OPINION

ਬ੍ਰਿਕਸ ਦੇਸ਼ਾਂ ਦੀ ਮੇਜ਼ਬਾਨੀ ਕਰਕੇ ਭਾਰਤ ਨਫੇ ‘ਚ ਹੀ ਰਿਹਾ

ਸੋਚ ਵਿਚਾਰ ਕੇਨੈਕਸ਼ਨ

ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਉਭਾਰ ਜਾਰੀ ਹੈ

ਬ੍ਰਿਕਸ ਵਿੱਚ ਸ਼ਾਮਲ ਦੇਸਾਂ ਵਿੱਚ ਸੰਸਾਰ ਦੀ ਇੱਕ-ਤਿਹਾਈ ਵੱਸੋਂ ਨਿਵਾਸ ਕਰਦੀ ਹੈ। ਇਸ ਸਮੂਹ ਦੀ ਸਥਾਪਨਾ ਉਸ ਸਮੇਂ ਹੋਈ ਸੀ, ਜਦੋਂ ਸੰਸਾਰ ਦੀ ਆਰਥਕਤਾ ਵਿੱਚ ਅਮਰੀਕਾ ਦੀ ਸਰਦਾਰੀ ਵਾਲੇ ਪੱਛਮੀ ਦੇਸਾਂ ਦੀ ਤੂਤੀ ਬੋਲਦੀ ਸੀ। ਸੰਸਾਰ ਦੇ ਅਰਥਚਾਰੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਦੋਵੇਂ ਪ੍ਰਮੁੱਖ ਸੰਸਥਾਵਾਂ ਕੌਮਾਂਤਰੀ ਮਾਲੀ ਫ਼ੰਡ ਤੇ ਵਿਸ਼ਵ ਬੈਂਕ ਦੇ ਪ੍ਰਬੰਧ ਵਿੱਚ ਉਨ੍ਹਾਂ ਨੂੰ ਪਹਿਲ ਵਾਲੀ ਥਾਂ ਹਾਸਲ ਸੀ। ਚੀਨ, ਭਾਰਤ, ਰੂਸ, ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਜਿਹੇ ਤੇਜ਼ੀ ਨਾਲ ਵਿਕਾਸ ਕਰ ਰਹੇ ਦੇਸਾਂ ਨੂੰ ਕੌਮਾਂਤਰੀ ਪਿੜ ਵਿੱਚ ਯੋਗ ਥਾਂ ਹਾਸਲ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ। ਪੱਛਮੀ ਦੇਸਾਂ ਨੇ ਜੀ-7 ਨਾਂਅ ਦਾ ਇੱਕ ਸਮੂਹ ਸਥਾਪਤ ਕਰ ਰੱਖਿਆ ਸੀ, ਜਿਹੜਾ ਆਪਣੇ ਸਿਖ਼ਰ ਸਮਾਗਮ ਲਾ ਕੇ ਸੰਸਾਰ ਆਰਥਕਤਾ, ਵਿਕਾਸ ਤੇ ਕੂਟਨੀਤਕ ਮੁੱਦਿਆਂ ‘ਤੇ ਫ਼ੈਸਲੇ ਲੈ ਕੇ ਉਨ੍ਹਾਂ ਨੂੰ ਕੌਮਾਂਤਰੀ ਪਿੜ ਵਿੱਚ ਅਮਲ ਵਿੱਚ ਲਿਆਉਣ ਦਾ ਆਦੀ ਹੋ ਚੁੱਕਾ ਸੀ।

ਅਮਰੀਕਾ ਤੇ ਪੱਛਮੀ ਦੇਸ 2008 ਵਾਲੇ ਆਰਥਕ ਮੰਦਵਾੜੇ ਦੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕੇ। ਉਨ੍ਹਾਂ ਦੀ ਸਾਲਾਨਾ ਵਿਕਾਸ ਦਰ ਇੱਕ-ਦੋ ਫ਼ੀਸਦੀ ਦੇ ਨੇੜੇ-ਤੇੜੇ ਘੁੰਮ ਰਹੀ ਹੈ। ਦੂਜੇ ਪਾਸੇ ਬ੍ਰਿਕਸ ਦੇ ਮੈਂਬਰ ਦੇਸਾਂ ਵਿੱਚੋਂ ਚੀਨ ਤੇ ਭਾਰਤ ਦੀ ਵਿਕਾਸ ਦਰ ਸੱਤ-ਅੱਠ ਫ਼ੀਸਦੀ ਦੇ ਕਰੀਬ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਦੇ ਬਾਵਜੂਦ ਰੂਸ ਦੀ ਸਾਲਾਨਾ ਵਿਕਾਸ ਦਰ ਦੋ-ਤਿੰਨ ਫ਼ੀਸਦੀ ਦਾ ਟੀਚਾ ਪਾਰ ਕਰਨ ਵੱਲ ਵਧ ਰਹੀ ਹੈ। ਕੱਚੇ ਮਾਲ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਆ ਜਾਣ ਤੇ ਪੱਛਮੀ ਦੇਸਾਂ ਦੀ ਮੰਗ ਦੇ ਘਟਣ ਕਾਰਨ ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਆਰਥਕ ਵਿਕਾਸ ਦੇ ਸੰਕਟ ਨਾਲ ਜੂਝ ਰਹੇ ਹਨ। ਕੁੱਲ ਮਿਲਾ ਕੇ ਬ੍ਰਿਕਸ ਦੇਸ ਸੰਸਾਰ ਆਰਥਕਤਾ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਦੇ ਰਾਹ ਉੱਤੇ ਅੱਗੇ ਵਧ ਰਹੇ ਹਨ।

ਬ੍ਰਿਕਸ ਦੇਸਾਂ ਨੇ ਜਿਹੜਾ ਨਵਾਂ ਨਿਊ ਡਿਵੈਲਪਮੈਂਟ ਬੈਂਕ ਕਾਇਮ ਕੀਤਾ ਸੀ, ਉਸ ਨੇ ਪਹਿਲੀ ਵਾਰ ਮੈਂਬਰ ਦੇਸਾਂ ਨੂੰ ਇੱਕ ਅਰਬ ਡਾਲਰ ਤੋਂ ਵੱਧ ਦੇ ਕਰਜ਼ੇ ਢਾਂਚਾਗਤ ਵਿਕਾਸ ਲਈ ਪ੍ਰਾਪਤ ਕਰਵਾਏ ਹਨ। ਇਹਨਾਂ ਦੇਸਾਂ ਦੇ ਸਿਖ਼ਰ ਸਮਾਗਮ ਦੇ ਅੰਤ ਵਿੱਚ ਸੱਤ ਹਜ਼ਾਰ ਸ਼ਬਦਾਂ ਉੱਤੇ ਆਧਾਰਤ ਜਿਹੜਾ ਗੋਆ ਐਲਾਨਨਾਮਾ ਜਾਰੀ ਕੀਤਾ ਗਿਆ ਹੈ, ਉਸ ਵਿੱਚ ਆਰਥਕ ਵਿਕਾਸ ਨੂੰ ਹੋਰ ਗਤੀ ਦੇਣ ਦੇ ਸੰਕਲਪ ਨੂੰ ਮੁੜ ਦੁਹਰਾਇਆ ਗਿਆ ਹੈ।

ਭਾਰਤ ਨੇ ਇਸ ਸਮਾਗਮ ਮੌਕੇ ਗੁਆਂਢੀ ਦੇਸਾਂ ਵੱਲੋਂ ਦਹਿਸ਼ਤਗਰਦੀ ਦੇ ਪਸਾਰੇ ਨਾਲ ਪੈਦਾ ਹੋਣ ਵਾਲੇ ਗੰਭੀਰ ਖ਼ਤਰਿਆਂ ਬਾਰੇ ਸ਼ਾਸਨ ਮੁਖੀਆਂ ਨੂੰ ਜਾਣੂ ਕਰਵਾਇਆ ਤੇ ਇਸ ਸੰਬੰਧੀ ਠੋਸ ਸਬੂਤ ਵੀ ਮੁਹੱਈਆ ਕਰਵਾਏ। ਇਸ ਮਾਮਲੇ ਵਿੱਚ ਅਸੀਂ ਚੀਨ ਨੂੰ ਅੰਸ਼ਕ ਰੂਪ ਵਿੱਚ ਹੀ ਸਹਿਮਤ ਕਰਨ ਵਿੱਚ ਸਫ਼ਲ ਹੋ ਸਕੇ ਹਾਂ, ਉਹ ਗੱਲ ਅਡ ਹੈ, ਕਿ ਚੀਨ ਦੇ ਰਾਸ਼ਟਰਪਤੀ ਨੇ ਵਾਪਸ ਆਪਣੇ ਮੁਲਕ ਜਾਕੇ ਪਾਕਿਸਤਾਨ ਦੇ ਹੱਕ ਵਿਚ ਨਾਅਰੇ ਲਾਕੇ ਆਪਣੇ ਗਰੀਬ ਮਿੱਤਰ ਨੂੰ ਖੁਸ਼ ਕਰ ਹੀ ਲਿਆ।

ਭਾਰਤ ਨੇ ਮੇਜ਼ਬਾਨ ਦੇਸ ਵਜੋਂ ਪਾਕਿਸਤਾਨ ਨੂੰ ਛੱਡ ਕੇ ਬਾਕੀ ਸਾਰੇ ਗੁਆਂਢੀ ਦੇਸਾਂ ਦੇ ਮੁਖੀਆਂ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ। ਇਸ ਦੇ ਹੁੰਗਾਰੇ ਵਜੋਂ ਉਨ੍ਹਾਂ ਦੇ ਸ਼ਾਸਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਵੀ ਲਿਆ। ਇਸ ਸਮਾਗਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮਿਲਣੀ ਹੋਈ ਤੇ ਸੋਲਾਂ ਦੇ ਕਰੀਬ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਗਏ। ਰੂਸ ਭਾਰਤ ਨੂੰ ਪਹਿਲਾਂ ਵਾਂਗ ਹੀ ਫ਼ੌਜੀ ਸਾਜ਼ੋ-ਸਾਮਾਨ ਪ੍ਰਾਪਤ ਕਰਵਾਉਂਦਾ ਰਹੇਗਾ ਤੇ ਤੇਲ ਤੇ ਗੈਸ ਦੇ ਖੇਤਰ ਵਿੱਚ ਦੋਵੇਂ ਦੇਸ ਭਾਰੀ ਪੂੰਜੀ ਨਿਵੇਸ਼ ਕਰਨਗੇ।

ਬ੍ਰਿਕਸ ਦੇਸਾਂ ਦੇ ਮੁਖੀਆਂ ਨੇ ਆਰਥਕ ਵਿਕਾਸ ਦੇ ਮਾਮਲੇ ਵਿੱਚ ਇੱਕ ਦੂਜੇ ਨਾਲ ਸਹਿਯੋਗ ਕਰਨ ਦਾ ਜਿਹੜਾ ਦ੍ਰਿੜ੍ਹ ਸੰਕਲਪ ਦੁਹਰਾਇਆ ਹੈ, ਉਹ ਇਸ ਸਮਾਗਮ ਦੀ ਹਾਂ-ਪੱਖੀ ਪ੍ਰਾਪਤੀ ਹੈ ਤੇ ਇਸ ਅਮਲ ਨੂੰ ਹੋਰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।

Tags
Show More

Leave a Reply

Your email address will not be published. Required fields are marked *

Close