NATIONALOPINION

“ੴ” ਦੀ ਮੰਜ਼ਿਲ ਵੱਲ ਇਸ਼ਾਰਾ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਕੋਟਿ ਕੋਟਿ ਪ੍ਰਣਾਮ

ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਮਨੁੱਖਤਾ ਨੂੰ ਗਿਆਨ ਦਾ ਪ੍ਰਕਾਸ਼ ਪ੍ਰਦਾਨ ਕੀਤਾ

ਗੁਰੂ ਨਾਨਕ ਦੇਵ ਜੀ ਨੇ ਸਮਾਜ ਦੀ ਭਲਾਈ ਹਿਤ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਸਨ ਜਿਹੜੇ ਸਮਕਾਲੀ ਪ੍ਰਸਥਿਤੀਆਂ ਦੇ ਸਨਮੁਖ ਅਸੰਭਵ ਸਮਝੇ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਮਾਜ ਵਿਚ ਆਰਥਿਕ ਅਸਮਾਨਤਾ ਅਧੀਨ ਪੈਦਾ ਹੋਇਆ ਅਮੀਰ-ਗ਼ਰੀਬ ਅਤੇ ਊਚ-ਨੀਚ ਦੇ ਭੇਦਭਾਵ ਦਾ ਵਰਤਾਰਾ ਰੂਪਮਾਨ ਹੁੰਦਾ ਹੈ; ਸਮਾਜਿਕ ਪੱਧਰ ‘ਤੇ ਵਰਣ ਅਤੇ ਆਸ਼ਰਮ ਵਿਵਸਥਾ ਅਧੀਨ ਪੈਦਾ ਹੋਈ ਵਰਗ-ਵੰਡ ਸਾਹਮਣੇ ਆਉਂਦੀ ਹੈ; ਰਾਜਸੀ ਪੱਧਰ ‘ਤੇ ਹਾਕਮਾਂ ਵੱਲੋਂ ਲੋਕਾਂ ਨਾਲ ਕੀਤੇ ਅਨਿਆਂ ਅਤੇ ਜ਼ੁਲਮ ਦੇ ਨਾਲ-ਨਾਲ ਹਾਕਮਾਂ ਦੇ ਅਹਿਲਕਾਰਾਂ ਦੀ ਰਿਸ਼ਵਤਖ਼ੋਰ ਬਿਰਤੀ ਦਾ ਪ੍ਰਗਟਾਵਾ ਹੁੰਦਾ ਹੈ; ਧਾਰਮਿਕ ਪੱਧਰ ‘ਤੇ ਧਾਰਮਿਕ ਆਗੂਆਂ ਵੱਲੋਂ ਲੋਕਾਂ ਨੂੰ ਅੰਧ-ਵਿਸ਼ਵਾਸ ਵਿਚ ਪਾ ਕੇ ਲੁੱਟਣ ਅਤੇ ਉਹਨਾਂ ਦਾ ਸ਼ੋਸ਼ਣ ਕਰਨ ਵਾਲਾ ਵਿਧਾਨ ਉਜਾਗਰ ਹੁੰਦਾ ਹੈ। ਸਮਾਜ ਵਿਚੋਂ ਧਰਮ ਦੀ ਬਿਰਤੀ ਮਨਫ਼ੀ ਹੋ ਜਾਣ ਨੂੰ ਸਮੂਹ ਸਮੱਸਿਆਵਾਂ ਦਾ ਕਾਰਨ ਮੰਨਦੇ ਹੋਏ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ – ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਗੁਰੂ ਗ੍ਰੰਥ ਸਾਹਿਬ, 722)।

          ਗੁਰੂ ਨਾਨਕ ਦੇਵ ਜੀ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਇਹਨਾਂ ਤੋਂ ਭੱਜਣ ਦੀ ਬਜਾਏ ਇਹਨਾਂ ਦਾ ਮੁਕਾਬਲਾ ਕਰਨ ‘ਤੇ ਜ਼ੋਰ ਦਿੰਦੇ ਹਨ। ਗੁਰੂ ਜੀ ਜਾਣਦੇ ਸਨ ਕਿ ਵੰਡਿਆ ਹੋਇਆ ਸਮਾਜ ਸਮੱਸਿਆਵਾਂ ਦਾ ਮੁਕਾਬਲਾ ਕਰਨ ਦੇ ਅਸਮਰੱਥ ਹੁੰਦਾ ਹੈ ਅਤੇ ਇਹ ਗ਼ੁਲਾਮੀ ਦੇ ਮਾਰਗ ਵੱਲ ਲੈ ਜਾਂਦਾ ਹੈ ਪਰ ਜੇਕਰ ਸਮਾਜ ਵਿਚ ਇਕਜੁਟਤਾ ਅਤੇ ਇਕਸੁਰਤਾ ਪੈਦਾ ਹੋ ਜਾਵੇ ਤਾਂ ਸਮੂਹ ਕਾਰਜ ਸਹਿਜੇ ਹੀ ਹੱਲ ਹੋ ਸਕਦੇ ਹਨ। ਸਮਾਜ ਨੂੰ ਇਕ ਸੂਤਰ ਵਿਚ ਬੰਨਣ ਲਈ ਗੁਰੂ ਜੀ ਨੇ ਪਰਮਾਤਮਾ ਦੀ ਇੱਕਤਾ ਰਾਹੀਂ ਸਮਾਜ ਵਿਚ ਇਕਸੁਰਤਾ ਪੈਦਾ ਕਰਨ ‘ਤੇ ਜ਼ੋਰ ਦਿੱਤਾ ਹੈ। ਗੁਰੂ ਜੀ ਦੁਆਰਾ ਪ੍ਰਦਾਨ ਕੀਤੇ ‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ’ ਦੇ ਸੰਕਲਪ ਨੇ ਸਮਾਜ ਨੂੰ ਇਕ ਪੱਧਰ ‘ਤੇ ਲਿਆ ਕੇ ਲੋਕਾਂ ਵਿਚੋਂ ਜਾਤ-ਪਾਤ, ਊਚ-ਨੀਚ, ਵਰਣ-ਵੰਡ, ਵਰਗ-ਵੰਡ, ਰੰਗ, ਰੂਪ ਅਤੇ ਨਸਲੀ ਭਾਵਨਾ ਨੂੰ ਖ਼ਤਮ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਰਮਾਤਮਾ ਦੀ ਕਰਤਾ ਦੇ ਰੂਪ ਵਿਚ ਕਿਰਿਆਸ਼ੀਲਤਾ ਨਾਲ ਸਮੂਹ ਜੀਵਾਂ ਵਿਚ ਉਸ ਦੀ ਜੋਤ ਦੇ ਦਰਸ਼ਨ ਕਰਨ ਦਾ ਜਿਹੜਾ ਸੰਦੇਸ਼ ਗੁਰੂ ਜੀ ਨੇ ਦਿੱਤਾ ਹੈ ਉਹ ਮਨੁੱਖਾਂ ਦੇ ਮਨ ਵਿਚੋਂ ਹਉਮੈ ਦੀ ਭਾਵਨਾ ਨੂੰ ਖੋਰਾ ਲਾਉਣ ਦਾ ਕਾਰਜ ਕਰਦਾ ਹੈ ਜਿਸ ਨਾਲ ਬੇਈਮਾਨੀ, ਈਰਖਾ, ਦਵੈਖ, ਸਾੜਾ ਅਤੇ ਨਫ਼ਰਤ ਦੀ ਭਾਵਨਾ ਮਨਫ਼ੀ ਹੋਣ ਲੱਗਦੀ ਹੈ। ਗੁਰੂ ਸਾਹਿਬ ਦੀ ਬਾਣੀ ਨੇ ਮਨੁੱਖਾਂ ਨੂੰ ਬਰਾਬਰੀ ਵਾਲਾ ਜਿਹੜਾ ਪਲੇਟਫਾਰਮ ਪ੍ਰਦਾਨ ਕੀਤਾ ਹੈ ਉਸ ਨਾਲ ਸਮਾਜ ਵਿਚ ਪ੍ਰੇਮ, ਭਾਈਚਾਰੇ, ਸਹਿਯੋਗ ਅਤੇ ਸਹਿਹੋਂਦ ਦੀ ਭਾਵਨਾ ਦਾ ਵਿਕਾਸ ਹੋਇਆ ਹੈ।

          ਗੁਰੂ ਨਾਨਕ ਦੇਵ ਜੀ ਸੱਚਾਈ ਅਤੇ ਸਦਾਚਾਰ ਵਾਲੇ ਗੁਣ-ਅਧਾਰਿਤ ਸਮਾਜ ਦੀ ਸਿਰਜਨਾ ਕਰਨ ‘ਤੇ ਜ਼ੋਰ ਦਿੰਦੇ ਹਨ ਜਿਸ ਵਿਚੋਂ ਜਬਰ, ਜ਼ੁਲਮ, ਭ੍ਰਿਸ਼ਟਾਚਾਰ ਅਤੇ ਅਨਿਆਂ ਦੇ ਖ਼ਿਲਾਫ਼ ਸੰਘਰਸ਼ ਦੀ ਭਾਵਨਾ ਪੈਦਾ ਹੁੰਦੀ ਹੈ। ਗੁਰੂ ਜੀ ਇਸ ਵਿਚਾਰ ‘ਤੇ ਜ਼ੋਰ ਦਿੰਦੇ ਹਨ ਕਿ ਜੇਕਰ ਸਮਾਜ ਦਾ ਕੋਈ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਆਗੂ ਸਦਾਚਾਰਿਕ ਨਿਯਮਾਂ ਦੀ ਉਲੰਘਣਾ ਕਰੇ ਤਾਂ ਸਮਾਜ ਦਾ ਸੂਝਵਾਨ ਵਰਗ ਉਸ ਦੇ ਵਿਰੁੱਧ ਉਸੇ ਸਮੇਂ ਅਵਾਜ਼ ਬੁਲੰਦ ਕਰੇ। ਗੁਰੂ ਜੀ ਦੁਆਰਾ ਉਜਾਗਰ ਕੀਤੀ ‘ਸਚੁ ਸੁਣਾਇਸੀ ਸਚ ਕੀ ਬੇਲਾ’ ਦੀ ਭਾਵਨਾ ਜਿਥੇ ਸਮੱਸਿਆ ਨੂੰ ਹੋਰ ਵਧੇਰੇ ਪ੍ਰਚੰਡ ਹੋਣ ਤੋਂ ਰੋਕਦੀ ਹੈ ਉਥੇ ਨਾਲ ਹੀ ਇਹ ਹੋਰਨਾਂ ਲਈ ਵੀ ਸਹੀ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਸਰੋਤ ਬਣਦੀ ਹੈ।

          ਗੁਰੂ ਨਾਨਕ ਦੇਵ ਜੀ ਦੀ ਸਰਬ-ਕਾਲੀ ਅਤੇ ਸਰਬ-ਦੇਸੀ ਵਿਚਾਰਧਾਰਾ ਅਜਿਹੇ ਮਨੁੱਖ ਦੀ ਘਾੜਤ ਕਰਨ ‘ਤੇ ਜ਼ੋਰ ਦਿੰਦੀ ਹੈ ਜਿਸ ਵਿਚੋਂ ਆਦਰਸ਼ ਸਮਾਜ ਦੀ ਸਥਾਪਨਾ ਦਾ ਮਾਰਗ ਪ੍ਰਗਟ ਹੁੰਦਾ ਹੋਵੇ। ਗੁਰੂ ਜੀ ਨੇ ਸਮਾਜ ਨੂੰ ਪ੍ਰਭੂ-ਮੁਖੀ ਸੰਪੂਰਨ ਵਿਚਾਰਧਾਰਾ ਪ੍ਰਦਾਨ ਕੀਤੀ ਹੈ ਜਿਹੜੀ ਸੱਚਾਈ ਅਤੇ ਸਦਾਚਾਰ ਤੋਂ ਦੂਰ ਹੋਣ ਸਮੇਂ ਮਨੁੱਖ ਦੇ ਮਨ ਵਿਚ ਬੇਚੈਨੀ ਦੀ ਭਾਵਨਾ ਪੈਦਾ ਕਰਦੀ ਹੈ; ਇਸ ਵਿਚ ਹਰ ਪ੍ਰਕਾਰ ਦੇ ਜ਼ੁਲਮ, ਵਿਤਕਰੇ ਅਤੇ ਬੇਈਮਾਨੀ ਦੇ ਖ਼ਿਲਾਫ਼ ਇਕ ਨਵੇਂ ਸੰਘਰਸ਼ ਦੇ ਪੈਦਾ ਹੋਣ ਦੀ ਸੰਭਾਵਨਾ ਹਮੇਸ਼ਾਂ ਬਣੀ ਰਹਿੰਦੀ ਹੈ।

          ਗੁਰੂ ਨਾਨਕ ਦੇਵ ਜੀ ਦਾ ਜਗਤ ਵਿਚ ਆਗਮਨ ਮਾਨਵਤਾ ਦੀ ਭਲਾਈ ਲਈ ਇਕ ਨਵੀਂ ਕਿਰਨ ਦੇ ਰੂਪ ਵੱਜੋਂ ਦੇਖਿਆ ਜਾਂਦਾ ਹੈ। ਗੁਰੂ ਜੀ ਨੇ ਸਮਾਜ ਵਿਚ ਆਏ ਨਿਘਾਰ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹੋਏ ਇਸ ਨੂੰ ਪ੍ਰਭੂ-ਮੁਖੀ ਵਿਕਾਸ ਦੀ ਦਿਸ਼ਾ ਵੱਲ ਰੁਚਿਤ ਕੀਤਾ ਹੈ। ਆਮ ਲੋਕਾਂ ਦੇ ਮਨ ਵਿਚ ਪੈਦਾ ਹੋਏ ਸੰਕੀਰਣ ਵਿਸ਼ਵਾਸਾਂ ਅਤੇ ਅੰਧ-ਵਿਸ਼ਵਾਸਾਂ ਨੂੰ ਖ਼ਤਮ ਕਰਨ ਲਈ ਗੁਰੂ ਜੀ ਨੇ ਧਰਮ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਨਵੇਂ ਸਿਰਿਉਂ ਪਰਿਭਾਸ਼ਿਤ ਕੀਤਾ ਹੈ। ਇਸ ਸੰਦਰਭ ਵਿਚ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਮਨੁੱਖਤਾ ਨੂੰ ਗਿਆਨ ਦਾ ਪ੍ਰਕਾਸ਼ ਪ੍ਰਦਾਨ ਕੀਤਾ ਹੈ। ਮਾਨਵਤਾ ਦੀ ਭਲਾਈ ਹਿਤ ਗੁਰੂ ਜੀ ਦੀ ਆਮਦ ਦਾ ਵਿਖਿਆਨ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹਨ – ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ।

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਤੇ ਸੰਦੇਸ਼ ਸਦੀਵ ਕਾਲ ਲਈ ਮਾਨਵਤਾ ਦੀ ਅਗਵਾਈ ਕਰ ਰਹੇ ਹਨ। ਗੁਰੂ ਜੀ ਦੀ ਸਮੁਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਜਿਸ ਨੂੰ ਮਾਨਵਤਾ ਦਾ ਧਰਮ ਗ੍ਰੰਥ ਕਿਹਾ ਜਾਂਦਾ ਹੈ। ਭਾਦੋਂ ਸੁਦੀ 1, 1661 ਬਿਕਰਮੀ/16 ਅਗਸਤ 1604 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਆਪ ਇਸ ਧਰਮ ਗ੍ਰੰਥ ਦਾ ਪਹਿਲਾ ਪ੍ਰਕਾਸ਼ ਬਹੁਤ ਹੀ ਸਤਿਕਾਰ ਸਹਿਤ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਸੀ। ਸਮੁਚੇ ਸਿੱਖ ਜਗਤ ਵਿਚ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਭਾਵਨਾ ਸਹਿਤ ਅੱਜ ਇਹ ਦਿਵਸ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬਾਨ ਦੁਆਰਾ ਆਪਣੇ ਹਸਤ-ਕਮਲਾਂ ਨਾਲ ਹੋਈ ਇਸ ਧਰਮ ਗ੍ਰੰਥ ਦੀ ਅਰੰਭਤਾ, ਸੰਪੂਰਨਤਾ ਅਤੇ ਗੁਰਗੱਦੀ ‘ਤੇ ਸੁਭਾਇਮਾਨਤਾ ਇਸ ਨੂੰ ਦੁਨਿਆਵੀ ਜਗਤ ਵਿਚ ਮੌਜੂਦ ਸਮੂਹ ਧਰਮ ਗ੍ਰੰਥਾਂ ਵਿਚੋਂ ਸਭ ਤੋਂ ਵਧੀਕ ਪ੍ਰਮਾਣਿਕ ਅਤੇ ਸਤਿਕਾਰਯੋਗ ਬਣਾਉਂਦੀ ਹਨ।

ਗੁਰੂ ਨਾਨਕ ਦੇਵ ਜੀ ਦੀ ਭਾਵਨਾ ਅਤੇ ਪ੍ਰੇਰਨਾ ਦਾ ਵਿਸਤਾਰ ਮੰਨੇ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚ 36 ਮਹਾਂਪੁਰਖਾਂ ਦੀ ਬਾਣੀ ਦਰਜ ਹੈ। 6 ਗੁਰੂ ਸਾਹਿਬਾਨ – ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਨਾਲ-ਨਾਲ ਇਸ ਧਰਮ ਗ੍ਰੰਥ ਵਿਚ ਉਹਨਾਂ ਮਹਾਂਪੁਰਖਾਂ ਦੀ ਬਾਣੀ ਵੀ ਦਰਜ ਹੈ ਜਿਹੜੇ ਭਾਰਤ ਅਤੇ ਪੱਛਮੀ ਏਸ਼ੀਆ ਦੀਆਂ ਧਾਰਮਿਕ ਪਰੰਪਰਾਵਾਂ ਨਾਲ ਸੰਬੰਧਿਤ ਸਨ। ਇਹਨਾਂ ਮਹਾਂਪੁਰਖਾਂ ਵਿਚ ਭਗਤ ਕਬੀਰ, ਤ੍ਰਿਲੋਚਨ, ਬੇਣੀ, ਰਵਿਦਾਸ, ਨਾਮਦੇਵ, ਧੰਨਾ, ਜੈਦੇਵ, ਭੀਖਣ, ਸੈਣ, ਪੀਪਾ ਸਧਨਾ, ਰਾਮਾਨੰਦ, ਪਰਮਾਨੰਦ, ਸੂਰਦਾਸ, ਸ਼ੇਖ਼ ਫ਼ਰੀਦ, 11 ਭੱਟ ਅਤੇ ਚਾਰ ਗੁਰਸਿੱਖ ਸ਼ਾਮਲ ਹਨ। ਇਹਨਾਂ ਮਹਾਂਪੁਰਖਾਂ ਦੀ ਪ੍ਰਭੂ-ਮੁਖੀ ਬਾਣੀ ਸਮੁੱਚੇ ਰੂਪ ਵਿਚ ਸੱਚਾਈ ਅਤੇ ਸਦਚਾਰ ਦਾ ਮਾਰਗ-ਦਰਸ਼ਨ ਕਰਦੀ ਹੈ। ਸਿੱਖ ਪੰਥ ਅਤੇ ਮਾਨਵਤਾ ਦੇ ਮਾਰਗ ਨਾਲ ਸਾਂਝ ਰੱਖਣ ਵਾਲੇ ਸਮੁਚੇ ਭਾਈਚਾਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਬਹੁਤ ਹੀ ਮਹੱਤਵਪੂਰਨ ਹੈ ਜਿਹੜਾ ਕਿ ਅਗਿਆਨਤਾ ਦੀ ਧੂੜ ਨੂੰ ਸਾਫ਼ ਕਰ ਕੇ ਗਿਆਨ ਦਾ ਪ੍ਰਕਾਸ਼ ਕਰਨ ਲਈ ਹਮੇਸ਼ਾਂ ਮਾਰਗ ਦਰਸ਼ਨ ਕਰਨ ਦਾ ਸਦੀਵੀ ਸਰੋਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਹੁਣ ਤੱਕ ਅਨੇਕਾਂ ਯਤਨ ਹੋਏ ਹਨ ਅਤੇ ਇਹ ਨਿਰੰਤਰ ਜਾਰੀ ਹਨ। ਇਸ ਲੜੀ ਅਧੀਨ, ਅੱਜ ਦੇ ਇਸ ਸ਼ੁਭ ਦਿਹਾੜੇ ‘ਤੇ, ਪੰਜਾਬੀ ਦਾ ਇਕ ਹੋਰ ਵੈਬ ਮੈਗਜ਼ਿਨ  ‘ਪੱਤਾ ਪੱਤਾ ਪੰਜਾਬ’ ਜਾਰੀ ਕੀਤਾ ਜਾ ਰਿਹਾ ਹੈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਪੰਜਾਬੀ ਭਾਸ਼ਾ ਵਿਚ ਅਰੰਭ ਕੀਤਾ ਜਾ ਰਿਹਾ ਇਹ ਯਤਨ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਗੁਰਮਤਿ ਦਾ ਸੰਦੇਸ਼ ਲੋਕਾਈ ਤੱਕ ਲਿਜਾਣ ਲਈ ਗੁਰੂ ਸਾਹਿਬ ਇਸ ‘ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ।

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ॥

 paramvirsingh68@gmail.com

ਡਾ. ਪਰਮਵੀਰ ਸਿੰਘ,

paramvirsingh68@gmail.com

Ph No – 987 207 4322

Show More