NATIONAL

ਲੰਬੀ ਤੋਂ ਬਾਦਲ ਖਿਲਾਫ ਲੜਨ ਲਈ ਕੈਪਟਨ ਅਮਰਿੰਦਰ ਨੂੰ ਮਿਲੀ ਪਾਰਟੀ ਹਾਈ ਕਮਾਂਡ ਤੋਂ ਇਜ਼ਾਜਤ

ਪੰਜਵੀਂ ਲਿਸਟ ‘ਚ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਦੀ ਟਿਕਟ ਮਿੱਲੀ, ਬਿੱਟੂ ਜਲਾਲਾਬਾਦ ‘ਚ ਸੁਖਬੀਰ ‘ਤੇ ਬੋਲਣਗੇ ਹਮਲਾ

news desk, www.p4punjab.com

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਸ੍ਰੋਮਣੀ ਅਕਾਲੀ ਦਲ ਦੇ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਨ ਲਈ ਤਿਆਰ ਹਨ। ਇਸ ਸੀਟ ਉਪਰ ਉਨ੍ਹਾਂ ਦੇ ਨਾਂਮ ਨੂੰ ਸੋਮਵਾਰ ਸ਼ਾਮ ਨੂੰ ਕਾਂਗਰਸ ਹਾਈ ਕਮਾਂਡ ਨੇ ਮਨਜ਼ੂਰੀ ਦੇ ਦਿੱਤੀ ਹੈ। ਪਾਰਟੀ ਨੇ ਚਾਰ ਹੋਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਨ ਸਮੇਤ ਹੋਰ ਚਾਰ ਉਮੀਦਵਾਰਾਂ ਨੂੰ ਬਦਲ ਦਿੱਤਾ ਹੈ।

ਇਸ ਲੜੀ ਹੇਠ ਜਿਥੇ ਪਾਰਟੀ ਦੇ ਸਟਾਰ ਪ੍ਰਚਾਰਕ, ਕ੍ਰਿਕੇਟ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਆਪਣੀ ਪਤਨੀ ਦੀ ਜਗ੍ਹਾ ਚੋਣ ਲੜਨਗੇ, ਜਿਨ੍ਹਾਂ ਦੀ ਸੀਟ ਪਹਿਲਾਂ ਤੋਂ ਹੀ ਇਸ ਵਿਧਾਨ ਸਭਾ ਹਲਕੇ ਤੋਂ ਤੈਅ ਕਰ ਦਿੱਤੀ ਗਈ ਸੀ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਖਿਲਾਫ ਹਮਲਾ ਬੋਲਣ ਦਾ ਜ਼ਿੰਮਾ ਸੌਂਪਿਆ ਗਿਆ ਹੈ।

ਸਿੱਧੂ ਦੇ ਸਾਥੀ ਤੇ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਨੂੰ ਜਲੰਧਰ ਕੈਂਟ ਤੋਂ ਟਿਕਟ ਦਿੱਤੀ ਗਈ ਹੈ ਅਤੇ ਜਲੰਧਰ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਜਗਬੀਰ ਸਿੰਘ ਬਰਾੜ ਨੂੰ ਨਕੋਦਰ ਸੀਟ ‘ਤੇ ਚੋਣ ਲੜਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸੇ ਤਰ੍ਹਾਂ, ਸਨੋਰ ਸੀਟ ਲਈ ਪੰਜਾਬ ਦੇ ਸਾਬਕਾ ਸੂਚਨਾ ਕਮਿਸ਼ਨਰ ਹਰਿੰਦਰ ਪਾਲ ਸਿੰਘ (ਹੈਰੀ) ਮਾਨ ਨੂੰ ਦਿੱਤੀ ਗਈ ਹੈ।

ਜਿਨ੍ਹਾਂ ਸੀਟਾਂ ‘ਤੇ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਬਦਲਿਆ ਹੈ, ਉਨ੍ਹਾਂ ‘ਚ ਜਗਰਾਉਂ (ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ ਨੂੰ ਗੇਜਾ ਰਾਮ ਦੀ ਜਗ੍ਹਾ ਦਿੱਤੀ ਗਈ ਹੈ), ਜਲੰਧਰ ਉੱਤਰੀ (ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਬੇਟੇ ਬਾਵਾ ਹੈਨਰੀ, ਰਾਜ ਕੁਮਾਰ ਗੁਪਤਾ ਦੀ ਜਗ੍ਹਾ ਚੋਣ ਲੜਨਗੇ) ਅਤੇ ਭੁਲੱਥ (ਰਣਜੀਤ ਸਿੰਘ ਰਾਣਾ, ਗੁਰਵਿੰਦਰ ਸਿੰਘ ਅਟਵਾਲ ਦੀ ਜਗ੍ਹਾ ਉਮੀਦਵਾਰ ਹੋਣਗੇ) ਸ਼ਾਮਿਲ ਹਨ। ਪਾਰਟੀ ਨੇ ਫਿਲੌਰ-ਰਾਖਵੀਂ ਸੀਟ ਨੂੰ ਵੀ ਬਦਲ ਦਿੱਤਾ ਹੈ, ਜਿਹੜੀ ਟਿਕਟ ਹੁਣ ਵਿਕ੍ਰਮਜੀਤ ਸਿੰਘ ਚੌਧਰੀ ਨੂੰ ਉਨ੍ਹਾਂ ਦੀ ਮਾਂ ਕਰਮਜੀਤ ਕੌਰ ਚੌਧਰੀ ਦੀ ਜਗ੍ਹਾ ਦਿੱਤੀ ਗਈ ਹੈ।

ਜਦਕਿ ਲਟਕੀਆਂ ਸੀਟਾਂ ਅੰਮ੍ਰਿਤਸਰ ਦੱਖਣੀ, ਮਾਨਸਾ ਤੇ ਲੁਧਿਆਣਾ ਪੂਰਬੀ ‘ਤੇ ਮੰਗਲਵਾਰ ਨੂੰ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਨੇ ਪਾਰਟੀ ਹਾਈ ਕਮਾਂਡ ਤੋਂ ਉਨ੍ਹਾਂ ਨੂੰ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਲਈ ਇਜ਼ਾਜਤ ਦੇਣ ਵਾਸਤੇ ਕਿਹਾ ਸੀ, ਤਾਂ ਜੋ ਉਹ ਸੂਬੇ ਦੀ ਸਿਆਸੀ ਤਸਵੀਰ ਤੋਂ ਮੁੱਖ ਅਕਾਲੀ ਅਗਵਾਈ ਨੂੰ ਬਾਹਰ ਕਰ ਸਕਣ ਅਤੇ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੇ ਅਨੈਤਿਕ ਚੰਗੁਲ ਤੋਂ ਮੁਕਤ ਕਰਵਾ ਸਕਣ।

Tags
Show More