OPINION

ਮੁਕਾਬਲੇ ਦੀ ਰਾਜਨੀਤੀ ਵਿੱਚ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਉੱਤਰ ਆਏ

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਮ ਮੰਦਰ ਦੀ ਉਸਾਰੀ ਦੇ ਮੁੱਦੇ ਨੂੰ ਅਖਿਲੇਸ਼ ਨੇ ਆਪਣੇ ਏਜੰਡੇ ਵਿੱਚ ਸ਼ਾਮਲ ਕਰ ਲਿਆ

ਐਮਰਜੈਂਸੀ ਤੋਂ ਬਾਅਦ ਹੋਈਆਂ ਆਮ ਚੋਣਾਂ ਵਿੱਚ ਵਾਹਗਾ ਬਾਰਡਰ ਤੋਂ ਲੈ ਕੇ ਕਲਕੱਤੇ ਤੱਕ ਕਾਂਗਰਸ ਦਾ ਸਫ਼ਾਇਆ ਹੋ ਗਿਆ। ਮੁਰਾਰਜੀ ਡਿਸਾਈ ਦੀ ਅਗਵਾਈ ਵਿੱਚ ਬਣੀ ਜਨਤਾ ਪਾਰਟੀ ਨੇ ਕੇਂਦਰ ਵਿੱਚ ਸੱਤਾ ਸੰਭਾਲ ਲਈ ਤੇ ਕਈ ਰਾਜਾਂ ਵਿੱਚ ਵੀ ਕਾਂਗਰਸ ਵਿਰੋਧੀ ਸਰਕਾਰਾਂ ਹੋਂਦ ਵਿੱਚ ਆ ਗਈਆਂ। ਜਨ ਸੰਘ ਨੇ ਵੀ ਵਿਧੀਵਤ ਰੂਪ ਵਿੱਚ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ। ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਕੇਂਦਰੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋ ਗਿਆ ਸੀ। ਇਸ ਦਰਮਿਆਨ ਜਨ ਸੰਘ ਨੂੰ ਦੋਹਰੀ ਮੈਂਬਰੀ ਦੇ ਸੁਆਲ ‘ਤੇ ਸ਼ਾਸਨ ਤੋਂ ਵੱਖ ਹੋਣਾ ਪੈ ਗਿਆ।
ਫਿਰ ਕੀ ਸੀ, ਜਨ ਸੰਘ ਦੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਨਾਂਅ ਦਾ ਨਵਾਂ ਚੋਲਾ ਧਾਰਨ ਕਰ ਗਿਆ। ਇੱਕ ਮੌਕਾ ਅਜਿਹਾ ਵੀ ਆਇਆ ਕਿ ਇਸ ਪਾਰਟੀ ਦੇ ਕੇਵਲ ਦੋ ਮੈਂਬਰ ਹੀ ਲੋਕ ਸਭਾ ਦੀਆਂ ਦਲੀਜਾਂ ਟੱਪਣ ਵਿੱਚ ਸਫ਼ਲ ਹੋ ਸਕੇ।

ਇਸ ਭਵ-ਸਾਗਰ ਵਿੱਚੋਂ ਨਿਕਲਣ ਲਈ ਭਾਜਪਾ ਨੇ ਪਾਲਮਪੁਰ ਵਿੱਚ ਸਮਾਗਮ ਲਾਇਆ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਮ ਮੰਦਰ ਦੀ ਉਸਾਰੀ ਦੇ ਮੁੱਦੇ ਨੂੰ ਉਸ ਨੇ ਆਪਣੇ ਏਜੰਡੇ ਵਿੱਚ ਸ਼ਾਮਲ ਕਰ ਲਿਆ। ਧਾਰਾ 370 ਦਾ ਖ਼ਾਤਮਾ ਤੇ ਸਾਂਝੇ ਸਿਵਲ ਕੋਡ ਦੇ ਮੁੱਦੇ ਤਾਂ ਪਹਿਲਾਂ ਹੀ ਉਸ ਦੇ ਏਜੰਡੇ ਉੱਤੇ ਸਨ। ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤੇ ਜਾਣ ਤੇ ਰਾਮ ਮੰਦਰ ਦੀ ਉਸਾਰੀ ਦੇ ਨਾਂਅ ਉੱਤੇ ਜਿਹੜਾ ਦੁਖਾਂਤ ਦੇਸ ਭਰ ਵਿੱਚ ਵਾਪਰਿਆ, ਉਹ ਸਭ ਦੇ ਸਾਹਮਣੇ ਹੈ।

ਸੰਨ 2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸਪੱਸ਼ਟ ਬਹੁਮੱਤ ਹਾਸਲ ਕਰਨ ਮਗਰੋਂ ਭਾਜਪਾ ਨੇ ਆਪਣੇ ਪੁਰਾਣੇ ਤਿੰਨਾਂ ਹੀ ਏਜੰਡਿਆਂ ਉੱਤੇ ਸਿੱਧੇ ਤੇ ਅਸਿੱਧੇ ਰੂਪ ਵਿੱਚ ਅਮਲ ਕਰਨਾ ਆਰੰਭ ਕਰ ਦਿੱਤਾ ਹੈ। ਪਹਿਲਾਂ ਦਿੱਲੀ ਤੇ ਉਪਰੰਤ ਬਿਹਾਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਮਗਰੋਂ ਭਾਜਪਾ ਨੇ ਮੁੜ ਆਪਣੇ ਇਹਨਾਂ ਤਿੰਨਾਂ ਏਜੰਡਿਆਂ ਨੂੰ ਮੁੱਖ ਰੂਪ ਵਿੱਚ ਸਾਹਮਣੇ ਲੈ ਆਂਦਾ ਹੈ। ਦੇਸ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਭਾਜਪਾ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਜੇ ਉਸ ਨੇ ਲੋਕ ਸਭਾ ਚੋਣਾਂ ਵਾਲੀ ਆਪਣੀ ਜਿੱਤ ਦੇ ਮਿਆਰ ਨੂੰ ਕਾਇਮ ਨਾ ਰੱਖਿਆ ਤਾਂ ਸੰਨ 2019 ਵਿੱਚ ਦੁਬਾਰਾ ਕੇਂਦਰੀ ਸੱਤਾ ਵਿੱਚ ਆਉਣ ਦੇ ਉਸ ਦੇ ਸੁਫ਼ਨੇ ਅਧੂਰੇ ਰਹਿ ਸਕਦੇ ਹਨ।

ਇਸ ਦਾ ਸਪੱਸ਼ਟ ਪ੍ਰਮਾਣ ਉਦੋਂ ਸਾਹਮਣੇ ਆ ਗਿਆ, ਜਦੋਂ ਕੇਂਦਰੀ ਸੱਭਿਆਚਾਰ ਮੰਤਰੀ ਮਹੇਸ਼ ਸ਼ਰਮਾ ਨੇ ਅਯੁੱਧਿਆ ਪਹੁੰਚ ਕੇ ਇਹ ਐਲਾਨ ਕਰ ਦਿੱਤਾ ਕਿ ਚਾਹੇ ਰਾਮ ਮੰਦਰ ਦੀ ਉਸਾਰੀ ਦਾ ਮੁੱਦਾ ਉਨ੍ਹਾ ਦੇ ਏਜੰਡੇ ਉੱਤੇ ਨਹੀਂ, ਪਰ ਕੇਂਦਰ ਵੱਲੋਂ 225 ਕਰੋੜ ਰੁਪਏ ਦੇ ਖ਼ਰਚੇ ਨਾਲ ਅਯੁੱਧਿਆ ਵਿੱਚ ਇੱਕ ਯਾਦਗਾਰ ਕਾਇਮ ਕੀਤੀ ਜਾਵੇਗੀ। ਇਸ ਦਾ ਮਕਸਦ ਉਨ੍ਹਾ ਨੇ ਇਹ ਦੱਸਿਆ ਹੈ ਕਿ ਇਸ ਨਾਲ ਇੱਕ ਤਾਂ ਸੱਭਿਆਚਾਰ ਦੀ ਉਸਾਰੀ ਹੋਵੇਗੀ ਤੇ ਦੂਜੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਹਾਸਲ ਹੋ ਸਕਣਗੀਆਂ।

ਇਸ ਮੱਦ ਨੂੰ ਲੈ ਕੇ ਭਾਜਪਾ ਦੇ ਆਪਣੇ ਆਗੂਆਂ ਵਿੱਚ ਹੀ ਮੱਤਭੇਦ ਆਉਣੇ ਸ਼ੁਰੂ ਹੋ ਗਏ ਹਨ। ਕੇਂਦਰੀ ਮੰਤਰੀ ਉਮਾ ਭਾਰਤੀ ਤੇ ਭਾਜਪਾ ਐੱਮ ਪੀ ਵਿਨੇ ਕਟਿਆਰ ਨੇ ਇਹ ਕਹਿ ਕੇ ਇਸ ਦੀ ਆਲੋਚਨਾ ਕੀਤੀ ਹੈ ਕਿ ਰਾਮ ਮੰਦਰ ਦੀ ਉਸਾਰੀ ਦੀ ਥਾਂ ‘ਤੇ ਉਨ੍ਹਾਂ ਨੂੰ ਭਰਮਾਇਆ ਜਾ ਰਿਹਾ ਹੈ।

ਮੁਕਾਬਲੇ ਦੀ ਰਾਜਨੀਤੀ ਵਿੱਚ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਉੱਤਰ ਆਏ ਹਨ। ਉਨ੍ਹਾ ਨੇ ਐਲਾਨ ਕਰ ਦਿੱਤਾ ਹੈ ਕਿ ਪੰਝੀ ਏਕੜ ਜ਼ਮੀਨ ਦੀ ਸ਼ਨਾਖ਼ਤ ਕਰ ਲਈ ਗਈ ਹੈ, ਜਿੱਥੇ ਇੱਕ ਅਜਾਇਬ-ਘਰ ਉਸਾਰਿਆ ਜਾਵੇਗਾ। ਇਸ ਅਜਾਇਬ-ਘਰ ਵਿੱਚ ਵਾਲਮੀਕ ਦੀ ਰਾਮਾਇਣ ਵਿੱਚ ਵਰਣਤ ਸ੍ਰੀ ਰਾਮ ਦੇ ਕਿਰਦਾਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਸਰਯੂ ਨਦੀ ਦੇ ਘਾਟ ਤੇ ਪਰਿਕਰਮਾ ਦੀ ਉਸਾਰੀ ਵੀ ਕੀਤੀ ਜਾਵੇਗੀ, ਤਾਂ ਜੁ ਸੈਲਾਨੀਆਂ ਨੂੰ ਖਿੱਚ ਪਾਈ ਜਾ ਸਕੇ। ਇਸ ਤੋਂ ਇਲਾਵਾ ਅਯੁੱਧਿਆ ਵਿਚਲੀਆਂ ਪੁਰਾਣੀਆਂ ਯਾਦਗਾਰੀ ਇਮਾਰਤਾਂ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ।

ਸ੍ਰੀ ਰਾਮ ਦੇ ਨਾਂਅ ਉੱਤੇ ਸਿਆਸਤ ਕਰਨ ਵਾਲੇ ਰਾਜਸੀ ਆਗੂਆਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਅਜਿਹੇ ਕਦਮਾਂ ਨਾਲ ਰਾਜ ਦੇ ਅਮਨ-ਅਮਾਨ ਤੇ ਭਾਈਚਾਰਕ ਏਕਤਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਸੰਨ 1992 ਦੌਰਾਨ ਵਾਪਰਿਆ ਬਾਬਰੀ ਮਸਜਿਦ ਦੀ ਮਿਸਮਾਰੀ ਵਾਲਾ ਸਾਕਾ ਹਾਲੇ ਲੋਕਾਂ ਦੇ ਚੇਤਿਆਂ ‘ਚੋਂ ਵਿਸਰਿਆ ਨਹੀਂ। ਬਿਹਤਰ ਇਹੋ ਹੋਵੇਗਾ ਕਿ ਉਹ ਵਿਕਾਸ ਦੀ ਰਾਜਨੀਤੀ ਨੂੰ ਪਹਿਲ ਦੇਣ।

Courtesy – Nawan Zamana

Show More

Leave a Reply

Your email address will not be published. Required fields are marked *

Close