OPINIONPunjab

AKALI DAL BADAL PANTHIC RHYMES ARE PLANNED OR WHAT?

ਬਾਦਲ ਦਲੀਆਂ ਦਾ ਪੰਥਕ ਮੁੱਦਿਆਂ ਵੱਲ ਪਰਤਣਾ,ਪੰਥਕ ਦਰਦ ਜਾਂ ਗਿਰਗਟੀ ਚਾਲ ....!

AKALI DAL BADAL PANTHIC RHYMES ARE PLANNED OR WHAT: ਇਸ ਵਿਚ ਕੋਈ ਸ਼ੁਭਾ ਨਹੀਂ ਹੈ ਕਿ ਅਕਾਲੀ ਪੰਥਕ ਨਹੀਂ ਸਨ ਜਾਂ ਅਕਾਲੀਆਂ ਦਾ ਸਿੱਖ ਸਿਆਸਤ ਨਾਲ ਕੋਈ ਵਾਸਤਾ ਨਾ ਰਿਹਾ ਹੋਵੇ। ਆਰੰਭ ਕਾਲ ਵਿਚ ਅਕਾਲੀਆਂ ਨੇ ਆਪਣੀਆਂ ਪੰਥਕ ਜਿੰਮੇਵਾਰੀਆਂ ਨੂੰ ਬੜੀ ਸੰਜੀਦਗੀ ਨਾਲ ਸਮਝਿਆ ਵੀ ਅਤੇ ਬੜੀ ਸ਼ਿੱਦਤ ਨਾਲ ਸੇਵਾ ਕੀਤੀ। ਭਾਰਤ ਵਿਚ ਸਿਖਾਂ ਦੀ ਹੋਂਦ ਨੂੰ ਸਲਾਮਤ ਰੱਖਣ ਵਾਸਤੇ ਹੋਈ ਜੱਦੋ ਜਹਿਦ ਵਿਚ ਅਕਾਲੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਅਕਾਲੀਆਂ ਤੋਂ ਭਾਵ ਸਿਰਫ ਆਗੂ ਹੀ ਨਹੀਂ ਉਹ ਸਭ ਸਿੱਖ ਵੀ ਹੈ। ਜਿਹੜੇ, ਹਰ ਵੇਲੇ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ, ਦਾ ਗੀਤ ਗਾਉਂਦੇ, ਹਰ ਜਬਰ ਦੇ ਟਾਕਰੇ ਵਾਸਤੇ ਤਿਆਰ ਰਹਿੰਦੇ ਹਨ। ਪਰ ਅਕਾਲੀ ਇਤਿਹਾਸ ਦਾ ਇਹ ਕਾਲਾ ਅਧਿਆਏ ਹੈ ਕਿ ਵਰਕਰਾਂ ਤੋਂ ਜਦੋਂ ਲੀਡਰਾਂ ਤੋਂ ਪਸੀਨਾ ਮੰਗਿਆ ਤਾਂ ਉਹਨਾਂ ਨੇ ਖੂਨ ਦਿੱਤਾ। ਪਰ ਲੀਡਰਾਂ ਨੇ ਹਮੇਸ਼ਾਂ ਗਦਾਰੀ ਕੀਤੀ ਅਤੇ ਵਰਕਰਾਂ ਦੇ ਜਜਬਾਤਾਂ ਨੂੰ ਆਪਣੀਆਂ ਗਰਜਾਂ ਬਦਲੇ ਵੇਚ ਦਿੱਤਾ।

ਅੱਜ ਗੱਲ ਇਥੇ ਆ ਰੁਕੀ ਹੈ ਕਿ ਜਦੋਂ ਅਕਾਲੀ ਦਲ ਬਾਰੇ ਕਿਸੇ ਨਾਲ ਗੱਲ ਕਰੀਏ ਤਾਂ ਉਹ ਅਜੋਕੇ ਅਕਾਲੀ ਦਲ ਬਾਦਲ ਦੀ ਕਾਰਗੁਜਾਰੀ ਤੋਂ ਇੰਨੇ ਦੁਖੀ ਹਨ ਕਿ ਪੁਰਾਤਨ ਅਕਾਲੀ ਇਤਿਹਾਸ ਨੂੰ ਸੁਣਨ ਤੋਂ ਵੀ ਨਾਂਹ ਕਰ ਦਿੰਦੇ ਹਨ ਅਤੇ ਇਕ ਹੀ ਜਵਾਬ ਆਉਂਦਾ ਹੈ ਕਿ ਜਿਹੋ ਜਿਹਾ ਅਕਾਲੀ ਦਲ ਅੱਜ ਹੈ, ਇਸ ਤਰਾਂ ਦਾ ਹੀ ਪੁਰਾਣਾ ਹੋਵੇਗਾ। ਇਕ ਤਰਾਂ ਨਾਲ ਅਕਾਲੀ ਦਲ ਜਾਂ ਅਕਾਲੀ ਸ਼ਬਦ ਪ੍ਰਤੀ ਹੀ ਨਫਰਤ ਪੈਦਾ ਹੋ ਚੁੱਕੀ ਹੈ। ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦੀ ਇਸ ਬਦਨਾਮੀ ਵਿਚ ਭਾਰਤੀ ਨਿਜ਼ਾਮ ਦਾ ਵੀ ਵੱਡਾ ਹੱਥ ਹੈ ਕਿਉਂਕਿ ਭਾਰਤੀ ਢਾਂਚਾ ਵੀ ਸਿਖਾਂ ਦੀ ਕਿਸੇ ਮਜਬੂਤ ਜਥੇਬੰਦੀ ਦੀ ਹੋਂਦ ਜਾਂ ਚੜ੍ਹਦੀਕਲਾ ਉੱਤੇ ਖੁਸ਼ ਨਹੀਂ ਹੈ,ਜਿਹੜੀ ਸਿਖਾਂ ਦੀ ਅੱਡਰੀ ਪਹਿਚਾਣ ਨੂੰ ਦਰਸਾਉਂਦੀ ਹੋਵੇ। ਭਾਰਤੀ ਨਿਜ਼ਾਮ ਵਿਚ ਬੇਸ਼ੱਕ ਕੋਈ ਕਾਂਗਰਸੀ ਆਗੂ ਹੋਵੇ ਜਾਂ ਬੀ.ਜੇ.ਪੀ ਨੇਤਾ ਹੋਵੇ, ਉਹ ਸਿਖਾਂ ਨੂੰ ਵਰਤਣਾ ਤਾਂ ਚਾਹੁੰਦੇ ਹਨ, ਪਰ ਸਿਖਾਂ ਦੀ ਵੱਖਰੀ ਹਸਤੀ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੇ। ਜਿਹੜੇ ਸਿੱਖ ਆਗੂ ਇਹਨਾਂ ਜਮਾਤਾਂ ਨੇ ਅੱਗੇ ਲਾਏ ਹੋਏ ਹਨ, ਉਹਨਾਂ ਵਿਚ ਜਾਂ ਤਾਂ ਮਰੀ ਜਮੀਰ ਵਾਲੇ ਸਿੱਖ ਹਨ ਜਾਂ ਫਿਰ ਲਾਲਚੀ ਕਿਸਮ ਦੇ ਲੋਕਾਂ ਦੀ ਚੋਣ ਕੀਤੀ ਹੋਈ ਹੈ। ਜਿਹਨਾਂ ਬਾਰੇ ਉਹਨਾਂ ਨੂੰ ਪਤਾ ਹੈ ਕਿ ਅਜਿਹੇ ਲੋਕਾਂ ਨੂੰ ਬੁਰਕੀ ਪਾ ਕੇ,ਆਪਣੀ ਮਰਜੀ ਅਨੁਸਾਰ ਪੂਛ ਹਿਲਾਉਣ ਵਾਸਤੇ ਵਰਤਿਆ ਜਾ ਸਕਦਾ ਹੈ। ਜਿਥੇ ਕਿਤੇ ਕੋਈ ਤੇਜ ਤਰਾਰ ਸਿੱਖ ਸਾਨੂੰ ਕਿਸੇ ਉੱਚ ਕੁਰਸੀ ਉੱਤੇ ਬੈਠਾ ਨਜਰ ਆਉਂਦਾ ਹੈ, ਉਸ ਵਿਚ ਭਾਰਤੀ ਨਿਜ਼ਾਮ ਦੀ ਲੋੜ ਜਾਂ ਮਜਬੂਰੀ ਹੋ ਸਕਦੀ ਹੈ, ਸਿੱਖਾਂ ਕੌਮ ਦਾ ਸਤਿਕਾਰ ਕਦਾਚਿਤ ਨਹੀਂ।

ਲੇਕਿਨ ਅਕਾਲੀ ਦਲ ਦੀ ਬਰਬਾਦੀ ਦਾ ਸਿਰਫ ਭਾਰਤੀ ਨਿਜ਼ਾਮ ਦੇ ਸਿਰ ਭਾਂਡਾ ਭੰਨ ਕੇ ਗੱਲ ਮੁਕਦੀ ਨਹੀਂ,ਅਕਾਲੀ ਦਲ ਦੇ ਆਗੂਆਂ ਦੀ ਕਾਰਗੁਜਾਰੀ ਨੂੰ ਵੀ ਸਮਝਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਤਾਂ ਬੜੀ ਸਿਧਾਂਤਿਕ ਅਤੇ ਸੇਵਾ ਵਾਲੀ ਜਥੇਬੰਦੀ ਸੀ। ਇਸਦਾ ਆਮ ਸਿਆਸੀ ਪਾਰਟੀ ਨਾਲੋਂ ਵੱਖਰਾ ਵਿਧੀ ਵਿਧਾਨ ਸੀ ਅਤੇ ਇਹ ਕੇਵਲ ਸਿਆਸੀ ਜਮਾਤ ਨਹੀਂ ਸੀ, ਨਾ ਹੀ ਸਿਰਫ ਚੋਣਾਂ ਜਿੱਤਣੀਆਂ ਜਾਂ ਰਾਜ ਪ੍ਰਬੰਧ ਬਣਾਉਣਾ ਇਸ ਦਾ ਏਜੰਡਾ ਸੀ। ਅਕਾਲੀ ਦਲ ਤਾਂ ਆਪਣੇ ਆਪ ਵਿਚ ਇਕ ਮਿਸ਼ਨ ਸੀ। ਪਰ ਅਜੋਕਾ ਅਕਾਲੀ ਦਲ ਇਕ ਗਿਰੋਹ ਨਜਰ ਆ ਰਿਹਾ ਹੈ। ਹਰ ਖੇਤਰ ਵਿਚ ਅਕਾਲੀ ਦਲ ਦੇ ਕਰਿੰਦਿਆਂ ਨੇ ਦੁਹਾਈ ਪਾਈ ਪਈ ਹੈ। ਸ਼ਾਇਦ ਅਕਾਲੀਆਂ ਨਾਲ ਹੋਰ ਪਾਰਟੀਆਂ ਦੀਆਂ ਸਰਕਾਰਾਂ ਵਿਚ ਵੀ ਏਨਾ ਧੱਕਾ ਨਾ ਹੋਇਆ ਹੋਵੇ, ਜਿੰਨਾ ਅੱਜ ਅਕਾਲੀ ਦਲ ਦੀਆਂ ਆਪਣੀਆਂ ਸਰਕਾਰਾਂ ਵਿਚ ਹੁੰਦਾ ਹੈ।

ਵੱਡੇ ਲੇਖਕਾਂ ਨੇ ਵੀ ਕਿਤਾਬਾਂ ਜਾਂ ਅਖਬਾਰੀ ਲੇਖਾਂ ਵਿਚ ਅਕਾਲੀ ਦਲ ਦੀ ਬਣਤਰ ਅਤੇ ਹੋਂਦ ਜਾਂ ਕਾਰਜਸ਼ੈਲੀ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ ਅਤੇ ਬਹੁਤ ਵਾਰੀ ਦਾਸ ਲੇਖਕ ਨੇ ਵੀ ਅਜੋਕੇ ਅਕਾਲੀ ਦਲ ਜਾਂ ਸਮੁਚੇ ਅਕਾਲੀ ਦਲ ਉੱਤੇ ਲਿਖਿਆ ਹੈ। ਜਿਸ ਵਿਚ ਇੱਕ ਗੱਲ ਬੜੀ ਸਾਂਝੀ ਹੈ ਕਿ ਅਕਾਲੀ ਦਲ ਗੁਰਦਵਾਰਿਆਂ ਦੀ ਰਾਖੀ ਵਾਸਤੇ ਬਣਿਆ ਸੀ ਅਤੇ ਨਾਲ ਨਾਲ ਸਿਖਾਂ ਦੀ ਸਿਆਸੀ ਤਰਜਮਾਨੀ ਦੀ ਜਿੰਮੇਵਾਰੀ ਵੀ ਅਕਾਲੀਆਂ ਦੇ ਹਿੱਸੇ ਆਈ। ਜੇ ਕਿਤੇ ਕਿਸੇ ਲੇਖਕ ਦਾ ਵਖਰੇਵਾਂ ਵੀ ਹੋਵੇਗਾ ਤਾਂ ਬਸ ਕਿਸੇ ਲੀਡਰ ਨਾਲ ਦੋਸਤੀ ਜਾਂ ਦੁਸ਼ਮਣੀ ਦੀ ਵਜ੍ਹਾ ਕਰਕੇ ਹੱਕ ਵਿਚ ਜਾਂ ਥੋੜਾ ਖਿਲਾਫ ਲਿਖ ਦਿੱਤਾ ਹੋਵੇਗਾ, ਪਰ ਅਕਾਲੀ ਦਲ ਦੇ ਫਰਜਾਂ ਅਤੇ ਕਾਰਗੁਜਾਰੀ ਬਾਰੇ ਤਕਰੀਬਨ ਕਲਮਾਂ ਮੇਲ ਖਾਂਦੀਆਂ ਹਨ। ਅਕਾਲੀ ਦਲ ਦੇ ਆਗੂਆਂ ਉੱਤੇ ਤਾਂ ਭਾਰਤ ਦੀ ਅਜਾਦੀ ਤੋਂ ਬਾਅਦ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ। ਜਦੋਂ 1929 ਦੀ ਰਾਵੀ ਕਾਨਫਰੰਸ ਵਿਚਲੇ ਵਾਹਦੇ ਪੂਰੇ ਕਰਨ ਦੀ ਥਾਂ, ਭਾਰਤੀ ਨਿਜ਼ਾਮ ਨੇ ਜਰਾਇਮ ਪੇਸ਼ ਕੌਮ ਦੀ ਸਨਦ ਸਿਖਾਂ ਦੇ ਮੱਥੇ ਮਾਰੀ ਸੀ, ਪਰ ਫਿਰ ਵੀ ਉਸ ਸਮੇਂ ਦੇ ਲੀਡਰ ਸਿੱਖੀ ਪ੍ਰਤੀ ਇਮਾਨਦਾਰ ਹੀ ਰਹੇ। ਉਹਨਾਂ ਨੇ ਬੇਸ਼ੱਕ ਭਾਰਤੀ ਨਿਜ਼ਾਮ ਤੋਂ ਸਿਖਾਂ ਨੂੰ ਕੁਝ ਦਿਵਾਇਆ ਤਾਂ ਨਹੀਂ ਪਰ ਇਕ ਤਾਂ ਅਕਾਲੀ ਦਲ ਦੀ ਅਕਾਲੀਅਤ ਅਤੇ ਜਜਬਾ ਨਹੀਂ ਮਰਨ ਦਿੱਤਾ, ਦੂਜਾ ਆਪਣਾ ਅਤੇ ਪਾਰਟੀ ਅਹੁਦੇਦਾਰਾਂ ਦਾ ਸਿੱਖੀ ਸਰੂਪ ਕਾਇਮ ਰਖਿਆ।

ਪਰ ਜਦੋਂ ਤੋਂ ਅਕਾਲੀ ਦਲ ਦੀ ਵਾਗਡੋਰ ਸ.ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਆਈ ਜਾਂ ਇਹ ਕਹਿ ਲਈਏ ਕਿ ਜਿਸ ਵੇਲੇ ਤੋਂ ਬਾਦਲ ਪਰਿਵਾਰ ਅਕਾਲੀ ਦਲ ਉੱਤੇ ਕਾਬਜ ਹੋਇਆ ਹੈ ਤਾਂ ਉਸ ਵੇਲੇ ਤੋਂ ਅਕਾਲੀ ਦਲ ਦੀ ਬਰਬਾਦੀ ਦੀ ਸ਼ੁਰੂਆਤ ਹੋਈ ਹੈ। ਸ,ਬਾਦਲ ਨੇ ਹਿੰਦੂ ਸਿੱਖ ਏਕਤਾ ਅਤੇ ਪੰਜਾਬੀ ਭਾਈਚਾਰੇ ਦੇ ਗੀਤ ਗਾਉਂਦਿਆਂ,ਪੰਥਕ ਰਾਗ ਨੂੰ ਏਨਾ ਕੁ ਮੱਧਮ ਕਰ ਦਿੱਤਾ ਹੈ ਕਿ ਅੱਜ ਦਾ ਅਕਾਲੀ ਪੰਥਕ ਸੁਰਾਂ ਨੂੰ ਹੀ ਭੁੱਲ ਚੁੱਕਿਆ ਹੈ। ਹਿੰਦੂ ਸਿੱਖ ਏਕਤਾ ਕਹਿਣਾ ਕੋਈ ਬੁਰੀ ਗੱਲ ਨਹੀਂ, ਪੰਜਾਬੀ ਭਾਈਚਾਰਾ ਆਖਣਾ ਕੋਈ ਮੇਹਣਾ ਨਹੀਂ, ਪਰ ਅਜਿਹਾ ਉਸ ਵੇਲੇ ਕਹਿਣ ਦੀ ਜਰੂਰਤ ਹੁੰਦੀ ਹੈ, ਜਦੋਂ ਕਿਤੇ ਭਾਈਚਾਰੇ ਨੂੰ ਕੋਈ ਖਤਰਾ ਹੋਵੇ, ਅਕਾਲੀ ਦਲ ਨੇ ਕਦੇ ਕਿਸੇ ਹਿੰਦੂ ,ਮੁਸਲਿਮ,ਦਲਿਤ,ਈਸਾਈ ਆਦਿਕ ਨਾਲ ਭਾਈਚਾਰਾ ਤੋੜਿਆ ਹੀ ਨਹੀਂ ,ਅਕਾਲੀ ਦਲ ਤਾਂ ਸਰਬੱਤ ਦੇ ਭਲੇ ਦੀ ਸੋਚ ਰੱਖਦਾ ਹੈ, ਫਿਰ ਸ,ਬਾਦਲ ਕਿਹੜੇ ਭਾਈਚਾਰੇ ਦੇ ਨਾਹਰੇ ਲਗਾਉਂਦੇ ਸਨ। ਜੇ ਸਿੱਖਾਂਨੂੰ ਇਹ ਗੱਲ ਸਮਝ ਆ ਜਾਵੇ ਤਾਂ ਸਾਰਾ ਮਾਜਰਾ ਹੀ ਸਾਫ ਹੋ ਸਕਦਾ ਹੈ।

ਦਰਅਸਲ ਸ,ਬਾਦਲ ਦੀ ਲਾਲਚੀ ਬਿਰਤੀ ਅਤੇ ਸਿਆਸੀ ਭੁੱਖ ਨੂੰ ਭਾਰਤੀ ਨਿਜ਼ਾਮ ਨੇ ਸਮਝ ਲਿਆ ਸੀ ਅਤੇ ਉਹਨਾਂ ਨੇ ਹੀ ਸ.ਬਾਦਲ ਨੂੰ ਸਿਖਾਂ ਦੇ ਆਗੂ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਤਾਂ ਕਿ ਸਿੱਖ ਜਜਬਾਤਾਂ ਨੂੰ ਆਪਣੇ ਅਨਕੂਲ ਬਣਾ ਲਿਆ ਜਾਵੇ ਅਤੇ ਕਦੇ ਵੀ ਵੱਖਰੀ ਹਸਤੀ ਜਾਂ ਆਪਣੇ ਵੱਖਰੇ ਰਾਜ ਦੀ ਗੱਲ ਨਾ ਕਰਨ। ਬੇਸ਼ੱਕ ਪਹਿਲਾਂ ਪਹਿਲ ਸਿਖਾਂ ਨੂੰ ਸ. ਬਾਦਲ ਦੇ ਮੀਸਨੇਪਣ ਅਤੇ ਭਾਰਤੀ ਨਿਜ਼ਾਮ ਨਾਲ ਮਿਲੀ ਭੁਗਤ ਦੀ ਸਮਝ ਨਾ ਆਈ। ਪਰ ਧਰਮਯੁੱਧ ਮੋਰਚੇ ਵਿਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸ.ਬਾਦਲ ਸਮੇਤ ਬਹੁਤ ਸਾਰੇ ਆਗੂ ਨੰਗੇ ਕਰ ਦਿੱਤੇ, ਜਿਹੜੇ ਦਿੱਲੀ ਨਾਲ ਅੰਦਰ ਖਾਤੇ ਸਿਖਾਂ ਦੀ ਕਿਸਮਤ ਦੇ ਸੌਦੇ ਜਾਂ ਸਮਝੌਤੇ ਕਰਦੇ ਸਨ। ਦਰਬਾਰ ਸਾਹਿਬ ਦੇ ਹਮਲੇ ਨੇ ਸਿੱਖ ਪੰਥ ਦਾ ਬੜਾ ਨੁਕਸਾਨ ਕੀਤਾ, ਪਰ ਉਸ ਅੱਗ ਨੇ ਸਿਖਾਂ ਦੇ ਖੂਨ ਨੂੰ ਵੀ ਉਬਾਲ ਦਿੱਤਾ। ਸਿਖਾਂ ਵਿਚ ਬਹੁਤ ਸਾਰੇ ਲੋਕ ਆਗੂਆਂ ਦੀਆਂ ਗਦਾਰੀਆਂ ਜਾਂ ਊਣਤਾਈਆਂ ਨੂੰ ਉਹਨਾਂ ਦੇ ਮੂੰਹ ਉੱਤੇ ਜੱਗ ਜਾਹਰ ਕਰਨ ਲੱਗ ਪਏ। ਜਿਸ ਨਾਲ ਸ.ਬਾਦਲ ਦੀਆਂ ਭਾਰਤੀ ਨਿਜ਼ਾਮ ਨਾਲ ਜੁੜੀਆਂ ਤੰਦਾਂ ਦਿਸਣ ਲੱਗ ਪਈਆਂ। ਸ. ਬਾਦਲ ਦੀ ਸ਼ਾਖ ਸਿਖਾਂ ਵਿਚ ਕਮਜ਼ੋਰ ਹੋਣ ਲੱਗ ਪਈ। ਭਾਰਤੀ ਨਿਜ਼ਾਮ ਨੇ ਬਾਦਲ ਨੂੰ ਸਥਿਰ ਰੱਖਣ ਵਾਸਤੇ ਬਾਦਲ ਵਿਰੋਧੀਆਂ ਨੂੰ ਜਾਂ ਸਿਖਾਂ ਦੀ ਨਿਰਾਲੀ ਹਸਤੀ ਦੀ ਗੱਲ ਕਰਨ ਵਾਲਿਆਂ ਨੂੰ ਅੱਤਵਾਦੀ ਵਖਵਾਦੀ ਆਖ ਆਖ ਕੇ ਮਾਰਿਆ ਤਾਂ ਕਿ ਸ.ਬਾਦਲ ਦੀ ਸਰਦਾਰੀ ਸਿਖਾਂ ਵਿਚ ਕਾਇਮ ਰਹਿ ਸਕੇ।

ਹੌਲੀ ਹੌਲੀ ਸ.ਬਾਦਲ ਨੂੰ ਭਾਰਤੀ ਨਿਜ਼ਾਮ ਨੇ ਅਜਿਹੇ ਲਾਲਚ ਦਿੱਤੇ ਅਤੇ ਇਸ ਤਰੀਕੇ ਆਪਣੀ ਚੁੰਗਲ ਵਿਚ ਫਸਾ ਲਿਆ ਕਿ ਸ.ਬਾਦਲ ਸਿੱਖੀ ਦੀ ਮੁੱਖਧਾਰਾ ਤੋਂ ਵੱਖ ਹੋ ਗਏ। ਭਾਰਤੀ ਨਿਜ਼ਾਮ ਸ.ਬਾਦਲ ਦੀਆਂ ਕਮਜ਼ੋਰੀਆਂ ਨੂੰ ਫੜਕੇ ਆਪਣੀ ਮਰਜੀ ਦੇ ਕੰਮ ਕਰਵਾਉਣ ਲੱਗ ਪਿਆ। ਜਿਥੇ ਕਿਤੇ ਸ,ਬਾਦਲ ਦੇ ਥੋੜੀ ਜਿਹੀ ਵੀ ਚੁੰ ਕੀਤੀ, ਉਥੇ ਉਹਨਾਂ ਨੇ ਕੋਈ ਰਾਜਸੀ ਲਾਲਚ ਦੇ ਕੇ ਮੂੰਹ ਬੰਦ ਕਰ ਦਿੱਤਾ। ਭਾਰਤੀ ਨਿਜ਼ਾਮ ਨੇ ਬਾਦਲ ਨੂੰ ਰਾਜ ਕਰਵਾਇਆ, ਪਰ ਉਸ ਦੇ ਰਾਜ ਵਿਚ ਸਿੱਖ ਵਿਰੋਧੀ ਡੇਰਿਆਂ ਨੂੰ ਪੰਜਾਬ ਵਿਚ ਸ਼ਕਤੀਸ਼ਾਲੀ ਬਣਾ ਲਿਆ। ਇਹ ਡੇਰੇ ਸਿੱਖ ਵਿਰੋਧੀ ਕਾਰਵਾਈਆਂ ਕਰਦੇ ਰਹੇ, ਪਰ ਜਿਵੇ ਜਿਵੇ ਸ.ਬਾਦਲ ਦੀ ਸਿਖਾਂ ਵਿਚ ਸ਼ਾਖ ਪਤਲੀ ਹੁੰਦੀ ਦਿੱਸੀ ਤਾਂ ਭਾਰਤੀ ਨਿਜ਼ਾਮ ਨੇ ਇਹਨਾਂ ਡੇਰਿਆਂ ਦੀਆਂ ਵੋਟਾਂ ਨਾਲ ਸ.ਬਾਦਲ ਦੀ ਰਾਜਸੀ ਤਾਕਤ ਨੂੰ ਠੁੰਮਣਾ ਦਿੱਤਾ। ਸ.ਬਾਦਲ ਨੂੰ ਵੀ ਅਹਿਸਾਸ ਹੋ ਗਿਆ ਕਿ ਹੁਣ ਸਿੱਖ ਕੌਮ ਮੇਰੇ ਉੱਤੇ ਵਿਸ਼ਵਾਸ਼ ਨਹੀਂ ਕਰੇਗੀ। ਇਸ ਵਾਸਤੇ ਬਾਦਲ ਸਿੱਧਾ ਹੀ ਡੇਰਿਆਂ ਦਾ ਭਗਤ ਬਣ ਗਿਆ।

ਗੈਰ ਸਿਖਾਂ ਦਾ ਅਕਾਲੀ ਦਲ ਵਿਚ ਦਾਖਲਾ ਕਰਵਾਉਣ ਦਾ ਰਸਤਾ ਖੋਲਣ ਵਾਸਤੇ ਸ. ਬਾਦਲ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ। ਇਸ ਨਾਲ ਕੁਝ ਉਹਨਾਂ ਸਿਖਾਂ ਨੂੰ ਵੀ ਅਕਾਲੀ ਦਲ ਵਿਚ ਵੜ੍ਹਣਾ ਅਸਾਂ ਹੋ ਗਿਆ, ਜਿਹੜੇ ਆਪਣੀ ਸੂਰਤ ਸਾਬਿਤ ਨਾ ਹੋਣ ਕਰਕੇ ਅਹੁਦੇਦਾਰੀਆਂ ਦੀ ਦੌੜ ਤੋਂ ਦੂਰ ਰਹਿੰਦੇ ਸਨ ਜਾਂ ਸਿੱਖੀ ਤੋਂ ਵਵਰਜਿਤ ਕਾਰੋਬਾਰ ਕਰਦੇ ਸਨ। ਭਾਰਤੀ ਨਿਜ਼ਾਮ ਦਾ ਕੰਮ ਹੋਰ ਆਸਾਨ ਹੋ ਗਿਆ। ਉਹਨਾਂ ਨੇ ਗੈਰ ਸਿੱਖ ਪਤਿਤ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਵਿਚ ਵੋਟਾਂ ਪਵਾ ਕੇ ,ਜਿਥੇ ਸ,ਬਾਦਲ ਦਾ ਕਬਜਾ ਬਰਕਰਾਰ ਰਖਿਆ, ਉਥੇ ਸ਼੍ਰੋਮਣੀ ਕਮੇਟੀ ਦੀ ਤਾਕਤ ਨੂੰ ਕਮਜ਼ੋਰ ਕਰਨ ਦਾ ਰਾਹ ਲੱਭ ਲਿਆ। ਜਦੋਂ ਸਰਦਾਰ ਬਾਦਲ ਨੂੰ ਇਹ ਸਾਫ ਹੋ ਗਿਆ ਕਿ ਹੁਣ ਇਹਨਾਂ ਡੇਰਿਆਂ ਜਾਂ ਭਾਰਤੀ ਨਿਜ਼ਾਮ ਦੇ ਹੱਥ ਵਿਚ ਹੀ ਮੇਰੀ ਸਿਆਸੀ ਜਾਨ ਵਾਲਾ ਤੋਤਾ ਹੈ ਤਾਂ ਫਿਰ ਆਪਣੀ ਆਪਣੀ ਸਿਆਸਤ ਬਚਾਉਣ ਵਾਸਤੇ ਉਹਨਾਂ ਦਾ ਹਰ ਹੁਕਮ ਮੰਨਣਾ ਮਜਬੂਰੀ ਬਣ ਗਈ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਹੋਵੇ ,ਜਾਂ ਕੋਈ ਸੌਦਾ ਸਾਧ ਵਰਗਾ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ,ਪੰਥ ਨੂੰ ਮੂੰਹ ਚਿੜਾਵੇ ,ਸ.ਬਾਦਲ ਨੂੰ ਦਿਸਣੋਂ ਬੰਦ ਹੋ ਗਿਆ। ਉਲਟਾ ਉਹਨਾਂ ਦੀ ਹਰ ਗਲਤ ਕੰਮ ਪਿਛੇ ਮੱਦਦ ਵੀ ਕਰਨ ਲੱਗ ਪਿਆ। ਜੇ ਨੂਰਮਹਿਲੀਆ ਆਖੇ ਕਿ ਮੈਂ ਤਾਂ ਲੁਧਿਆਣੇ ਆਪਣਾ ਪ੍ਰੋਗਰਾਮ ਕਰਨਾ ਹੀ ਹੈ ਤਾਂ ਸ.ਬਾਦਲ ਨੇ ਉਥੇ ਵਿਰੋਧ ਕਰਨ ਵਾਲੇ ਪੰਥਕ ਲੋਕਾਂ ਨੂੰ ਪੁਲਿਸ ਤੋਂ ਗੋਲੀਆਂ ਮਰਵਾਉਣ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ।

ਪਰ ਇਸ ਵਾਰੀ ਦੀ ਚੋਣ ਨੇ ਸ.ਬਾਦਲ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਬਿਗਾਨੇ ਪੈਰਾਂ ਉੱਤੇ ਜਿਆਦਾ ਦੇਰ ਤੁਰਿਆ ਨਹੀਂ ਜਾ ਸਕਦਾ ਅਤੇ ਅਜਿਹੀ ਤੋਰ ਉੱਤੇ ਭਰੋਸਾ ਕਰਨਾ ਬੇਵਕੂਫੀ ਹੁੰਦੀ ਹੈ। ਅੱਜ ਸ. ਬਾਦਲ ਅਤੇ ਉਸ ਦਾ ਸਪੁੱਤਰ ਇੱਕ ਵਾਰ ਫਿਰ ਸਿੱਖ ਮੁੱਦਿਆਂ ਦਾ ਰਾਗ ਅਲਾਪਣ ਲੱਗੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਮੁੱਦੇ ਤਾਂ ਉਥੇ ਹੀ ਹਨ। ਕੋਈ ਨਵਾਂ ਨਹੀਂ। ਜੇ ਹੈ ਵੀ ਤਾਂ ਤੁਹਾਡੀ ਗਲਤੀ ਕਰਕੇ ਜਾਂ ਤੁਹਾਡੀ ਨਲਾਇਕੀ ਪੈਦਾ ਹੋਇਆ ਹੈ। ਸਿਖਾਂ ਨੇ ਤਾਂ ਤੁਹਾਨੂੰ ਬਹੁਤ ਕੁਝ ਦਿੱਤਾ ਸੀ। ਬੜਾ ਮਾਣ ਦਿੱਤਾ ਸੀ। ਸਭ ਕੁਝ ਤੁਹਾਡੀ ਝੋਲੀ ਪਾ ਦਿੱਤਾ ਸੀ। ਜੇ ਕੋਈ ਗਲਤੀ ਕੀਤੀ ਹੈ ਤਾਂ ਤੁਸੀਂ ਹੀ ਕੀਤੀ ਹੈ। ਸਿਖਾਂ ਨੇ ਜੇ ਗਲਤੀ ਕੀਤੀ ਹੈ ਤਾਂ ਸਿਰਫ ਇਹ ਕਿ ਤੁਹਾਡੇ ਉੱਤੇ ਅੱਖਾਂ ਮੀਟ ਕੇ ਅਤੇ ਬੇਲੋੜਾ ਭਰੋਸਾ ਕੀਤਾ, ਜਿਸਦਾ ਖਮਿਆਜਾ ਅੱਜ ਪੂਰੀ ਕੌਮ ਭੁਗਤ ਰਹੀ ਹੈ। ਤੁਸੀਂ ਅਕਾਲੀ ਦਲ ਦਾ ਰੂਪ ਵਿਗਾੜਿਆ ,ਰਿਸ਼ਵਤਖੋਰੀ ਨੂੰ ਅਕਾਲੀ ਦਲ ਦੇ ਵਿਹੜੇ ਲਿਆਂਦਾ ,ਵਰਕਰਾਂ ਵਿਚ ਪੰਥਕ ਬਿਰਤੀ ਖਤਮ ਕਰਕੇ, ਉਹਨਾਂ ਵਿਚ ਸਿਆਸੀ ਕਰਿੰਦਿਆਂ ਵਾਲੀ ਸੋਚ ਪੈਦਾ ਕਰ ਦਿੱਤੀ ,ਸਿਆਸਤ ਨੂੰ ਸੇਵਾ ਤੋਂ ਵਿਉਪਾਰ ਬਣਾ ਦਿੱਤਾ, ਪੰਥ ਦੀ ਪਾਰਟੀ ,ਪੰਥ ਦੀ ਸ਼ਕਤੀ ਨੂੰ ਆਪਣੀ ਨਿੱਜੀ ਜਗੀਰ ਬਣਾ ਲਿਆ। ਇਸ ਵਿਚ ਸਿਖਾਂ ਦਾ ਕੋਈ ਕਸੂਰ ਨਹੀਂ। ਸਿਖਾਂ ਨੇ ਤਾਂ ਸੋਚਿਆ ਸੀ ਕਿ ਤੁਸੀਂ ਪੰਥ ਅਤੇ ਪੰਜਾਬ ਦੇ ਮੁੱਦਿਆਂ ਦਾ ਕੋਈ ਹੱਲ ਕਰੋਗੇ। ਪੰਜ ਸਾਲ ਦਿੱਤੇ। ਤੁਸੀਂ ਹੋਰ ਸਮਾਂ ਮੰਗਿਆ। ਪੰਜ ਸਾਲ ਹੋਰ ਦਿੱਤੇ। ਪਰ ਤੁਸੀਂ ਕੀਹ ਕੀਤਾ, ਕਦੇ ਅੰਦਰ ਝਾਤੀ ਮਾਰੋ, ਕੋਈ ਇੱਕ ਮਸਲਾ ਜਿਹੜਾ ਤੁਸੀਂ ਹੱਲ ਕੀਤਾ ਹੋਵੇ ? ਅੱਜ ਵੀ ਤੁਸੀਂ ਪੰਥਕ ਮੁੱਦਿਆਂ ਵੱਲ ਨੂੰ ਮੁੜੇ ਹੋ, ਮੁਬਾਰਕ ਹੈ, ਪਰ ਜੇ ਦਿਲ ਸਾਫ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਗੁਰਬਾਣੀ ਵਿਚ ਬਾਬਾ ਸ਼ੇਖ ਫ਼ਰੀਦ ਜੀ ਫੁਰਮਾਨ ਕਰਦੇ ਹਨ ਕਿ ‘‘ਦਿਲਹੁ ਮੁਹਬਤਿ ਜਿੰਨ੍ਹਹ ਸੇਈ ਸਚਿਆ ॥ ਜਿੰਨ੍ਹਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥ ਹੁਣ ਸਿੱਖ ਕਿਵੇਂ ਯਕੀਨ ਕਰਨ ਕਿ ਪੰਥਕ ਮੁੱਦਿਆਂ ਵੱਲ ਤੁਹਾਡੀ ਵਾਪਸੀ ਦਿਲੋਂ ਹੈ ਅਤੇ ਨੇਕਨੀਤੀ ਵਾਲੀ ਹੈ। ਹਾਲੇ ਤਾਂ ਪੰਥਕ ਲੋਕ ਸ਼ੰਕਾ ਵਿਚ ਕਿ ਬਾਦਲ ਦਲੀਆਂ ਦਾ ਪੰਥਕ ਮੁੱਦਿਆਂ ਵੱਲ ਪਰਤਣਾ,ਪੰਥਕ ਦਰਦ ਹੈ ਗਿਰਗਟੀ ਚਾਲ ॥ ਗੁਰੂ ਰਾਖਾ ॥

ਲ਼ੇਖਕ ਆਪਣੇ ਵਿਚਾਰਾਂ ਲਈ ਖ਼ੁਦ ਜ਼ਿਮੇਵਾਰ ਹੈ। ਲੇਖਕ ਸਿੱਖੀ ਅਤੇ ਪੰਜਾਬ ਰਾਜਨੀਤੀ ਦੇ ਵਿਖਿਆਤ ਜਾਣਕਾਰ ਹਨ।ਅਦਾਰਾ ਪੱਤਾ ਪੱਤਾ ਪੰਜਾਬ ਦਾ ਲੇਖਕ ਦੇ ਖ਼ਿਆਲਾਤ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।
Tags
Show More