ ਬੋਲਦਿਆਂ ਜਰਨੈਲ ਸਿੰਘ ਨੇ ਬਾਦਲ ਨੂੰ ਪੰਜਾਬ ਦੇ ਮੁੱਦਿਆਂ ਉਤੇ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ। ਉਨਾਂ ਕਿਹਾ ਕਿ ਅਕਾਲੀ ਦਲ ਜਿਹੜੇ ਵਿਕਾਸ ਦੀਆਂ ਗੱਲਾਂ ਟੀਵੀ ਚੈਨਲਾਂ ਉਤੇ ਕਰਦਾ ਆ ਰਿਹਾ ਹੈ। ਮੁੱਖ ਮੰਤਰੀ ਉਸ ਨਾਲ ਇਸ ਬਾਰੇ ਵਿਚ ਜਨਤਾ ਦੇ ਸਾਹਮਣੇ ਬਹਿਸ ਕਰਨ।  ਪੰਜਾਬ ਵਿਚ ਹਰ ਰੋਜ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਬਾਦਲ ਪਰਿਵਾਰ ਨੇ ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਮਾਫੀਆ ਕਬਜੇ ਵਿਚ ਕਰ ਲਿਆ ਹੈ। ਕੀ ਇਹ ਬਾਦਲਾਂ ਦਾ ਵਿਕਾਸ ਦਾ ਮਾਡਲ ਹੈ, ਜਿਸ ਬਾਰੇ ਉਹ ਚਿਰਾਂ ਤੋਂ ਰੌਲਾ ਪਾ ਰਹੇ ਹਨ। ਉਨਾਂ ਕਿਹਾ ਕਿ ਬਾਦਲ ਬਹਿਸ ਸੰਬੰਧੀ ਸਮਾਂ ਅਤੇ ਸਥਾਨ ਖੁਦ ਨਿਰਧਾਰਿਤ ਕਰਨ।
ਇਸ ਮੌਕੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਭਗਵੰਤ ਮਾਨ, ਸੰਜੇ ਸਿੰਘ, ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕੀਤਾ।
Tags
Show More