Punjab

AMOUNT AASHIRWAD SCHEME TO BE RELEASED SOON

ਅਸ਼ੀਰਵਾਦ ਸਕੀਮ ਤਹਿਤ ਭੁਗਤਾਨ ਲਈ 34.46 ਕਰੋੜ ਰੁਪਏ ਦੀ ਰਾਸ਼ੀ ਜਲਦ ਹੋਵੇਗੀ ਜਾਰੀ

  ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਆਪਸੀ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਈ ਕਿਸਮ ਦੀਆਂ ਸਮੱਸਿਆਵਾਂ ਦਰਪੇਸ਼ ਹਨ, ਜਿਨਾ ਦੇ ਹੱਲ ਲਈ ਛੇਤੀ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਜਾਵੇਗਾ।
ਅੱਜ ਇੱਥੇ ਪੰਜਾਬ ਭਵਨ ਵਿਖੇ ਵਿਭਾਗ ਦੇ ਉੱਚ, ਜ਼ਿਲਾ ਅਤੇ ਤਹਿਸੀਲ ਪੱਧਰ ਦੇ ਅਧਿਕਾਰੀਆਂ ਨਾਲ ਕੀਤੀ ਜਾਇਜ਼ਾ ਮੀਟਿੰਗ ਮਗਰੋਂ ਸ. ਧਰਮਸੋਤ ਨੇ ਕਿਹਾ ਕਿ ਐਸ.ਸੀ./ਬੀ.ਸੀ. ਭਲਾਈ ਸਕੀਮਾਂ ਨੂੰ ਚਲਾਉਣ ਦਾ ਲਾਭ ਤਾਂ ਹੀ ਹੋ ਸਕਦਾ ਹੈ, ਜੇ ਇਹ ਯੋਗ ਸਬੰਧਤਾਂ ਤੱਕ ਸਚਾਰੂ ਰੂਪ ਵਿੱਚ ਪਹੁੰਚੇ। ਉਨਾ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕ ਭਲਾਈ ਸਕੀਮਾਂ ਰਾਹੀਂ ਆਪਣੀ ਜੀਵਨ ਮੰਜ਼ਿਲ ਪ੍ਰਾਪਤ ਕਰ ਸਕਣ ਦੇ ਯੋਗ ਹੋ ਸਕਦੇ ਹਨ। ਉਨਾ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਈ ਸਮੱਸਿਆਵਾਂ ਦਰਪੇਸ਼ ਹਨ, ਜਿਨਾ ਦੇ ਹੱਲ ਲਈ ਛੇਤੀ ਹੀ ਕੇਂਦਰੀ ਸਮਾਜਿਕ ਨਿਆਂ, ਅਧਿਕਾਰਤਾ ਮੰਤਰਾਲੇ ਨਾਲ ਰਾਬਤਾ ਕੀਤਾ ਜਾਵੇਗਾ।
ਸ. ਧਰਮਸੋਤ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇਣੀਆਂ ਨਾਲ ਸਬੰਧਤ ਲੜਕੀਆਂ ਦੇ ਵਿਆਹ ਮੌਕੇ ‘ਅਸ਼ੀਰਵਾਦ ਸਕੀਮ’ ਤਹਿਤ ਸ਼ਗਨ ਦੇ ਰੂਪ ਵਿੱਚ ਦਿੱਤੀ ਜਾਂਦੀ ਰਾਸ਼ੀ ਦੇ 34.46 ਕਰੋੜ ਰੁਪਏ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ। ਉਨਾ ਕਿਹਾ ਕਿ ਇਸ ਰਾਸ਼ੀ ਦੇ ਜਾਰੀ ਹੋਣ ਨਾਲ ਜੂਨ, 2018 ਤੱਕ ਦੇ ‘ਅਸ਼ੀਰਵਾਦ ਸਕੀਮ’ ਦੇ ਸਮੁੱਚੇ ਕੇਸ ਕਲੀਅਰ ਹੋ ਜਾਣਗੇ। ਉਨਾ ਆਖਿਆ ਕਿ ਆਸ਼ੀਰਵਾਦ ਸਕੀਮ ਤਹਿਤ ਮਿਲਦੀ ਰਾਸ਼ੀ ਦੇ ਨਾਲ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲਾ ਵਧਾਈ ਪੱਤਰ ਵੀ ਦਿੱਤਾ ਜਾਵੇਗਾ। ਉਨਾ ਨੇ ਵੱਖ-ਵੱਖ ਖਾਲੀ ਪਈਆਂ ਅਸਾਮੀਆਂ ਨੂੰ ਛੇਤੀ ਭਰਨ ‘ਤੇ ਜ਼ੋਰ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੂੰ ਖਾਲੀ ਅਸਾਮੀਆਂ ਸਬੰਧੀ ਰਿਪੋਰਟ 15 ਦਿਨਾਂ ਵਿੱਚ ਤਿਆਰ ਕਰਨ ਦੇ ਆਦੇਸ਼ ਵੀ ਦਿੱਤੇ।
ਕੈਬਨਿਟ ਮੰਤਰੀ ਨੇ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਵੱਖ-ਵੱਖ ਵਿਭਾਗਾਂ ਨਾਲ ਆਪਸੀ ਤਾਲਮੇਲ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮੂਹ ਭਲਾਈ ਸਕੀਮਾਂ ਦਾ ਅਖਬਾਰਾਂ ਤੇ ਹੋਰ ਸਾਧਨਾਂ ਰਾਹੀਂ ਪ੍ਰਚਾਰ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕੇ।
ਇਸ ਮੌਕੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰੌਸ਼ਨ ਸੁੰਕਾਰੀਆ, ਜੁਆਇੰਟ ਡਾਇਰੈਕਟਰ ਐਡਮਿਨ ਸ੍ਰੀਮਤੀ ਸਵਰਨਜੀਤ ਕੌਰ, ਜੁਆਇੰਟ ਸਕੱਤਰ ਤੇ ਡਾਇਰੈਕਟਰ ਐਸ.ਸੀ. ਸਬ-ਪਲਾਨ ਸ. ਰਾਜ ਬਹਾਦਰ ਸਿੰਘ, ਵਧੀਕ ਡਾਇਰੈਕਟਰ ਸ੍ਰੀਮਤੀ ਬਿੰਦੂ ਵਾਲੀਆ ਤੋਂ ਇਲਾਵਾ ਵਿਭਾਗ ਦੇ ਸਮੂਹ ਡਿਪਟੀ ਡਾਇਰੈਕਟਰ ਅਤੇ ਸਮੂਹ ਜ਼ਿਲਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਭਲਾਈ ਅਫ਼ਸਰ ਅਤੇ ਤਹਿਸੀਲਾਂ ਨਾਲ ਸਬੰਧਤ ਅਧਿਕਾਰੀ ਹਾਜ਼ਰ ਸਨ।
Tags
Show More