NATIONALOPINION

ਛੋਟੀ ਉਮਰ ਦੇ ਅਜ਼ਾਦੀ ਦਾ ਪਰਵਾਨਾ, ਸ਼ਹੀਦ ਕਰਤਾਰ ਸਿੰਘ ਸਰਾਭਾ

ਭਾਰਤ ਦੀ ਅੰਗਰੇਜ਼ੀ ਗੁਲਾਮੀ ਤੋਂ ਮੁਕਤੀ ਅਤੇ ਕਿਰਤੀ ਲੋਕਾਂ ਦੀ ਬਿਹਤਰੀ ਲਈ ਜਿਨ੍ਹਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਮ ਮੋਹਰੀ ਕਤਾਰ ਵਿੱਚ ਹੈ। 16 ਨਵੰਬਰ 1915 ਨੂੰ ਫਾਂਸੀ ਦਾ ਰੱਸਾ ਚੁੰਮਣ ਦੇ ਅੱਜ 100 ਵਰ੍ਹੇ ਤੋਂ ਉੱਪਰ ਹੋ ਚੁੱਕੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਬਾਬਾ ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਟੁੰਡੀਲਾਟ, ਲਾਲਾ ਹਰਦਿਆਲ ਤੇ ਪੰਡਤ ਜਗਤ ਰਾਮ ਜਿਹੇ ਆਗੂ ਕਾਰਕੁੰਨਾਂ ਵਿੱਚੋਂ ਇੱਕ ਸਨ। ਉਹ ਅੱਜ ਵੀ ਸਮੁੱਚੇ ਭਾਰਤ ਦੇ ਲੁੱਟ, ਬੇਇਨਸਾਫ਼ੀ ਖਿਲਾਫ਼ ਜੂਝ ਰਹੇ ਲੋਕਾਂ ਲਈ ਮੁਕਤੀ ਦਾ ਇੱਕ ਚਿੰਨ ਬਣੇ ਹੋਏ ਹਨ।

ਸ਼ਹੀਦ ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਲੁਧਿਆਣੇ ਜਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਉਹ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਸਨ। ਬਚਪਨ ਵਿੱਚ ਉਹਨਾਂ ਦੇ ਪਿਤਾ ਦੀ ਮੌਤ ਮਗਰੋਂ ਉਹਨਾਂ ਦਾ ਪਾਲਣ-ਪੋਸ਼ਣ ਉਹਨਾਂ ਦੇ ਦਾਦਾ ਜੀ ਨੇ ਕੀਤਾ। ਦਸਵੀਂ ਜਮਾਤ ਪਾਸ ਕਰਨ ਮਗਰੋਂ 1910 ਉਹ ਕਾਲਜ ਵਿੱਚ ਦਾਖਲ ਹੋ ਗਏ। ਇਸ ਸਮੇਂ ਪੂਰੇ ਦੇਸ਼ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਹੇਠ ਪੀੜੇ ਜਾ ਰਹੇ ਲੋਕਾਂ ਵਿੱਚ ਅੰਗਰੇਜ਼ੀ ਗੁਲਾਮੀ ਪ੍ਰਤੀ ਨਫ਼ਰਤ ਤੇ ਦੇਸ਼ ਲਈ ਕੁਰਬਾਨ ਹੋਣ ਦਾ ਜਜਬਾ ਜੋਰ ਫੜ ਰਿਹਾ ਸੀ। ਇਸ ਮਹੌਲ ਦਾ ਲਾਜਮੀ ਅਸਰ ਕਰਤਾਰ ਸਿੰਘ ਸਰਾਭਾ ਉੱਪਰ ਵੀ ਪਿਆ।

ਦੇਸ਼ ਵਿੱਚ ਅੰਗੇਰਜਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੇ ਗੁਲਾਮੀ ਦੀ ਹਾਲਤ ਵਿੱਚ ਲੋਕਾਂ ਦਾ ਗੁਜਾਰਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਸੀ। ਅਨੇਕਾਂ ਲੋਕਾਂ ਨੇ ਬੇਵਸ ਹੋਕੇ ਬਿਹਤਰੀ ਜ਼ਿੰਦਗੀ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ। 1912 ਵਿੱਚ ਕਰਤਾਰ ਸਿੰਘ ਸਰਾਭਾ ਵੀ ਆਪਣੀ ਮਰਜੀ ਨਾਲ਼ ਅਮਰੀਕਾ ਦੇ ਸਾਨਫਰਾਂਸਿਸਕੋ ਸ਼ਹਿਰ ਪਹੁੰਚ ਗਏ। ਭਾਰਤੀ ਲੋਕ ਵਿਦੇਸ਼ਾਂ ਵਿੱਚ ਸਥਾਨਕ ਮਜ਼ਦੂਰਾਂ ਨਾਲ਼ੋਂ ਘੱਟ ਮਜ਼ਦੂਰੀ ਵੱਧ ਸਮੇਂ ਲਈ ਕੰਮ ਕਰਨ ਲਈ ਤਿਆਰ ਰਹਿੰਦੇ ਸਨ ਜਿਸ ਕਰਕੇ ਉਹਨਾਂ ਦਾ ਸਥਾਨਕ ਮਜ਼ਦੂਰਾਂ ਨਾਲ਼ ਵਿਰੋਧ ਸੁਭਾਵਿਕ ਸੀ।

ਕਰਤਾਰ ਸਿੰਘ ਸਰਾਭਾ ਨੇ ਨਿੱਕੀ ਉਮਰ ਵਿੱਚ ਜਿੰਨੇ ਵੱਡੇ ਕਾਰੇ ਕੀਤੇ ਉਹ ਅੱਜ ਵੀ ਹੈਰਾਨੀਜਨਕ, ਪ੍ਰੇਰਨਾਦਾਈ ਤੇ ਗੌਰਵਪੂਰਨ ਹਨ। ਅਮਰੀਕਾ ਵਿੱਚ ਗਦਰ ਅਖ਼ਬਾਰ ਕੱਢਣ, ਉਸ ਲਈ ਲਿਖਣ, ਉਸਨੂੰ ਲੋਕਾਂ ਤੱਕ ਲਿਜਾਣ, ਨਵੇਂ ਲੋਕਾਂ ਤੱਕ ਗਦਰ ਦਾ ਸੁਨੇਹਾ ਲਿਜਾਣ ਤੇ ਇਸ ਲਹਿਰ ਲਈ ਫੰਡ ਇਕੱਠਾ ਕਰਨ ਦੀਆਂ ਜਿੰਮੇਵਾਰੀਆਂ ਵਿੱਚ ਕਰਤਾਰ ਸਿੰਘ ਸਰਾਭਾ ਹਮੇਸ਼ਾ ਮੋਹਰੀ ਹੁੰਦੇ ਸਨ। ਗਦਰ ਪਾਰਟੀ ਵਿੱਚ ਸ਼ਾਮਲ ਹੋਣ ਵੇਲੇ ਉਹਨਾਂ ਦੀ ਉਮਰ 17 ਸਾਲ ਤੋਂ ਵੀ ਘੱਟ ਸੀ ਅਤੇ ਜਦੋਂ ਉਹਨਾਂ ਦੀ ਗ੍ਰਿਫ਼ਤਾਰੀ ਹੋਈ ਉਦੋਂ ਉਹਨਾਂ ਨੇ 19 ਬਹਾਰਾਂ ਵੀ ਨਹੀਂ ਵੇਖੀਆਂ ਸਨ।

1914 ਵਿੱਚ ਭਾਰਤ ਆਉਣ ਮਗਰੋਂ ਵੀ ਖਿੰਡੀ ਹੋਈ ਗਦਰ ਲਹਿਰ ਨੂੰ ਮੁੜ ਜਥੇਬੰਦ ਕਰਨ, ਹੋਰਨਾਂ ਸੂਬਿਆਂ ਦੇ ਗਦਰੀਆਂ ਨਾਲ਼ ਸਬੰਧ ਬਣਾਉਣ, ਗਦਰ ਲਈ ਫ਼ੰਡ ਇਕੱਠਾ ਕਰਨ, ਹਥਿਆਰਾਂ, ਠਿਕਾਣਿਆਂ ਦਾ ਪ੍ਰਬੰਧ ਕਰਨ ਦੇ ਕੰਮਾਂ ਵਿੱਚ ਵੀ ਕਰਤਾਰ ਸਿੰਘ ਸਰਾਭਾ ਹੀ ਅੱਗੇ ਸਨ। ਜਦੋਂ ਗਦਰ ਲਈ ਆਰਥਿਕਤਾ ਲਈ ਡਾਕੇ ਮਾਰਨ ਦੀ ਨੌਬਤ ਆਈ ਤਾਂ ਇਸਦੀ ਜਿੰਮੇਵਾਰੀ ਵੀ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ। ਡਾਕੇ ਦੌਰਾਨ ਅਕਸਰ ਉਹ ਲੋਕਾਂ ਨੂੰ ਡਾਕੇ ਦਾ ਕਾਰਨ ਦੱਸਦੇ ਤੇ ਕਈ ਵਾਰ ਪਰਿਵਾਰ ਦੀ ਲੋੜ ਜਿੰਨਾ ਉਹਨਾਂ ਕੋਲ ਛੱਡ ਵੀ ਜਾਂਦੇ। ਇੱਕ ਵਾਰ ਸਾਹਨੇਵਾਲ ਡਾਕੇ ਦੌਰਾਨ ਉਹਨਾਂ ਦੇ ਇੱਕ ਸਾਥੀ ਨੇ ਇੱਕ ਕੁੜੀ ਉੱਤੇ ਮੈਲੀ ਅੱਖ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫ਼ੌਰਨ ਉਸ ਉੱਪਰ ਪਿਸਤੌਲ ਤਾਣ ਲਈ ਤੇ ਉਸਨੂੰ ਮਾਫ਼ੀ ਮੰਗਣ ਲਈ ਮਜ਼ਬੂਰ ਕੀਤਾ।

ਕਰਤਾਰ ਸਿੰਘ ਸਰਾਭਾ ਦਾ ਇੱਕ ਹੋਰ ਅਹਿਮ ਗੁਣ ਉਹਨਾਂ ਦਾ ਭੇਸ ਬਦਲਣ ਤੇ ਪੁਲਿਸ ਨੂੰ ਧੋਖਾ ਦੇਣ ਦੀ ਮੁਹਾਰਤ ਸੀ। ਉਹ ਅਨੇਕਾਂ ਵਾਰ ਸਿੱਧੇ ਫੌਜੀ ਛਾਉਣੀ ਵਿੱਚ ਨਿਧੜਕ ਹੋਕੇ ਚਲੇ ਜਾਂਦੇ ਤੇ ਉਹਨਾਂ ਨੂੰ ਕੋਈ ਅਫ਼ਸਰ ਸਮਝ ਲਿਆ ਜਾਂਦਾ। ਕਈ ਵਾਰ ਉਹਨਾਂ ਦੀ ਗ੍ਰਿਫ਼ਤਾਰੀ ਲਈ ਆਈ ਪੁਲਿਸ ਨੂੰ ਉਹ ਭੇਸ ਬਦਲਕੇ ਸਿੱਧੇ ਮੱਥੇ ਜਾ ਮਿਲਦੇ ਤੇ ਕੋਈ ਸਲਾਹ ਜਾਂ ਤਾੜਨਾ ਦੇਕੇ ਨਿੱਕਲ ਜਾਂਦੇ। ਇਸ ਕੰਮ ਵਿੱਚ ਉਹ ਇੰਨੇ ਮਾਹਿਰ ਸਨ ਕਿ ਕਈ ਵਾਰ ਉਹਨਾਂ ਦੇ ਸਾਥੀ ਵੀ ਉਹਨਾਂ ਨੂੰ ਪਛਾਣ ਨਾ ਸਕਦੇ। ਇੰਨੀ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਗਦਰ ਲਈ ਹਥਿਆਰ ਚਲਾਉਣੇ ਤੇ ਹਵਾਈ ਜਹਾਜ ਉਡਾਉਣਾ ਵੀ ਸਿੱਖ ਲਿਆ ਸੀ। ਉਹਨਾਂ ਦੇ ਦਲੇਰੀ, ਦ੍ਰਿੜਤਾ ਤੇ ਗਦਰ ਲਹਿਰ ਵਿੱਚ ਆਗੂ ਸ਼ਮੂਲੀਅਤ ਨੂੰ ਵੇਖਦੇ ਹੋਏ ਫ਼ਾਂਸੀਂ ਦੀ ਸਜਾ ਸੁਣਾਉਣ ਵਾਲ਼ੇ ਜੱਜ ਨੂੰ ਇਹ ਲਿਖਣ ਲਈ ਮਜ਼ਬੂਰ ਹੋਣ ਪਿਆ ਕਿ “ਉਹ ਸਭ ਤੋਂ ਖ਼ਤਰਨਾਕ ਅਪਰਾਧੀਆਂ ਵਿੱਚੋਂ ਇੱਕ ਹੈ। ਅਮਰੀਕਾ ਜਾਂ ਭਾਰਤ ਵਿੱਚ ਸਾਜਿਸ਼ ਦਾ ਇੱਕ ਵੀ ਹਿੱਸਾ ਨਹੀਂ ਹੈ ਜਿਸ ਵਿੱਚ ਉਸਨੇ ਉੱਘਾ ਹਿੱਸਾ ਨਾ ਪਾਇਆ ਹੋਵੇ।”

ਗਦਰ ਲਹਿਰ ਦੀ ਅਸਫ਼ਲਤਾ ਤੇ ਉਹਨਾਂ ਦੀ ਗ੍ਰਿਫ਼ਤਾਰੀ ਮਗਰੋਂ ਵੀ ਉਹਨਾਂ ਦੇ ਬੁਲੰਦ ਹੌਂਸਲੇ ਦੀ ਫਸੀਲ ਵਿੱਚ ਰਤਾ ਵੀ ਤਰੇੜ ਨਾ ਆਈ। ਉਹਨਾਂ ਨੇ ਜੇਲ ਤੋੜ ਕੇ ਭੱਜਣ ਦੀ ਅਸਫ਼ਲ ਕੋਸ਼ਿਸ਼ ਵੀ ਕੀਤੀ। ਅੰਗਰੇਜ਼ ਸਰਕਾਰ ਦੇ ਤਸੀਹਿਆਂ, ਜੇਲਾਂ ਵਿਚਲੀ ਬਦਸਲੂਕੀ ਤੇ ਮੌਤ ਨੇੜੇ ਆਉਣ ‘ਤੇ ਵੀ ਉਹਨਾਂ ਦੇ ਚਿਹਰੇ ਉੱਤੇ ਕਦੇ ਵੀ ਕਿਸੇ ਨੇ ਫਿਕਰਮੰਦੀ ਜਾਂ ਖੌਫ਼ ਦਾ ਪਰਛਾਵਾਂ ਨਾ ਵੇਖਿਆ। ਜੇਲ੍ਹ ਵਿੱਚ ਉਹ ਆਪਣੀਆਂ ਹੱਥਕੜੀਆਂ, ਸਲਾਖਾਂ ਨੂੰ ਸਾਜ ਵਜੋਂ ਵਰਤ ਕੇ ਗੀਤ ਗਾਉਂਦੇ ਰਹਿੰਦੇ ਤੇ ਉਹਨਾਂ ਨੂੰ ਵੇਖ ਕੇ ਬਾਕੀ ਸਾਥੀ ਵੀ ਜਿੰਦਾਦਿਲੀ, ਦ੍ਰਿੜਤਾ ਤੇ ਹੌਂਸਲੇ ਦੇ ਰੌਂਅ ਵਿੱਚ ਰਹਿੰਦੇ। ਜਦੋਂ ਅਦਾਲਤ ਵਿੱਚ ਉਹਨਾਂ ਨੂੰ ਆਪਣੀ ਸਫ਼ਾਈ ਪੇਸ਼ ਕਰਨ ਲਈ ਆਖਿਆ ਗਿਆ ਤਾਂ ਉਹਨਾਂ ਨੇ ਫ਼ਖਰ ਨਾਲ਼ ਕਿਹਾ ਜੋ ਕੁੱਝ ਮੈਂ ਕੀਤਾ ਹੈ ਉਹ ਜਿੰਮੇਵਾਰੀ ਦੇ ਅਹਿਸਾਸ ਨਾਲ਼ ਕੀਤਾ ਹੈ ਤੇ ਮੈਨੂੰ ਇਸ ਉੱਪਰ ਉੱਕਾ ਹੀ ਅਫ਼ਸੋਸ ਨਹੀਂ।

ਦੇਸ਼ ਦੀ ਅਜਾਦੀ ਲਈ ਕੰਮ ਕਰਨਾ ਸਾਡਾ ਪਵਿੱਤਰ ਫ਼ਰਜ ਹੈ। ਫਾਂਸੀ ਦੀ ਸਜਾ ਸੁਣਾਏ ਜਾਣ ਪਿੱਛੋਂ ਵੀ ਉਹਨਾਂ ਨੇ ਰਹਿਮ ਦੀ ਅਪੀਲ ਕਰਨੋਂ ਕੋਰੀ ਨਾਂਹ ਕਰ ਦਿੱਤੀ ਤੇ ਬੇਸਬਰੀ ਨਾਲ਼ ਮੌਤ ਦੀਆਂ ਘੜੀਆਂ ਉਡੀਕ ਲੱਗੇ। ਜਦੋਂ ਆਖਰੀ ਵਾਰ ਉਹਨਾਂ ਦੇ ਦਾਦਾ ਜੀ ਉਹਨਾਂ ਨੂੰ ਮਿਲਣ ਸਮੇਂ ਰੋਣ ਲੱਗੇ ਤਾਂ ਕਰਤਾਰ ਸਿੰਘ ਸਰਾਭਾ ਨੇ ਉਹਨਾਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਮੈਂ ਤਾਂ 30 ਕਰੋੜ ਲੋਕਾਂ ਦੀ ਅਜ਼ਾਦੀ ਲਈ ਇੱਕ ਸ਼ਾਨਦਾਰ ਮੌਤ ਮਰ ਰਿਹਾ ਹਾਂ। ਇਸ ਮੌਤ ਉੱਤੇ ਤਾਂ ਤੁਹਾਨੂੰ ਖੁਸ਼ੀ ਤੇ ਫ਼ਖਰ ਹੋਣਾ ਚਾਹੀਦਾ ਹੈ।

ਫਾਂਸੀ ਮਗਰੋਂ ਕਰਤਾਰ ਸਿੰਘ ਸਰਾਭਾ ਦੀ ਸਰੀਰਕ ਮੌਤ ਤਾਂ ਹੋ ਗਈ ਪਰ ਉਹਨਾਂ ਦੇ ਵਿਚਾਰ, ਆਦਰਸ਼, ਜਜਬਾ ਜਿਉਂਦੇ ਰਹੇ ਤੇ ਹੋਰਨਾਂ ਨੂੰ ਇਸੇ ਰਾਹ ਚੱਲਣ ਦੀ ਪ੍ਰੇਰਨਾ ਦਿੰਦੇ ਰਹੇ। ਉਹਨਾਂ ਦੀ ਸ਼ਹਾਦਤ ਕੁੱਝ ਵਰ੍ਹੇ ਮਗਰੋਂ 13 ਅਪ੍ਰੈਲ 1919 ਨੂੰ ਜਲ਼ਿਆਂ ਵਾਲ਼ੇ ਬਾਗ ਦੇ ਸਾਕੇ ਮਗਰੋਂ ਉੱਥੋਂ ਦੀ ਖੂਨੀ ਮਿੱਟੀ ਲਿਆਉਣ ਵਾਲੇ ਬਾਲ ਭਗਤ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਬਣਾਇਆ ਤੇ ਉਹਨਾਂ ਵੱਲੋਂ ਤੋਰੀ ਲੜ੍ਹਾਈ ਨੂੰ ਹੋਰ ਅੱਗੇ ਵਧਾਇਆ। ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭਾ ਬਾਰੇ ਠੀਕ ਹੀ ਲਿਖਿਆ ਸੀ ਕਿ, “ਉੱਨੀ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਇੰਨ੍ਹੇ ਕੰਮ ਕਰ ਵਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਐਨੀ ਜੁਰਅਤ, ਐਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤ ਵਿੱਚ ਐਸੇ ਇਨਸਾਨ ਘੱਟ ਹੀ ਪੈਦਾ ਹੋਏ ਹੋਣਗੇ ਜਿੰਨ੍ਹਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ। ਪ੍ਰੰਤੂ ਇਹਨਾਂ ਗਿਣਿਆਂ-ਮਿਥਿਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਹਨਾਂ ਦੀ ਰਗ-ਰਗ ਵਿੱਚ ਇਨਕਲਾਬ ਦਾ ਜ਼ਜ਼ਬਾ ਸਮਾਇਆ ਹੋਇਆ ਸੀ। ਉਹਨਾਂ ਦੀ ਜਿੰਦਗੀ ਦਾ ਇੱਕੋ ਮਕਸਦ, ਇੱਕੋ ਖਾਹਿਸ਼ ਤੇ ਇੱਕੋ ਉਮੀਦ ਜੋ ਕੁੱਝ ਵੀ ਸੀ ਇਨਕਲਾਬ ਸੀ। ਇਸ ਦੇ ਲਈ ਉਹਨਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਦੁਨੀਆਂ ਤੋਂ ਚਲਾਣਾ ਕਰ ਗਏ।”

ਲੁੱਟ, ਜ਼ਬਰ ਤੇ ਗੁਲਾਮੀ ਤੋਂ ਮੁਕਤੀ ਵਾਲ਼ੇ ਸਮਾਜ ਦੇ ਜਿਸ ਉਦੇਸ਼ ਲਈ ਕਰਤਾਰ ਸਿੰਘ ਸਰਾਭਾ ਨੇ ਇਨਕਲਾਬ ਦੀ ਮਸ਼ਾਲ ਬਾਲੀ ਸੀ ਉਹ ਉਦੇਸ਼ ਹਾਲੇ ਪੂਰਾ ਨਹੀਂ ਹੋ ਸਕਿਆ ਹੈ। ਅਗਸਤ 1947 ‘ਚ ਭਾਰਤ ਦੀ ਸਰਮਾਏਦਾਰ ਜਮਾਤ ਨੇ ਲੋਕਾਂ ਨਾਲ਼ ਵਿਸਾਹਘਾਤ ਕਰਕੇ ਸਾਮਰਾਜੀਆਂ ਅਤੇ ਜਗੀਰਦਾਰਾਂ ਨਾਲ਼ ਸ਼ਰਮਨਾਕ ਸਮਝੌਤਿਆਂ ਰਾਹੀਂ ਦੇਸ ਦੀ ਸੱਤਾ ਹਾਸਿਲ ਕੀਤੀ ਸੀ। ਅੱਜ ਦੇਸ਼ ਦੇ ਕਰੋੜਾਂ ਕਿਰਤੀ ਲੋਕ ਇਸ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੇ ਜੂਲੇ ਹੇਠ ਪਿਸ ਰਹੇ ਹਨ। ਇਸੇ ਦਾ ਹੀ ਨਤੀਜਾ ਹੈ ਕਿ 1947 ਤੋਂ ਬਾਅਦ ਦੇਸ਼ ਦੇ ਸਰਮਾਏਦਾਰ ਧਨਾਢਾਂ ਦੀ ਦੌਲਤ, ਮੁਨਾਫ਼ੇਖੋਰੀ ਤੇ ਅੱਯਾਸ਼ੀਆਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ।

ਦੂਜੇ ਪਾਸੇ ਅੱਜ ਦੇਸ ਦੇ ਕਿਰਤੀ ਲੋਕਾਂ ਦੀ ਹਾਲਤ ਏਨੀ ਭੈੜੀ ਹੋ ਚੁੱਕੀ ਹੈ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਕਿਰਤ ਦੀ ਭਿਆਨਕ ਲੁੱਟ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ-ਕੁਪੋਸ਼ਣ, ਅਨਪੜ੍ਹਤਾ, ਪੈਸੇ ਦੀ ਥੁੜ ਕਾਰਨ ਇਲਾਜ ਯੋਗ ਬਿਮਾਰੀਆਂ ਨਾਲ਼ ਵੀ ਮੌਤਾਂ, ਬੁਨਿਆਦੀ ਜਮਹੂਰੀ ਹੱਕਾਂ ਦਾ ਘਾਣ ਜਿਹੀਆਂ ਅਨੇਕ ਭਿਅੰਕਰ ਅਲਾਮਤਾਂ ਦਾ ਸ਼ਿਕਾਰ ਹਨ ਦੇਸ ਦੇ ਕਿਰਤੀ ਲੋਕ।

ਅੱਜ ਦੇਸ ਦੇ ਅੱਸੀ ਕਰੋੜ ਲੋਕ 20 ਰੁਪਏ ਪ੍ਰਤੀ ਵਿਅਕਤੀ ਦੀ ਆਮਦਨ ‘ਤੇ ਬੇਹਦ ਹੇਠਲੇ ਪੱਧਰ ਦੀ ਜ਼ਿੰਦਗੀ ਜਿਉਣ ‘ਤੇ ਮਜ਼ਬੂਰ ਹਨ। 40 ਕਰੋੜ ਲੋਕਾਂ ਦੇ ਸਿਰ ‘ਤੇ ਪੱਕੀ ਛੱਤ ਤੱਕ ਨਹੀਂ। 10 ਕੋਰੜ ਬੱਚੇ ਖੇਡਣ-ਪੜ੍ਹਨ ਦੀ ਉਮਰ ਵਿੱਚ ਮਜ਼ਦੂਰੀ ਕਰਨ ‘ਤੇ ਮਜ਼ਬੂਰ ਹਨ। ਜਿਆਦਾਤਰ ਗਰੀਬ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਹਨ। ਰੋਜਾਨਾ ਕੁਪੋਸ਼ਣ ਦਾ ਸ਼ਿਕਾਰ 9000 ਬੱਚੇ ਦਮ ਤੋੜ ਰਹੇ ਹਨ। ਨੌਜਵਾਨਾਂ ਪੜ੍ਹ-ਲਿਖ ਕੇ ਰੁਜ਼ਗਾਰ ਲਈ ਸੜਕਾਂ ‘ਤੇ ਰੁਲ ਰਹੇ ਹਨ। ਅੱਜ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੀ ਸੇਵਾ ਵਿੱਚ ਲੱਗੀਆਂ ਹੋਈਂਆਂ ਹਨ ਤੇ ਲੋਕਾਂ ਦੀ ਖੂਨ ਪਸੀਨੇ ਦੀ ਮਿਹਨਤ ਨੂੰ ਲੁੱਟਣ ਤੇ ਇਸ ਲੁੱਟ ਖਿਲਾਫ਼ ਬੋਲਣ ਵਾਲਿਆਂ ਕੁੱਟਣ ਦਾ ਕੰਮ ਬਾਖੂਬੀ ਕਰ ਰਹੀਆਂ ਹਨ।

ਸਰਕਾਰਾਂ ਨੇ ਲੋਕਾਂ ਨੂੰ ਕਿਸੇ ਹੱਦ ਤੱਕ ਰਾਹਤ ਪ੍ਰਦਾਨ ਕਰ ਰਹੀਆਂ ਲੋਕਾਂ ਨੂੰ ਸਸਤੀਆਂ ਮੁਹੱਈਆਂ ਕੀਤੀਆਂ ਗਈਆਂ ਭੋਜਨ, ਇਲਾਜ, ਬਿਜਲੀ, ਪਾਣੀ, ਆਵਾਜਾਈ ਆਦਿ ਸਰਕਾਰੀ ਸੁਵਿਧਾਵਾਂ ਵੱਡੇ ਪੱਧਰ ‘ਤੇ ਖੋਹ ਲਈਆਂ ਹਨ ਤੇ ਇਹਨਾਂ ਖੇਤਰਾਂ ਦਾ ਨਿੱਜੀਕਰਨ ਕਰਕੇ ਇਹਨਾਂ ਨੂੰ ਸਰਮਏਦਾਰਾਂ ਦੇ ਮੁਨਾਫ਼ੇ ਕਮਾਉਣ ਲਈ ਛੱਡ ਦਿੱਤਾ ਹੈ। ਲੋਕਾਂ ਨੂੰ ਧਰਮਾਂ, ਜਾਤਾਂ ਤੇ ਖੇਤਰ ਆਦਿ ਦੇ ਨਾਮ ‘ਤੇ ਵੰਡਿਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਫ਼ਿਰਕੂ ਕਹਿਰ ਦੀ ਹਨੇਰੀ ਤੇਜ ਹੋ ਰਹੀ ਹੈ।

ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਆਪਣੇ ਸਮੇਂ ਦੇ ਲੋਕ ਦੁਸ਼ਮਣਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਖਿਲਾਫ਼ ਬੇਕਿਰਕ ਘੋਲ ਦਾ ਝੰਡਾ ਬੁਲੰਦ ਕੀਤਾ। ਅਦਾਲਤ ਸਾਹਮਣੇ ਆਪਣੇ ਇੱਕ ਬਿਆਨ ਵਿੱਚ ਉਹਨਾਂ ਆਉਣ ਵਾਲ਼ੀਆਂ ਪੀੜ੍ਹੀਆਂ ਪ੍ਰਤੀ ਉਮੀਦ ਜਤਾਉਂਦੇ ਕਿਹਾ ਸੀ ਕਿ, “ਅਸੀਂ ਡੰਡੇ ਦੀ ਚੋਟ ਨਾਲ਼ ਇਸ ਦੇਸ਼ ਦੇ ਸਾਮਰਾਜੀ ਹੁਕਮਰਾਨਾਂ ਦੀ ਤਾਕਤ ਨੂੰ ਬਗਾਵਤ ਦੀ ਚੁਣੌਤੀ ਦਿੱਤੀ ਹੈ ਤੇ ਸਾਨੂੰ ਆਪਣੀ ਇਸ ਕੋਸ਼ਿਸ਼ ਉੱਤੇ ਮਾਣ ਹੈ। …ਅਸੀ ਇੱਕ ਅਜਿਹੀ ਜੋਤ ਜਗਾ ਚੱਲੇ ਹਾਂ ਜੋ ਕਦੇ ਨਹੀਂ ਬੁਝੇਗੀ।” ਅੱਜ ਜਿੱਥੇ ਦੇਸ਼ ਦੇ ਕਿਰਤੀਆਂ ਦੀ ਬਦਹਾਲੀ, ਗਰੀਬੀ ਤੇ ਬੇਵਸੀ ਸੰਵੇਦਨਸ਼ੀਲ ਤੇ ਬਹਾਦਰ ਨੌਜਵਾਨਾਂ ਦੇ ਦਿਲਾਂ ਨੂੰ ਵਲੂੰਧਰਦੀ ਹੋਈ ਉਹਨਾਂ ਅੰਦਰ ਇਸ ਗਲ-ਸੜ ਚੁੱਕੇ ਨਿਜ਼ਾਮ ਖਿਲਾਫ਼ ਨਫ਼ਰਤ ਪੈਦਾ ਕਰ ਰਹੀ ਹੈ ਉੱਥੇ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਵੱਲੋਂ ਜਗਾਈ ਜੋਤ ਉਹਨਾਂ ਨੌਜਵਾਨਾਂ ਨੂੰ ਇਸ ਲੁਟੇਰੇ ਢਾਂਚੇ ਨੂੰ ਜੜੋਂ ਉਖਾੜਨ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਵੰਗਾਰ ਵੀ ਰਹੀ ਹੈ।

ਸਾਡੇ ਸੂਰਬੀਰਾਂ ਨੂੰ ਸੱਚੀ ਸਰਧਾਜ਼ਲੀ ਇਹੋ ਹੋ ਸਕਦੀ ਹੈ ਕਿ ਅਸੀਂ ਉਹਨਾਂ ਦੇ ਰਾਹ ‘ਤੇ ਚੱਲੀਏ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਦੀ ਉਸਾਰੀ ਕਰਨ ਲਈ ਅੱਗੇ ਆਈਏ। ਅੱਜ ਸਾਡੇ ਸਾਹਮਣੇ ਜਿਉਣ ਦੇ ਦੋ ਰਾਹ ਹਨ, ਪਹਿਲਾ ਮੌਜੂਦਾ ਲੁੱਟ ਤੇ ਗੁਲਾਮੀ ਨੂੰ ਪ੍ਰਵਾਨ ਕਰਦਿਆਂ ਰੀਂਗਦੇ ਹੋਏ ਜਿਉਣਾ ਤੇ ਦੂਜਾ ਇਸ ਲੁੱਟ ਤੇ ਗੁਲਾਮੀ ਦੇ ਖਾਤਮੇ ਲਈ ਲੜਦੇ ਹੋਏ ਅਣਖ ਨਾਲ਼ ਜਿਉਣਾ ਤੇ ਸ਼ਾਨ ਦੀ ਮੌਤ ਮਰਨਾ। ਸਾਡੇ ਸ਼ਹੀਦਾਂ ਨੇ ਸਾਨੂੰ ਦੂਜਾ ਰਾਹ ਵਿਖਾਇਆ ਹੈ ਹੁਣ ਅਸੀਂ ਚੋਣ ਕਰਨੀ ਹੈ ਕਿ ਅਸੀਂ ਕਿਹੜਾ ਰਾਹ ਚੁਣਨਾ ਹੈ।

Show More