OPINION

Golden Jublee of Guru Gobind Singh Bhawan

ਗੁਰੂ ਗੋਬਿੰਦ ਸਿੰਘ ਭਵਨ ਦੀ ਗੋਲਡਨ ਜੁਬਲੀ

Golden Jublee of Guru Gobind Singh Bhawan

ਗੁਰੂ ਗੋਬਿੰਦ ਸਿੰਘ ਭਵਨ ਦੀ ਗੋਲਡਨ ਜੁਬਲੀ

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਗੋਬਿੰਦ ਸਿੰਘ ਭਵਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਚਿੰਨ੍ਹ ਹੈ ਜਿਹੜਾ ਕਿ ਯੂਨੀਵਰਸਿਟੀ ਦੇ ਪ੍ਰਵੇਸ਼ ਦੁਆਰ ਤੋਂ ਹੀ ਨਜ਼ਰ ਆ ਜਾਂਦਾ ਹੈ।

ਵਿਦਿਆਰਥੀਆਂ, ਅਧਿਆਪਕਾਂ ਅਤੇ ਬਾਹਰੋਂ ਆਉਣ ਵਾਲਿਆਂ ਲਈ ਇਹ ਹਮੇਸ਼ਾਂ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ, ਯੂਨੀਵਰਸਿਟੀ ਵਿਖੇ ਆਉਣ ਵਾਲੇ ਮਹਿਮਾਨਾਂ ਨੂੰ ਇਸ ਦੇ ਵਿਸ਼ੇਸ਼ ਤੌਰ ‘ਤੇ ਦਰਸ਼ਨ ਕਰਵਾਏ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਸ਼ੋਭਿਤ ਇਸ ਵਿਸ਼ਾਲ ਇਮਾਰਤ ਦੀ ਯੋਜਨਾ ਅਤੇ ਉਸਾਰੀ ਦਾ ਸਿਹਰਾ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਸ. ਕਿਰਪਾਲ ਸਿੰਘ ਨਾਰੰਗ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਵਿਸ਼ਾਲ ਇਮਾਰਤ ਨੂੰ ਸਾਕਾਰ ਰੂਪ ਪ੍ਰਦਾਨ ਕਰਨ ਲਈ ਸਫ਼ਲ ਯਤਨ ਕੀਤੇ ਸਨ।
ਵਿਭਿੰਨ ਧਰਮਾਂ ਦੇ ਸਾਂਝੇ ਸਥਾਨ ਵੱਜੋਂ ਪ੍ਰਸਿੱਧ ਇਸ ਇਮਾਰਤ ਦਾ ਨੀਂਹ-ਪੱਥਰ ਭਾਰਤ ਦੇ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੇ 27 ਦਸੰਬਰ 1967 ਨੂੰ ਰੱਖਿਆ ਸੀ। ਇਸ ਮੌਕੇ ਬੋਲਦੇ ਹੋਏ ਉਹਨਾਂ ਕਿਹਾ ਕਿ ਬਹੁਤ ਛੇਤੀ ਇਸ ਬਹੁ-ਪਸਾਰੀ ਭਵਨ ਦਾ ਆਲਾ-ਦੁਆਲਾ ਵਿਕਸਿਤ ਹੋ ਕੇ ਸਮੁੱਚੇ ਦੇਸ਼ ਵਿਚ ਫੈਲ ਜਾਵੇਗਾ ਅਤੇ ਇਥੋਂ ਦੇ ਬਸ਼ਿੰਦਿਆਂ ਨੂੰ ਇਹ ਆਪਣੇ ਘਰ ਵਾਂਗ ਲੱਗਣ ਲੱਗ ਪਵੇਗਾ। ਸੱਚਾਈ ਅਤੇ ਨਿਆਂ ‘ਤੇ ਅਧਾਰਿਤ ਦੇਸ਼ ਦੇ ਰਾਜਨੀਤਿਕ ਆਦਰਸ਼, ਇਸ ਦਾ ਬੇਸ਼ਕੀਮਤੀ ਸੱਭਿਆਚਾਰਕ ਖ਼ਜ਼ਾਨਾ ਅਤੇ ਪਰੰਪਰਾਵਾਂ, ਇਸ ਦੀ ਮਹਾਨਤਾ ਅਤੇ ਅਨੰਦਮਈ ਪਲ ਇਸ ਵਿਸ਼ਾਲ ਇਮਾਰਤ ਦਾ ਅਟੁੱਟ ਅੰਗ ਬਣ ਜਾਣਗੇ।
ਦੋ ਸਾਲ ਤੋਂ ਵੀ ਘੱਟ ਸਮੇਂ ਵਿਚ ਗੁਰੂ ਗੋਬਿੰਦ ਸਿੰਘ ਭਵਨ ਦੀ ਇਮਾਰਤ ਤਿਆਰ ਹੋ ਗਈ ਸੀ। 2 ਸਤੰਬਰ 1969 ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਗੁਰਨਾਮ ਸਿੰਘ ਨੇ ਇਸ ਇਮਾਰਤ ਦਾ ਉਦਘਾਟਨ ਕਰ ਦਿੱਤਾ ਸੀ। ਇਸ ਦੇ ਬਾਹਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਸੰਦੇਸ਼ ਉਕਰਿਆ ਹੋਇਆ ਹੈ ਜਿਹੜਾ ਕਿ ਸਮੂਹ ਧਾਰਮਿਕ ਵਿਸ਼ਵਾਸਾਂ ਦੇ ਪੈਰੋਕਾਰਾਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣ ਦਾ ਪ੍ਰਤੀਕ ਹੈ।

ਇਸੇ ਸਾਲ (1969) ਸਮੁੱਚੇ ਸਿੱਖ ਜਗਤ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀਂ ਸ਼ਤਾਬਦੀ ਮਨਾਈ ਜਾ ਰਹੀ ਸੀ ਜਿਨ੍ਹਾਂ ਨੇ ‘ਨ ਕੋ ਹਿੰਦੂ ਨ ਮੁਸਲਮਾਨ’ ਦਾ ਸੰਦੇਸ਼ ਦੇ ਕੇ ਆਪਸੀ ਭੇਦਭਾਵ ਅਤੇ ਊਚ-ਨੀਚ ਦੀ ਭਾਵਨਾ ਨੂੰ ਦੂਰ ਕਰਨ ਦਾ ਕਾਰਜ ਕੀਤਾ ਸੀ। ਗੁਰੂ ਗੋਬਿੰਦ ਸਿੰਘ ਭਵਨ ਦੇ ਉਦਘਾਟਨ ਤੋਂ ਅਗਲੇ ਦਿਨ 3 ਸਤੰਬਰ 1969 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜਵੀਂ ਸ਼ਤਾਬਦੀ ਨੂੰ ਸਮਰਪਿਤ ਇਕ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਦੇਸ਼-ਵਿਦੇਸ਼ ਦੇ 60 ਤੋਂ ਵਧੇਰੇ ਵਿਦਵਾਨਾਂ ਨੇ ਹਿੱਸਾ ਲਿਆ ਸੀ। ‘ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿੱਖਿਆਵਾਂ’ ਵਿਸ਼ੇ ‘ਤੇ ਆਯੋਜਿਤ ਇਸ ਸੈਮੀਨਾਰ ਮੌਕੇ ਆਪਣੇ ਸਵਾਗਤੀ ਸ਼ਬਦਾਂ ਵਿਚ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਸ. ਕਿਰਪਾਲ ਸਿੰਘ ਨਾਰੰਗ ਨੇ ਗੁਰੂ ਗੋਬਿੰਦ ਸਿੰਘ ਭਵਨ ਸੰਬੰਧੀ ਕਿਹਾ ਕਿ ਇਸ ਇਮਾਰਤ ਦਾ ਨਕਸ਼ਾ ਇਥੇ ਸਥਾਪਿਤ ਕੀਤੇ ਜਾ ਰਹੇ ਧਰਮ ਅਧਿਐਨ ਵਿਭਾਗ ਦੇ ਸੰਕਲਪ ਦਾ ਸਾਕਾਰ ਰੂਪ ਹੈ। ਕਮਲ ਅਤੇ ਸਰੋਵਰ, ਕਿਸ਼ਤੀ ਅਤੇ ਦੁਨਿਆਵੀ ਭਵ-ਸਾਗਰ, ਅਮਰ ਜੋਤੀ, ਚਿੱਟਾ ਸੰਗਮਰਮਰ, ਸੁਰਗਾਂ ਵੱਲ ਦੇਖਦੀਆਂ ਮਹਿਰਾਬਾਂ ਅਤੇ ਮੂਰਤੀਕਲਾ ਇਸ ਭਵਨ ਵਿਚ ਵਿਸ਼ੇਸ਼ ਭਾਵ ਅਨੁਸਾਰ ਵਰਤੀਆਂ ਗਈਆਂ ਹਨ।

ਪੰਜਾਬ ਦੇ ਗਵਰਨਰ ਸ੍ਰੀ ਡੀ.ਸੀ. ਪਾਵਟੇ ਨੇ ਇਸ ਮੌਕੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਰੰਭ ਹੋ ਰਿਹਾ ਹੈ। ਇਸ ਮਨਮੋਹਕ ਅਤੇ ਆਕਰਸ਼ਿਤ ਇਮਾਰਤ ਵਿਚ ਇਸ ਤੋਂ ਵਧੀਆ ਨਿਵਾਸੀ (ਧਰਮ ਅਧਿਐਨ ਵਿਭਾਗ) ਹੋਰ ਕੋਈ ਨਹੀਂ ਹੋ ਸਕਦਾ।
ਗੁਰੂ ਗੋਬਿੰਦ ਸਿੰਘ ਭਵਨ ਦੇ ਅੰਦਰ ਵਿਭਿੰਨ ਧਰਮਾਂ ਨੂੰ ਦਰਸਾਉਂਦੇ ਪੰਜ ਅੰੰਗ ਹਨ। ਇਹਨਾਂ ਵਿਚੋਂ ਹਰ ਇਕ ਅੰਗ ਵਿਚ ਅਧਿਆਪਕਾਂ ਦੇ ਬੈਠਣ ਵਾਲੇ ਕਮਰੇ, ਸੰਬੰਧਿਤ ਧਰਮ ਦੀ ਲਾਇਬਰੇਰੀ ਅਤੇ ਇਕ ਕਮਰਾ ਸਾਧਨਾ ਕਰਨ ਲਈ ਰੱਖਿਆ ਗਿਆ ਸੀ। ਇਹਨਾਂ ਵਿਚੋਂ ਸਿੱਖ ਧਰਮ ਵਾਲੇ ਅੰਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿਥੇ ਮਰਯਾਦਾ ਅਨੁਸਾਰ ਛੋਟੇ-ਛੋਟੇ ਸਮਾਗਮ ਜਾਂ ਹੋਰ ਧਾਰਮਿਕ ਅਤੇ ਅਕਾਦਮਿਕ ਕਾਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਿੱਖ ਅਧਿਐਨ ਦੇ ਵਿਦਿਆਰਥੀਆਂ ਨੂੰ ਇਥੇ ਗੁਰਮਤਿ ਮਰਯਾਦਾ ਸਿਖਾਈ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਭਵਨ ਦੇ ਹਾਲ ਵਿਚ ਇਹ ਪੰਜ ਅੰਗ ਦੇਖਣ ਨੂੰ ਵੱਖ-ਵੱਖ ਨਜ਼ਰ ਆਉਂਦੇ ਹਨ ਪਰ ਉਤੇ ਜਾ ਕੇ ਇਕ ਦੂਜੇ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਭਵਨ ਏਕਤਾ ਵਿਚ ਅਨੇਕਤਾ ਅਤੇ ਅਨੇਕਤਾ ਹੁੰਦੇ ਹੋਏ ਇਕ ਨਾਲ ਜੁੜ੍ਹਨ ਦਾ ਪ੍ਰਤੀਕ ਹੈ। ਸਿਖ਼ਰ ‘ਤੇ ਜਾ ਕੇ ਜਿਥੇ ਇਹ ਪੰਜ ਅੰਗ ਜੁੜਦੇ ਹਨ ਉਥੇ ਉਪਰ ਬਾਹਰ ਵਾਲੇ ਪਾਸੇ ਇਕ ਉੱਚੀ ਜੋਤ-ਰੂਪੀ ਲਾਇਟ ਲੱਗੀ ਹੋਈ ਹੈ ਜਿਹੜੀ ਕਿ ਪਰਮਸਤਿ ਅਤੇ ਪਰਮ-ਗਿਆਨ ਦਾ ਪ੍ਰਤੀਕ ਹੈ। ਭਵਨ ਦੇ ਬਾਹਰ ਦਿਲ ਦੇ ਆਕਾਰ ਵਾਲੀ ਇਕ ਕਲਾ-ਕ੍ਰਿਤੀ ਮੋਜੂਦ ਹੈ ਜਿਹੜੀ ਕਿ ਬੰਦਗੀ ਦੀ ਪ੍ਰਤੀਕ ਹੈ। ਇਸ ਦੇ ਹੇਠਾਂ ਲਿਖੇ ਹੋਏ ਸ਼ਬਦ ‘Let me repose for ever at Thy feet’ ਪਰਮਾਤਮਾ ਦੇ ਚਰਨਾਂ ਵਿਚ ਸ਼ਾਂਤੀ ਪ੍ਰਾਪਤ ਹੋਣ ਦਾ ਪ੍ਰਗਟਾਵਾ ਕਰਦੇ ਹਨ। ਇਸ ਕਲਾ-ਕ੍ਰਿਤੀ ਵਿਚ ਸੱਜੇ ਪਾਸੇ ਬਣੇ ਹੋਏ ਪੰਜ ਨਿਸ਼ਾਨ ਅਧਿਆਤਮਿਕ ਉੱਚਤਾ ਦੇ ਪੜਾਵਾਂ ਦਾ ਪ੍ਰਤੀਕ ਮੰਨੇ ਜਾਂਦੇ ਹਨ। ਇਸ ਦੇ ਵਿਚਕਾਰ ਬਣਿਆ ਹੋਇਆ ਗੋਲਾਕਾਰ ਛੇਕ ਮਨ ਦੀ ਪਾਰਦਰਸ਼ਤਾ ਵੱਲ ਸੰਕੇਤ ਕਰਦਾ ਹੈ। ਇਸ ਤਰ੍ਹਾਂ ਇਹ ਸਮੁੱਚੀ ਕਲਾ-ਕ੍ਰਿਤੀ ਸਾਧਨਾ ਕਰਦੇ ਹੋਏ ਅਧਿਆਤਮਿਕ ਉੱਚਤਾ ਦੀਆਂ ਪਉੜੀਆਂ ਚੜ੍ਹ ਕੇ ਪਰਮਾਤਮਾ ਨਾਲ ਮਿਲਾਪ ਦੀਆਂ ਪ੍ਰਤੀਕ ਹਨ।

ਗੁਰੂ ਗੋਬਿੰਦ ਸਿੰਘ ਭਵਨ ਵਿਚ ਦੋ ਵਿਭਾਗ ਕਾਰਜਸ਼ੀਲ ਹਨ – ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਤੇ ਪ੍ਰੋ. ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ। ਗੁਰੂ ਗੋਬਿੰਦ ਸਿੰਘ ਭਵਨ ਦੇ ਅਰੰਭ ਤੋਂ ਹੀ ਧਰਮ ਅਧਿਐਨ ਵਿਭਾਗ ਇਥੇ ਕਾਰਜਸ਼ੀਲ ਹੈ। ਇਹ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ. ਕਿਰਪਾਲ ਸਿੰਘ ਨਾਰੰਗ ਅਤੇ ਪ੍ਰੋ. ਹਰਬੰਸ ਸਿੰਘ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਪਹਿਲਾਂ ਇਹ ਖੋਜ ਵਿਭਾਗ ਸੀ ਅਤੇ ਫਿਰ ਇਸ ਨੂੰ ਅਧਿਆਪਨ ਵਿਭਾਗ ਵਿਚ ਤਬਦੀਲ ਕਰ ਦਿੱਤਾ ਗਿਆ। ਭਾਰਤੀ ਅਤੇ ਪੱਛਮੀ ਏਸ਼ੀਆ ਦੇ ਪ੍ਰਮੁਖ ਧਰਮਾਂ ਦਾ ਅਧਿਐਨ ਇਸ ਵਿਭਾਗ ਵਿਚ ਕਰਵਾਇਆ ਜਾਂਦਾ ਹੈ।
ਸ੍ਰੀ ਯਸ਼ਵੰਤਰਾਉ ਬੀ. ਚਵਾਨ, ਭਾਰਤ ਦੇ ਗ੍ਰਹਿ ਮੰਤਰੀ, ਨੇ ਇਸ ਵਿਭਾਗ ਦੇ ਅਰੰਭ ਹੋਣ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਧਰਮ ਅਧਿਐਨ ਵਿਭਾਗ ਦੀ ਸਥਾਪਨਾ ਕੀਤੀ ਹੈ। ਇਹ ਇਕ ਕਲਪਨਾਮਈ ਕਦਮ ਹੈ ਅਤੇ ਇਸ ਫ਼ੈਸਲੇ ਲਈ ਮੈਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਧਰਮ ਅਧਿਐਨ ਦਾ ਵਿਧੀਵਤ ਅਤੇ ਵਿਗਿਆਨਕ ਅਧਿਐਨ ਧਰਮ-ਸੂਤਰਾਂ ‘ਤੇ ਚੜ੍ਹੇ ਹੋਏ ਮੁਲੱਮੇ ਅਤੇ ਬੁਨਿਆਦੀ ਸਿਧਾਂਤਾਂ ਨੂੰ ਵੱਖ ਕਰ ਦੇਵੇਗਾ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਯਤਨ ਵਿਭਿੰਨ ਧਰਮਾਂ ਦੇ ਸ਼ਰਧਾਲੂਆਂ ਵਿਚਕਾਰ ਸੂਝ ਅਤੇ ਸਤਿਕਾਰ ਨੂੰ ਉਤਸ਼ਾਹਿਤ ਕਰਨ ਵਿਚ ਯੋਗਦਾਨ ਪਾਵੇਗਾ।
ਹਿੰਦੂ ਧਰਮ ਦੇ ਉੱਘੇ ਵਿਦਵਾਨ ਸ੍ਰੀ ਕੇ.ਐਲ. ਸੇਸ਼ਾਗਿਰੀ ਰਾਉ ਅਰੰਭ ਤੋਂ ਹੀ ਇਸ ਵਿਭਾਗ ਨਾਲ ਜੁੜੇ ਰਹੇ ਹਨ। ਇਸ ਵਿਭਾਗ ਸੰਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਉਹ ਕਹਿੰਦੇ ਹਨ ਕਿ ਧਰਮ ਦੇ ਖੇਤਰ ਵਿਚ ਸਥਾਪਿਤ ਕੀਤਾ ਜਾ ਰਿਹਾ ਇਹ ਸੁਤੰਤਰ ਵਿਭਾਗ ਵਿਸ਼ੇਸ਼ ਅਰਥ ਪ੍ਰਦਾਨ ਕਰਨ ਵਾਲਾ ਅਤੇ ਸਾਡੇ ਦੇਸ਼, ਜਿਥੇ ਵਿਭਿੰਨ ਧਰਮਾਂ ਵਿਚ ਵਿਸ਼ਵਾਸ ਦੀ ਖੁੱਲ੍ਹ ਹੈ, ਦੀ ਭਾਵਨਾ ਨਾਲ ਸੰਬੰਧਿਤ ਹੈ। ਇਸ ਨੇ ਮਾਨਵਿਕੀ ਖੋਜ ਅਤੇ ਅਧਿਐਨ ਲਈ ਨਵੀਆਂ ਦਿਸ਼ਾਵਾਂ ਅਤੇ ਸੰਭਾਵਨਾਵਾਂ ਦਾ ਮਾਰਗ ਖੋਲਿਆ ਹੈ। ਇਸ ਨੇ ਵਿਭਿੰਨ ਧਾਰਮਿਕ ਪਰੰਪਰਾਵਾਂ ਦੇ ਗੰਭੀਰ ਅਤੇ ਨਿਰਪੱਖ ਅਧਿਐਨ ਅਤੇ ਧਰਮ ਦੀ ਸੂਝ ਪੈਦਾ ਅਤੇ ਪ੍ਰਦਾਨ ਕਰਨ ਲਈ ਲੋੜੀਂਦਾ ਮੌਕਾ ਅਤੇ ਵਾਤਾਵਰਣ ਪ੍ਰਦਾਨ ਕੀਤਾ ਹੈ।
ਪ੍ਰੋ. ਹਰਬੰਸ ਸਿੰਘ ਅਤੇ ਸ੍ਰੀ ਕੇ.ਐਲ. ਸੇਸ਼ਾਗਿਰੀ ਰਾਉ ਤੋਂ ਇਲਾਵਾ ਪ੍ਰੋ. ਮੁਸ਼ੀਰ ਉਲ ਹਕ, ਡਾ. ਐਲ.ਐਮ. ਜੋਸ਼ੀ, ਡਾ. ਕੇ.ਆਰ. ਸੁੰਦਰਰਾਜਨ, ਸ੍ਰੀ ਐਮ.ਪੀ. ਕ੍ਰਿਸਟਾਨੰਦ ਪਿੱਲੇ, ਪ੍ਰੋ. ਗੁਰਬਚਨ ਸਿੰਘ ਤਾਲਿਬ, ਡਾ. ਅਵਤਾਰ ਸਿੰਘ, ਡਾ. ਮਹਿਮੂਦ ਅਲ ਹਸਨ, ਡਾ. ਅਰਸ਼ਦ ਹੁਸੈਨ, ਡਾ. ਵਜ਼ੀਰ ਸਿੰਘ, ਡਾ. ਥਾਮਸ ਅਤੇ ਡਾ. ਵਲੀਆਮੰਗਲਮ, ਡਾ. ਅਨੰਦ ਸਪੈਂਸਰ, ਡਾ. ਅਤੁਲ ਨਾਥ ਸਿਨਹਾ, ਡਾ. ਭਾਸਵਤੀ ਸਿਨਹਾ, ਡਾ. ਨਿਰਭੈ ਸਿੰਘ, ਡਾ. ਦਰਸ਼ਨ ਸਿੰਘ, ਡਾ. ਪ੍ਰਦੁਮਨ ਸ਼ਾਹ ਸਿੰਘ ਆਦਿ ਵਿਦਵਾਨ ਇਸ ਵਿਭਾਗ ਵਿਚ ਸੇਵਾ ਕਰਦੇ ਰਹੇ ਹਨ। ਮੌਜੂਦਾ ਸਮੇਂ ਵਿਚ ਡਾ. ਹਰਪਾਲ ਸਿੰਘ ਪੰਨੂ (ਪੁਨਰ-ਨਿਯੁਕਤ), ਡਾ. ਰਾਜਿੰਦਰ ਕੌਰ ਰੋਹੀ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਮੁਹੰਮਦ ਹਬੀਬ, ਡਾ. ਗੁਰਮੇਲ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਰਿਤੁ ਰਾਜ ਇਸ ਵਿਭਾਗ ਵਿਚ ਸੇਵਾ ਨਿਭਾਅ ਰਹੇ ਹਨ।

ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਚ ਧਰਮ ਅਧਿਐਨ ਅਤੇ ਸਿੱਖ ਅਧਿਐਨ ਦੇ ਕੋਰਸ ਸਫ਼ਲਤਾ ਪੂਰਵਕ ਚੱਲ ਰਹੇ ਹਨ। ਇਥੇ ਪੜ੍ਹਨ ਵਾਲੇ ਵਿਦਿਆਰਥੀ ਦੇਸ਼-ਵਿਦੇਸ਼ ਦੇ ਵਿੱਦਿਅਕ ਅਦਾਰਿਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਵਿਚ ਸੇਵਾ ਨਿਭਾ ਰਹੇ ਹਨ। ਇਸ ਵਿਭਾਗ ਵਿਚ ਪੜ੍ਹਨ ਵਾਲੇ ਅੰਮ੍ਰਿਤਧਾਰੀ

ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ। ਭਾਰਤ ਦੀਆਂ ਵਿਭਿੰਨ ਸੰਸਥਾਵਾਂ ਤੋਂ ਵਜ਼ੀਫ਼ੇ ਪ੍ਰਾਪਤ ਕਰ ਕੇ ਵਿਦਿਆਰਥੀ ਇਸ ਸੰਸਥਾ ਦਾ ਮਾਣ ਵਧਾ ਰਹੇ ਹਨ।

ਇਸੇ ਇਮਾਰਤ ਵਿਚ ਇਕ ਹੋਰ ਵਿਭਾਗ, ਸਿੱਖ ਵਿਸ਼ਵਕੋਸ਼ ਵਿਭਾਗ, ਵੀ ਕਾਰਜਸ਼ੀਲ ਹੈ ਜਿਹੜਾ ਕਿ ਕਿਸੇ ਸਮੇਂ ਧਰਮ ਅਧਿਐਨ ਵਿਭਾਗ ਦੇ ਇਕ ਸੈਲ ਵੱਜੋਂ ਕਾਰਜ ਕਰਦਾ ਸੀ। ਪ੍ਰੋ. ਹਰਬੰਸ ਸਿੰਘ ਇਸ ਸੈਲ ਦੀ ਰੂਹ ਸਨ। 7 ਜੂਨ 1998 ਨੂੰ ਇਹਨਾਂ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ, ਬਹਾਦਰਗੜ੍ਹ ਸਾਹਿਬ ਵਿਖੇ ਹੋਈ ਸੀ ਜਿਸ ਵਿਚ ਹਾਜ਼ਰ ਸ਼ਖ਼ਸੀਅਤਾਂ ਨੇ ਪ੍ਰੋ. ਸਾਹਿਬ ਦੀ ਯਾਦ ਵਿਚ ਢੁਕਵੀਂ ਯਾਦਗਾਰ ਸਥਾਪਿਤ ਕਰਨ ਲਈ ਜੋਰ ਪਾਇਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਨੇ ਬਿਨਾਂ ਦੇਰੀ ਕੀਤੇ ਉਹਨਾਂ ਵੱਲੋਂ ਚਲਾਏ ਜਾ ਰਹੇ ਸੈਲ ਨੂੰ ਸੁਤੰਤਰ ਵਿਭਾਗ ਦਾ ਰੂਪ ਪ੍ਰਦਾਨ ਕਰ ਦਿੱਤਾ। ਸੈਲ ਵਿਚ ਪ੍ਰੋ. ਹਰਬੰਸ ਸਿੰਘ ਕੋਲ ‘ਦ ਇਨਸਾਈਕਲੋਪੀਡੀਆ ਆਫ਼ ਸਿੱਖ਼ਿਜ਼ਮ’ ਤਿਆਰ ਕਰਨ ਦਾ ਪ੍ਰੋਜੈਕਟ ਸੀ ਅਤੇ ਇਸ ਵੱਡੇ ਕਾਰਜ ਨੂੰ ਸਿਰੇ ਚਾੜ੍ਹਨ ਲਈ ਜਿਹੜੀ ਟੀਮ ਕਾਰਜ ਕਰ ਰਹੀ ਸੀ ਉਹਨਾਂ ਵਿਚ ਸ. ਹਰਮਿੰਦਰ ਸਿੰਘ ਕੋਹਲੀ, ਸ. ਸਰਦਾਰ ਸਿੰਘ ਭਾਟੀਆ, ਡਾ. ਧਰਮ ਸਿੰਘ, ਡਾ. ਗੁਰਨੇਕ ਸਿੰਘ, ਮੇਜਰ ਗੁਰਮੁਖ ਸਿੰਘ (ਰਿਟਾ.), ਗੁਰਚਰਨ ਸਿੰਘ ਗਿਆਨੀ ਆਦਿ ਸ਼ਾਮਲ ਸਨ। ਮੌਜੂਦਾ ਸਮੇਂ ਵਿਚ ਡਾ. ਜੋਧ ਸਿੰਘ, ਡਾ. ਪਰਮਵੀਰ ਸਿੰਘ ਅਤੇ ਡਾ. ਜਸਪ੍ਰੀਤ ਕੌਰ ਸੰਧੂ ਇਸ ਵਿਭਾਗ ਵਿਚ ਕਾਰਜਸ਼ੀਲ ਹਨ।

ਗੁਰੂ ਗੋਬਿੰਦ ਸਿੰਘ ਭਵਨ ਵਿਖੇ ਕਾਰਜ ਕਰਨ ਵਾਲੇ ਅਧਿਆਪਕਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਯੂਨੀਵਰਸਿਟੀ ਦੀ ਪਛਾਣ ਕਾਇਮ ਕਰਨ ਵਿਚ ਯੋਗਦਾਨ ਪਾਇਆ ਹੈ। ਇਥੇ ਕੰਮ ਕਰਨ ਵਾਲੇ ਅਧਿਆਪਕਾਂ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਬਹੁਤ ਸਾਰੀਆਂ ਪੁਸਤਕਾਂ ਯੂਨੀਵਰਸਿਟੀ ਦਾ ਸ਼ਿੰਗਾਰ ਹਨ। ਸੈਮੀਨਾਰਾਂ, ਗੋਸ਼ਟੀਆਂ ਅਤੇ ਕਾਨਫ਼ਰੰਸਾਂ ਦਾ ਆਯੋਜਨ ਕਰਨ ਦੇ ਨਾਲ-ਨਾਲ ਹੋਰਨਾਂ ਸੰਸਥਾਵਾਂ ਵਿਚ ਹੋਣ ਵਾਲੇ ਸਮਾਗਮਾਂ ਵਿਚ ਇਹ ਨਿਰੰਤਰ ਹਿੱਸਾ ਲੈਂਦੇ ਹਨ।

ਗੁਰੂ ਗੋਬਿੰਦ ਸਿੰਘ ਭਵਨ ਦੀ ਇਮਾਰਤ ਬਹੁਤ ਵਿਸ਼ਾਲ ਅਤੇ ਦਰਸ਼ਨੀ ਹੈ। ਇਸ ਦੇ ਚਾਰ-ਚੁਫ਼ੇਰੇ ਖੁੱਲ੍ਹਾ-ਡੁੱਲ੍ਹਾ ਵਾਤਾਵਰਨ ਗਰਮੀਆਂ ਅਤੇ ਸਰਦੀਆਂ ਦੇ ਦਿਨਾਂ ਵਿਚ ਵੀ ਦੂਰ ਨਹੀਂ ਜਾਣ ਦਿੰਦਾ। ਇਸ ਦੇ ਚਾਰੇ ਪਾਸੇ ਖੁਲ੍ਹੇ ਲਾਅਨ ਅਤੇ ਖਿੜੇ ਹੋਏ ਫੁੱਲ੍ਹ ਇਸ ਦੀ ਸੁੰਦਰਤਾ ਵਿਚ ਹੋਰ ਵਾਧਾ ਕਰ ਦਿੰਦੇ ਹਨ। ਗਰਮੀਆਂ ਨੂੰ ਸ਼ਾਮ ਦੇ ਸਮੇਂ ਅਤੇ ਸਰਦੀਆਂ ਦੇ ਮੌਸਮ ਵਿਚ ਹਰ ਵੇਲੇ ਇਸ ਦੇ ਆਲੇ-ਦੁਆਲੇ ਚਹਿਲ-ਪਹਿਲ ਬਣੀ ਰਹਿੰਦੀ ਹੈ। ਵਿਦਿਆਰਥੀਆਂ ਦੁਆਰਾ ਸੈਲਫ਼ੀਆਂ ਖਿੱਚਣੀਆਂ ਅਤੇ ਸੈਲਾਨੀਆਂ ਦੁਆਰਾ ਇਸ ਨੂੰ ਦੇਖਦੇ ਰਹਿ ਜਾਣਾ ਆਮ ਗੱਲ ਹੈ। ਕੋਈ ਇਸ ਨੂੰ ਗੁਰਦੁਆਰਾ ਸਮਝ ਕੇ ਬਾਹਰੋਂ ਮੱਥਾ ਟੇਕ ਜਾਂਦਾ ਹੈ ਅਤੇ ਕੋਈ ਇਸ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਪੇਟਿੰਗਜ਼ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ ਹੈ। ਬਾਹਰੋਂ ਯੂਨੀਵਰਸਿਟੀ ਵਿਖੇ ਟੂਰ ‘ਤੇ ਆਏ ਬੱਚੇ ਇਸ ਦੀ ਖੂਬਸੂਰਤੀ ਅਤੇ ਵਿਸ਼ਾਲਤਾ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ।

ਇਹ ਇਮਾਰਤ ਦੇਖਣ ਵਿਚ ਜਿੰਨੀ ਸੁੰਦਰ ਅਤੇ ਮਨਮੋਹਕ ਹੈ, ਇਸ ਦੀ ਸਾਂਭ-ਸੰਭਾਲ ਦਾ ਖਰਚਾ ਵੀ ਉਨਾ ਹੀ ਜ਼ਿਆਦਾ ਹੈ। ਇੰਡੀਅਨ ਸਾਇੰਸ ਕਾਂਗਰਸ ਵੇਲੇ ਤਤਕਾਲੀ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਨੇ ਇਸ ਦੀ ਦਿੱਖ ਬਦਲਣ ਦਾ ਸਫ਼ਲ ਯਤਨ ਕੀਤਾ ਸੀ। ਅੰਦਰੋਂ ਅਤੇ ਬਾਹਰੋਂ ਇਸ ਇਮਾਰਤ ਦਾ ਕਾਇਆ-ਕਲਪ ਕਰਨ ਦੇ ਭਰਪੂਰ ਯਤਨ ਕੀਤੇ ਗਏ ਸਨ। ਭਵਨ ਦੇ ਬਾਹਰ ਚਾਰ ਕੋਨਿਆਂ ਵਿਚ ਚਾਰ ਵੱਡੇ ਫ਼ੁਆਰੇ ਲਗਾਏ ਗਏ ਸਨ ਜਿਹੜੇ ਕਿ ਹੁਣ ਤੱਕ ਇਸ ਇਮਾਰਤ ਦੀ ਸ਼ੋਭਾ ਵਧਾਉਣ ਵਿਚ ਯੋਗਦਾਨ ਪਾ ਰਹੇ ਹਨ। ਇਸ ਤੋਂ ਬਾਅਦ ਡਾ. ਜਸਪਾਲ ਸਿੰਘ ਨੇ ਇਸ ਇਮਾਰਤ ਦੇ ਲਗਪਗ 80 ਫੁੱਟ ਉੱਚੇ ਕੰਕਰੀਟ ਦੇ ਥੰਮਾਂ ਨੂੰ ਪਹਿਲੀ ਵਾਰੀ ਅੰਦਰੋਂ ਅਤੇ ਬਾਹਰੋਂ ਰੰਗ ਕਰਵਾ ਕੇ ਇਸ ਇਮਾਰਤ ਦੇ ਕੁੱਝ ਕਮਰਿਆਂ ਅਤੇ ਹਾਲ ਵਿਚ ਵੱਡਾ ਏ.ਸੀ ਲਗਾਉਣ ਦੇ ਨਾਲ-ਨਾਲ ਲੱਕੜੀ ਦਾ ਆਲੀਸ਼ਾਨ ਕੰਮ ਕਰਵਾਇਆ ਸੀ।
ਇਸੇ ਸਾਲ 27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਭਵਨ ਦਾ ਗੋਲਡਨ ਜੁਬਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਚਿੰਨ੍ਹ ਵੱਜੋਂ ਜਾਣੀ ਜਾਂਦੀ ਇਹ ਇਮਾਰਤ ਇਕ ਵਾਰੀ ਫੇਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਭੂਰੇ ਸਿੰਘ ਘੁੰਮਣ ਅਤੇ ਹੋਰਨਾਂ ਅਧਿਕਾਰੀਆਂ ਦੀ ਨਜ਼ਰ ਵਿਚ ਆਈ ਹੈ। ਭਵਨ ਦੀ ਬਾਹਰੀ ਦਿੱਖ ਸੁੰਦਰ ਬਣਾਉਣ ਲਈ ਰੰਗ-ਰੋਗਨ ਕੀਤਾ ਜਾ ਰਿਹਾ ਹੈ ਅਤੇ ਸਮਾਗਮ ਦੇ ਦਿਨਾਂ ਦੌਰਾਨ ਹੋਰ ਵੀ ਕਈ ਤਰ੍ਹਾਂ ਦੇ ਅਕਾਦਮਿਕ ਅਤੇ ਧਾਰਮਿਕ ਕਾਰਜ ਅਤੇ ਸਮਾਗਮ ਕੀਤੇ ਜਾਣੇ ਹਨ। ਗੁਰੂ ਗੋਬਿੰਦ ਸਿੰਘ ਭਵਨ ਦੇ 50 ਸਾਲ ਪੂਰੇ ਹੋਣ ‘ਤੇ ਆਪ ਸਭ ਨੂੰ ਵਧਾਈ ਹੈ।

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker