NATIONALPunjab

ਸਿੱਖ ਪੰਥ ਦੀ ਦੁਹਾਈ ਦੇਣ ਵਾਲੀਆਂ ਪਾਰਟੀਆਂ ਦੇ ਮੁੱਖ ਨੇਤਾ ਪਹੁੰਚੇ, ਸਿੱਖੀ ਸੋਚ ਨੂੰ ਠੇਸ ਪਹੁੰਚਾਉਣ ਵਾਲੇ ਸੌਦਾ ਸਾਧ ਕੋਲ

ONE MINUTE READ

ਮਾਲਵੇ ਦੇ ਅਕਾਲੀ-ਕਾਂਗਰਸੀ ਉਮੀਦਵਾਰਾਂ ਨੇ ਲਿਆ ਡੇਰਾ ਮੁਖੀ ਤੋਂ ਅਸ਼ੀਰਵਾਦ

VOTE FROM DERA

ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਉਵੇਂ ਪਾਰਟੀਆਂ ਨੂੰ ਡੇਰਿਆਂ ਦਾ ਸਹਾਰਾ, ਮਾਲਵੇ ਦੇ ਅਕਾਲੀ-ਕਾਂਗਰਸੀ ਉਮੀਦਵਾਰਾਂ ਨੇ ਲਿਆ ਸੌਦਾ ਸਾਧ ਤੋਂ ਅਸ਼ੀਰਵਾਦ

Harish Abrol, p4punjab.com

ਰਾਜਨੀਤਕ ਪਾਰਟੀਆਂ ਆਪਣੇ ਸਿਧਾਤਾਂ ਤੋਂ ਬਹੁਤ ਹੇਠਾਂ ਡਿਗਦੀਆਂ ਦਿਖਾਈ ਦੇ ਰਹੀਆਂ ਹਨ।ਸਮਾਜ ਵਿਚ ਫੈਲੇ ਡੇਰਾ ਭ੍ਰਿਸ਼ਟਾਚਾਰ ਨੂੰ ਹੋਰ ਪਰਫੁੱਲਿਤ ਕਰਨ ਲਈ, ਰਾਜਨੀਤਕ ਲੋਕ ਨਿੱਤ ਦਿਹਾੜੇ ਡੇਰਿਆਂ ਦੇ ਚੱਕਰ ਮਾਰ ਰਹੇ ਹਨ।ਸਿੱਖੀ ਸਿਧਾਤਾਂ ਨੂੰ ਖੋਰਾ ਲਾਉਣ ਵਾਲੇ ਡੇਰਿਆਂ ਦੇ ਜਾਂਦੇ ਨੇਤਾ, ਕਿਸ ਤਰਾਂ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਲੋਕਾਂ ਨੂੰ ਨੱਥ ਪਾਉਣਗੇ, ਜਦੋਂ ਕਿ ਡੇਰੇਦਾਰਾਂ ਨੇ ਦਸਮ ਪਿਤਾ ਦਾ ਸਵਾਂਗ ਰਚਾਕੇ, ਸਾਡੇ ਪੰਥ ਦੀ ਘਰ ਅਵੱਗਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।

ਅਜ ਕਾਂਗਰਸ ਤੇ ਅਕਾਲੀ ਨੇਤਾ, ਜਿੰਨ੍ਹਾਂ ਵਿਚ ਮਲੂਕਾ ਵਰਗੇ ਵੀ ਸ਼ਾਮਲ ਹਨ, ਜੋ ਹਾਲਹੀ ਵਿਚ ਅਕਾਲ ਤਖ਼ਤ ਤੋਂ ਮਿਲੀ ਨਾ ਮਾਤਰ ਸਜ਼ਾ ਭੁਗਤ ਕੇ ਹਟੇ ਹਨ, ਉਹ ਵੀ ਸਿਰਸਾ ਡੇਰੇਦਾਰ ਨੂੰ ਮੱਥਾ ਟੇਕ ਕੇ ਆਏ ਹਨ। ਇਹਨਾਂ ਨੇਤਾਵਾਂ ਵਲੋਂ ਵਾਰ ਵਾਰ ਉਸ ਡੇਰੇ ਤੇ ਜਾਣ ਦਾ ਮਤਲਬ, ਇਹਨਾਂ ਨੇਤਾਵਾਂ ਲਈ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਅਹਿਮੀਅਤ ਨਹੀਂ ਹੈ, ਉਨ੍ਹਾਂ ਲਈ ਸਿਰਫ ਵੋਟਾਂ ਦੀ ਅਹਿਮੀਅਤ ਹੈ।

ਵੋਟਾਂ ਦੀ ਲਈ ਉਮੀਦਵਾਰਾਂ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਡੇਰੇ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ।ਸ਼ੁੱਕਰਵਾਰ ਨੂੰ ਡੇਰੇ ਦੇ ਭੰਡਾਰੇ ਦੌਰਾਨ ਪੰਜਾਬ ‘ਚ ਚੋਣ ਲੜ ਰਹੇ ਉਮੀਦਵਾਰਾਂ ਦਾ ਮੇਲਾ ਡੇਰਾ ਸਿਰਸਾ ਵਿਖੇ ਲੱਗਾ ਰਿਹਾ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲ ਸਬੰਧਿਤ ਇਨ੍ਹਾਂ 80 ਉਮੀਦਵਾਰਾਂ ਨੇ ਸ਼ੁੱਕਰਵਾਰ ਨੂੰ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਤੇ ਸਿਆਸੀ ਆਸ਼ੀਰਵਾਦ ਮੰਗਿਆ।

ਉਮੀਦਵਾਰ ਪਿਛਲੇ ਕਈ ਦਿਨਾਂ ਤੋਂ ਡੇਰਾ ਮੁਖੀ ਤੋਂ ਮੁਲਾਕਾਤ ਲਈ ਸਮਾਂ ਮੰਗ ਰਹੇ ਸਨ। ਡੇਰਾ ਸਿਰਸਾ ਵਿੱਚ ਭੰਡਾਰੇ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਮਗਰੋਂ ਡੇਰਾ ਮੁਖੀ ਨੇ ਕਰੀਬ ਪੌਣਾ ਘੰਟਾ ਉਮੀਦਵਾਰਾਂ ਨੂੰ ਮਿਲਣ ਦਾ ਸਮਾਂ ਦਿੱਤਾ। ਡੇਰੇ ਦਾ ਅਸ਼ੀਰਵਾਦ ਲੈਣ ਵਾਲੇ ਉਮੀਦਵਾਰਾਂ ਵਿੱਚ ਕੈਬਨਿਟ ਮੰਤਰੀ ਅਤੇ ਰਾਮਪੁਰਾ ਹਲਕੇ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਮੌੜ ਹਲਕੇ ਤੋਂ ਅਕਾਲੀ ਉਮੀਦਵਾਰ ਤੇ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਫ਼ਾਜ਼ਿਲਕਾ ਤੋਂ ਭਾਜਪਾ ਉਮੀਦਵਾਰ ਤੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਮੁਲਾਕਾਤ ਕਰਨ ਵਾਲਿਆਂ ਵਿੱਚ ਪ੍ਰਮੁੱਖ ਸਨ।

ਅਕਾਲੀ ਉਮੀਦਵਾਰ; ਭੁੱਚੋ ਤੋਂ ਹਰਪ੍ਰੀਤ ਕੋਟਭਾਈ, ਬੱਲੂਆਣਾ ਤੋਂ ਪ੍ਰਕਾਸ਼ ਭੱਟੀ, ਹਲਕਾ ਕੋਟਕਪੂਰਾ ਤੋਂ ਮਨਤਾਰ ਬਰਾੜ, ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਹਲਕਾ ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੰਘ ਸਿੱਧੂ, ਹਲਕਾ ਸਰਦੂਲਗੜ੍ਹ ਤੋਂ ਦਿਲਰਾਜ ਭੂੰਦੜ, ਹਲਕਾ ਮੁਕਤਸਰ ਤੋਂ ਰੋਜ਼ੀ ਬਰਕੰਦੀ, ਹਲਕਾ ਨਾਭਾ ਤੋਂ ਕਬੀਰ ਦਾਸ, ਹਲਕਾ ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼ੁਤਰਾਣਾ ਤੋਂ ਵਰਿੰਦਰ ਲੂੰਬਾ, ਦਿੜ੍ਹਬਾ ਤੋਂ ਗੁਲਜ਼ਾਰ ਸਿੰਘ ਆਦਿ ਨੇ ਵੀ ਡੇਰਾ ਮੁਖੀ ਦਾ ਆਸ਼ੀਰਵਾਦ ਲਿਆ।

ਡੇਰਾ ਮੁਖੀ ਤੋਂ ਸਿਆਸੀ ਆਸ਼ੀਰਵਾਦ ਲੈਣ ਵਾਲਿਆਂ ’ਚ ਕਾਂਗਰਸੀ ਉਮੀਦਵਾਰ ਵੀ ਪਿੱਛੇ ਨਹੀਂ ਰਹੇ। ਇਨ੍ਹਾਂ ਵਿੱਚ ਲਹਿਰਾਗਾਗਾ ਤੋਂ ਬੀਬੀ ਰਜਿੰਦਰ ਕੌਰ ਭੱਠਲ, ਬਰਨਾਲਾ ਤੋਂ ਕੇਵਲ ਢਿੱਲੋਂ, ਫ਼ਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ, ਮਲੋਟ ਤੋਂ ਅਜਾਇਬ ਭੱਟੀ, ਮੁਕਤਸਰ ਤੋਂ ਕਰਨ ਬਰਾੜ, ਅਮਲੋਹ ਤੋਂ ਰਣਦੀਪ ਸਿੰਘ, ਦਰਸ਼ਨ ਬਰਾੜ, ਸੰਗਰੂਰ ਤੋਂ ਵਿਜੇਇੰਦਰ ਸਿੰਗਲਾ, ਗਿੱਦੜਬਾਹਾ ਤੋਂ ਰਾਜਾ ਵੜਿੰਗ, ਘਨੌਰ ਤੋਂ ਮਦਨ ਲਾਲ, ਨਾਭਾ ਤੋਂ ਸਾਧੂ ਸਿੰਘ ਧਰਮਸੋਤ, ਸਮਾਣਾ ਤੋਂ ਰਾਜਿੰਦਰ ਸਿੰਘ, ਸੁਨਾਮ ਤੋਂ ਦਮਨ ਬਾਜਵਾ, ਲੁਧਿਆਣਾ ਤੋਂ ਆਸ਼ੂ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦਾ ਲੜਕਾ ਅਰਜਨ ਬਾਦਲ ਆਦਿ ਸ਼ਾਮਿਲ ਸਨ।

ਡੇਰੇ ਦੇ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਡੇਰੇ ’ਚ ਮੌਜੂਦਗੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡੇਰਾ ਮੁਖੀ ਨੇ ਸਾਰੇ ਉਮੀਦਵਾਰਾਂ ਨਾਲ ਇਕੱਠਿਆਂ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਵਿੰਗ ਵੱਲੋਂ ਚੋਣਾਂ ਤੋਂ ਐਨ ਪਹਿਲਾਂ ਹਮਾਇਤ ਦਾ ਐਲਾਨ ਕੀਤਾ ਜਾਵੇਗਾ।

ਪੰਜਾਬ ਦੇ ਲੋਕਾਂ ਕੋਲ ਹਾਲੇ ਵੀ 4 ਫਰਵਰੀ ਤੱਕ ਸੋਚਣ ਦਾ ਸਮਾਂ ਹੈ, ਜੇ ਸਿੱਖੀ ਦੀ ਚੜਦੀਕਲਾ ਚਾਹੀਦੀ ਹੈ, ਤਾਂ ਇਸ ਤਰਾਂ ਦੇ ਲੋਕਾਂ ਨੂੰ ਵੋਟਾਂ ਰਾਹੀ ਹਰਾ ਕੇ ਸਹੀ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਨਹੀਂ ਤਾਂ ਆਉਣ ਵਾਲਾ ਸਮਾਂ ਸਾਡੀਆਂ ਨਸਲਾਂ ਨੂੰ ਇਹ ਦਸਣ ਵਿਚ ਬੁਰੀ ਤਰਾਂ ਨਾਕਾਮਯਾਬ ਰਹੇਗਾ, ਕਿ ਸਿੱਖਾਂ ਦਾ ਕੀ ਇਤਿਹਾਸ ਹੈ, ਅਸੀਂ ਕੋਣ ਹਾਂ? ਵਕਤ ਰਹਿੰਦਿਆਂ ਫੈਸਲਾ ਕਰ ਲੈਣਾ ਚਾਹੀਦਾ ਹੈ।

Tags
Show More