Punjab

ਸਰਕਾਰੀ ਸਕੂਲਾਂ ਦੀਆਂ 600 ਤੋਂ ਵੱਧ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ

ਸਿੱਖਿਆ ਖੇਤਰ 'ਚ ਵੱਡੇ ਸੁਧਾਰ ਲਿਆਉਣਾ ਮੁੱਖ ਤਰਜੀਹ: ਕੈਬਨਿਟ ਮੰਤਰੀ

ਸੰਗਰੂਰ/ਭਵਾਨੀਗੜ੍ਹ, 6 ਜੁਲਾਈ (ਰਿਸਵ ਗਰਗ, ਰਾਮ ਚੰਦਰ ) – ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਅਤੇ ਭਵਾਨੀਗੜ੍ਹ ਵਿਖੇ ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਸਕੀਮ ਦੇ ਤਹਿਤ ਗਿਆਰਵੀਂ ਅਤੇ ਬਾਰਵੀਂ ਦੀਆਂ 600 ਤੋਂ ਵੱਧ ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲਾਂ ਦੀ ਵੰਡ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਵੱਡੇ ਸੁਧਾਰ ਲਿਆਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ ਅਤੇ ਸਰਕਾਰੀ ਸਕੂਲਾਂ ਦਾ ਜਾਇਜ਼ਾ ਲੈ ਕੇ ਉਹ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸੀਮਤ ਸਮੇਂ ਅੰਦਰ ਹੱਲ ਕਰਵਾਉਣ ਲਈ ਢੁਕਵੇਂ ਕਦਮ ਪੁੱਟਣਗੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਆਯੋਜਿਤ ਸ਼ਾਨਦਾਰ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ, ਆਧੁਨਿਕ ਸਿੱਖਿਆ ਵਿਵਸਥਾ, ਸਾਲਾਨਾ ਨਤੀਜਿਆਂ ਵਿੱਚ ਵੱਡਾ ਸੁਧਾਰ ਲਿਆਉਣ ਸਮੇਤ ਹੋਰ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਇਹ ਜਾਇਜ਼ਾ ਵੀ ਲਿਆ ਜਾਵੇਗਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਦਰਮਿਆਨ ਕਿਹੜੇ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਵੀ ਹਾਸਲ ਕੀਤੇ ਅਤੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਯੋਗ ਸੁਝਾਵਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਭਵਾਨੀਗੜ੍ਹ ਵਿਖੇ ਵੀ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਵੰਡ ਕਰਦਿਆਂ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਵਿਦਿਆਰਥਣਾਂ ਨਾਲ ਕਾਫ਼ੀ ਦੇਰ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੌਵੀਂ ਜਮਾਤ ਦੀਆਂ ਕੁਝ ਲੋੜਵੰਦ ਵਿਦਿਆਰਥਣਾਂ ਨੂੰ ਸਾਇਕਲਾਂ ਦੀ ਜ਼ਰੂਰਤ ਹੋਣ ਦਾ ਮਾਮਲਾ ਸਾਹਮਣੇ ਆਉਣ ‘ਤੇ ਆਪਣੇ ਫੰਡ ਵਿੱਚੋਂ 50 ਸਾਇਕਲਾਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਦੇ ਪਿੰਡਾਂ ਵਿੱਚੋਂ ਆਉਣ ਵਾਲੀਆਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ਦੇ ਇਰਾਦੇ ਨਾਲ ਹੋਰ ਜੋ ਵੀ ਲੋੜਾਂ ਮਹਿਸੂਸ ਕੀਤੀਆਂ ਜਾਣਗੀਆਂ, ਉਸ ਨੂੰ ਸਰਕਾਰ ਦੀ ਤਰਫੋਂ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਕੂਲ ਵਿੱਚ ਮਿਡ ਡੇਅ ਮੀਲ ਦਾ ਜਾਇਜ਼ਾ ਵੀ ਲਿਆ। ਸਮਾਗਮਾਂ ਦੌਰਾਨ ਸਕੂਲ ਪ੍ਰਬੰਧਕਾਂ ਦੀ ਤਰਫੋਂ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੰਗਰੂਰ ਅਤੇ ਭਵਾਨੀਗੜ੍ਹ ਦੇ ਕਾਂਗਰਸੀ ਆਗੂ ਤੇ ਵਰਕਰ, ਪੰਚ-ਸਰਪੰਚ ਅਤੇ ਕੌਂਸਲਰ ਵੀ ਹਾਜ਼ਰ ਸਨ।

ਮਾਮਲਾ ਪੰਚਾਇਤੀ ਜਮੀਨ ਤੇ ਮੰਦਿਰ ਬਣਾਉਣ ਦੀ ਸ਼ਿਕਾਇਤ ਦਾ

Show More