Punjab

ਘੱਗਰ ਦਰਿਆ ਵਿਚ ਪਿਆ ਪਾੜ

ਡਿਪਟੀ ਕਮਿਸ਼ਨਰ ਨੇ ਘੱਗਰ ਦਰਿਆ 'ਚ ਪਏ ਪਾੜ ਨੂੰ ਛੇਤੀ ਬੰਦ ਕਰਨ ਦਾ ਦਿਵਾਇਆ ਵਿਸ਼ਵਾਸ

ਸੰਗਰੂਰ
ਮੂਨਕ ਦੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਦੇ ਬੰਨ੍ਹ ਵਿੱਚ ਕਰੀਬ 25 ਫੁੱਟ ਦਾ ਪਾੜ ਪੈਣ ਦਾ ਮਾਮਲਾ ਸਾਹਮਣੇ ਆਉਣ ‘ਤੇ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ ਸੰਗਰੂਰ ਡਾ. ਸੰਦੀਪ ਗਰਗ ਵੱਲੋਂ ਤੁਰੰਤ ਮੌਕੇ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।

ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਪਿੰਡ ਫੂਲਦ ਸਮੇਤ ਹੋਰ ਪਿੰਡਾਂ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਾੜ ਨੂੰ ਛੇਤੀ ਹੀ ਬੰਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਭਾਵੀ ਹੜ੍ਹਾਂ ਨਾਲ ਸਬੰਧਤ ਹਰੇਕ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗੁਆਂਢੀ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟ ਗਿਆ ਹੈ ਪਰ ਫਿਰ ਵੀ ਜ਼ਿਲ੍ਹਾ ਸੰਗਰੂਰ ਵਿੱਚ ਚੌਕਸੀ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

ਸਹਿਯੋਗ ਲਈ ਐਨ.ਡੀ.ਆਰ.ਐਫ਼ ਤੇ ਐਸ.ਡੀ.ਆਰ.ਐਫ਼ ਦੀ ਟੀਮ ਬੁਲਾਈ, ਐਸ.ਡੀ.ਐਮਜ਼ ਨੂੰ ਸਾਰੇ ਬਰਸਾਤੀ ਨਾਲਿਆਂ ‘ਤੇ ਨਜ਼ਰ ਰੱਖਣ ਦੀ ਹਦਾਇਤ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਜੂਦਾ ਮਹੀਨੇ ਦੇ ਪਹਿਲੇ ਹਫ਼ਤੇ ਹੀ ਦੋ ਵਾਰ ਫੌਜ ਦੇ ਅਧਿਕਾਰੀਆਂ ਸਮੇਤ ਘੱਗਰ ਦਰਿਆ ਨੇੜੇ ਕੀਤਾ ਗਿਆ ਸੀ ਸਾਂਝਾ ਅਭਿਆਸ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਲੋੜ ਮੁਤਾਬਕ ਰਾਹਤ ਸਮੱਗਰੀ ਰੇਤੇ ਦੀਆਂ ਭਰੀਆਂ ਤੇ ਖਾਲੀ ਬੋਰੀਆਂ, ਰੱਸੀਆਂ, ਤਾਰਾਂ, ਜਾਲੀਆਂ ਆਦਿ ਦਾ ਲੋੜ ਮੁਤਾਬਕ ਪ੍ਰਬੰਧ ਕਰਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਪਾੜ ਦਾ ਪਤਾ ਲੱਗਿਆ ਸੀ ਤਾਂ ਤੁਰੰਤ ਐਨ.ਡੀ.ਆਰ.ਐਫ ਦੀ ਸੱਤਵੀਂ ਬਟਾਲੀਅਨ ਅਤੇ ਐਸ.ਡੀ.ਆਰ.ਐਫ਼ ਦੀ 80ਵੀਂ ਬਟਾਲੀਅਨ ਨਾਲ ਰਾਬਤਾ ਕਰਕੇ ਟੀਮਾਂ ਦੀ ਮੰਗ ਕੀਤੀ ਗਈ ਜੋ ਕਿ ਮੌਕੇ ‘ਤੇ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਸੰਕਟ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਨਾਲ ਫੌਜ ਦੇ ਜਵਾਨ ਵੀ ਕਾਰਜਸ਼ੀਲ ਹਨ।  ਸ਼੍ਰੀ ਥੋਰੀ ਅਤੇ ਐਸ.ਐਸ.ਪੀ ਨੇ ਮੋਟਰ ਸਾਇਕਲ ‘ਤੇ ਜਾ ਕੇ ਘੱਗਰ ਦੇ ਨਾਲ ਲਗਦੇ ਕੱਚੇ ਰਾਹਾਂ ‘ਤੇ ਵੀ ਸਥਿਤੀ ਦਾ ਨੇੜਿਓਂ ਸਰਵੇਖਣ ਕੀਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਭਾਵੀ ਹੜ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਦੀ ਸੁਰੱਖਿਆ, ਜਾਇਦਾਦ ਅਤੇ ਪਸ਼ੂ ਧੰਨ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਨ ਦੇ ਵੀ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਖਨੌਰੀ ਵਿਖੇ ਸਥਾਪਤ ਕੀਤੇ ਫਲੱਡ ਕੰਟਰੋਲ ਰੂਮ ‘ਚ ਤਾਇਨਾਤ ਅਮਲੇ ਨੂੰ ਸਟੇਟ ਫਲੱਡ ਕੰਟਰੋਲ ਰੂਮ ਨਾਲ ਲਗਾਤਾਰ ਰਾਬਤਾ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਤੁਰੰਤ ਸੂਚਨਾ ਅਤੇ ਤੇਜ਼ੀ ਨਾਲ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਅਤੇ ਐਨ.ਡੀ.ਆਰ.ਐਫ਼ ਦੇ ਉਚ ਅਧਿਕਾਰੀਆਂ ਨਾਲ ਵੀ ਲਗਾਤਾਰ ਤਾਲਮੇਲ ਰੱਖਿਆ ਜਾ ਰਿਹਾ ਹੈ ਅਤੇ ਘੱਗਰ ਨੇੜਲੀਆਂ ਸੰਵੇਦਨਸ਼ੀਲ ਥਾਵਾਂ ‘ਤੇ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਪਾੜ ਜਾਂ ਖੱਡ ਬਾਰੇ ਸੂਚਨਾ ਮਿਲਣ ‘ਤੇ  ਤੁਰੰਤ ਬੰਦ ਕਰਵਾਉਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ  ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਥੋਰੀ ਨੇ ਦੱਸਿਆ ਕਿ ਬੀਤੀ 1 ਜੁਲਾਈ ਨੂੰ ਖਨੌਰੀ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਦੇ 3 ਗਾਰਡਜ਼ ਯੂਨਿਟ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਾਰੀ ਸਥਿਤੀ ਬਾਰੇ ਅਗੇਤੇ ਤੌਰ ‘ਤੇ ਜਾਣੂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ 6 ਜੁਲਾਈ ਨੂੰ ਘੱਗਰ ਵਿੱਚ ਕਿਸੇ ਵੀ ਸੰਭਾਵੀ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਫੌਜ ਦੀ ਟੀਮ ਸਮੇਤ ਮੌਕ ਡਰਿੱਲ ਕਰਵਾਈ ਗਈ ਸੀ।

ਸ਼੍ਰੀ ਥੋਰੀ ਨੇ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟੇਰਟ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ ਆਪਣੀਆਂ ਸਬ ਡਵੀਜ਼ਨਾਂ ਵਿੱਚ ਆਉਂਦੇ ਬਰਸਾਤੀ ਨਾਲਿਆਂ, ਚੋਆਂ ਆਦਿ ‘ਤੇ ਤਿੱਖੀ ਨਜ਼ਰ ਰੱਖਣ ਅਤੇ ਕਿਸੇ ਵੀ ਸੰਕਟ ਦੀ ਸਥਿਤੀ ਬਾਰੇ ਤੁਰੰਤ ਜਾਣੂ ਕਰਵਾਇਆ ਜਾਵੇ। ਇਸ ਦੌਰਾਨ ਐਸ.ਡੀ.ਐਮ ਮੂਨਕ ਸੂਬਾ ਸਿੰਘ, ਚੀਫ ਇੰਜੀਨੀਅਰ ਡਰੇਨੇਜ ਵਿਨੋਦ ਗੁਪਤਾ, ਐਸ.ਈ ਦਵਿੰਦਰ ਸਿੰਘ, ਐਕਸੀਅਨ ਡਰੇਨੇਜ਼ ਕੁਲਜੀਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਵਿਪਨ ਬਾਂਸਲ, ਡੀ.ਐਸ.ਪੀ ਬੂਟਾ ਸਿੰਘ ਸਮੇਤ ਹੋਰ ਸਿਵਲ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

ਗਊਸ਼ਾਲਾ ਦੇ ਦੇਖਭਾਲ ਲਈ ਨਵੀਂ ਕਮੇਟੀ ਗਠਿਤ

Show More