Punjab

Akali Dal Amritsar Fatehgarh Rally Means Something Different

ਅਕਾਲੀ ਦਲ ਅਮ੍ਰਿਤਸਰ ਦੀ ਕਾਨਫਰੰਸ ਨਾਲ ਪੰਥਕ ਹਲਕਿਆਂ ਵਿਚ ਛਿੜ੍ਹੀ ਨਵੀਂ ਚਰਚਾ ...!!

Akali Dal Amritsar Fatehgarh Rally Means Something Different: ਪਿਛਲੇ ਕਈ ਦਹਾਕਿਆਂ ਤੋਂ ਸ਼ਹੀਦੀ ਜੋੜਮੇਲਾਂ ਦਾ ਮੁਹਾਂਦਰਾ ਵੀ ਵਿਗੜਿਆ ਹੋਇਆ ਨਜਰ ਆ ਰਿਹਾ ਹੈ। ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜਮੇਲ, ਜਿਸ ਨੂੰ ਫਤਹਿਗੜ੍ਹ ਸਾਹਿਬ ਦੀ ਸਭਾ ਵੀ ਆਖਿਆ ਜਾਂਦਾ ਹੈ,ਬਾਰੇ ਸਿੱਖ ਸੰਗਤਾਂ ਕਾਫੀ ਚਿੰਤਤ ਸਨ। ਬੇਸ਼ੱਕ ਸਿੱਖ ਪੰਥ ਵਿਚ ਕੋਈ ਵੀ ਕੌਮ ਲੇਖੇ ਜਾਂ ਧਰਮ ਲੇਖੇ ਸ਼ਹੀਦ ਹੋਇਆ ਹੈ, ਉਹਨਾਂ ਸਭ ਦੀ ਸ਼ਹ੍ਹਾਦਤ ਪੰਥ ਵਾਸਤੇ ਚਾਨਣ ਮੁਨਾਰਾ ਹੈ ਅਤੇ ਹਰ ਸਿੱਖ ਉਸ ਨੂੰ ਸਿਜਦਾ ਕਰਦਾ ਹੈ। ਕੋਈ ਵੀ ਸ਼ਹੀਦ ਵੱਡਾ ਛੋਟਾ ਨਹੀਂ ਹੈ। ਸਭ ਸਿਖਾਂ ਦੀ ਨਿੱਤ ਦੀ ਅਰਦਾਸ ਅਤੇ ਸਾਡੇ ਗੌਰਵਮਈ ਇਤਿਹਾਸ ਦਾ ਹਿੱਸਾ ਹਨ। ਪਰ ਫਿਰ ਵੀ ਉਮਰ ਦੇ ਪੱਖੋਂ ਅਤੇ ਵਧੇਰੇ ਕਸ਼ਟਦਾਇਕ ਸ਼ਹੀਦੀ ਕਰਕੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਉੱਤੇ ਤਾਂ ਇਕ ਵਾਰ ਧਰਤੀ ਅਸਮਾਨ ਨੇ ਵੀ ਧਾਹਾਂ ਮਾਰੀਆਂ ਹੋਣਗੀਆਂ ਅਤੇ ਜਦੋਂ ਵੀ ਕੋਈ ਇਸ ਲਾਸਾਨੀ ਸ਼ਹਾਦਤ ਦਾ ਜਿਕਰ ਕਰਦਾ ਹੈ ਤਾਂ ਵਕਤਾ ਅਤੇ ਸਰੋਤੇ ਦੋਹਾਂ ਦੀਆਂ ਅੱਖਾਂ ਨਮ ਹੁੰਦੀਆਂ ਹਨ ਅਤੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।

ਪਰ ਦੂਜਾ ਪੱਖ ਇਹ ਵੀ ਹੈ ਕਿ ਸਿਖਾਂ ਦੀ ਅਣਗਹਿਲੀ ਅਤੇ ਅਵੇਸਲੇਪਨ ਦੇ ਚੱਲਦਿਆਂ,ਨਵੀਂ ਸਿੱਖ ਪੀੜੀ ਉੱਤੇ ਬਿਪਰਵਾਦ ਅਤੇ ਪੰਥ ਵਿਰੋਧੀਆਂ ਨੇ ਅਜਿਹਾ ਪ੍ਰਭਾਵ ਪਾਇਆ ਹੈ,ਕਿ ਅੱਜ ਸਿਖਾਂ ਦੇ ਬਚੇ ਕੇਸ ਕਤਲ ਕਰਵਾਕੇ, ਬੋਦੀਆਂ ਨੂੰ ਅਨੇਕਾਂ ਕਿਸਮ ਦੇ ਰੰਗ ਕਰਕੇ ਅਤੇ ਨਵੇਂ ਨਵੇਂ ਫੈਸ਼ਨ ਅਨੁਸਾਰ ਨਮੂੰਨੇ ਬਣਾ ਬਣਾਕੇ ਜਾਂਦੇ ਹਨ। ਬੇਸ਼ੱਕ ਉਹ ਲੰਗਰਾਂ ਵਿਚ ਸੇਵਾ ਵੀ ਬਹੁਤ ਕਰਦੇ ਹਨ ਪਰ ਆਪਣੇ ਵਿਰਸੇ ਦੀ ਜਾਣਕਾਰੀ ਨਹੀਂ ਰੱਖਦੇ। ਇਸ ਵਿਚ ਬੱਚਿਆਂ ਦਾ ਉਨਾਂ ਕਸੂਰ ਨਹੀਂ ਜਿੰਨਾਂ ਮਾਪਿਆਂ ਦਾ ਤੇ ਸਾਡੇ ਧਾਰਮਿਕ ਮੁਖੀਆਂ ਅਤੇ ਸਿਆਸੀ ਆਗੂਆਂ ਦਾ ਹੈ। ਸਾਡੇ ਬਚੇ ਵਿਰਸੇ ਤੋਂ ਕੋਰੇ ਹਨ। ਧਾਰਮਿਕ ਆਗੂਆਂ ਨੂੰ ਡੇਰਾ ਚਲਾਉਣ ਵਾਸਤੇ ਮਾਇਆ ਚਾਹੀਦੀ ਹੈ। ਉਹ ਹਰ ਮਹੀਨੇ ਇਕ ਸੂਚੀ ਜਾਰੀ ਕਰ ਦਿੰਦੇ ਹਨ ਕਿ ਸਾਡੇ ਫਲਾਣੇ ਡੇਰੇ ਉੱਤੇ ਫਲਾਣੇ ਮਹਾਪੁਰਖਾਂ ਦੀ ਬਰਸੀ ਜਾਂ ਜਨਮ ਦਿਨ ਮਨਾਇਆ ਗਿਆ, ਮੱਸਿਆ, ਸੰਗਰਾਂਦ, ਦਸਮੀਂ, ਪੁੰਨਿਆਂ , ਇਕੋਤਰੀ ਜਾਂ ਸੰਪਟ ਪਾਠਾਂ ਦੇ ਭੋਗ ਪਾਏ ਗਏ ਅਤੇ ਸੈਂਕੜੇ ਪ੍ਰਾਣੀਆਂ ਨੇ ਅੰਮਿ੍ਰਤ ਛਕਿਆ। ਪਰ ਅੱਗੋਂ ਉਹਨਾਂ ਅੰਮਿ੍ਰਤਧਾਰੀਆਂ ਦੇ ਬੱਚਿਆਂ ਦੇ ਜੰਮਦਿਆਂ ਦੇ ਹੀ ਕੇਸ ਕਤਲ ਕੀਤੇ ਹੁੰਦੇ ਹਨ। ਸਿਆਸੀ ਲੋਕਾਂ ਨੂੰ ਵੋਟਾਂ ਚਾਹੀਦੀਆਂ ਹਨ। ਉਹਨਾਂ ਨੂੰ ਮਤਲਬ ਹੀ ਨਹੀਂ ਕਿ ਕੋਈ ਕੇਸ ਰੱਖੇ ਜਾਂ ਨਾ ਰੱਖੇ। ਜਿਹੜਾ ਵੋਟ ਪਾਵੇ ਉਹ ਉਹਨਾਂ ਵਾਸਤੇ ਪੰਥ ਹੈ। ਮਾਪਿਆਂ ਨੂੰ ਇਹ ਹੈ ਕਿ ਚੱਲੋ ਜਵਾਕ ਜਵਾਕਾਂ ਵਰਗਾ ਹੈ ਆਪੇ ਸੋਝੀ ਆਜੁ ਹੌਲੀ ਹੌਲੀ। ਇਸ ਤਰਾਂ ਰਲ ਮਿਲਕੇ ਸਿੱਖ ਪੰਥ ਦੀਆਂ ਨੀਹਾਂ ਖੋਖਲੀਆਂ ਕਰਨ ਵਿਚ ਸਾਡਾ ਵੀ ਵੱਡਾ ਰੋਲ ਹੈ।

Akali Dal Amritsar Fatehgarh Rally Means Something Differentਇੱਕ ਪੱਖ ਹੋਰ ਹੈ ਕਿ ਭਾਰਤੀ ਨਿਜ਼ਾਮ ਦੇ ਅਧੀਨ ਕੰਮ ਕਰਦਾ ਸਰਕਾਰੀ ਤੰਤਰ ਵੀ ਅਜਿਹੇ ਸ਼ਹੀਦੀ ਜੋੜਮੇਲਾਂ ਉੱਤੇ ਤਮਾਸ਼ਬੀਨ ਜਾਂ ਫਿਰ ਮੂਕ ਦਰਸ਼ਕ ਬਣਿਆ ਦਿਖਾਈ ਦਿੰਦਾ ਹੈ ਕਿਉਂਕਿ ਉਹਨਾਂ ਨੂੰ ਤਾਂ ਇਕ ਕਾਇਦੇ ਵਿਚ ਹੀ ਚਲਣਾ ਪੈਂਦਾ ਹੈ। ਪਰ ਕਾਇਦੇ ਦੀ ਇਬਾਰਤ ਲਿਖਣ ਵਾਲੇ ਵੈਸ਼ਨੋ ਦੇਵੀ ਮੰਦਿਰ ਦੇ ਇਲਾਕੇ ਵਿਚ ਤਾਂ ਸਬਜ਼ੀ ਨੂੰ ਗੰਢੇ ਜਾਂ ਲਸਣ ਦਾ ਤੜਕਾ ਲਾਉਣ ਤੋਂ ਵੀ ਤੜਫ ਉਠਦੇ ਹਨ। ਲੇਕਿਨ ਗੁਰੂ ਪਰਿਵਾਰ ਭਾਵ ਸਿੱਖ ਪੰਥ ਵਿਚ ਹੋਈਆਂ ਸ਼ਹਾਦਤਾਂ ਦੀ ਸਲਾਨਾਂ ਯਾਦ ਸਮੇਂ ਹਰ ਸ਼ਹੀਦੀ ਜੋੜਮੇਲ ਉੱਤੇ ਸ਼ਰੇਆਮ ਜਿੰਦਾ ਡਾਂਸ (ਨੰਗੇ ਨਾਚ) ਹੁੰਦੇ ਹਨ। ਨਸ਼ਿਆਂ ਦੀ ਖੁੱਲੇਆਮ ਵਰਤੋਂ ਹੁੰਦੀ ਹੈ। ਹੋਰ ਵੀ ਬਹੁਤ ਕੁਝ ਅਜਿਹਾ ਹੁੰਦਾ ਹੈ। ਜੋ ਨਾ ਧਰਮ ,ਨਾ ਸਮਾਜ ਅਤੇ ਨਾ ਹੀ ਕਾਨੂੰਨ ਦੇ ਅਨਕੂਲ ਹੁੰਦਾ ਹੈ। ਪਰ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਹੁੰਦੀ। ਇੱਕ ਡਰਾਮੇਂ ਦੀ ਤਰਾਂ ਵੱਡਾ ਜ਼ੋਰ ਹੁੰਦਾ ਹੈ ਕਿ ਜਿਲਾ ਮੈਜਿਸਟਰੇਟ ਨੇ ਫਲਾਣੇ ਸ਼ਹਿਰ ਵਿਚ ਸ਼ਹੀਦੀ ਜੋੜਮੇਲ ਨੂੰ ਮੁਖ ਰੱਖਦਿਆਂ ਸ਼ਰਾਬ ਦੇ ਠੇਕੇ ਅਤੇ ਅਹਾਤੇ ਤਿੰਨ ਦਿਨ ਵਾਸਤੇ ਬੰਦ ਰੱਖਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਪਰ ਅੱਜ ਤਕ ਕਦੇ ਇਹ ਖਬਰ ਨਹੀਂ ਪੜ੍ਹੀ ਕਿ ਫਲਾਣੀ ਜਗਾ ਸ਼ਹੀਦੀ ਜੋੜਮੇਲ ਦੌਰਾਨ ਸ਼ਰਾਬ ਵੇਚਣ ਜਾਂ ਪੀਣ ਵਾਲਿਆਂ ਉੱਤੇ ਕੋਈ ਕੇਸ ਦਰਜ ਹੋਇਆ ਹੈ। ਜਦੋਂ ਕਿ ਸੱਚ ਇਹ ਹੈ ਕਿ ਠੇਕਿਆਂ ਦੇ ਸ਼ਟਰ ਜਾਂ ਦਰਵਾਜੇ ਸਾਹਮਣਿਓਂ ਤਾਂ ਬੰਦ ਨਜਰ ਆਉਂਦੇ ਹਨ। ਪਰ ਪਿਛਲੇ ਦਰਵਾਜੇ ਪਹਿਲਾਂ ਨਾਲੋਂ ਕਈ ਗੁਣਾ ਜਿਆਦਾ ਸੇਲ ਹੋ ਰਹੀ ਹੁੰਦੀ ਹੈ। ਜਾਂ ਹਫਤਾ ਪਹਿਲਾਂ ਹੀ ਸ਼ਰਾਬ ਦੇ ਟਰੱਕ ਹੋਰ ਥਾਵਾਂ ਉੱਤੇ ਉਤਾਰ ਲਏ ਜਾਂਦੇ ਹਨ। ਪ੍ਰਸਾਸ਼ਨ ਅਤੇ ਪੁਲਿਸ ਨੂੰ ਪਤਾ ਵੀ ਹੁੰਦਾ ਹੈ। ਪਰ ਕਾਰਵਾਈ ਕੋਈ ਨਹੀਂ। ਸਗੋਂ ਮੁਲਾਜਮ ਵੀ ਸ਼ਾਮ ਨੂੰ ਥਕੇਵਾਂ ਲਾਹੁਣ ਵਾਸਤੇ ਥੋੜੀ ਬਹੁਤੀ ਪੀਣੀ ਗੁਨਾਹ ਨਹੀਂ ਸਮਝਦੇ। ਇਸ ਤਰਾਂ ਸਭ ਧਿਰਾਂ ਨੇ ਰਲ ਮਿਲਕੇ ਸ਼ਹੀਦੀ ਜੋੜਮੇਲਾਂ ਦੀ ਮਰਿਯਾਦਾ ਨੂੰ ਖੋਰਾ ਲਾਇਆ ਹੈ।

Akali Dal Amritsar Fatehgarh Rally Means Something Differentਭਾਰਤੀ ਮੀਡੀਆ ਨੇ ਕਦੇ ਵੀ ਸ਼ਹੀਦੀ ਜੋੜਮੇਲਾਂ ਨੂੰ ਮਹੱਤਵ ਤਾਂ ਕੀ ਦੇਣਾ ਸੀ ,ਬਣਦਾ ਸਤਿਕਾਰ ਜਾਂ ਥਾਂ ਵੀ ਨਹੀਂ ਦਿੱਤੀ। ਪੰਜਾਬੀ ਅਖਬਾਰਾਂ ਸਿਰਫ ਨੀਹਾਂ ਵਿਚ ਚਿਣੇ ਜਾਣ ਦੀ ਫੋਟੋਆਂ ਛਾਪਕੇ ਹੀ ਡੰਗ ਟਪਾਈ ਕਰ ਲੈਂਦੀਆਂ ਹਨ। ਪਰ ਕਦੇ ਉਥੇ ਹੁੰਦੀਆਂ ਬੁਰਾਈਆਂ ਜਾਂ ਮਰਿਯਾਦਾ ਦੇ ਘਾਣ ਨੂੰ ਪਹਿਲ ਦੇ ਅਧਾਰ ਤੇ ਨਹੀਂ ਉਭਾਰਿਆ। ਲੇਕਿਨ ਸੋਸ਼ਲ ਮੀਡੀਆਂ ਦੀ ਮੌਜੂਦਗੀ ਕਾਰਨ ਇਸ ਵਾਰੀ ਇਹਨਾਂ ਅਣਗਹਿਲੀਆਂ ਅਤੇ ਬੁਰਾਈਆਂ ਦਾ ਜਿਕਰ ਹੋਣ ਕਰਕੇ, ਚੇਤੰਨ ਸਿੱਖ ਇਸ ਵਾਰ ਹਰਕਤ ਵਿਚ ਆਏ। ਸਭ ਤੋਂ ਪਹਿਲਾਂ ਸ਼ਹੀਦੀ ਜੋੜਮੇਲਾਂ ਉੱਤੇ ਸਿਆਸੀ ਪਾਰਟੀਆਂ ਵੱਲੋਂ ਪਾਏ ਜਾਣ ਵਾਲੇ ਗੰਦ ਨੂੰ ਸਾਫ ਕਰਨ ਦਾ ਮੁੱਦਾ ਉਭਰਿਆ ਅਤੇ ਉਸ ਤੋਂ ਬਾਅਦ ਸ਼ਹੀਦੀ ਜੋੜਮੇਲ ਉੱਤੇ ਲੱਗੇ ਲੰਗਰਾਂ ਵਿਚ ਮਸਾਲੇਦਾਰ ਜਾਂ ਚੱਟ ਪੱਟੇ ਪਕਵਾਨਾਂ ਦੀ ਹੋਦ ਨੂੰ ਵੀ ਸਿੱਧੇ ਹੱਥੀਂ ਲਿਆ। ਜਗਿਆਸੂ ਅਤੇ ਸ਼ਰਧਾਵਾਨ ਸਿਖਾਂ ਵਿਚ ਸੋਚ ਹੈ ਕਿ ਬੇਸ਼ੱਕ ਸ਼ਹੀਦੀ ਇਕ ਮਾਣ ਹੈ ਅਤੇ ਹਰ ਸ਼ਹੀਦ ਸਿੱਖ ਪੰਥ ਵਿਚ ਸਤਿਕਾਰ ਦਾ ਪਾਤਰ ਹੈ। ਸਿੱਖ ਵਿਰਸੇ ਵਿਚ ਹਰ ਸ਼ਹੀਦ ਬਰਾਬਰ ਦਾ ਦਰਜ ਰੱਖਦਾ ਹੈ। ਹਰ ਸ਼ਹਾਦਤ ਜਿਥੇ ਸਿੱਖ ਵਿਰਸੇ ਅਤੇ ਇਤਿਹਾਸ ਦਾ ਸੁਨਹਿਰੀ ਪੱਖ ਹੈ, ਉਥੇ ਸਾਡੀ ਨਿੱਤ ਦੀ ਅਰਦਾਸ ਦਾ ਹਿੱਸਾ ਵੀ ਹੈ। ਪਰ ਫਤਹਿਗੜ੍ਹ ਸਾਹਿਬ ਦੀ ਸ਼ਹਾਦਤ ਜਿਥੇ ਇਸ ਪੱਖੋਂ ਮਾਣਮੱਤੀ ਹੈ ਕਿ ਮਸੂਮਾਂ ਦਾ ਸਿਦਕ ਡੋਲਿਆ ਨਹੀਂ ਪ੍ਰਵਾਨ ਚੜ੍ਹਿਆ ਹੈ,ਉਥੇ ਇਸ ਗੱਲੋਂ ਮਾਤਮ ਵੀ ਹੈ ਕਿ ਇਕ ਰਾਜ ਸ਼ਕਤੀ ਵਿਚ ਅੰਨੇ ਇਨਸਾਨ ਨੇ ਹੈਵਾਨ ਬਣਦਿਆਂ, ਇੱਕ ਪੈਗ਼ੰਬਰ ਦੀ ਬਜ਼ੁਰਗ ਮਾਤਾ ਅਤੇ ਮਸੂਮ ਬੱਚਿਆਂ ਉੱਤੇ ਅਜਿਹਾ ਜਬਰ ਕੀਤਾ ਅਤੇ ਅਜਿਹੀ ਦਰਦਨਾਕ ਮੌਤ ਦਿੱਤੀ, ਜਿਸ ਦੀ ਦੁਨੀਆਂ ਦੇ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ, ਇਸ ਕਰਕੇ ਇਸ ਸ਼ਹਾਦਤ ਦੀ ਯਾਦ ਵਿਚ ਹੋਣ ਵਾਲੇ ਸ਼ਹੀਦੀ ਜੋੜਮੇਲ ਉੱਤੇ ਸਾਨੂੰ ਸਹਿਜ ਅਵਸਥਾ ਵਿਚ ਵਿਚਰਦਿਆਂ, ਸਾਦਾ ਭੋਜਨ ਅਤੇ ਸ਼ੁੱਧ ਬੋਲ ਬੋਲਣੇ ਚਾਹੀਦੇ ਹਨ।

ਇਸ ਧਾਰਨਾ ਨੂੰ ਲੈ ਕੇ ਕੁਝ ਜਾਗਦੇ ਸਿਰ ਜਾਂ ਸਿੱਖ ਸੰਸਥਾਵਾਂ ਹਰਕਤ ਵਿਚ ਆਈਆਂ ,ਕਿਸੇ ਨੇ ਧਰਨਾ ਦਿੱਤਾ, ਕੁਝ ਲੋਕਾਂ ਨੇ ਇੱਕ ਖਾਸ ਸਿਆਸੀ ਪਾਰਟੀ ਦੇ ਤੰਬੂ ਵੀ ਪੱਟ ਸੁੱਟੇ। ਜਿਸ ਨਾਲ ਹਲਕਾ ਜਿਹਾ ਵਿਦਰੋਹ ਵਾਲਾ ਮਹੌਲ ਬਣ ਗਿਆ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣੇ ਆਕਾਵਾਂ ਨਾਲ ਮਸ਼ਵਰਾ ਕਰਕੇ ਸਾਰੀਆਂ ਸਿਆਸੀ ਕਾਨਫਰੰਸਾਂ ਨੂੰ ਬੰਦ ਕਰਨ ਦੀ ਅਪੀਲ ਜਾਰੀ ਕਰ ਦਿੱਤੀ। ਜਿਸ ਨੂੰ ਮੰਨਦਿਆਂ ਸ਼੍ਰੋਮਣੀ ਕਮੇਟੀ ਉੱਤੇ ਕਾਬਜ ਧਿਰ ਅਤੇ ਕੁਝ ਹੋਰ ਸਿਆਸੀ ਪਾਰਟੀਆਂ ਨੇ ਆਪਣੀਆਂ ਕਾਨਫਰੰਸਾਂ ਮੁਲਤਵੀ ਕਰ ਦਿੱਤੀਆਂ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੀਰੀ ਪੀਰੀ ਸ਼ਹੀਦੀ ਸਮਾਗਮ ਦੇ ਬੈਨਰ ਹੇਠ ਕਾਨਫਰੰਸ ਕਰਕੇ ਸਿੱਖ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਸ. ਮਾਨ ਨੇ ਦਲੀਲ ਦਿੱਤੀ ਹੈ ਕਿ ਜੇ ਸ਼ਹੀਦਾਂ ਦੀ ਧਰਤੀ ਉੱਤੇ ਸਿੱਖ ਹੱਕਾਂ ਦੀ ਗੱਲ ਨਹੀਂ ਹੋਵੇਗੀ ਤਾਂ ਕੀ ਜਨਮ ਅਸ਼ਟਮੀ,ਰਾਮ ਨੌਮੀ,ਈਦ ਮੁਬਾਰਿਕ ਜਾਂ ਕਿ੍ਰਸਮਿਸ ਦੇ ਸਮਾਗਮਾਂ ਉੱਤੇ ਸਿੱਖ ਆਪਣੀ ਦਰਦ ਕਹਾਣੀ ਬਿਆਨ ਕਰਨਗੇ। ਦੂਜੀ ਇਹ ਵੀ ਦਲੀਲ ਹੈ ਕਿ ਜਿਹੜੇ ਜਥੇਦਾਰ ਸਰਬੱਤ ਖਾਲਸਾ ਨੇ ਰੱਦ ਕਰ ਦਿਤੇ ਹਨ ਅਸੀਂ ਉਹਨਾਂ ਦਾ ਹੁਕਮ ਨਹੀਂ ਮੰਨਦੇ।

Akali Dal Amritsar Fatehgarh Rally Means Something Differentਕੁਝ ਸਿਆਸੀ ਪਾਰਟੀਆਂ ਨੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਜਥੇਦਾਰ ਦਾ ਹੁਕਮ ਮੰਨਦਿਆਂ ਕਾਨਫਰੰਸਾਂ ਰੱਦ ਕਰ ਦਿੱਤੀਆਂ ਹਨ। ਪਰ ਸ.ਮਾਨ ਨੇ ਸਰਬੱਤ ਖਾਲਸਾ ਵੱਲੋਂ ਬਣਾਏ ਮੁਤਵਾਜ਼ੀ ਜਥੇਦਾਰਾਂ ਨੂੰ ਮੰਨਦਿਆਂ, ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਭਾਵੇਂ ਕਿ ਸਰਬੱਤ ਖਾਲਸਾ ਵਿਚੋਂ ਉਪਜੇ ਤਿੰਨੇ ਜਥੇਦਾਰਾਂ ਦੀ ਵੀ ਆਪਸ ਵਿਚ ਖੜਕੀ ਪਈ ਹੈ ਅਤੇ ਉਹਨਾਂ ਵੱਲੋਂ ਕਾਨਫਰੰਸਾਂ ਬਾਰੇ ਕੋਈ ਆਦੇਸ਼ ਜਾਰੀ ਨਹੀਂ ਹੋਇਆ ਸੀ। ਇਸ ਨਾਲ ਸਿੱਖ ਪੰਥ ਸਾਹਮਣੇ ਬਹੁਤ ਸਵਾਲ ਖੜ੍ਹੇ ਹੋ ਗਏ ਹਨ। ਜਿਹਨਾਂ ਦਾ ਜਵਾਬ ਲੱਭਣਾ ਸਮੇਂ ਦੀ ਲੋੜ ਵੀ ਹੈ ਅਤੇ ਪੰਥ ਦੇ ਭਵਿੱਖ ਵਾਸਤੇ ਜ਼ਰੂਰੀ ਵੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸ.ਮਾਨ ਦੀ ਇਹ ਦਲੀਲ ਬੜੀ ਵਾਜਿਬ ਹੈ ਕਿ ਜੇ ਸਿੱਖ ਸ਼ਹੀਦੀ ਜੋੜਮੇਲ ਉੱਤੇ ਕਾਨਫਰੰਸ ਹੀ ਨਹੀਂ ਕਰਦੇ ਤਾਂ ਹੋਰ ਕਿਥੇ ਕਰਨ ਕਿਉਂਕਿ ਅਖੌਤੀ ਸੰਤਾਂ ਨੇ ਕਿਸੇ ਖੁਸ਼ੀ ਅਤੇ ਮਰਗ ਦੇ ਭੋਗ ਉੱਤੇ ਸਿਆਸੀ ਬੁਲਾਰਿਆਂ ਦੇ ਬੋਲਣ ਉੱਤੇ ਕਿੰਤੂ ਪ੍ਰੰਤੂ ਕਰਕੇ,ਬਹੁਤ ਥਾਈਂ ਬੋਲਣਾ ਬੰਦ ਕਰਵਾ ਦਿੱਤਾ ਹੈ ਅਤੇ ਹੁਣ ਸ਼ਹੀਦੀ ਜੋੜਮੇਲਾਂ ਉੱਤੇ ਵੀ ਪਬੰਦੀ ਲੱਗ ਗਈ ਹੈ। ਪਰ ਸੰਗਤ ਦਾ ਰੋਸ ਵੀ ਜਾਇਜ ਹੈ ਕਿ ਸਿਖਾਂ ਦੀ ਧੜੇਬੰਦੀ ਕਰਕੇ ਦਰਜਨਾਂ ਸਿੱਖ ਸਿਆਸੀ ਪਾਰਟੀਆਂ ਬਣ ਚੁੱਕੀਆਂ ਹਨ। ਹਰ ਕੋਈ ਪੰਥ ਦਾ ਫੱਟਾ ਲਾਈ ਫਿਰਦਾ ਹੈ। ਪਰ ਜਦੋਂ ਕਿਸੇ ਸਟੇਜ ਉੱਤੇ ਮਾਈਕ ਹੱਥ ਆ ਜਾਵੇ ਫਿਰ ਉਹ ਭੁੱਲ ਜਾਂਦਾ ਹੈ ਕਿ ਮੈਂ ਕਿਥੇ ਖੜ੍ਹਾ ਹਾਂ। ਇਸ ਧਰਤੀ ਦਾ ਕੀਹ ਇਤਿਹਾਸ ਹੈ। ਉਹ ਸਾਰਾ ਜ਼ੋਰ ਦੂਜਿਆਂ ਨੂੰ ਨਿੰਦਣ ਉੱਤੇ ਹੀ ਲਾ ਦਿੰਦਾ ਹੈ। ਜਿਸ ਕਰਕੇ ਸਾਹਮਣੇ ਬੈਠੇ ਸਿੱਖ ਉਪਰਾਮ ਵੀ ਹੁੰਦੇ ਹਨ ਅਤੇ ਨਿਰਾਸਤਾ ਵੀ ਆਉਂਦੀ ਹੈ।

ਦਰਅਸਲ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸਿਖਾਂ ਦੇ ਧਰਮ ਅਤੇ ਸਿਆਸਤ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਬਾਬਰ ਨੂੰ ਜਾਬਰ ਆਖਣਾ ਸਿਰਫ ਧਰਮ ਹੀ ਨਹੀਂ, ਸਿਆਸੀ ਜੰਗ ਦਾ ਆਗਾਜ ਵੀ ਹੈ। ਪਰ ਇਸਦਾ ਅਰਥ ਇਹ ਵੀ ਨਹੀਂ ਕਿ ਧਰਮ ਨੂੰ ਸਿਆਸਤ ਦੀ ਘੋੜੀ ਬਣਾ ਲਿਆ ਜਾਵੇ। ਜੇ ਸਿਖਾਂ ਵਿਚ ਏਕਤਾ ਹੋਵੇ ਤਾਂ ਸਿਆਸੀ ਪਾਰਟੀ ਦੀ ਬਹੁਤੀ ਲੋੜ ਨਹੀਂ। ਪਰ ਅਜੋਕੇ ਸਮੇਂ ਵਿਚ ਸਿਖਾਂ ਨੂੰ ਸਿਆਸੀ ਪਾਰਟੀ ਦੀ ਲੋੜ ਹੈ। ਬਸ ਉਸ ਵਿਚ ਜਿਹੜੀ ਊਣਤਾਈ ਹੈ ਉਸ ਦਾ ਸੁਧਾਰ ਕਰਨ ਦੀ ਜਰੂਰਤ ਹੈ ਕਿ ਸਿੱਖ ਸਿਆਸਤ ਕਰਨ ਲੱਗਿਆਂ ਆਪਣੇ ਗੌਰਵਮਈ ਇਤਿਹਾਸ ਨੂੰ ਨਾ ਭੁੱਲੇ ਅਤੇ ਆਪਣੇ ਪੰਥਕ ਫਰਜਾਂ ਦੇ ਨਾਲ ਨਾਲ ਮਾਨਵਤਾ ਦੀ ਸੇਵਾ ਦੀ ਜੋ ਗੁੜਤੀ ਗੁਰੂ ਨੇ ਦਿੱਤੀ ਹੈ ,ਉਸ ਦੇ ਅਨਕੂਲ ਤੁਰਨ ਦੀ ਆਦਤ ਪਾ ਲਵੇ। ਸਿਰਫ ਸਿਆਸੀ ਕਾਨਫਰੰਸਾਂ ਵਿਚਲਾ ਗੰਦ ਹੀ ਸ਼ਹੀਦੀ ਜੋੜਮੇਲਾਂ ਨੂੰ ਕਲੰਕਤ ਨਹੀਂ ਕਰਦਾ। ਹੋਰ ਵੀ ਬਹੁਤ ਕੁਝ ਸੋਚਣ ਦੀ ਲੋੜ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਨੀਅਤ ਜਥੇਦਾਰ ਨੇ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਅਪੀਲ ਕੀਤੀ ਤਾਂ ਕੁਝ ਧਿਰਾਂ ਨੇ ਇੱਕ ਪਾਰਟੀ ਦੇ ਤੰਬੂ ਵੀ ਪੁੱਟੇ। ਪਰ ਦੂਜੇ ਪਾਸੇ ਸ.ਮਾਨ ਦੀ ਕਾਨਫਰੰਸ ਉੱਤੇ ਉਹਨਾਂ ਨੇ ਕੋਈ ਸ਼ਬਦ ਵੀ ਨਹੀਂ ਬੋਲਿਆ। ਅਜਿਹੀ ਹਾਲਤ ਵਿਚ ਸਿਖਾਂ ਅੰਦਰ ਦੁਬਿਧਾ ਪੈਦਾ ਹੋ ਰਹੀ ਹੈ ਕਿ ਉਹ ਕੀਹ ਕਰਨ। ਜਿਵੇ ਸਿਆਸੀ ਪਾਰਟੀ ਦੀ ਬਹੁਤਾਤ ਹੈ ਇਵੇਂ ਹੀ ਜਥੇਦਾਰ ਵੀ ਧੜਿਆਂ ਦੇ ਆਪਣੇ ਆਪਣੇ ਹਨ। ਕੋਈ ਕਿਸੇ ਦੇ ਆਖੇ ਕਾਨਫਰੰਸ ਨਹੀਂ ਕਰੇਗਾ। ਕੋਈ ਦੂਜੇ ਦੇ ਆਖੇ ਕਰੇਗਾ। ਇਹ ਕੋਈ ਹੱਲ ਨਹੀਂ ਹੋਇਆ। ਸਗੋਂ ਇੱਕ ਤਮਾਸ਼ਾ ਬਣ ਗਿਆ ਹੈ।

Akali Dal Amritsar Fatehgarh Rally Means Something Differentਸ਼ਹੀਦੀ ਜੋੜਮੇਲ ਤਾਂ ਹਰ ਸਾਲ ਆਉਣੇ ਹੀ ਹਨ। ਸਿਖਾਂ ਨੇ ਵੀ ਉਥੇ ਇਕੱਠੇ ਹੋਣਾ ਹੀ ਹੈ। ਹੁਣ ਵੀ ਅੱਗੇ ਮੁਕਤਸਰ ਸਾਹਿਬ ਚਾਲੀ ਮੁਕਤਿਆਂ ਦੀ ਸ਼ਹੀਦੀ ਦਾ ਜੋੜਮੇਲ ਆਵੇਗਾ,ਅਨੰਦਪੁਰ ਸਾਹਿਬ ਹੋਲਾ ਮੁੱਹਲਾ ਆਵੇਗਾ,ਦਮਦਮਾ ਸਾਹਿਬ ਦੀ ਵਿਸਾਖੀ ਤਿੰਨ ਵੱਡੇ ਸਮਾਗਮ ਹਨ। ਕੀਹ ਉਥੇ ਵੀ ਸਿਆਸੀ ਕਾਨਫਰੰਸ ਉੱਤੇ ਪਬੰਦੀ ਰਹੇਗੀ ? ਜਾਂ ਸਦਾ ਵਾਸਤੇ ਇਹ ਕਾਨਫਰੰਸਾਂ ਬੰਦ ਹੋ ਜਾਣਗੀਆਂ। ਇਸ ਦਾ ਕੋਈ ਠੋਸ ਜਵਾਬ ਕਿਸੇ ਕੋਲ ਨਹੀਂ ਹੈ ਅਤੇ ਇਕ ਪਾਸੇ ਉਲਾਰਵਾਦੀ ਹੋ ਕੇ ,ਸਿਰਫ ਇਹ ਆਖਣਾ ਕਿ ‘‘ਗ੍ਰੰਥੀ ਮਾੜੇ ਹੋ ਗਏ ਹਨ, ਹੁਣ ਗੁਰਦਵਾਰੇ ਹੀ ਢਾਹ ਦਿਓ’’? ਭਲਾ ਇਹ ਕੋਈ ਇਸ ਮਸਲੇ ਦਾ ਹੱਲ ਹੈ? ਜਥੇਦਾਰ ਆਪਣੇ ਆਪਣੇ ਹਨ, ਹਰ ਕੋਈ ਸਿਖਾਂ ਨੂੰ ਗੁਮਰਾਹ ਕਰੇਗਾ ਕਿ ਸਾਡੇ ਕੋਲ ਤਾਂ ਪ੍ਰਵਾਨਗੀ ਹੈ। ਪਰ ਸੱਚ ਝੂਠ ਤਾਂ ਫਿਰ ਵਾਹਿਗੁਰੂ ਹੀ ਜਾਣੇ। ਇਸ ਵਾਸਤੇ ਸ.ਮਾਨ ਦੀ ਕਾਨਫਰੰਸ ਨੇ ਪੰਥਕ ਹਲਕਿਆਂ ਵਿਚ ਇੱਕ ਨਵੀਂ ਚਰਚਾ ਛੇੜੀ ਹੈ। ਹੁਣ ਸਿੱਖ ਪੰਥ ਸਾਹਮਣੇ ਦੋ ਮਸਲੇ ਹਨ ਕਿ ਇਹ ਕਾਨਫਰੰਸਾਂ ਮੁਕੰਮਲ ਤੌਰ ਉੱਤੇ ਹੀ ਬੰਦ ਕਰ ਦਿੱਤੀਆਂ ਜਾਣ ਜਾਂ ਸਿਆਸੀ ਲੋਕਾਂ ਵਿਚ ਸੁਧਾਰ ਲਿਆਂਦਾ ਜਾਵੇ ਕਿ ਉਹ ਪੰਥਕ ਸਿਆਸਤ ਵੱਲ ਰੁੱਖ ਕਰਨ …..? ਗੁਰੂ ਰਾਖਾ।

ਜੀ.ਪਾਲ ਸਿੰਘ ਧਨੌਲਾ

Disclaimer: The opinions expressed in this article are the personal opinions of the author. The facts and opinions appearing in the article do not reflect the views of www.p4punjab.com and PATTA PATTA PUNJAB  & P4 Network does not assume any responsibility or liability for the same.
Tags
Show More