OPINION

Blood stream should reach Punjab

ਖੂਨ ਕੇ ਛੀਂਟੇ ਪੰਜਾਬ ਤੱਕ ਜਾਨੇ ਚਾਹੀਏ 

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਸ਼ੋਕ ਵਿੱਚ ਭੰਗੜਾ ਪਾਉਂਦੇ, ਇੱਜਤਾਂ ਲੁੱਟਦੇ, ਚੀਰ ਹਰਨ ਕਰਦੇ, ਜਿਉਂਦੇ ਬੰਦਿਆਂ ਨੂੰ ਸਾੜਦੇ, ਉਹਨਾਂ ਦੇ ਕੀਮਤੀ ਸਮਾਨ ਨੂੰ ਲੁੱਟਦੇ, ਸਰਕਾਰ ਅਤੇ ਸਰਕਾਰੀ ਮਸ਼ੀਨਰੀ ਵਲੋਂ ਉਹਨਾਂ ਦੀ ਸਹਿ ਵਿੱਚ ਬੋਲੇ ਸ਼ਬਦ’ “ਜਬ ਬੜਾ ਪੇੜ ਗਿਰਤਾ ਹੈ ਧਰਤੀ ਤੋ ਹਿਲਤੀ ਹੀ ਹੈ” ‘ਖੂਨ ਕੇ ਛੀਂਟੇ ਪੰਜਾਬ ਤੱਕ ਜਾਨੇ ਚਾਹੀਏ’ ਵਾਲ਼ੀ ਸਰਕਾਰੀ ਸ਼ਹਿ ਨੇ ਉਹਨਾਂ ਨੂੰ ਹੱਦ ਤੋਂ ਜਿਆਦਾ ਖੂਨ ਖਰਾਬਾ, ਕਤਲੋਗਾਰਤ ਮਚਾਉਂਣ ਲਈ ਪ੍ਰੇਰਿਤ ਹੀ ਨਹੀਂ ਕੀਤਾ ਬਲਕਿ ਹਰ ਉਹ ਵਿਅੱਕਤੀ ਏਸ ਲੁੱਟ ਖਸੁੱਟ ਵਿੱਚ ਸਾਮਿਲ ਹੋ ਗਿਆ ਜੋ ਆਪਣੇ ਆਪ ਨੂੰ ਦੇਸ਼ ਭਗਤ ਸਮਝਦਾ ਸੀ । ਉਸ ਟਾਈਮ ਇਹ ‘ਦੇਸ਼ ਭਗਤੀ’ ਦੀ ਦੇਸ਼ ਦੇ ਹਾਕਮਾਂ ਵਲੋਂ ਖਿੱਚੀ ਲਕੀਰ ਸੀ ਜੋ ਅਜੇ ਤੱਕ ਦੇਸ਼ ਅੰਦਰ ਨਾਸੂਰ ਬਣ ਰਿਸ ਰਹੀ ਹੈ ।
ਮੱਲਮ ਲਗਾਉਣ ਵਾਲ਼ਾ ਕੋਈ ਨਹੀਂ । ਦੇਸ ਦੀਆਂ ਪਾਰਟੀਆਂ ਦੇ ਵੱਡੇ ਲੀਡਰ ਸਮੇਤ ਕੇਜਰੀਵਾਲ ਪੀੜਤਾਂ ਨੂੰ ਵੋਟਾਂ ਦੇ ਰੂਪ ਵਿੱਚ ਦੇਖਦੇ ਇੰਨਸਾਫ ਦਾ ਲੌਲੀਪੌਪ ਚਟਾਉਂਦੇ ਸੱਤਾ ਹਥਿਆਉਂਦੇ, ਪੀੜਤਾਂ ਦਾ ਸੋਸਲੀ, ਮੈਂਟਲੀ ਬਲਤਕਾਰ ਕਰਦੇ ਹਨ । 3-4 ਨਵੰਬਰ ਦੀ ਸਵੇਰ “ਰੱਤ ਪਿੱੱਤ ਕੁੱਤਿਓ ਚੱਟ ਜਾਓ” ਦੇ ਮਹਾਂਵਾਕਾਂ ਅਨੁਸਾਰ ਮਾਰਨ, ਸਾੜਨ ਵਾਲ਼ੀ ਭੀੜ ਤੋਂ ਬਾਅਦ ਇਲਾਕੇ ਦੇ ਸਾਊ ਕੁੱਤੇ ਘਰ ਦੀਆਂ ਬਚੀਆਂ ਖੁਚੀਆਂ ਚੀਜਾਂ ਨੂੰ ਸਮੇਟਣ ਵੀ ਆਉਂਦੇ ਸਨ ।
ਇਹ ਸਾਰਾ ਕਾਰਾ 31 ਅਕਤੂਬਰ ਦੀ ਸ਼ਾਮ ਤੋਂ ਸੁਰੂ ਹੋ ਕੇ 2 ਨਵੰਬਰ ਤੱਕ ਆਪਣੇ ਚਰਮ ਸਮੇਂ ਤੇ ਪੁੱਜਾ ਸੀ । ਹਰ ਇੱਕ ਘਟਨਾ ਸਥਲ ਵਿੱਚ ਇੱਕੋ ਤਰਾਂ ਦਾ ਵਰਤਾਰਾ ਵਾਪਰਦਾ । ਹਜੂਮ ਦੇ ਰੂਪ ਵਿੱਚ ਲੋਕ ਆਉਂਦੇ, ਇਲਾਕੇ ਦੇ ਸਾਊ ਲੋਕ ਸਿੱਖਾਂ ਨੂੰ ਭੱਜਣ ਤੋਂ ਰੋਕਣ ਲਈ ਘੇਰ ਲੈਂਦੇ ਅਤੇ ਜਿੰਦਾ ਜਲਦੇ ਲੋਕਾਂ ਦਾ ਤਮਾਸ਼ਾ ਦੇਖਣ ਲਈ ਉਤਸ਼ਾਹਿਤ ਹੁੰਦੇ । ਪੁਲਿਸ ਤੇ ਪ੍ਰਸ਼ਾਸਨ ਅੱਖਾਂ ਮੀਚ ਲੈਂਦਾ ।ਮਾਂ ਦੇ ਸੋਗ ਵਿੱਚ ਡੁੱਬੇ ਲੋਕ ਕੁੱਟਦੇ ਮਾਰਦੇ ਜਲਾਉਂਦੇ ਅਤੇ ‘ਮਾਰੋ ਸਰਦਾਰ ਗਦਾਰੋ ਕੋ ਇੰਦਰਾ ਕੇ ਹਤਿਆਰੋ ਕੋ’ ‘ਭਿੰਡਰਾਂਵਾਲੇ ਦੇ ਪੁੱਤਰਾ ਕਹਿ ਆਪਣੇ ਪਿਉ ਨੂੰ ਕਿ ਤੈਨੂੰ ਬਚਾਵੇ’ ਦੇ ਨਾਹਰੇ ਮਾਰੇ (ਇਹ ਨਹਰੇ ਢੀ੍ਰ ਵਿੱਚ ਦੇਖੇ ਜਾ ਸਕਦੇ ਹਨ) ਜਾਂਦੇ ਹਨ । ਇਹ ਮਾਂ ਦੇ ਮਰਨ ਦਾ ਵੱਖਰੀ ਕਿਸਮ ਦਾ ਸੋਗ ਸੀ ਜੋ ਬਹੁ ਗਿਣਤੀ ਦੁਆਰਾ ਪ੍ਰਗਟ ਕੀਤਾ ਗਿਆ ।
ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਨਵੰਬਰ 1984 ਨੂੰ ਕਤਲ ਕੀਤੇ ਸਿੱਖਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਵੱਖਰੇ ਸਨ । ਵੱਖਰੀ ਕੌਮ ਸੀ । ਵੱਖਰੇ ਲੋਕ ਸਨ ਭੀੜ ਨੇ ਇਹ ਨਹੀਂ ਦੇਖਿਆ ਕਿ ਇਹ ਸਿੱਖ ਦਾ ਕਾਂਗਰਸੀ ਹੈ ਏਸ ਨੂੰ ਛੱਡ ਦੇਵੋ ਜਾਂ ਭਾਜਪਾਈ ਹੈ ਏਸ ਨੂੰ ਛੱਡ ਦੇਵੋ , ਦਾਹੜੀ ਬੰਨੀ ਹੈ ਜਾਂ ਖੁੱਲੀ ਹੈ ਬੱਸ ਵੱਖਰੀ ਕੌਮੀਅਤ ਕਰਕੇ ਮਾਰ ਦਿੱਤਾ ਗਿਆ । ਜਦੋ ਸਾਨੂੰ ਮਾਰਨਾ ਹੋਵੇ ਤਾਂ ਵੱਖਰੀ ਕੌਮ ਬਣਾ ਦਿੱਤੀ ਜਾਂਦੀ ਹੈ ਜਦੋ ਹੱਕਾਂ ਦੀ ਗੱਲ ਆਵੇ ਤਾਂ ਹਿੰਦੂ ਧਰਮ ਦਾ ਅੰਗ ਘੋਸਿਤ ਕਰਨਾ ਸ਼ੁਰੂ ਕਰ ਦੇਂਦੇ ਹਨ ।
ਇਹ 84 ਦਾ ਕਲੰਕ 84 ਲੱਖ ਜੂਨਾਂ ਤੋਂ ਬਾਅਦ ਵੀ ਖਤਮ ਨਹੀਂ ਹੋਣਾ । ਨਵੰਬਰ 1984 ਨੂੰ ਤਾਂ ਦੇਸ਼ ਦੀ ਨਿਆਂਪਾਲਿਕਾ ਵੀ ਬੰਦ ਹੋ ਗਈ ਸੀ । ਅੱਜ ਵੀ ਜਦੋਂ ਇੰਨਸਾਫ ਲਈ ਨਿਆਂਪਾਲਿਕਾ ਤੱਕ ਪਹੁੰਚ ਕਰਦੇ ਹਾਂ ਤਾਂ ਉਹਨਾਂ ਦਾ ਰੁੱਖ ਹੁੰਦਾ ਪੈਸੇ ਜਿੰਨੇ ਮਰਜੀ ਲੈ ਲਵੋ ਪਰ ਅਸੀਂ ਸਜਾ ਕਿਸੇ ਨੂੰ ਵੀ ਨਹੀਂ ਕਰ ਸਕਦੇ ਕਿਉਂਕਿ ਸੱਭ ਕੁੱਝ ਸਬੂਤਾਂ ਦੇ ਅਧਾਰ ਤੇ ਚੱਲਦਾ ਹੈ । ਸਬੂਤ ਪੁਲਿਸ ਨੇ ਦੇਣੇ ਹੁੰਦੇ ਨੇ, ਜਦੋਂ ਕੁੱਤੀ ਹੀ ਚੋਰਾਂ ਨਾਲ਼ ਰਲ਼ੀ ਹੋਵੇ ਫੇਰ ਇੰਨਸਾਫ ਕਿਥੇ ?
ਹੋਦ ਚਿੱਲੜ ਦਾ ਵਰਤਾਰਾ ਦੇਸ਼ ਦੇ ਬਾਕੀ ਵਰਤਾਰਿਆਂ ਤੋਂ ਵੱਖਰਾ ਏਸ ਕਰਕੇ ਹੈ ਕਿ ਏਸ ਦੇ ਜਿੰਦਾ ਸਬੂਤ ਅੱਜ ਵੀ ਓਸ ਪਿੰਡ (ਹੋਦ) ਵਿੱਚ ਮੌਜੂਦ ਹਨ । 32 ਲੋਕਾਂ ਨੂੰ ਅੱਗ ਦੇ ਵਿੱਚ ਭੁੰਨ ਦੇਣਾ ਅਤੇ ਪਿੰਡ ਦੇ ਲੋਕਾਂ ਦਾ ਤਮਾਸ਼ਬੀਨ ਬਣ ਕੇ ਤੱਕਦੇ ਰਹਿਣਾ । ਲੋਕਾਂ ਦਾ ਰੱਤ ਪਿੱਤ ਦੇ ਰੂਪ ਵਿੱਚ ਚੱਟ ਕਰ ਜਾਣਾ ਘਰਾਂ ਦੀਆਂ ਚੁਗਾਠਾ ਤੱਕ ਦਾ ਨਾ ਹੋਣਾ ਗਵਾਹੀ ਭਰਦਾ ਹੈ । ਬਾਕੀ ਵਰਤਾਰਿਆਂ ਵਾਂਗ ਪੁਲਿਸ ਦੀ ਭੂਮਿਕਾ ਕਾਤਲ ਟੋਲੇ ਨਾਲ਼ ਭਾਗੀਦਾਰੀ ਇਹ ਸਾਬਿਤ ਕਰਦੀ ਹੈ ਕਿ ਇਹ ਵਰਤਾਰਾ ਲੋਕ ਰੋਹ ਵਿੱਚੋਂ ਨਹੀਂ ਸੀ ਉਪਜਿਆ ਸਗੋ ਪੂਰੀ ਯੋਜਨਾ ਦੇ ਨਾਲ਼ ਏਸ ਸਮੁੱਚੇ ਘਟਨਾ ਕ੍ਰਮ ਨੂੰ ਉਲੀਕਿਆ, ਵਿਚਾਰਿਆ, ਸਬੂਤ ਮਿਟਾਉਣ ਲਈ ਅੱਗ ਦਾ ਸਹਾਰਾ ਲਿਆ ਜੋ ਕਿ ਸਰਕਾਰੀ ਸਹਿ ਤੋਂ ਬਿਨਾ ਹੋ ਸਕਣਾ ਮੁਸਕਿਲ ਹੀ ਨਹੀਂ ਨਾ-ਮੁਮਕਿੰਨ ਸੀ ।
ਪੀੜਤ ਧੁਰ ਅੰਦਰ ਤੱਕ ਦਹਿਲ ਗਏ ਜੋ ਏਸ ਘੱਲੂਘਾਰੇ ਤੋਂ ਬਚੇ ਉਹ ਹੁਣ ਤੱਕ ਏਸ ਦੁੱਖ ਵਿੱਚੋਂ ਨਿਕਲ ਨਹੀਂ ਸਕੇ । ਨਾਂ ਆਪਣਿਆਂ ਨੇ ਬਾਂਹ ਫੜੀ ਬੇਗਾਨਿਆਂ ਨੇ ਤਾਂ ਕਰਨਾ ਹੀ ਕੀ ਸੀ । ਸਾਡੇ ਵਰਗੇ ਜਿਹੜੇ ਨੰਗ ਧੜ ਲੜਦੇ ਫਿਰਦੇ ਹਨ ਉਹਨਾਂ ਦਾ ਹੌਸਲਾ ਤੋੜਨ ਲਈ ਪ੍ਰਧਾਨੀ ਦਾ ਹੰਕਾਰ ਦਿਖਾਉਣ ਵਾਲ਼ੇ ਬਥੇਰੇ ਨੇ ਉਹਨਾਂ ਕੋਲ਼ ਦੋ ਮਿੰਟ ਗੱਲ ਕਰਨ ਜਾਂ ਮਿਲਣ ਦੀ ਵਿਹਲ ਨਹੀਂ ਸਿੱਖੀ ਦੇ ਪ੍ਰਚਾਰ ਦੀ ਮੁਹਿੰਮ ਜੋ ਵਿੱਢੀ ਹੈ ਉਹਨਾਂ ।
ਹੁਣ 33 ਸਾਲਾਂ ਬਾਅਦ 32 ਸਿੱਖਾਂ ਦੇ ਕਾਤਲਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਲਈ 4 ਪੁਲਿਸ ਅਧਿਕਾਰੀਆਂ ਐਸ.ਪੀ. ਸਤਿੰਦਰ ਕੁਮਾਰ, ਡੀ.ਐਸ.ਪੀ. ਰਾਮ ਭੱਜ, ਐਸ.ਆਈ ਰਾਮ ਕਿਸੋਰ ਅਤੇ ਆਈ.ਓ ਰਾਮ ਕੁਮਾਰ ਖਿਲਾਫ ਹਾਈ ਕੋਰਟ ਵਿੱਚ ਰਿੱਟ ਪਾਈ ਹੈ । ਇਹਨਾਂ ਅਫਸਰਾਂ ਖਿਲਾਫ ਰਿੱਟ ਦਾ ਅਧਾਰ 2011 ਤੋਂ 2016 ਤੱਕ ਇੰਨਕੁਆਇਰੀ ਲਈ ਬਣੇ ਜਸਟਿਸ ਟੀ.ਪੀ.ਗਰਗ ਕਮਿਸ਼ਨ ਦੀ ਰਿਪੋਰਟ ਹੈ । ਜਸਟਿਸ ਟੀ.ਪੀ. ਗਰਗ ਕੋਲ਼ ਸਾਡੀ ਹੋਦ ਚਿੱਲੜ ਤਾਲਮੇਲ ਕਮੇਟੀ ਦੀ ਟੀਮ ਵਲੋਂ ਕਈ ਅਹਿਮ ਸਬੂਤ ਦਿੱਤੇ ਗਏ ਜਿਵੇਂ ਕਿ ਪੁਲਿਸ ਅਧਿਕਾਰੀਆਂ ਦਾ ਘਟਨਾ ਸਥਲ ਤੇ 20 ਘੰਟਿਆਂ ਬਾਅਦ ਪਹੁੰਚਣਾ ਜਦੋ ਕਿ ਚੌਕੀ ਮਹਿਜ ਦੋ ਕਿਲੋਮੀਟਰ ਦੀ ਦੂਰੀ ਤੇ ਸੀ ।
ਸਾਰਿਆਂ ਦਾ ਇਕੱਠੇ ਕਰਕੇ ਮਿੱਟੀ ਦਾ ਤੇਲ ਪਾ ਕੇ ਫੂਕ ਦੇਣਾ, ਰੋਡਵੇਜ ਦੀਆਂ ਬੱਸਾਂ ਵਿੱਚ ਕਾਤਿਲ ਟੋਲੇ ਆਏ ਉਹਨਾਂ ਦਾ ਕੋਈ ਜਿਕਰ ਨਾ ਕਰਨਾ, 32 ਲੋਕਾਂ ਦੀ ਮੌਤ ਤੋਂ ਬਾਅਦ ਉਹਨਾਂ ਪੀੜਤਾਂ ਦੇ ਘਰਾਂ ਵਿਚਲੇ ਸਮਾਨ,ਪਸ਼ੂ-ਡੰਗਰਾਂ, ਟਰੈਕਟਰ ਆਦਿ ਦੀ ਰਾਖੀ ਲਈ ਕੁੱਝ ਵੀ ਨਾ ਕਰਨਾ, ਅਧੂਰੀ ਐਫ ਆਈ ਆਰ ਲ਼ਿਖਣਾ, ਏਸ ਕੇਸ ਨਾਲ਼ ਜੁੜੇ ਸਾਰੇ ਅਧਿਕਾਰੀਆਂ ਦੀਆਂ ਛੇ ਮਹੀਨੇ ਦੇ ਅੰਦਰ-ਅੰਦਰ ਚਮਤਕਾਰੀ ਤਰੱਕੀਆਂ ਹੋ ਜਾਣੀਆਂ, ਜਿਵੇਂ ਕਿ ਐਸ.ਪੀ. ਸਤਿੰਦਰ ਕੁਮਾਰ ਨੂੰ ਡੀ.ਜੀ.ਪੀ. ਹੋਮ ਗਾਰਡ ਬਣਾ ਦੇਣਾ , ਡੀ.ਐਸ.ਪੀ. ਰਾਮ ਭੱਜ ਨੂੰ ਐਸ ਪੀ. ਬਣਾ ਦੇਣਾ, ਐਸ.ਆਈ ਰਾਮ ਕਿਸੋਰ ਨੂੰ ਐਸ.ਪੀ. ਬਣਾ ਦੇਣਾ ਅਤੇ ਆਈ.ਓ ਰਾਮ ਕੁਮਾਰ ਨੂੰ ਇੰਸਪੈਕਟਰ ਬਣਾ ਦੇਣਾ, ਛੇ ਮਹੀਨੇ ਦੇ ਅੰਦਰ-ਅੰਦਰ 32 ਲੋਕਾਂ ਦੇ ਕੇਸ ਨੂੰ (not Trace  ) ਲਿਖ ਕੇ ਪੱਲਾ ਝਾੜ ਲੈਣਾ, ਜਮੀਨਾ ਹੜੱਪਣ ਵਾਲੇ ਦਾ ਸਾਥ ਦੇਣਾ ਹੋ ਕੀ ਕੀ ਲਿਖਾ ??
ਐਨੇ ਸਬੂਤ ਦਿੱਤੇ ਕਿ ਜੱਜ ਸਾਹਿਬ ਨੂੰ ਲਿਖਣਾ ਪਿਆ ਕਿ (all the above named four accused got accelerated promotion soon after ghastly crime due to their culpable negligence in the performance of their duties as police officers)  ਅੱਗੇ ਕਮਿਸ਼ਨ ਨੂੰ ਲਿਖਣਾ ਪਿਆ ਕਿ (the role of both these officers namly DSP Ram bhaj and SI Ram kishore has been most reprehensible and deserves strong condemnation) ) ਏਦਾਂ ਦੀਆਂ ਕਈ ਗੱਲਾਂ ਨੇ ਜੋ ਕਮਿਸ਼ਨ ਨੇ ਆਪਣੇ ੨੦੦ ਸਫਿਆਂ ਦੀ ਰਿਪੋਰਟ ਵਿੱਚ ਲਿਖਿਆ ਹੈ aਤੇ ਜਿਸ ਨੂੰ ਅਧਾਰ ਬਣਾ ਕੇ ਸਾਡੇ ਵਲੋਂ ਰਿੱਟ ਪਾਈ ਗਈ ਹੈ ਅਤੇ ਸਰਕਾਰ ਨੂੰ ਨੋਟਿਸ ਵੀ ਹੋਇਆ ਹੈ ।
ਉਮੀਦ ਹੈ ਕਿ ਅਸੀਂ ਰਾਜਨੀਤੀ ਤੋਂ ਦੂਰ ਕੁੱਝ ਕਰ ਸਕੀਏ । ਸਾਨੂੰ ਸਾਡੀ ਟੀਮ ਤੇ ਮਾਣ ਹੈ ਕਿ ਅਸੀ 22.6 ਕਰੋੜ ਜੋ 32 ਸਾਲਾਂ ਬਆਦ ਦਿਲਵਾਏ ਹਨ ਉਹ ਹੁਣ ਤੱਕ ਦੀ ਨਵੰਬਰ 1984 ਦੇ ਪੀੜਤਾਂ ਨੂੰ ਮਿਲਣ ਵਾਲ਼ੀ ਸੱਭ ਤੋਂ ਵੱਡੀ ਰਾਸ਼ੀ ਹੈ  ਕੋਈ ਕੁੱਝ ਵੀ ਕਹੀ ਜਾਵੇ ਅਸੀਂ ਆਪਣੀ ਧੁੰਨ ਤੇ ਚੱਲਦੇ ਹੋਏ ਇਹਨਾਂ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਵਾਂਗੇ ।ਸਾਡੇ ਆਪਣੇ ਭਰਾ ਦਿੱਲੀ ਗੁਰਦੁਆਰਾ ਮੈਨਜਮੈਂਟ ਕਮੇਟੀ ਵਾਲ਼ਿਆਂ ਨੇ ਹੋਦ ਚਿੱਲੜ ਦੇ ਪੀੜਤਾਂ ਦੇ ਨਾਮ ਸੱਚ ਦੀ ਦੀਵਾਰ ਤੇ ਨਾ ਲਿਖ ਕੇ ਕਾਤਲਾਂ ਦੇ ਨਾਲ਼ ਖੜਨ ਦਾ ਸਬੂਤ ਦੇ ਦਿੱਤਾ ਹੈ ਉਮੀਦ ਹੈ ਕਿ ਉਹਨਾਂ ਦੇ ਨਾਮ ਲ਼ਿਖ ਕੇ ਦਿੱਲੀ ਗੁਰਦੁਆਰਾ ਮੈਨਜਮੈਂਟ ਆਪਣੀ ਗਲਤੀ ਸੁਧਾਰੇਗੀ ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਾਅਦੇ ਮੁਤਾਬਕ ਹੋਦ ਚਿੱਲੜ ਪਿੰਡ ਵਿੱਚ ਯਾਦਗਾਰ ਉਸਾਰੇਗੀ ਕਿਉਂਕਿ ਸਿੱਖਾਂ ਦੇ ਪਿੰਡ ਹੋਦ ਦੀ ਹੋਂਦ ਮਿਟਦੀ ਜਾ ਰਹੀ ਹੈ । ਸਾਡੀ ਜੰਗ ਜਾਰੀ ਹੈ ਤੇ ਰਹੇਗੀ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
9872099100
#317, ਗਿਆਸਪੁਰਾ, ਲੁਧਿਆਣਾ
Tags
Show More

Leave a Reply

Your email address will not be published. Required fields are marked *

Close