NATIONALPunjab

ਜੰਗ-ਏ-ਆਜ਼ਾਦੀ ਯਾਦਗਾਰ ਦਾ ਉਦਘਾਟਨ, ਬਾਦਲਾਂ ਦੇ ਸਮਾਗਮਾਂ ਵਿਚੋਂ ਭੱਜਣ ਦੀ ਯਾਦਗਾਰ ਬਣ ਨਿਬੜਿਆ। ਪੂਰੀ ਕਹਾਣੀ ਪੱੜ੍ਹੋ।

ਸ਼ਹੀਦ ਸਨਮਾਨ ਕੁਨੈਕਸ਼ਨ

ਸ਼ਹੀਦ ਪਰਿਵਾਰਾਂ ਨੂੰ ਆਪਣੇ ਠੱਗੇ ਜਾਣ ਦੀ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਸਟੇਜ ਤੋਂ ਹੀ ਸਰਕਾਰ ਖਿਲਾਫ ਨਾਆਰੇਬਾਜ਼ੀ ਸ਼ੁਰੂ ਕਰ ਦਿੱਤੀ

Harish Abrol, Jalandhar, p4punjab.com

ਪੰਜਾਬ ਸਰਕਾਰ ਵਲੋਂ ਛਪਵਾਏ ਜਾਂਦੇ ਵੱਡੇ ਵੱਡੇ ਇਸ਼ਤਿਹਾਰ ਆਪਣਾ ਅਸਲੀ ਰੰਗ ਉਸ ਵਕਤ ਦਿਖਾਉਂਦੇ ਹਨ, ਜਦੋਂ ਕਿਸੇ ਵੱਡੇ ਸਰਕਾਰੀ ਸਮਾਗਮ ਵਿਚ ਸਰਕਾਰ ਖਿਲਾਫ ਹੋਈ ਵੱਡੀ ਨਾਅਰੇਬਾਜ਼ੀ ਨੂੰ ਪਾਠਕਾਂ ਤੋਂ ਲਕੋਇਆ ਜਾਂਦਾ ਹੈ। ਅਸਲ ਖ਼ਬਰ ਛਾਪੀ ਹੀ ਨਹੀਂ ਜਾਂਦੀ।

ਅਜ ਦੇ ਪੰਜਾਬੀ ਦੇ ਵੱਡੇ ਠੇਕੇਦਾਰ ਬਣੇ, ਕਿਸੇ ਵੀ ਰੋਜ਼ਾਨਾ ਅਖਬਾਰ ਵਿਚ ਕਰਤਾਰਪੁਰ ਜਲੰਧਰ ਵਿਚ ਹੋਏ ਜੰਗ ਏ ਅਜ਼ਾਦੀ ਸਮਾਰਕ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਉਦਘਾਟਨ ਕਰਨ ਸਮੇਂ ਸ਼ਹੀਦਾਂ ਦੇ ਪਰਿਵਾਰਾਂ ਚਲੋਂ ਕੀਤੇ ਗਏ ਜ਼ਬਰਦਸਤ ਵਿਰੋਧ ਤੇ ਨਾਅਰੇਬਾਜ਼ੀ ਕਾਰਨ ਬਾਦਲ ਪਰਿਵਾਰ ਤੇ ਉਸ ਦੇ ਸਾਰੇ ਰਿਸ਼ਤੇਦਾਰ ਮੰਤਰੀ ਤੇ ਸਹਿਯੋਗੀ ਪੰਡਾਲ ਛੱਡ ਕੇ ਨਿਕਲ ਗਏ ਦੀ ਖ਼ਬਰ ਨਹੀਂ ਛਾਪੀ ਗਈ ਹੈ। ਇਹਨਾਂ ਅਖਬਾਰਾਂ ਵਿਚ ਸਿਰਫ ਸਰਕਾਰ ਦੇ ਸੋਹਲੇ ਗਾਏ ਹਨ। ਹੁਣ ਸੰਝ ਆਉਂਦਾ ਹੈ, ਕਿ ਚੰਗੇ ਨੇਤਾ, ਤੇ ਚੰਗੇ ਪਾਠਕ ਪੰਜਾਬੀ ਅਖਬਾਰਾਂ ਨੂੰ ਅੰਗਰੇਜ਼ੀ ਤੇ ਹਿੰਦੀ ਅਖਬਾਰਾਂ ਦੇ ਮੁਕਾਬਲੇ ਤੀਜੀ ਥਾਂ ਤੇ ਕਿਉਂ ਸਮਝਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ, ਕਿ ਪੰਜਾਬੀ ਪਤਰਕਾਰੀ ਦੇ ਮਾਲਕਾਂ ਨੂੰ ਕਾਬੂ ਕਰਨਾ ਸਭ ਤੋਂ ਅਸਾਨ ਹੈ, “ਜਿਸ ਨੂੰ ਕਾਬੂ ਕਰਨਾ ਔਖਾ, ਉਹੀ ਉਤਨਾ ਵੱਡਾ”

ਪੰਜਾਬ ਦਾ ਮੁੱਖ ਮੰਤਰੀ ਰੋਜ਼ਾਨਾ ਕਿਸੇ ਨਾ ਕਿਸੇ ਸਟੇਜ ਤੇ ਖੜ੍ਹ ਕੇ ਇਹੋ ਬੋਲਦਾ ਹੈ, ਕਿ ਉਹ ਪੰਜਾਬ ਲਈ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ, ਪਰ ਜਦੋਂ ਸ਼ਹੀਦਾਂ ਦੇ ਪਰਿਵਾਰਾਂ ਨੇ, ਮੁੱਖ ਮੰਤਰੀ ਉਪਰ ਧੋਖਾ ਦੇਣ ਦੀ ਗੱਲ ਨੂੰ ਲੈਕੇ ਸਰਕਾਰ ਖਿਲਾਫ ਸਟੇਜ ਤੇ ਉਪਰੋਂ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਤਾਂ ਆਪਣੀ ਕੁਰਬਾਨੀ ਦੇਣ ਵਾਲੇ ਸਾਡੇ ਬਹੁਤ ਹੀ ਮਾਨਯੋਗ ਬਾਦਲ ਸਾਹਿਬ ਉਥੋਂ ਗਾਇਬ ਹੋ ਗਏ।

ਅਸਲ ਵਿਚ ਮੁੱਖ ਮੰਤਰੀ ਪੰਜਾਬ ਨੇ ਕੁਝ ਦਿਨ ਪਹਿਲਾਂ ਸ਼ਹੀਦਾ ਦੇ ਪਰਿਵਾਰਾਂ ਨੂੰ ਜ਼ੁਬਾਨ ਦਿੱਤੀ ਸੀ, ਕਿ 6 ਨਵੰਬਰ ਨੂੰ ਸਟੇਜ ਤੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਸਰਕਾਰੀ ਰਿਆਇਤਾਂ ਦਾ ਐਲਾਨ ਕਰ ਕੇ ਅਮਲ ਵਿਚ ਲਿਆਂਦਾ ਜਾਵੇਗਾ। ਚਾਲ ਇਹੋ ਸੀ, ਕਿ ਸਰਕਾਰ ਦੇ ਤੇਜ਼ ਦਿਮਾਗ ਅਫਸਰਾਂ ਦੀ ਚਾਲ ਸੀ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੁੱਖ ਮੰਤਰੀ ਦੇ ਘਰ ਅੱਗੇ ਬੈਠੀਆਂ ਸ਼ਹੀਦ ਵਿਧਵਾਵਾਂ ਨੂੰ ਕੋਈ ਨਾ ਕੋਈ ਲਾਰਾ ਲਾਕੇ ਉਠਾਇਆ ਜਾਵੇ, ਸੋ ਮੁੱਖ ਮੰਤਰੀ ਨੇ ਵਾਅਦਾ ਕਰ ਲਿਆ ਕਿ 6 ਨਵੰਬਰ ਨੂੰ ਜਦੋਂ ਕਰਤਾਰਪੁਰ ਵਿਖੇ ਸ਼ਹੀਦੀ ਸਮਾਰਕ ਦਾ ਉਦਘਾਟਨ ਕੀਤਾ ਜਾਵੇਗਾ, ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਟੇਜ ਤੇ ਬੁਲਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਨਵੀਆਂ ਰਿਆਇਤਾਂ ਦਾ ਐਲਾਨ ਵੀ ਕੀਤਾ ਜਾਵੇਗਾ।

ਉਹ ਭੋਲੇ ਲੋਕ, ਸਰਕਾਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿਚ ਆ ਗਏ, ਤੇ ਸਮਾਗਮ ਵਿਚ ਸ਼ਰੀਕ ਹੋਣ ਲਈ ਪਹੁੰਚ ਗਏ। ਉਨ੍ਹਾਂ ਸਮਾਗਮ ਵਿਚ ਪਹੁੰਚ ਕੇ ਅਫਸਰਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਵੀ ਕੀਤੀ ਕਿ ਸ਼ਹੀਦਾਂ ਦੇ ਪਰਿਵਾਰਾਂ ਲਈ ਕਿਹੜ੍ਹੀਆਂ ਰਿਆਇਤਾਂ ਸਰਕਾਰ ਵਲੋਂ ਐਲਾਨੀਆਂ ਜਾਣੀਆਂ ਹਨ ?ਪਰ  ਅਫਸਰਾਂ ਨੇ ਕੁਝ ਦੇਰ ਇੰਤਜ਼ਾਰ ਕਰਨ ਦਾ ਲਾਰਾ ਲਾਕੇ ਉਨ੍ਹਾਂ ਨੂੰ ਸਟੇਜ ਤੇ ਬੁਲਾਕੇ ਮੰਤਰੀਆਂ ਤੋਂ ਸਨਮਾਨਿਤ ਕਰਵਾ ਕੇ ਪੂਰਾ ਫੋਟੋ ਸੈਸ਼ਨ ਕਰਵਾ ਦਿੱਤਾ, ਹੁਣ ਜਦੋਂ ਸਰਕਾਰੀ ਮੰਤਵ ਪੂਰਾ ਹੋ ਗਿਆ ਤਾਂ ਸਭ ਤੋਂ ਪਹਿਲਾਂ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਮਾਗਮ ਵਿਚੋਂ ਚਲੇ ਗਏ, ਕਿਉਂਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਸੀ।

ਹੁਣ ਜਦੋਂ ਸ਼ਹੀਦ ਪਰਿਵਾਰਾਂ ਨੂੰ ਆਪਣੇ ਠੱਗੇ ਜਾਣ ਦੀ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਦੇਖਿਆ ਕਿ ਉਹ ਤਾਂ ਸਟੇਜ ਤੇ ਸਨਮਾਨ ਲੈ ਚੁੱਕੇ ਹਨ, ਸਰਕਾਰ ਉਨ੍ਹਾਂ ਨੂੰ ਕਾਣਾ ਕਰ ਚੁੱਕੀ ਹੈ, ਤਾਂ ਨਰਾਜ਼ਗੀ ਜ਼ਾਹਿਰ ਕਰਨ ਲਈ ਉਨ੍ਹਾਂ ਸਟੇਜ ਤੋਂ ਖੜ੍ਹੇ ਹੋਕੇ ਸਰਕਾਰ ਖਿਲਾਫ ਨਾਆਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਕੀ ਦੇ ਸ਼ਹੀਦ ਪਰਿਵਾਰ ਵੀ ਸਟੇਜ ਦੇ ਨੇੜੇ ਹੀ ਬੈਠੇ ਸਨ, ਉਹ ਵੀ ਨਾਲ ਆ ਰਲ੍ਹੇ ਤੇ ਗੱਲ ਵੱਧ ਗਈ। ਵਧੀ ਹੋਈ ਗੱਲ ਦੇ ਸੇਕ ਦਾ ਤਾਪਮਾਨ ਭਾਂਪਦੇ ਮੁੱਖ ਮੰਤਰੀ ਸਾਹਿਬ ਵੀ ਸਮਾਗਮ ਨੂੰ ਨਿਸਚਿਤ ਸਮੇਂ ਤੋਂ ਪਹਿਲਾਂ ਛੱਡ ਕੇ ਜਾਣ ਦੀ ਕੁਰਬਾਨੀ ਦੇ ਹੀ ਗਏ।

ਪੰਜਾਬ ਸਰਕਾਰ ਨੂੰ ਪਤਾ ਹੈ, ਕਿ ਇਸ ਮਹੀਨੇ ਕਿਸੇ ਵੀ ਸਮੇਂ ਚੌਣ ਜ਼ਾਬਤਾ ਲੱਗ ਸਕਦਾ ਹੈ, ਜਿਸ ਕਰਕੇ ਉਹ ਆਪਣੇ ਵਲੋਂ ਸ਼ੁਰੂ ਕੀਤੇ ਗਏ ਵੱਖੋ ਵੱਖਰੇ ਕਾਰਜਾਂ ਦੇ ਅਧੂਰੇ ਹੋਣ ਦੇ ਬਾਵਜੂਦ ਵੀ ਉਦਘਾਟਨ ਕਰੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਜੋ ਸਾਹਮਣੇ ਆ ਰਹੀ ਹੈ, ਉਹ ਇਹ ਹੈ, ਕਿ ਸਰਕਾਰ ਲੋਕਾਂ ਨੂੰ ਸਿਰੇ ਦਾ ਬੇਵਕੂਫ ਸਮਝ ਰਹੀ ਹੈ, ਜੇ ਇਸ ਤਰਾਂ ਨਾ ਹੁੰਦਾ ਤਾਂ ਸਰਕਾਰ ਕਦੇ ਵੀ ਅਧੂਰੇ ਸਮਾਰਕਾਂ ਦੇ ਉਦਘਾਟਨਾਂ ਉਪਰ ਇਸ ਤਰਾਂ ਕਰੋੜਾਂ ਰੂਪਏ ਬਰਬਾਦ ਨਾ ਕਰਦੀ।

ਪਰ ਸ਼ੋਸ਼ਲ ਮੀਡੀਆ ਤੋਂ ਮਿਲਦਸੀਆਂ ਜਾਣਕਾਰੀਆਂ ਨੇ ਸਰਕਾਰੀ ਇਸ਼ਤਿਹਾਰਾਂ ਨੂੰ ਵੀ ਕੋਰਾ ਕਰ ਦਿੱਤਾ ਹੈ, ਇਸੇ ਲਈ ਤਾਂ ਤਕਰੀਬਨ ਹਰ ਦੂਜੇ ਸਰਕਾਰੀ ਸਮਾਗਮ ਵਿਚੋਂ ਮੁੱਖ ਮੰਤਰੀ ਨੂੰ ਇਸੇ ਤਰਾਂ ਉੱਠ ਕੇ ਜਾਣਾ ਪੈ ਰਿਹਾ ਹੈ, ਕਿਉਂਕਿ ਸਰਕਾਰ ਤੋਂ ਦੁੱਖੀ ਕਿਸਾਨਾਂ, ਦੁਕਾਨਦਾਰਾਂ, ਵਿਉਪਾਰੀਆਂ, ਵਿਦਿਆਰਥੀਆਂ, ਨੌਕਰੀਸ਼ੁਦਾ, ਧਾਰਮਿਕ ਲੋਕਾਂ ਦਾ ਗੁੱਸਾ ਪੂਰਾ ਉਬਾਲ ਤੇ ਹੈ।

Tags
Show More