DIASPORANATIONAL

ਪੂਰੀ ਲੋਕਾਈ ਮਨਾ ਰਹੀ ਹੈ ਆਪਣੇ ਸਤਿਗੁਰੂ ਨਾਨਕ ਪਾਤਸ਼ਾਹ ਦੀ ਆਗਮਨ ਘੜੀ ਨੂੰ

Guru Nanak Dev ji Blessings

ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਅਪਨਾਉਣ ਦੀ ਸਖਤ ਲੋੜ ਹੈ – ਕਿਰਪਾਲ ਸਿੰਘ ਬਡੂੰਗਰ

Team p4punjab.com

ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਪੂਰੀ ਦੁਨੀਆ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਪ੍ਰਕਾਸ਼ ਪੁਰਬ ਦਾ ਵੱਖਰਾ ਹੀ ਜਾਹੋ ਜਲਾਲ ਹੈ। ਪਾਕਿਸਤਾਨ ‘ਚ ਸਿਰਫ ਸਿੱਖ ਹੀ ਨਹੀਂ  ਬਲਿਕ ਮੁਸਲਿਮ ਲੋਕ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ।
 ਭਾਰਤ ਤੋਂ 2500 ਦੀ ਗਿਣਤੀ ‘ਚ ਸੰਗਤ ਨਨਕਾਣਾ ਸਾਹਿਬ ਪਹੁੰਚੀ ਹੋਈ ਹੈ। ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੋਂ ਇਲਾਵਾ ਦੁਨੀਆਂ ਭਰ ਦੇ ਹਰ ਕੋਨੇ ‘ਚ ਸਿੱਖ ਕੌਮ ਦੇ ਮੋਢੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਰੌਣਕ ਹੈ। ਹਰ ਕੋਈ ਇੱਕ ਦੂਜੇ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦੇ ਰਿਹਾ ਹੈ। ਗੁਰੂ ਘਰਾਂ ‘ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ, ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ‘ਚ ਭਾਈ ਗੁਰਦਾਸ ਵੱਲੋਂ ਰਚਿਤ ਸ਼ਬਦਾਂ ਦੇ ਗਾਇਨ ਨਾਲ ਆਲਾ ਦੁਆਲਾ ਮਹਿਕ ਰਿਹਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਹਰ ਗੁਰੂ ਘਰ ‘ਚੋਂ ‘ਕਲਿ ਤਾਰਣਿ ਗੁਰੂ ਨਾਨਕ ਆਇਆ’ ਦੀਆਂ ਮਿੱਠੀਆਂ ਦੁਨੀਆਂ ਸੁਣਾਈ ਦੇ ਰਹੀਆਂ ਨੇ। ਵੱਖ-ਵੱਖ ਥਾਵਾਂ ‘ਤੇ ਅੱਜ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ, ਸੰਗਤ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ 1469 ਚ ਕੱਤਕ ਦੀ ਪੂਰਨਮਾਸ਼ੀ ਨੂੰ ਰਾਇ ਭੋਇ ਕੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ।

ਸ੍ਰੀ ਗੁਰੂ ਨਾਨਕ ਦੇਵ ਦੇ 548ਵੇਂ ਪ੍ਰਕਾਸ਼ ਪੁਰਬ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮੁੱਚੀ ਮਾਨਵਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਨੇ ਪੂਰਨ ਸੱਚ ਦਾ ਗਿਆਨ ਸੰਸਾਰ ਨੂੰ ਦਿੱਤਾ ਹੈ। ਉਨ੍ਹਾਂ ਦਾ ਗਿਆਨ ਸਾਰੀ ਮਨੁੱਖਤਾ ਦੇ ਭਲੇ ਲਈ ਮਹੱਤਵਪੂਰਨ ਤੇ ਕੀਮਤੀ ਹੈ।

ਸ੍ਰੀ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਜਿੰਨੀ ਉੱਚੀ-ਸੁੱਚੀ ਤੇ ਵਿਸ਼ਾਲ ਹੈ, ਮਨੁੱਖ ਅਜੇ ਵੀ ਇਸ ਪੱਧਰ ਤੱਕ ਨਹੀਂ ਪਹੁੰਚ ਸਕਿਆ। ਅੱਜ ਦਾ ਮਨੁੱਖ ਵੀ ਪਰਮਾਤਮਾ ਦੇ ਨਿਰਾਕਾਰ ਰੂਪ ਨੂੰ ਨਾ ਤਾਂ ਅਪਣਾ ਸਕਿਆ ਤੇ ਨਾ ਹੀ ਵੱਖ-ਵੱਖ ਧਰਮਾਂ ਦੀ ਸੋਚ ਤੋਂ ਉਪਰ ਉੱਠ ਸਕਿਆ ਹੈ। ਇਸ ਤੋਂ ਇਲਾਵਾ ਹਿੰਸਾ, ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ, ਪ੍ਰਕਿਰਤੀ ਦਾ ਪ੍ਰਦੂਸ਼ਣ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ।

ਇਸ ਲਈ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿੱਚ ਅਪਨਾਉਣ ਦੀ ਸਖਤ ਲੋੜ ਹੈ ਤਾਂ ਜੋ ਸਾਰੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲਤਾ ਬਣਾ ਕੇ ਇਸ ਸ੍ਰਿਸ਼ਟੀ ਨੂੰ ਅਜਿਹੇ ਪਰਿਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਪਵਣ ਗੁਰੂ ਹੋਵੇ, ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿੱਚ ਮਨੁੱਖਤਾ ਸੁਖੀ ਵੱਸਦੀ ਰਹੇ।

Tags
Show More