EDITORIALOPINION

EDITORIAL : ਪੰਜਾਬ ਦਾ ਤਾਜ ਕੰਡਿਆਂ ਦਾ ਹੋ ਸਕਦਾ ਹੈ ? ਸ਼ਾਇਦ ਨਹੀਂ, ਸ਼ਾਇਦ ਹਾਂ….

ਪੰਜਾਬ ਦੀ ਡੱਬਦੀ ਬੇੜੀ ਨੂੰ ਕੰਢੇ ਲਾਉਣ ਦੀ ਸਮਰੱਥਾ ਦੇ ਨਾਲ ਨਾਲ ਨਿਸਚਾ ਵੀ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਵਿਚ

ਗੁਰਮਿੰਦਰ ਸਿੰਘ ਸਮਦ, ਸੰਪਾਦਕ , ਪੱਤਾ ਪੱਤਾ ਪੰਜਾਬ 

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋੰ ਸੌਂਹ ਚੱਕ ਲਈ ਹੈ। ਦੂਜੀ ਵਾਰ ਮੁੱਖ ਮੰਤਰੀ ਬਣੇ ਕਪਤਾਨ ਦੀ ਇਕ ਮਸਲਾ ਸੂਚੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਕਾਂਗਰਸ ਪੂਰੇ ਦਸ ਸਾਲਾਂ ਬਾਦ ਸੱਤਾ ਵਿਚ ਪਰਤੀ ਹੈ, ਜਿਸ ਦਾ ਵੱਡਾ ਕਾਰਨ ਅਕਾਲੀ ਦਲ ਤੇ ਭਾਜਪਾ ਦੀ ਪੰਜਾਬੀਆਂ ਵਲੋਂ ਖੁੱਲੇ ਆਮ ਕੀਤੀ ਗਈ ਮੁਖਾਲਫਿਤ ਵੀ ਹੈ, ਜਿਸ ਨੂੰ `ਆਪ` ਵਾਲੇ ਆਪਣੀ ਜਿੱਤ ਸਮਝੀ ਬੈਠੇ ਸਨ, ਪਰ ਅਕਾਲੀਆਂ ਵਲੋਂ ਪਾਏ ਵੱਡੇ ਖੱਪੇ ਨੂੰ ਪੂਰਨ ਲਈ ਲੋਕਾਂ ਨੇ ਕਾਂਗਰਸ ਤੇ ਆਪਣਾ ਯਕੀਨ ਦਰਸਾਇਆ, ਕਿਉਂਕਿ ਪੰਜਾਬੀਆਂ ਨੂੰ ਪ੍ਰਵਾਸੀਆਂ ਵਲੋਂ ਪਾਇਆ ਗਿਆ ਬਹੁਤ ਜ਼ਿਆਦਾ ਦਬਾਅ, ਤੇ ਆਪ ਦੀ ਖਾਲਿਸਤਾਨੀਆਂ ਨਾਲ ਗੰਢਤੁੱਪ ਦੀਆਂ ਚਰਚਾਵਾਂ ਰਾਸ ਨਹੀਂ ਆਈਆਂ ਸਨ। ਹਾਲਾਂਕਿ ਭਾਜਪਾ ਵਲੋਂ ਪੰਜਾਬ ਚੋਣਾਂ ਵਲ ਜ਼ਿਆਦਾ ਧਿਆਨ, ਦਿੱਤਾ ਹੀ ਨਹੀਂ ਗਿਆ ਸੀ। ਜਿਸ ਦੇ ਚਲਦਿਆਂ ਅਕਾਲੀ ਦਲ ਨੂੰ ਜ਼ਿਆਦਾ ਜ਼ੋਰ ਅਜ਼ਮਾਇਸ਼ ਇਕਲਿਆਂ ਹੀ ਕਰਨੀ ਪਈ, ਪਰ ਉਨ੍ਹਾਂ ਅੰਤ ਤਕ ਆਪਣੇ ਜ਼ਮੀਨੀ ਕਾਡਰ ਦਾ ਮਨ ਹੇਠਾਂ ਨਹੀਂ ਜਾਣ ਦਿੱਤਾ, ਜਿਸ ਗਲ ਲਈ ਸ. ਸੁਖਬੀਰ ਬਾਦਲ ਦੀ ਸਹੀ ਸ਼ਬਦਾਂ ਵਿਚ ਤਾਰੀਫ ਕਰਨੀ ਵੀ ਬਣਦੀ ਹੈ। ਪਰ ਸੋਚਣ ਵਾਲੀ ਗੱਲ ਇਹ ਵੀ ਹੈ, ਕਿ ਕੀ ਇਹ ਤਾਜ ਕੰਡਿਆਂ ਭਰਿਆ ਹੈ, ਜਾਂ ਫੁੱਲਾਂ ਨਾਲ ਲਬਰੇਜ਼ ? ਚਲੋ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।

ਸਤਰਵੇਂ ਦੇ ਦਹਾਕੇ ਵਿਚ ਇੰਦਰਾ ਗਾਂਧੀ ਦੀ ਸਿੱਖਾਂ ਪ੍ਰਤੀ ਨਫਰਤ ਨੇ ਐਮਰਜੰਸੀ ਤੋਂ ਬਾਦ ਪੰਜਾਬ ਰਾਜ ਨੂੰ ਤੋੜ ਮਰੋੜ ਕੇ ਰੱਖ ਦਿੱਤਾ ਸੀ, ਜਿਸ ਤੋਂ ਪੰਜਾਬ ਹਾਲੇ ਤੀਕ ਬਾਹਰ ਨਹੀਂ ਆ ਸਕਿਆ ਹੈ। ਅਤਿਵਾਦ ਨਾਲ ਲੜ੍ਹਨ ਲਈ ਫੌਜੀ ਦਸਤਿਆਂ ਤੇ ਨੀਮ ਫੌਜੀ ਦਸਤਿਆਂ ਦੇ ਖਰਚੇ ਵੀ ਪੰਜਾਬ ਦੇ ਸਿਰ ਤੇ ਕਰਜ਼ੇ ਬਣਾ ਕੇ ਰੱਖ ਦਿੱਤੇ, ਜਿੰਨ੍ਹਾਂ ਤੇ ਅੱਜ ਵੀ ਵਿਆਜ਼ ਲੱਗ ਲੱਗ ਕੇ ਕਰੀਬ 1.5 ਲੱਖ ਕਰੋੜ ਦੇ ਨੇੜੈ ਢੁੱਕ ਚੁੱਕਾ ਹੈ। ਹਾਲੀਆ 31000 ਕਰੋੜ ਦੇ ਨਕਦੀ ਮਾਮਲੇ ਨੂੰ ਕੇਂਦਰ ਵਲੋਂ ਵਕਤੀ ਕਰਜ਼ਾ ਬਣਾ ਦੇਣ ਤੋਂ ਬਾਦ ਪੰਜਾਬ ਸਿਰ ਕਰੀਬ 2 ਲੱਖ ਕਰੋੜ ਦਾ ਕਰਜ਼ਾ ਹੋ ਜਾਂਦਾ ਹੈ।

EDITORIAL : ਪੰਜਾਬ ਦਾ ਤਾਜ ਕੰਡਿਆਂ ਦਾ ਹੋ ਸਕਦਾ ਹੈ ? ਸ਼ਾਇਦ ਨਹੀਂ, ਸ਼ਾਇਦ ਹਾਂ....

ਪਿਛਲੀ ਵਾਰ, ਜਦੋਂ ਕੈਪਟੇਨ ਅਮਰਿੰਦਰ ਸਿਘ ਦਾ ਪੰਜਾਬ ਦੀ ਸੱਤਾ ਵਿਚ ਮੁੱਖ ਮੰਤਰੀ ਵਜੋਂ ਆਗਮਨ ਹੋਇਆ ਸੀ ਤਾਂ ਉਸ ਸਮੇਂ ਵੀ ਖੇਤੀ ਦਰ ਦੀ ਸੁਸਤ ਰਫਤਾਰ ਤੇ ਮੰਹਗਾਈ ਵੱਡੇ ਮਸਲੇ ਬਣੇ ਰਹੇ ਸਨ। ਸਨ 2004-5 ਤੋਂ ਖੇਤੀ ਵਿਕਾਸ ਦੀ ਮੱਠੀ ਰਫਤਾਰ ਅਜ ਤੱਕ ਜਾਰੀ ਹੈ।ਫੇਰ ਵੀ ਜੇਕਰ ਅਸੀਂ ਅਕਾਲੀਆਂ ਤੇ ਕਾਂਗਰਸ ਦੀ ਗਿਣਤੀ ਮਿਣਤੀ ਕਰ ਕੇ ਦੇਖਾਂਗੇ ਤੇ ਪਤਾ ਲਗਦਾ ਹੈ ਕਿ ਸਨ 2004-5 ਵਿਚ ਖੇਤੀ ਵਿਕਾਸ ਦਰ ਫੇਰ ਵੀ 0.95% ਦੀ ਰਫਤਾਰ ਨਾਲ ਧੱਕਾ ਲਾ ਕੇ ਅੱਗੇ ਵੱਧ ਰਹੀ ਸੀ, ਪਰ 2014-15 ਵਿਚ ਇਹੋ ਵਿਕਾਸ ਦਰ ਮਨਫੀ -3.4% ਤੇ ਪਹੁੰਚ ਚੁੱਕੀ ਹੈ। ਕਰਨ ਦੀ (ਜੀਡੀਪੀ) ਦਰ 2005-6 ਵਿਚ ਨਾਹ ਨਾਹ ਕਰਦੇ ਹੋਏ ਵੀ 10.18% ਤੇ ਚੱਲ ਰਹੀ ਸੀ, ਪਰ ਇਹੋ ਰਫਤਾਰ 2015-16 ਵਿਚ ਅੱਧ ਵਿਚ ਆ ਗਈ, ਭਾਵ 5.96% ਰਹਿ ਗਈ ਹੈ।ਇਹ ਅੰਕੜੇ ਤੁੱਕੇ ਨਾਲ ਨਹੀਂ ਲਿਖੇ ਹੋਏ ਹਨ, ਸਗੋਂ ਇਹ ਅੰਕੜੇ ਕੇਂਦਰੀ ਅੰਕੜਾ ਵਿਭਾਗ ਤੋ ਲਏ ਗਏ ਹਨ।ਕੈਪਟਨ ਨੂੰ ਇਹ ਦਰ ਦੁਬਾਰਾ ਉਸੇ ਪਾਸੇ ਲੈਕੇ ਜਾਣੀ ਪਵੇਗੀ, ਜੋ ਪਹਿਲਾਂ ਉਸ ਦੇ ਰਾਜ ਸਮੇਂ ਹੁੰਦੀ ਸੀ।

ਦੇਖੋ ਰੱਬ ਦੇ ਰੰਗ, ਪੰਜਾਬ ਹੀ ਇਕ ਐਸਾ ਸੂਬਾ ਹੈ, ਜਿਸ ਨੇ 1970 ਵਿਚ ਦੇਸ਼ ਵਿਚ ਹਰੀ ਕਰਾਂਤੀ ਲਹਿਰ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ, ਤੇ ਸਦੀ ਦੇ ਪਲਟਾ ਖਾਣ ਨਾਲ, ਉਹੀ ਕ੍ਰਾਂਤੀ ਖ਼ੁਦਕੁਸ਼ੀਆਂ ਦਾ ਰੂਪ ਲੈ ਚੁੱਕੀ ਹੈ।ਢਾਈ ਤਿੰਨ ਸਾਲ ਪਹਿਲਾਂ 2013-14 ਵਿਚ ਪੰਜਾਬ ਸਰਕਾਰ ਨੇ ਲਗਾਤਾਰ ਸਰਵੇ ਕਰਵਾ ਕੇ ਮੰਨਿਆ ਕਿ ਸਨ 2001 ਤੋਂ ਲੈਕੇ 2010 ਤੱਕ ਕਰੀਬ 6000 ਪੰਜਾਬੀ ਕਿਸਾਨ ਕਰਜ਼ੇ ਤੋਂ ਤੰਗ ਆਕੇ ਜਾਂ ਖੇਤੀਬਾੜੀ ਲਾਹੇਵੰਦ ਨਾ ਹੋਣ ਕਾਰਨ ਆਤਮ ਦਾਹ ਦੇ ਰਾਹ ਜਾ ਚੁਕਿਆ ਹੈ।ਹਾਲੇ ਵੀ ਇਹ ਫਾਹੇ ਲੈਣ ਦਾ ਸਿਲਸਿਲਾ ਉਸੇ ਰਫਤਾਰ ਨਾਲ ਜਾਰੀ ਹੈ, ਹਾਲਾਂਕਿ ਅਕਾਲੀ ਸਰਕਾਰ ਤਾਂ ਇਹੋ ਕਹਿੰਦੀ ਰਹੀ ਕਿ ਉਨ੍ਹਾਂ ਦੇ ਸਮੇ ਵਿਚ ਫਾਹੇ ਲੈਣ ਦਾ ਪਰਚਲਨ ਪਹਿਲਾਂ ਦੇ ਮੁਕਾਬਲੇ ਘਟਿਆ ਹੈ।ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਚਾਰ ਐਸੇ ਜ਼ਿਲੇ ਨੇ ਜਿਥੇ ਸਭ ਤੋਂ ਵੱਧ ਵਾਰ ਇਨਸਾਨਾਂ ਨੇ ਆਪਣੇ ਖੁਦ ਦੇ ਗਲੇ ਘੁੱਟੇ ਹਨ।ਅਜ-ਕੱਲ ਜਨਤਾ ਇਸ ਇਲਾਕੇ ਨੂੰ ਆਤਮਦਾਹ ਵਾਲਾ ਇਲਾਕਾ ਹੀ ਕਹਿੰਦੀ ਹੈ। ਫਸਲਾਂ ਦੀ ਘੱਟ ਪੈਦਾਵਾਰ, ਛੋਟੀਆਂ ਜ਼ਮੀਨਾਂ ਦੇ ਟੁੱਕੜੇ, ਵੱਡੇ ਹੋ ਰਹੇ ਕਰਜ਼ੇ, ਖੇਤੀ ਵਿਚ ਜ਼ਿਆਦਾ ਪੈਸੇ ਦੀ ਖਪਤ, ਜ਼ਮੀਨੀ ਪਾਣੀ ਥੱਲੇ ਜਾਣ ਦੇ ਕਾਰਨਾਂ ਨੇ ਕਿਸਾਨ ਨੂੰ ਮਾਰੂ ਰਾਹ ਤੇ ਪਾ ਦਿੱਤਾ ਹੈ।ਸਿਰਫ ਕਰਜ਼ਾ ਮਾਫ ਕਰਕੇ ਕਿਸਾਨੀ ਦੀ ਹਾਲਤ ਨਹੀਂ ਸੁਧਰਨ ਵਾਲੀ, ਵੈਸੇ ਵੀ ਸਟੇਟ ਬੈਂਕ ਆਫ ਇੰਡੀਆਂ ਦੀ ਚੇਅਰਪਰਸਨ ਨੇ ਆਪਣੇ ਬਿਆਨ ਵਿਚ ਕਰਜ਼ੇ ਮਾਫ ਕਰਨ ਦੇ ਚਲਨ ਦਾ ਵਿਰੋਧ ਕੀਤਾ ਹੈ। ਉਸ ਅਨੁਸਾਰ ਇਹਨਾਂ ਮੁਸ਼ਕਿਲਾਂ ਦਾ ਪੱਕਾ ਹਲ ਹੋਣਾ ਚਾਹੀਦਾ ਹੈ, ਤੇ ਕਿਸਾਨ ਨੂੰ ਵੀ ਖੇਤੀਬਾੜੀ ਨੂੰ ਸਹੀ ਢੰਗ ਨਾਲ ਕਰਨ ਵਲ ਵੱਧਣਾ ਚਾਹੀਦਾ ਹੈ, ਨਹੀਂ ਤਾਂ ਕਿਸਾਨ ਕਰਜ਼ੇ ਮਾਫੀ ਦੀਆਂ ਸਕੀਮਾਂ ਨੂੰ ਹੀ ਉਡੀਕਦੇ ਰਹਿੰਦੇ ਹਨ, ਜਜੋ ਕਿ ਇਕ ਮਾੜਾ ਚਲਨ ਹੈ। ਪਿਛਲੇ ਸਾਲਾਂ ਦੌਰਾਨ ਸਨ 2014-15 ਵੇਲੇ ਕਪਾਹ ਦੀਆਂ ਦਵਾਈਆਂ ਨੇ ਜੋ ਕਿਸਾਨੀ ਦਾ ਪੰਜਾਬ ਵਿਚ ਨੁਕਸਾਨ ਕੀਤਾ ਹੈ ਉਹ ਤਾਂ ਕੀਤਾ ਹੀ, ਪਰ ਨਾਲ ਹੀ ਤਤਕਾਲੀ ਸਰਕਾਰ ਦੀ ਕਿਸਾਨਾਂ ਪ੍ਰਤੀ ਅਣਦੇਖੀ ਨੇ ਵੀ ਪੰਜਾਬੀਆਂ ਵਿਚ ਰੋਸ ਪੈਦਾ ਕਰ ਗਈ ਸੀ।ਸਰਕਾਰ ਨੂੰ ਕਿਸਾਨੀ ਦੀ ਕਰਜ਼ੇ ਦੀ, ਖੇਤੀ ਵਿਭਿੰਨਤਾ ਬਾਰੇ ਬਹੁਤ ਹੀ ਗੰਭੀਰਤਾ ਨਾਲ ਸੋਚਣਾ ਪੈਣਾ ਹੈ।

EDITORIAL : ਪੰਜਾਬ ਦਾ ਤਾਜ ਕੰਡਿਆਂ ਦਾ ਹੋ ਸਕਦਾ ਹੈ ? ਸ਼ਾਇਦ ਨਹੀਂ, ਸ਼ਾਇਦ ਹਾਂ....

ਪੰਜਾਬ ਸਰਕਾਰ ਦੇ ਕੀਤੇ ਸਰਵੇ ਹੀ ਦਸਦੇ ਹਨ ਕਿ ਪਿਛਲੇ 10 ਸਾਲਾਂ ਵਿਚ ਕਰੀਬ 18000 ਫੈਕਟਰੀਆਂ ਬੰਦ ਹੋ ਚੁੱਕੀਆਂ ਹਨ।ਇਹ ਸਭ ਅਕਾਲੀ ਸਰਕਾਰ ਦੀ ਦੇਣ ਹੈ, ਜਿਸ ਦੀ ਬੇਗੈਰਤੀ ਦੇ ਚਲਦਿਆਂ ਅਜ ਪੰਜਾਬ ਪੂਰੇ ਮੁਲਕ ਵਿਚ ਸਭ ਤੋਂ ਵੱਧ ਬੇਰੁਜ਼ਗਾਰਾਂ ਦੀ ਸੰਖਿਆਂ ਨੂੰ ਆਪਣੇ ਕੋਲ ਰੱਖਦਾ ਹੈ। ਪੰਜਾਬ ਵਿਚ 18 ਤੋਂ 29 ਸਾਲ ਦੇ 16.6% ਬੱਚੇ ਬੇਰੁਜ਼ਗਾਰ ਘੁੰਮ ਰਹੇ ਹਨ, ਜਦੋਂਕਿ ਰਾਸ਼ਟਰੀ ਪੱਧਰ ਤੇ ਇਹ ਅੰਕੜਾ ਸਿਰਫ 4.2% ਹੈ। ਹਾਲਾਂਕਿ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾਂ ਬੇਰੁਜ਼ਗਾਰ ਭੱਤੇ ਨੂੰ 2500 ਕਰਨ ਦੀ ਗਲ ਆਖੀ ਸੀ, ਪਰ ਇਹ ਪੈਸੇ ਉਨ੍ਹਾਂ ਬੇਰੁਜ਼ਗਾਰਾਂ ਕੋਲ ਕਿਸ ਤਰਾਂ ਪਹੁੰਚਣਗੇ, ਇਹ ਵੀ ਇਕ ਸਵਾਲ ਹੈ।

ਪੰਜਾਬ ਵਿਚ ਕੁਝ ਸਮਾਂ ਪਹਿਲਾਂ ਤੱਕ ਜੇਕਰ ਕਿਸੇ ਨੂੰ ਨਸ਼ੇੜੀ ਕਹਿਣਾ ਹੁੰਦਾ ਸੀ ਤਾਂ ਅਫੀਮਚੀ ਆਖ ਕੇ ਬੁਲਾ ਲੈਂਦੇ ਸਨ।ਪਰ ਅਜ ਚਿੱਟੇ ਨੇ ਸਭ ਕੁਝ ਖਤਮ ਕਰ ਕੇ ਰੱਖ ਦਿੱਤਾ ਹੈ।ਪੰਜਾਬ ਨਾਲ ਜੁੜਿਆ ਹਰ ਬੰਦਾ ਇਹੋ ਆਖ ਰਿਹਾ ਹੈ, ਕਿ ਨਸ਼ਿਆਂ ਖਿਲਾਫ ਸਖਤ ਐਕਸ਼ਨ ਲੈਣ ਦੀ ਫੌਰੀ ਤੇ ਸਖ਼ਤ ਲੋੜ ਹੈ। ਹਾਲਾਂਕਿ ਸਰਕਾਰ ਨੇ ਸੋਂਹ ਚਕਣ ਤੋਂ ਪਹਿਲਾਂ ਵੀ ਬਹੁਤ ਸਖਤ ਸ਼ਬਦਾਂ ਵਿਚ ਇਹ ਗਲ ਬਿਆਨ ਦਿੱਤੀ ਸੀ, ਕਿ ਨਸ਼ਾ ਤਸਕਰ ਬਖਸ਼ੇ ਨਹੀਂ ਜਾਣਗੇ, ਤੇ ਮੁੱਖ ਮੰਤਰੀ ਬਣਨ ਤੋਂ ਬਾਦ ਇਹ ਗਲ ਸਾਹਮਣੇ ਆਈ ਹੈ, ਕਿ ਸਰਕਾਰ ਐਸਾ ਕਾਨੂੰਨ ਬਨਾਉਣ ਜਾ ਰਹੀ ਹੈ, ਕਿ ਨਸ਼ਾ ਤਸਕਰ ਦੀ ਜਾਇਦਾਦ ਕੁਰਕ ਕਰ ਲਈ ਜਾਵੇਗੀ, ਪਰ ਜ਼ਰੂਰਤ ਇਸ ਤੋਂ ਅੱਗੇ ਜਾ ਕੇ ਉਨ੍ਹਾਂ ਮਾਸੂਮਾਂ ਦੀ ਜ਼ਿੰਦਗੀਆਂ ਬਚਾਉਣ ਦੀ ਵੀ ਹੈ, ਜੋ ਬੇਰੁਜ਼ਗਾਰੀ ਦੇ ਚਲਦਿਆਂ ਗੈਰ ਕਾਨੂਨੀ ਕੰਮਾਂ ਵਿਚ ਫਸ ਵੀ ਗਏ ਤੇ ਨਸ਼ਿਆਂ ਦੀ ਗਲਤਾਣ ਵਿਚੋਂ ਨਿਕਲਣ ਦਾ ਜਿੰਨ੍ਹਾਂ ਕੋਲ ਕੋਈ ਰਾਹ ਨਹੀਂ ਹੈ।

ਪ੍ਰਵਾਸ ਤੋਂ ਲਗਾਤਾਰ ਖਾਲਿਸਤਾਨ ਦੀਆਂ ਅਵਾਜ਼ਾਂ ਉਠਾ ਕੇ ਜਿਹੜੇ ਲੋਕ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ, ਕੁਝ ਭਾਰਤ ਵਿਚ ਵੀ ਬੈਠੇ ਹੋਣਗੇ, ਉਨ੍ਹਾਂ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਨਾਭਾ ਜੇਲ ਕਾਂਡ ਦੌਰਾਨ ਭੱਜੇ ਕੈਦੀਆਂ ਨੂੰ ਫੜ੍ਹਨ ਦਾ ਸਵਾਲ ਜਵਾਬ ਮੰਗ ਰਿਹਾ ਹੈ।ਹਰਮਿੰਦਰ ਸਿੰਘ ਮਿੰਟੂ ਵਰਗੇ ਖਾਲਿਸਤਾਨੀ ਦਾ ਜੇਲ ਵਿਚੋਂ ਭੱਜ ਜਾਣਾ ਤੇ ਫਿਰ ਬਹੁਤ ਹੀ ਨਾਟਕੀ ਢੰਗ ਨਾਲ ੁੳਸ ਦਾ ਫੜਿਆ ਜਾਣਾ, ਇਸ ਤਰਾਂ ਦੇ ਮਸਲਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਤੇ ਆਪਣੇ ਪ੍ਰਸਾਸ਼ਨ ਦੀ ਬਾਜ਼ ਅੱਖ ਰਾਹੀਂ ਆਪਣੇ ਨਿਸ਼ਾਨੇ ਵਿਚ ਲਿਆਕੇ, ਪੰਜਾਬ ਵਿਚ ਖੁਸ਼ਹਾਲੀ, ਸ਼ਾਂਤੀ ਤੇ ਤਰੱਕੀ ਵਾਪਸ ਲਿਆਉਣ ਦੀ ਜ਼ਰੂਰਤ ਹੈ।

ਇਤਿਹਾਸ ਹਾਲੇ ਵੀ ਪੰਜਾਬ ਤੋਂ ਉਸ ਸੱਚੇ ਸਪੂਤ ਦੀ ਤਲਾਸ਼ ਵਿਚ ਹੈ, ਰਾਜਨੀਤੀ ਵਿਚ ਜਿਸ ਦਾ ਨਾਮ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਣਾ ਹੈ।ਉਹ ਨਾਮ ਕੈਪਟਨ ਅਮਰਿੰਦਰ ਸਿੰਘ ਵੀ ਹੋ ਸਕਦਾ ਹੈ, ਕਿਉਂਕਿ ਇਸ ਵੇਲੇ ਪੰਜਾਬ ਦੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਦਾ ਵੱਡਾ ਮੌਕਾ ਵਕਤ ਨੇ ਅਮਰਿੰਦਰ ਸਿੰਘ ਨੂੰ ਦਿੱਤਾ ਹੈ, ਇਸ ਮੌਕੇ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਾ ਪੂਰਾ ਫਾਇਦਾ ਚਕਣਾ ਚਾਹੀਦਾ ਹੈ, ਕਿਉਂਕਿ ਕੈਪਟਨ ਦੇ ਬਜ਼ੁਰਗਾਂ ਨੂੰ ਦੋ-ਦੋ ਪਾਤਸ਼ਾਹੀਆਂ ਦੇ ਆਸ਼ਰਿਵਾਦ ਵੀ ਮਿਲੇ ਹੋਏ ਹਨ, ਪਵਿੱਤਰ ਹੁਕਮਨਾਮੇ ਦੇ ਨਾਲ ਨਾਲ 22 ਸ਼ਸ਼ਤਰ ਵੀ ਬਖਸ਼ਿਸ਼ ਹੋਏ ਹਨ।ਜਿਸ ਦੇ ਅਸ਼ੀਰਵਾਰ ਦੀ ਬਦੌਲਤ ਇਸ ਤਰਾਂ ਦੇ ਵੱਡੇ ਮੌਕੇ ਮਿਲੇ ਹਨ, ਸੋ ਸਾਰਾ ਪੰਜਾਬ ਪੂਰਾ ਆਸਵੰਦ ਹੈ, ਕਿ ਕੈਪਟਨ ਪੰਜਾਬ ਦਾ ਕੈਪਟਨ ਬਣ ਕੇ ਦਿਖਾਏਗਾ, ਤਾਂ ਜੋ ਪੰਜਾਬ ਨੂੰ ਆਪਣੇ ਬੱਚੇ ਤੇ ਨਾਜ਼ ਹੋ ਸਕੇ, ਨਹੀਂ ਤਾਂ ਪੰਜ ਜਾਂ ਫਿਰ ਦਸ ਸਾਲਾਂ ਬਾਦ ਪੰਜਾਬੀਆਂ ਨੇ ਤਖਤ ਤੋਂ ਇਸੇ ਤਰਾਂ ੳਤਾਰ ਦੇਣਾ, ਜਿਸ ਤਰਾਂ ਅਕਾਲੀ ਦਲ ਬਾਦਲ ਤੇ ਭਾਜਪਾ ਨੂੰ ਉਤਾਰ ਦਿੱਤਾ ਹੈ।

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker