OPINIONPunjab

Guru Granth Sacrilidge: ਦੁਖਦਾਈ ਵਰਤਾਰਾ ਹੈ ਈਸ਼ ਬੇਅਦਬੀ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਅਾਂ ਘਟਨਾਵਾਂ ਨੇ ਸਿੱਖ ਮਾਨਸਿਕਤਾ ਨੂੰ ਝੰਜੋੜ ਕੇ ਰਖ ਦਿੱਤੈ

team p4punjab.com

ਪਿਛਲੇ ਕਾਫੀ ਸਮੇ ਤੋ, ਪਹਿਲਾਂ ਸਿੱਖ ਗੁਰੂ ਸਾਹਿਬਾਨ ਅਤੇ ਹੁਣ ਸਿੱਧੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਮਾਨਸਿਕਤਾ ਨੂੰ ਝਜੋੜ ਕੇ ਰਖ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਿਤ ਨਵੇ ਮਾਮਲੇ ਸਿੱਖ ਕੌਮ ਲਈ ਜਿਥੇ ਦੁੱਖ ਦਾ ਕਾਰਨ ਹਨ, ਉਥੇ ਸ਼ਰਮਨਾਕ ਵੀ ਹਨ। ਬੀਮਾਰ ਮਾਨਸਿਕਤਾ ਵਾਲੇ ਲੋਕ ਅਜਿਹੀਆਂ ਘਟਨਾਵਾਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤਿ ਅਤੇ ਜ਼ਿੰਦਾ ਗੁਰੂ ਮੰਨਦੇ ਹਨ ਤੇ ਬੇਅਦਬੀ ਕਰਤਾ ਸਿੱਖਾਂ ਦੇ ਵਿਸ਼ਵਾਸ ਨੂੰ ਢਾਹ ਲਾਉਂਣ ਲਈ ਬੇਅਦਬੀ ਦੀਆਂ ਘਟਨਾਵਾ ਕਰਦੇ ਹਨ। ਇਸ ਪਿਛੇ ਇਕ ਗਿਣੀ ਮਿਥੀ ਸ਼ਾਜਿਸ਼ ਹੈ ਜੋ ਬੇਨਕਾਬ ਕਰਨ ਦੀ ਲੋੜ ਹੈ।

ਇਸ ਮਾਮਲੇ ਨੂੰ ਹਲ ਕਰਨ ਲਈ ”ਗੁਰਮੁਖਿ ਬੈਸਹੁ ਸਫਾਂ ਬਿਛਾਈ” ਵਾਲੀ ਸੋਚ ਅਪਣਾਉਂਣ ਦੀ ਜ਼ਰੂਰਤ ਹੈ। ਸਿੱਖ ਜਥੇਬੰਦੀਆਂ ਨੂੰ ਜਿੰਨਾਂ ਸੁਚੇਤ ਹੋ ਕੇ ਵਿਚਰਣ ਦੀ ਲੋੜ ਹੈ ਉਹ ਉਸ ਵਿਚ ਅਸਫਲ ਸਾਬਤ ਹੋਈਆਂ ਨਜ਼ਰ ਆ ਰਹੀਆਂ ਹਨ।

ਇਸ ਤੋ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਦੇ ਨਾਮ ਤੇ ਬਣੀਆਂ ਸਤਿਕਾਰ ਕਮੇਟੀਆਂ ਦਾ ਤਾਲਿਬਾਨੀਕਰਨ ਤੇ ਹੁਣ ਬੇਅਦਬੀ ਦੀਆਂ ਘਟਨਾਵਾਂ ਸਿੱਖ ਹਿਰਦਿਆਂ ਨੂੰ ਚੀਰ ਰਹੀਆਂ ਹਨ। ਪਹਿਲਾਂ ”ਸਤਿਕਾਰ” ਦੇ ਨਾਮ ਤੇ ਬੇਅਦਬੀ ਤੇ ਹੁਣ ਕੁਝ ਅਣਪਛਾਤੀਆ ਤਾਕਤਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਸਿਰੇ ਚਾੜ ਰਹੀਆਂ ਹਨ। ਇਸ ਦੇ ਹਲ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਪਰ ਹਨੇ ਹਨੇ ਮੀਰੀ ਦੇ ਚਾਹਵਾਨ ਗੁਰੂ ਦੇ ਨਾਮ ਤੇ ਇਕ ਹੋਣ ਲਈ ਤਿਆਰ ਨਹੀ। ਮੈ ਵਡਾ ਦੀ ਸੋਚ ਭਾਰੂ ਹੈ ਤੇ ਕੋਈ ਵੀ ਝੁਕਣ ਲਈ ਤਿਆਰ ਨਹੀ।

ਹੈਰਾਨਗੀ ਦੀ ਗਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਾਹਿਬਾਨ , ਸ਼੍ਰੋਮਣੀ ਕਮੇਟੀ ਵੀ ਇਸ ਸਭ ਵਿਚ, ਕੁਝ ਵੀ ਨਾ ਕਰ ਸਕਣ ਦੀ ਸਥਿਤੀ ਵਿਚ ਹਨ। ਜਥੇਦਾਰ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਹਨ। ਜੇਕਰ ਜਥੇਦਾਰਾਂ ਨੇ ਅਤੀਤ ਵਿਚ ਕਿਸੇ ਮੌਰਚੇ ਦੀ ਅਗਵਾਈ ਕੀਤੀ ਸੀ ਤਾਂ ਉਸ ਦਾ ਹਸ਼ਰ ਸਭ ਦੇ ਸਾਹਮਣੇ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੇ ਤੌਰ ਤੇ ਯਤਨ ਤਾਂ ਕਰਦਾ ਹੈ ਪਰ ਬੇਬਸ ਪ੍ਰਧਾਨ ਵੀ ਇਨਾਂ ਤਾਕਤਾਂ ਦੇ ਅਗੇ ਕਈ ਵਾਰ ਹਾਰ ਜਾਂਦਾ ਹੈ। ਪਿੰਡ ਪਿੰਡ ਵਿਚ ਜਾਤ ਦੇ ਨਾਮ ਤੇ , ਭਗਤ ਸਾਹਿਬਾਨ ਦੇ ਨਾਮ ਤੇ ਫੋਕੀਆਂ ਚੋਧਰਾਂ ਦਿਖਾਉਂਣ ਲਈ ਬਣਾਏ ਗੁਰੂ ਘਰਾਂ ਦੀ ਹਾਲਤ ਦੇਖ ਕੇ ਅਫਸੋਸ ਹੁੰਦਾ ਹੈ।

ਬੀਤੇ ਸਮੇ ਵਿਚ ਬਿਆਸ ਦੇ ਪਿੰਡ ਪੱਤੀ ਵੜੈਚ ਦੇ ਇਕ ਗੁਰੂ ਘਰ ਨੂੰ ਢਾਹੇ ਜਾਣ ਤੋ ਬਾਅਦ ਪੈਦਾ ਹੋਏ ਸ਼ਘੰਰਸ਼ ਨੇ ਕਈ ਅਜਿਹੀਆਂ ਕਹਾਣੀਆਂ ਨੂੰ ਬੇਨਕਾਬ ਕੀਤਾ ਜੋ ਸਿੱਖਾਂ ਦਾ ਸਿਰ ਨੀਵਾਂ ਕਰਨ ਲਈ ਕਾਫੀ ਸਨ। ਇਲਾਕਾ ਵਸਨੀਕ ਦਸਦੇ ਸਨ ਕਿ ਗੁਰੂ ਘਰ ਵਿਚ ਕਈ ਸਾਲ ਤੋ ਬਿਜਲੀ ਵੀ ਨਹੀ ਸੀ ਤੇ ਬਰਸਾਤਾਂ ਦੇ ਦਿਨਾਂ ਵਿਚ ਕਚੇ ਕੋਠੇ ਵਿਚ ਪਾਣੀ ਸਿਮਦਾ ਸੀ। ਉਦੋ ਕਿਸੇ ਦੇ ਧਿਆਨ ਵਿਚ ਨਹੀ ਆਇਆ। ਇਕ ”ਸ੍ਰੀ ਅਕਾਲ ਤਖ਼ਤ ਸਾਹਿਬ ਸੇਵਕ ਜੱਥਾ” ਬਣਿਆ ਜੋ ਸਿੱਧਾ ਹੀ ਗੁਰੂ ਘਰ ਦੇ ਨਾਮ ਤੇ ਹੀ ”ਮੋਰਚਾ ਫ਼ਤਹਿ” ਕਰ ਆਇਆ। ਬੇਸ਼ਕ ਅੱਜ ਉਸ ਦੇ ਆਗੂ ਆਪੇ ਹੀ ਸਭ ਕੁਝ ਬਣੇ ਹੋਏ ਹਨ। ਪਰ ਲੋਕਾਂ ਦੀ ਸਿਮਰਤੀ ਵਿਚ ਉਹ ਸਭ ਘਟਨਾਵਾਂ ਸਜਰੀਆਂ ਹਨ।

ਅੰਮ੍ਰਿਤਸਰ ਦੇ ਮੀਰਾਂ ਕੋਟ ਇਲਾਕੇ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੇ ਦਰਜ ਐਫ ਆਈ ਆਰ ਪੜ ਕੇ ਦਿਲ ਖੂਨ ਦੇ ਹੰਝੂ ਰੋਂਦਾ ਹੈ, ਕਿਉਂਕਿ ਇਸ ਐਫ ਆਈ ਆਰ ਵਿਚ ਦਰਜ ਨਾਮ ਤਾਂ ”ਪੰਥ ਕਹਾਉਂਣ ਵਾਲਿਆ” ਦੇ ਹਨ। ਇਸ ਮਾਮਲੇ ਦੇ ਹਲ ਵਲ ਧਿਆਨ ਦੇਣ ਦੀ ਲੋੜ ਹੈ। ਸਭ ਤੋ ਪਹਿਲਾਂ ਜਿਸ ਪਿੰਡ ਵਿਚ ਸ਼ਹਿਰ ਵਿਚ ਇਕ ਜਾਂ ਇਕ ਤੋ ਵਧ ਗੈਰ ਇਤਿਹਾਸਕ ਗੁਰੂ ਘਰ ਹਨ ਉਥੋ :-
– ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਟਾ ਕੇ ਉਥੇ ਹਸਪਤਾਲ,      ਲਾਇਬਰੇਰੀ ਜਾਂ ਸਕੂਲ ਆਦਿ ਖੋਹਲ ਦੇਣੇ ਚਾਹੀਦੇ ਹਨ।
– ਹਰ ਗੁਰੂ ਘਰ ਵਿਚ ਠੀਕਰੀ ਪਹਿਰਾ ਲਾਜ਼ਮੀ ਚਾਹੀਦਾ ਹੈ।
– ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਗੁਰੂ ਘਰ ਦੇ ਭਾਈ ਸਾਹਿਬ ਨੂੰ  ਤਨਖ਼ਾਹ ਦੇਣ ਲਗਿਆ ਕਿਰਸ ਨਹੀ ਕਰਨੀ ਚਾਹੀਦੀ ਤਾਂ ਕਿ  ਭਾਈ ਸਾਹਿਬ ਵੀ ਆਰਥਿਕ ਪੱਖੋ ਮਜਬੂਤ ਹੋਵੇ।
– ਲਾਜ਼ਮੀ ਹੋਵੇ ਕਿ ਗੁਰੂ ਘਰ ਵਿਚ ਸੀ ਸੀ ਟੀਵੀ ਕੈਮਰੇ ਜ਼ਰੂਰੀ  ਹੋਣ।
– ਸਰਕਾਰ ਵੀ ਸਿਰਫ ਪਰਚਾ ਦਰਜ ਕਰਨ ਤਕ ਹੀ ਸੀਮਤ    ਨਾ ਰਹੇ ਬਲਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਲਈ ਵਚਨ ਬੱਧ  ਹੋਣ।

ਸਰਦਾਰ ਚਰਨਜੀਤ ਸਿੰਘ
ੲਿੰਚਾਰਜ, ਮਾਝਾ, ਪੱਤਾ ਪੱਤਾ ਪੰਜਾਬ

Tags
Show More