NATIONALOPINION

ਜੰਗ ਦੀ ਕਹਾਣੀ, ਵਰਿਅਾਮ ਸੰਧੂ ਦੀ ਜ਼ੁਬਾਨੀ

ਬੇਕਸੂਰ ਮੱਚਦੀਆਂ ਲਾਸ਼ਾਂ ‘ਤੇ ਅੱਗ ਸੇਕਣ ਵਾਲੇ ੲਿਹ ਲੋਕ ਸਿਰਫ ਤਮਾਸ਼ਬੀਨ ਹਨ

ਵਰਿਆਮ ਸਿੰਘ ਸੰਧੂ

ਜਦੋਂ ਟੀਵੀ ਉੱਤੇ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਛੋਕਰੀਆਂ-ਛੋਕਰੇ ‘ਪਾਕਿਸਤਾਨ ਨੂੰ ਉਹਦੇ ਘਰ ਵਿਚ ਜਾ ਕੇ ਠੋਕਣ’ ਦੀਆਂ ਗੱਲਾਂ ਬੜੀਆਂ ਚਾਂਭਲ-ਚਾਂਭਲ ਕਰ ਰਹੇ ਨੇ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਅੰਨ੍ਹੀ ਦੇਸ਼-ਭਗਤੀ ਦੇ ਫੁੰਡੇ ਮੂਰਖ਼ ਲੋਕ ਭੰਗੜੇ ਪਾ ਰਹੇ ਨੇ ਓਥੇ ਪੰਜਾਬ ਡੂੰਘੇ ਫ਼ਿਕਰਾਂ ਵਿਚ ਡੁੱਬ ਗਿਆ ਏ। ਸਰਹੱਦੀ ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਜਾ ਰਿਹਾ ਏ। ਲੋਕ ਸਮਾਨ ਚੁੱਕ ਕੇ ਪਿੱਛੇ ਸੁਰੱਖਿਅਤ ਟਿਕਾਣਿਆਂ ਵੱਲ ਜਾ ਰਹੇ ਨੇ। ਕਈ ਵਿਚਾਰੇ ਇਹ ਆਖ ਰਹੇ ਨੇ ਕਿ ਪਿੱਛੇ ਜਾਈਏ ਕਿੱਥੇ? ਕੋਈ ਰਿਸ਼ਤੇਦਾਰ ਸਾਂਭਣ ਵਾਲਾ ਹੋਵੇ ਤਾਂ ਹੀ ਜਾਣ। ਉਹ ਕਹਿੰਦੇ ਨੇ ਕਿ ਹੁਣ ਏਥੇ ਹੀ ਮਰਾਂਗੇ।

ਮੈਨੂੰ 1965-71 ਦੇ ਦਿਨ ਚੇਤੇ ਆ ਰਹੇ ਨੇ। ਸਾਡੇ ਸਾਰੇ ਰਿਸ਼ਤੇਦਾਰ ਸਰਹੱਦੀ ਏਰੀਏ ਵਿਚ ਹੀ ਵੱਸਦੇ ਹੋਣ ਕਰ ਕੇ ਸਾਡੇ ਸਾਹਮਣੇ ਵੀ ਇਹ ਸਵਾਲ ਮੂੰਹ ਟੱਡ ਕੇ ਖਲੋ ਗਿਆ ਸੀ ਕਿ ਜਾਈਏ ਕਿੱਥੇ? ਅਸੀਂ ਪਿੰਡ ਵਿਚ ਹੀ ਟਿਕੇ ਰਹਿਣਾ ਬਿਹਤਰ ਸਮਝਿਆ ਜਦ ਕਿ ਬੰਬ ਪਿੰਡ ਦੇ ਸਿਰ ਤੋਂ ਲੰਘ ਕੇ ਅਗਲੇ ਪਾਸੇ ਵੀ ਡਿੱਗੇ ਤੇ ਪਿੰਡ ਵਿਚ ਵੀ ਇਕ ਬੰਬ ਡਿੱਗਾ ਸੀ।

ਹੁਣ ਵੀ ਸਾਡੇ ਰਿਸ਼ਤੇਦਾਰਾਂ ਨੇ ਘਰ ਛੱਡ ਦਿੱਤੇ ਨੇ। ਮੈਂ ਤੇ ਮੇਰੇ ਵਰਗੇ ਲੋਕ ਹੀ ਇਸ ਪੀੜ ਨੂੰ ਸਮਝ ਸਕਦੇ ਨੇ।

ਸਰਕਾਰਾਂ ਨੂੰ ਚਾਹੀਦਾ ਸੀ ਕਿ ਸਰਹੱਦੀ ਲੋਕਾਂ ਨੂੰ ਘਰਾਂ ਤੋਂ ਕੱਢਣ ਤੋਂ ਪਹਿਲਾਂ ਉਹਨਾਂ ਦੇ ਵਸੇਬੇ ਦਾ ਵੀ ਕੋਈ ਪ੍ਰਬੰਧ ਕਰਦੇ। ਕੁਝ ਵੀ ਹੋਵੇ, ਜੰਗ ਦੀ ਹਮਾਇਤ ਕਰਨ ਵਾਲੇ ਤੇ ‘ਫੜ ਲੌ, ਮਾਰ ਲੌ’ ਕਰਨ ਵਾਲੇ ਲੋਕਾਈ ਦੇ ਦੁਸ਼ਮਣ ਨੇ। ਜਿਨ੍ਹਾਂ ਦੇ ਪੁੱਤ-ਭਰਾ ਫੌਜ ਵਿਚ ਨੇ, ਉਹ ਕਦੀ ਜੰਗ ਨਹੀਂ ਚਾਹੁੰਦੇ। ਜੰਗ ਉਹੋ ਲੋਕ ਚਾਹੁੰਦੇ ਨੇ ਜਿਨ੍ਹਾਂ ਦਾ ਆਪਣਾ ਕੁਝ ਨਹੀਂ ਜਾਣਾ। ਉਹਨਾਂ ਲਈ ਸਰਹੱਦਾਂ ‘ਤੇ ਚੱਲਦੀਆਂ ਤੋਪਾਂ ਦੀਵਾਲੀ ‘ਤੇ ਚੱਲਦੇ ਅਨਾਰ-ਪਟਾਕੇ ਲੱਗਦੀਆਂ ਨੇ। ਇਹ ਸਭ ਲੋਕ ਤਮਾਸ਼ਬੀਨ ਨੇ। ਬੇਕਸੂਰ ਮੱਚਦੀਆਂ ਲਾਸ਼ਾਂ ‘ਤੇ ਅੱਗ ਸੇਕਣ ਵਾਲੇ।
( ਧੰਨਵਾਦ ਸਹਿਤ)

Tags
Show More