OPINION

Guru Ramdas: Life, Personality and Bani

ਗੁਰੂ ਰਾਮਦਾਸ ਜੀ: ਜੀਵਨ ਅਤੇ ਰਚਨਾ

Guru Ramdas: Life, Personality and Bani

ਡਾ. ਪਰਮਵੀਰ ਸਿੰਘ,                                                                                                                                                     ਸਿੱਖ ਵਿਸ਼ਵਕੋਸ਼ ਵਿਭਾਗ,                                                                                                                                               ਪੰਜਾਬੀ ਯੂਨੀਵਰਸਿਟੀ, ਪਟਿਆਲਾ                                                                                                                                     +91 987 207 4322

ਗੁਰੂ ਰਾਮਦਾਸ (1534-81) ਜੀ ਦਾ ਪਹਿਲਾ ਨਾਂ ਭਾਈ ਜੇਠਾ ਸੀ ਅਤੇ ਬਚਪਨ ਤੋਂ ਹੀ ਇਹ ਗੁਰੂ-ਘਰ ਨਾਲ ਜੁੜੇ ਹੋਏ ਸਨ। 1534 ਈਸਵੀ ਵਿਚ ਚੂਨਾ ਮੰਡੀ, ਲਾਹੌਰ ਵਿਖੇ ਠਾਕੁਰ ਹਰਦਾਸ1 ਅਤੇ ਮਾਤਾ ਦਯਾ ਕੌਰ ਦੇ ਘਰ ਇਹਨਾਂ ਦਾ ਪ੍ਰਕਾਸ਼ ਹੋਇਆ। ਮੌਜੂਦਾ ਸਮੇਂ ਵਿਚ ਇਥੇ ਗੁਰਦੁਆਰਾ ਜਨਮ ਅਸਥਾਨ ਸਸ਼ੋਭਿਤ ਹੈ।2  ਸੱਤ ਸਾਲ ਦੀ ਉਮਰ ਵਿਚ ਹੀ ਮਾਤਾ-ਪਿਤਾ ਦਾ ਹੱਥ ਸਿਰ ਤੋਂ ਉੱਠ ਜਾਣ ਕਾਰਨ ਇਹਨਾਂ ਦਾ ਪਾਲਣ-ਪੋਸ਼ਣ ਇਹਨਾਂ ਦੇ ਨਾਨਕੇ ਪਿੰਡ ਬਾਸਰਕੇ ਵਿਖੇ ਹੋਇਆ ਸੀ। ਪਿਤਾ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਨਾਨੀ ਇਹਨਾਂ ਨੂੰ ਬਾਸਰਕੇ ਪਿੰਡ ਲੈ ਆਈ ਸੀ। ਗੁਰੂ ਅਮਰਦਾਸ ਜੀ ਵੀ ਏਸੇ ਪਿੰਡ ਨਾਲ ਸੰਬੰਧਿਤ ਸਨ। ਗੁਰੂ ਅੰਗਦ ਦੇਵ ਜੀ ਦੇ ਆਦੇਸ਼ ਅਨੁਸਾਰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਪਿੰਡ ਵਸਾਇਆ ਤਾਂ ਇਸ ਪਿੰਡ ਨੂੰ ਖ਼ੁਸ਼ਹਾਲ ਕਰਨ ਲਈ ਉਹਨਾਂ ਨੇ ਆਪਣਾ ਪਰਿਵਾਰ ਬਾਸਰਕੇ ਤੋਂ ਗੋਇੰਦਵਾਲ ਵਿਖੇ ਲਿਆ ਵਸਾਇਆ ਸੀ ਅਤੇ ਨਾਲ ਹੀ ਪਿੰਡ ਦੇ ਹੋਰਨਾਂ ਲੋਕਾਂ ਨੂੰ ਵੀ ਇਥੇ ਆ ਵਸਣ ਦੀ ਪ੍ਰੇਰਨਾ ਕੀਤੀ ਸੀ। ਏਸੇ ਪ੍ਰੇਰਨਾ ਅਧੀਨ ਭਾਈ ਜੇਠਾ ਜੀ ਨੂੰ ਲੈ ਕੇ ਇਹਨਾਂ ਦੀ ਨਾਨੀ ਗੋਇੰਦਵਾਲ ਪਿੰਡ ਆ ਵਸੀ ਸੀ। ਜਦੋਂ ਭਾਈ ਜੇਠਾ (ਗੁਰੂ ਰਾਮਦਾਸ) ਜੀ ਨੇ ਇਥੇ ਆ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਤਾਂ ਮਨ ਅਨੰਦਿਤ ਹੋ ਗਿਆ ਸੀ3 ਅਤੇ ਉਹ ਇਥੇ ਹੀ ਘੁੰਗਣੀਆਂ ਵੇਚਣ ਦਾ ਕੰਮ ਕਰਨ ਲੱਗੇ ਸਨ। ਭਾਈ ਜੇਠਾ ਜੀ ਗੁਰੂ-ਘਰ ਤੋਂ ਗੁਰਮਤਿ ਦੀ ਵਿੱਦਿਆ ਹਾਸਲ ਕਰਕੇ ਆਪਣਾ ਜੀਵਨ ਗੁਰੂ-ਅਨੁਸਾਰੀ ਬਣਾਉਣ ਦਾ ਯਤਨ ਕਰਨ ਲੱਗੇ ਸਨ। ਸੇਵਾ ਅਤੇ ਪਰਉਪਕਾਰ ਨੂੰ ਇਹਨਾਂ ਨੇ ਆਪਣੇ ਜੀਵਨ ਦਾ ਅੰਗ ਬਣਾਇਆ ਹੋਇਆ ਸੀ ਅਤੇ ਆਪਣੇ ਏਸੇ ਸੁਭਾਅ ਅਨੁਸਾਰ ਕਈ ਵਾਰ ਘੁੰਗਣੀਆਂ ਵੇਚਣ ਦੀ ਬਜਾਏ ਲੋੜਵੰਦਾਂ ਨੂੰ ਬਿਨਾਂ ਪੈਸੇ ਲਏ ਵੀ ਛਕਾ ਆਉਂਦੇ ਸਨ। ਇਹਨਾਂ ਦੀ ਜੀਵਨਜਾਚ ਨੇ ਬਹੁਤ ਸਾਰੀ ਸਿੱਖ ਸੰਗਤ ਨੂੰ ਪ੍ਰਭਾਵਿਤ ਕੀਤਾ ਸੀ।

ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਵਿਆਹੁਣ ਯੋਗ ਹੋਈ ਤਾਂ ਮਾਤਾ-ਪਿਤਾ ਵੱਲੋਂ ਲੜਕੇ ਦੀ ਦੇਖਭਾਲ ਅਰੰਭ ਹੋ ਗਈ। ਇਕ ਦਿਨ ਭਾਈ ਜੇਠਾ ਘੁੰਗਣੀਆਂ ਵੇਚ ਰਹੇ ਸਨ ਤਾਂ ਗੁਰੂ ਅਮਰਦਾਸ ਜੀ ਦੇ ਮਹਿਲ ਉਹਨਾਂ ਨੂੰ ਦੇਖ ਕੇ ਬੋਲੇ ਕਿ ਲੜਕੇ ਵਿਚ ਭਾਈ ਜੇਠੇ ਜਿਹੇ ਗੁਣ ਹੋਣੇ ਚਾਹੀਦੇ ਹਨ। ਗੁਰੂ ਅਮਰਦਾਸ ਜੀ ਨੇ ਇਹ ਸੁਣ ਕੇ ਭਾਈ ਜੇਠੇ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨਾਲ ਕੁੱਝ ਵਿਚਾਰ ਕਰਨ ਉਪਰੰਤ ਕਿਹਾ ਕਿ “ਬੱਸ ਏਸ ਜੇਹਾ ਤਾਂ ਏਹੋ ਹੈ ਹੋਰ ਦੇਖਣ ਦੀ ਕੋਈ ਲੋੜ ਨਹੀਂ, ਚੰਗਾ ਹੋਇਆ ਜੋ ਮਨ ਇੱਛਤ ਲੜਕਾ ਮਿਲ ਗਿਆ।”4 ਭਾਈ ਜੇਠਾ ਜੀ ਨਾਲ ਬੀਬੀ ਭਾਨੀ ਦਾ ਵਿਆਹ ਕਰ ਦਿੱਤਾ ਗਿਆ ਅਤੇ ਇਹਨਾਂ ਦੇ ਘਰ ਤਿੰਨ ਪੁੱਤਰ ਪੈਦਾ ਹੋਏ – ਪ੍ਰਿਥੀ ਚੰਦ, ਮਹਾਂਦੇਵ ਅਤੇ (ਗੁਰੂ) ਅਰਜਨ ਦੇਵ ਜੀ।

ਭਾਈ ਜੇਠਾ ਜੀ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਅਮਰਦਾਸ ਜੀ ਦਾ ਜਵਾਈ ਨਹੀਂ ਸਮਝਿਆ ਸੀ। ਗੁਰੂ-ਘਰ ਪ੍ਰਤੀ ਸੇਵਾ, ਨਿਮਰਤਾ ਅਤੇ ਸ਼ਰਧਾ ਕਰ ਕੇ ਇਹ ਆਪਣੇ ਆਪ ਨੂੰ ਹਮੇਸ਼ਾਂ ਇਕ ਸਧਾਰਨ ਸੇਵਾਦਾਰ ਹੀ ਸਮਝਦੇ ਰਹੇ ਅਤੇ ਪਹਿਲਾਂ ਵਾਂਗ ਹੀ ਗੁਰਮਤਿ ਦਾ ਗਿਆਨ ਹਾਸਲ ਕਰਨ ਅਤੇ ਗੁਰੂ-ਘਰ ਦੀ ਸੇਵਾ ਮਨ ਲਾ ਕੇ ਕਰਦੇ ਰਹੇ। ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਇਕ ਵਾਰੀ ਗੁਰੂ ਅਮਰਦਾਸ ਜੀ ਨੇ ਆਪਣੇ ਚੁਣਵੇਂ ਸਿੱਖਾਂ ਨੂੰ ਬਾਉਲੀ ਦੁਆਲੇ ਥੜ੍ਹੇ ਬਣਾਉਣ ਲਈ ਕਿਹਾ ਤਾਂ ਸਭ ਨੇ ਬਹੁਤ ਉਤਸ਼ਾਹ ਨਾਲ ਬਣਾਏ। ਉਹ ਥੜ੍ਹੇ ਗੁਰੂ ਜੀ ਦੇ ਪਸੰਦ ਨਾ ਆਏ ਤਾਂ ਉਹਨਾਂ ਢਹਾ ਦਿੱਤੇ ਅਤੇ ਫੇਰ ਥੜ੍ਹੇ ਬਣਾਉਣ ਲਈ ਕਹਿ ਦਿੱਤਾ। ਇਹ ਕਾਰਜ ਕਈ ਵਾਰ ਦੁਹਰਾਇਆ ਗਿਆ, ਗੁਰੂ ਜੀ ਦੇ ਪੁੱਤਰ ਅਤੇ ਸੇਵਕ ਥੜ੍ਹੇ ਬਣਾਉਣ ਅਤੇ ਗੁਰੂ ਜੀ ਢੁਹਾ ਕੇ ਫੇਰ ਨਵੇਂ ਬਣਾਉਣ ਲਈ ਕਹਿ ਦੇਣ। ਹੌਲੀ-ਹੌਲੀ ਸਾਰਿਆਂ ਦਾ ਸੰਜਮ ਖਤਮ ਹੋ ਗਿਆ ਅਤੇ ਉਨ੍ਹਾਂ ਨੇ ਹੋਰ ਥੜ੍ਹੇ ਬਣਾਉਣ ਤੋਂ ਇਨਕਾਰ ਕਰ ਦਿੱਤਾ ਪਰ ਭਾਈ ਜੇਠਾ ਜੀ ਗੁਰੂ ਜੀ ਦੀ ਦੱਸੀ ਕਾਰ ਵਿਚ ਨਿਰੰਤਰ ਲੱਗੇ ਰਹੇ। ਜਦੋਂ ਭਾਈ ਜੇਠਾ ਜੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ “ਮੈਂ ਤਾਂ ਮਹਾਰਾਜ ਦਾ ਹੁਕਮ ਮੰਨਣਾ ਹੈ ਤੇ ਸੇਵਾ ਕਰਨੀ ਹੈ, ਚਾਹੇ ਉਮਰ ਭਰ ਏਹੋ ਕੰਮ ਕਰਾਈ ਜਾਣ।”5 ਭਾਈ ਜੇਠਾ ਜੀ ਦਾ ਧੀਰਜ ਦੇਖ ਕੇ ਗੁਰੂ ਅਮਰਦਾਸ ਜੀ ਬਹੁਤ ਖ਼ੁਸ਼ ਹੋਏ ਅਤੇ ਉਹਨਾਂ ਨੇ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਬਣਾ ਦਿੱਤਾ ਅਤੇ ਉਸ ਦਿਨ ਤੋਂ ਇਹਨਾਂ ਦਾ ਨਾਂ ਗੁਰੂ ਰਾਮਦਾਸ ਜੀ ਪ੍ਰਸਿੱਧ ਹੋ ਗਿਆ। ਭਾਈ ਜੇਠਾ ਜੀ ਜਦੋਂ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਗੁਰਗੱਦੀ ‘ਤੇ ਸਸ਼ੋਭਿਤ ਹੋਏ ਤਾਂ ਇਹਨਾਂ ਅੰਦਰ ਮੌਜੂਦ ਨਿਮਰਤਾ ਦਾ ਗੁਣ ਹੋਰ ਵਧੇਰੇ ਪ੍ਰਚੰਡ ਹੋ ਗਿਆ ਸੀ। ਗੁਰੂ ਰਾਮਦਾਸ ਜੀ ਨੇ ਇਹੀ ਗੁਣ ਸਿੱਖਾਂ ਨੂੰ ਜੀਵਨ ਵਿਚ ਧਾਰਨ ਕਰਨ ਦਾ ਉਪਦੇਸ਼ ਦਿੱਤਾ ਸੀ। ਉਹ ਜਾਣਦੇ ਸਨ ਕਿ ਨਿਮਰਤਾ ਹੀ ਧਰਮ ਦਾ ਅਧਾਰ ਅਤੇ ਵਿਸਤਾਰ ਹੈ। ਸਿੱਖ ਪਰੰਪਰਾ ਵਿਚ ਗੁਰੂ ਜੀ ਦੇ ਇਸ ਉੱਤਮ ਗੁਣ ਨੂੰ ਉਸ ਸਮੇਂ ਉਜਾਗਰ ਕੀਤਾ ਜਾਂਦਾ ਹੈ ਜਦੋਂ ਇਹਨਾਂ ਦਾ ਬਾਬਾ ਸ੍ਰੀ ਚੰਦ ਨਾਲ ਮੇਲ ਹੋਇਆ ਸੀ।6 ਇਸ ਦੇ ਨਾਲ ਹੀ ਗੁਰੂ ਜੀ ਨੇ ਉਹਨਾਂ ਮਨੁੱਖਾਂ ਤੋਂ ਦੂਰ ਰਹਿਣ ਦੀ ਸਿੱਖਿਆ ਵੀ ਦਿੱਤੀ ਹੈ ਜਿਨ੍ਹਾਂ ਦੇ ਮਨ ਵਿਚ ਕਾਮ ਅਤੇ ਕ੍ਰੋਧ ਜਿਹੇ ਵਿਕਾਰ ਭਾਰੂ ਹੋ ਜਾਂਦੇ ਹਨ।7

ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਸੰਬੰਧੀ ਬਹੁਤ ਸਾਰੇ ਹਵਾਲੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਨਾਲ ਸੰਬੰਧਿਤ ਗ੍ਰੰਥਾਂ ਵਿਚ ਮੌਜੂਦ ਹਨ। ਸਮੂਹ ਗ੍ਰੰਥਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਜੋਤ ਅਤੇ ਜੁਗਤ ਦੇ ਨਵੀਨ ਪ੍ਰਗਟਾਵੇ ਵੱਜੋਂ ਦੇਖਿਆ ਗਿਆ ਹੈ। ਬਾਬਾ ਸੁੰਦਰ ਜੀ ਕਹਿੰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਆਪ ਹੀ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਸਮੁੱਚੀ ਸਤਿਸੰਗਤ ਨੂੰ ਉਹਨਾਂ ਨਾਲ ਜੋੜ ਦਿੱਤਾ ਸੀ।8 ਭੱਟ ਕਹਿੰਦੇ ਹਨ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਅਤੇ ਸਾਧਨਾ ਰਾਹੀਂ ਪਰਮਪਦਿ ਦੀ ਪ੍ਰਾਪਤੀ ਕਰ ਲਈ ਸੀ।9 ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਤੋਂ ਬਖ਼ਸ਼ਿਸ਼ ਪ੍ਰਾਪਤ ਕੀਤੀ ਸੀ ਅਤੇ ਜਦੋਂ ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਦੇ ਸਿੱਖਿਆ ਅਤੇ ਸੰਦੇਸ਼ ਨਾਲ ਇਕਸੁਰ ਹੋ ਗਿਆ ਸੀ ਤਾਂ ਉਹ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਇਹ ਬਖ਼ਸ਼ਿਸ਼ ਗ੍ਰਹਿਣ ਕਰ ਗਏ ਸਨ। ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਨੇ ਅਤੇ ਅੱਗੇ ਉਹਨਾਂ ਤੋਂ ਗੁਰੂ ਰਾਮਦਾਸ ਜੀ ਨੇ ਪ੍ਰਭੂ-ਬਖ਼ਸ਼ਿਸ਼ ਹਾਸਲ ਕੀਤੀ ਸੀ।10

ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਉਹਨਾਂ ਨੂੰ ਖਡੂਰ ਸਾਹਿਬ ਭੇਜ ਦਿੱਤਾ ਸੀ ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪ ਕੇ ਗੋਇੰਦਵਾਲ ਨਿਵਾਸ ਕਰਨ ਲਈ ਕਹਿ ਦਿੱਤਾ ਸੀ। ਏਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸੁਲਤਾਨ ਪਿੰਡ, ਤੁੰਗ, ਗੁਮਟਾਲਾ ਅਤੇ ਗਲਵਾਲੀ ਦੇ ਪਿੰਡਾਂ ਦੇ ਪੈਂਚਾਂ ਨੂੰ ਬੁਲਾ ਕੇ ਉਹਨਾਂ ਤੋਂ ਜ਼ਮੀਨ ਲੈ ਲਈ ਅਤੇ ਉਸ ਜ਼ਮੀਨ ‘ਤੇ ਗੁਰੂ ਰਾਮਦਾਸ ਜੀ ਨੂੰ ਨਵਾਂ ਨਗਰ ਵਸਾਉਣ ਲਈ ਕਿਹਾ। ਗੁਰੂ ਰਾਮਦਾਸ ਜੀ ਨੇ ਇਸ ਨਵੇਂ ਨਗਰ ਦੀ ਸਥਾਪਨਾ ਕਰਨ ਲਈ ਇਥੇ ਇਕ ਤਲਾਉ ਖਟਾਇਆ।11 ਗੁਰੂ ਰਾਮਦਾਸ ਜੀ ਦੇ ਇਥੇ ਨਿਵਾਸ ਕਾਰਨ ਇਸ ਨਗਰ ਦਾ ਨਾਂ ‘ਰਾਮਦਾਸਪੁਰ’ ਪ੍ਰਸਿੱਧ ਹੋ ਗਿਆ ਸੀ। ਇਸ ਪਿੰਡ ਨੂੰ ਆਬਾਦ ਕਰਨ ਲਈ ਗੁਰੂ ਜੀ ਨੇ ਪੁਰਜੋਰ ਯਤਨ ਕੀਤੇ ਸਨ। ਉਹਨਾਂ ਨੇ ਸੰਗਤ ਦੀ ਸਹੂਲਤ ਲਈ ਨਿਵਾਸ, ਲੰਗਰ ਆਦਿ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਬਜ਼ਾਰ ਵਸਾ ਦਿੱਤੇ ਸਨ ਜਿਨ੍ਹਾਂ ਦਾ ਜ਼ਿਕਰ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦਾ ਹੈ ਕਿ “ਪਿੰਡਾਂ ਦੇ ਲੋਕਾਂ ਤੇ ਸੰਗਤਾਂ ਨੇ ਤੁਰੰਤ ਛੱਪਰ ਕੋਠੇ ਤਿਆਰ ਕਰਾ ਦਿੱਤੇ ਅਤੇ ਕਈ ਦੁਕਾਨਾਂ ਬਣਾਈਆਂ, ਜਿਨ੍ਹਾਂ ਦਾ ਨਾਂ ਹੁਣ ਗੁਰੂ ਕਾ ਬਜ਼ਾਰ ਹੈ। ਫੇਰ ਇਹ ਨਗਰ ਸੰਗਤਾਂ ਦੇ ਆਉਣ ਕਰਕੇ ਬਹੁਤ ਛੇਤੀ ਵੱਸ ਗਿਆ। ਭਾਈ ਸਾਲੋ, ਰੂਪਰਾਮ, ਗੁਰੀਆ, ਗੁਰਦਾਸ, ਉਦਮ ਆਦਿ ਸਿੱਖਾਂ ਨੇ 52 ਜ਼ਾਤਾਂ ਦੇ ਲੋਕ ਗੁਰੂ ਜੀ ਦੇ ਮਹਿਲਾਂ ਦੇ ਗਿਰਦੇ-ਗਿਰਦੇ ਵਸਾ ਦਿੱਤੇ ਸਨ। ਜਦ ਤੱਕ ਗੁਰੂ ਅਮਰਦਾਸ ਜੀ ਬੜੀ ਪ੍ਰੀਤ ਨਾਲ ਟਹਿਲ ਕਰਦੇ ਰਹੇ ਤੇ ਓਨ੍ਹਾਂ ਦੇ ਦੇਹ ਤਿਆਗਣ ਪਿੱਛੋਂ ਗੁਰੂ ਰਾਮਦਾਸ ਜੀ ਸੁਤੰਤ੍ਰ ਗੁਰੂ ਹੋ ਕੇ ਅੰਮ੍ਰਿਤਸਰ ਰਹਿਣ ਲੱਗੇ ਤੇ ਗੁਰਿਆਈ ਦਾ ਕਾਰ ਬਾਰ ਸੰਭਾਲਿਆ।”12 ਇਸ ਨਗਰ ਵਿਚ ਸਤਿਸੰਗਤਿ ਦੀ ਸੋਭਾ ਅਤੇ ਪ੍ਰਭਾਵ ਦੇਖ ਕੇ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਇਸ ਦਾ ਮੁੱਢ ਪਰਮਾਤਮਾ ਨੇ ਆਪ ਬੰਨਿਆ ਹੈ ਅਤੇ ਜਿਹੜਾ ਅਨੰਦ ਇਥੇ ਮਿਲਦਾ ਹੈ ਹੋਰ ਕਿਤੇ ਨਜ਼ਰ ਨਹੀਂ ਆਉਂਦਾ:

Guru Ramdas: Life, Personality and Bani

ਗੁਰੂ ਰਾਮਦਾਸ ਜੀ ਰਾਮਦਾਸਪੁਰ ਵਿਖੇ ਸੰਗਤ ਨੂੰ ਪ੍ਰਭੂ-ਨਾਮ ਨਾਲ ਜੁੜ੍ਹਨ ਦਾ ਉਪਦੇਸ਼ ਕਰਦੇ ਅਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਨੁਸਾਰ ਜੀਵਨਜਾਚ ਧਾਰਨ ਕਰਨ ‘ਤੇ ਜ਼ੋਰ ਦਿੰਦੇ ਸਨ। ਗੁਰਮਤਿ ਜੀਵਨਜਾਚ ਦ੍ਰਿੜ ਕਰਾਉਣਾ ਉਹਨਾਂ ਦੇ ਨਿੱਤ ਦੇ ਕਰਮ ਵਿਚ ਸ਼ਾਮਲ ਸੀ। ਪਰਮਾਤਮਾ ਨੂੰ ਇਸ਼ਟ ਮੰਨਦੇ ਹੋਏ ਗੁਰੂ ਜੀ ਹਰ ਇਕ ਸਿੱਖ ਨੂੰ ਉਸ ਦਾ ਸਿਮਰਨ ਅਤੇ ਬੰਦਗੀ ਕਰਨ ਦਾ ਆਦੇਸ਼ ਕਰਦੇ ਸਨ। ਉਹ ਕਹਿੰਦੇ ਸਨ ਕਿ ਸਿੱਖ ਦਾ ਪਹਿਲਾ ਫ਼ਰਜ਼ ਗੁਰੂ ਦੇ ਆਦੇਸ਼ ਦਾ ਪਾਲਣ ਕਰਨਾ ਹੈ ਅਤੇ ਜਿਹੜਾ ਇਸ ਆਗਿਆ ਦਾ ਪਾਲਣ ਕਰਦਾ ਹੈ ਉਹ ਰੋਜ਼ਾਨਾ ਨਿਰਵਿਘਨ ਅੰਮ੍ਰਿਤ ਵੇਲੇ ਉਠ ਕੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਸਿਮਰਨ ਕਰ ਕੇ ਉਸ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਦਾ ਹੈ। ਇਸ ਸੰਬੰਧੀ ਗੁਰੂ ਜੀ ਦਾ ਇਕ ਸ਼ਬਦ ਬਹੁਤ ਹੀ ਮਹੱਤਵਪੂਰਨ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਸਿੱਖ ਗੁਰੂ ਦੇ ਅੰਮ੍ਰਿਤਮਈ ਸ਼ਬਦ ਦੇ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਜਿਸ ਨਾਲ ਉਸ ਦੇ ਜੀਵਨ ਵਿਚੋਂ ਹਰ ਤਰ੍ਹਾਂ ਦੇ ਦੁੱਖ ਦਰਦ ਦੂਰ ਹੁੰਦੇ ਹਨ ਅਤੇ ਉਹ ਸਮੂਹ ਪਾਪਾਂ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ।14 ਗੁਰੂ ਰਾਮਦਾਸ ਜੀ ਦੇ ਨਿਤਨੇਮ ਸੰਬੰਧੀ ਟਿੱਪਣੀ ਕਰਦੇ ਹੋਏ ਗਿਆਨੀ ਗਿਆਨ ਸਿੰਘ ਦੱਸਦੇ ਹਨ ਕਿ ਉਹ “ਨਿੱਤ ਸਵਾ ਪਹਿਰ ਦੇ ਤੜਕੇ ਸੌਚ ਇਸ਼ਨਾਨ ਕਰ ਤਾੜੀ ਲਾ ਕੇ ਆਤਮਾ ਪਰਮਾਤਮਾ ਦੇ ਸਰੂਪ ਵਿਚ ਮਨ ਨੂੰ ਜੋੜਕੇ ਤਾੜੀ ਲਾ ਬੈਠਦੇ। ਪੋਹ ਫੁੱਟੀ ਤੋਂ ਸਭਾ ਵਿਚ ਆ ਕਰ ਆਸਾ ਦੀ ਵਾਰ ਦਾ ਕੀਰਤਨ ਸੁਣਦੇ, ਜੋ ਸੱਤਾ ਬਲਵੰਡ ਕਰਿਆ ਕਰਦੇ, ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ। ਫੇਰ ਸਭ ਨੂੰ ਸਮ (ਇਕੋ ਜਿਹਾ) ਲੰਗਰ ਵਰਤਾ ਕੇ ਦੋ ਪਹਿਰ ਨੂੰ ਤੰਬੂਰਾ ਵਜਵਾ ਕੇ ਪਰਮੇਸ਼ਰ ਤੇ ਗੁਰਾਂ ਦੇ ਗੁਣਾਨੁਬਾਦ, ਸੰਤਾਂ ਦੀ ਮਹਿਮਾ ਦੇ ਭਰੇ ਹੋਏ ਸ਼ਬਦ ਨਵੇਂ ਨਵੇਂ ਰਚ ਕੇ ਐਸੇ ਸੁਰੀਲੀ ਤੇ ਮਿੱਠੀ ਸੁਰ ਨਾਲ ਗਾਉਂਦੇ ਜੋ ਸੁਣਨ ਵਾਲੇ ਤਨੋ ਮਨੋ ਦਾਸ ਹੋ ਰਹਿੰਦੇ। ਏਨ੍ਹਾਂ ਦਾ ਵੈਰਾਗ ਤੇ ਪ੍ਰੇਮਾ ਭਗਤੀ ਤਾਂ ਏਨ੍ਹਾਂ ਦੇ ਸ਼ਬਦਾਂ ਤੋਂ ਹੀ ਪ੍ਰਗਟ ਹੈ। ਉਦਾਰ ਐਸੇ ਸਨ ਕਿ ਜੋ ਕੁਛ ਪੂਜਾ ਭੇਟਾ ਕੋਈ ਦੇ ਜਾਂਦਾ ਓਸੇ ਵੇਲੇ ਗਰੀਬਾਂ ਅਨਾਥਾਂ ਨੂੰ ਵੰਡ ਦਿੰਦੇ।”15

ਗੁਰੂ ਰਾਮਦਾਸ ਜੀ ਸਿੱਖਾਂ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛੱਕਣ ਦੀ ਸਿੱਖਿਆ ਦਿੰਦੇ ਸਨ ਜਿਹੜੀ ਗ੍ਰਹਿਸਤ ਵਿਚ ਉਦਾਸ ਰਹਿਣ ਦਾ ਮਾਰਗ ਦਰਸਾਉਂਦੀ ਹੈ। ਗੁਰੂ ਜੀ ਦੇ ਸਮੇਂ ਸੰਨਿਆਸ ਧਾਰਨ ਕਰਨ ਦੀ ਜਿਹੜੀ ਪ੍ਰਥਾ ਜ਼ੋਰ ਫੜ ਚੁੱਕੀ ਸੀ, ਉਸ ਨੂੰ ਠੱਲ੍ਹ ਪਾਉਣ ਅਤੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਸਮੂਹ ਗੁਰੂ ਸਾਹਿਬਾਨ ਨੇ ਪੁਰਜੋਰ ਸਫ਼ਲ ਯਤਨ ਕੀਤੇ ਸਨ। ਗੁਰੂ-ਘਰ ਆਉਣ ਵਾਲੇ ਹਰੇਕ ਸ਼ਰਧਾਲੂ ਨੂੰ ਪ੍ਰਭੂ ਨਾਲ ਜੁੜਨ, ਗ੍ਰਹਿਸਤੀ ਜੀਵਨ ਧਾਰਨ ਕਰਨ ਅਤੇ ਲੋਕ-ਭਲਾਈ ਦੇ ਕਾਰਜ ਕਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਸੀ। ਗੁਰਬਾਣੀ ਦੱਸਦੀ ਹੈ ਕਿ ਮਨੁੱਖੀ ਜੀਵਨ ਔਗੁਣਾਂ ਦੇ ਜੰਗਲ ਨਾਲ ਭਰਿਆ ਪਿਆ ਹੈ ਅਤੇ ਇਸ ਨੂੰ ਪਾਰ ਕਰਨਾ ਬਹੁਤ ਕਠਿਨ ਕਾਰਜ ਹੈ। ਦੁਨਿਆਵੀ ਮਾਇਆ-ਮੋਹ ਅਤੇ ਪਰਿਵਾਰ ਮਨੁੱਖ ਦੀ ਅਧਿਆਤਮਿਕ ਸਾਧਨਾ ਵਿਚ ਰੁਕਾਵਟਾਂ ਹਨ ਜਿਨ੍ਹਾਂ ਵਿਚ ਖਚਿਤ ਹੋਣ ਵਾਲਾ ਮਨੁੱਖ ਅੰਮ੍ਰਿਤ ਭਰਪੂਰ ਜੀਵਨਜਾਚ ਛੱਡ ਕੇ ਵਿਕਾਰੀ ਮਾਰਗ ਧਾਰਨ ਕਰਨ ਵੱਲ ਰੁਚਿਤ ਹੋ ਜਾਂਦਾ ਹੈ।16 ਗ੍ਰਹਿਸਤੀ ਜੀਵਨ ਨੂੰ ਵਿਕਾਰੀ ਮਾਰਗ ਦੱਸ ਕੇ ਜੋਗੀ ਅਤੇ ਸੰਨਿਆਸੀ ਇਨ੍ਹਾਂ ਨੂੰ ਛੱਡਣ ‘ਤੇ ਬਹੁਤ ਜ਼ੋਰ ਦੇਣ ਲੱਗੇ ਸਨ। ਗੁਰੂ ਸਾਹਿਬਾਨ ਨੇ ਵਿਅਕਤੀ ਨੂੰ ਪਰਿਵਾਰ ਅਤੇ ਸਮਾਜ ਨਾਲੋਂ ਤੋੜਨ ਦੀ ਬਜਾਏ ਇਸ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਸੀ। ਸਭ ਤੋਂ ਵੱਡਾ ਪ੍ਰਸ਼ਨ ਇਹ ਸੀ ਕਿ ਸਮਾਜ ਵਿਚ ਰਹਿੰਦੇ ਹੋਏ ਇਸ ਦੇ ਬੁਰੇ ਪੱਖ ਤੋਂ ਕਿਵੇਂ ਬਚਿਆ ਜਾਵੇ? ਗੁਰੂ ਸਾਹਿਬਾਨ ਨੇ ਸਮਝਾਇਆ ਕਿ ਵਿਕਾਰ ਮਨੁੱਖ ਨੂੰ ਵਿਕਾਰੀ ਅਤੇ ਵਿਭਚਾਰੀ ਬਣਾਉਂਦੇ ਹਨ ਅਤੇ ਜਿਹੜਾ ਮਨੁੱਖ ਇਨ੍ਹਾਂ ਤੋਂ ਬੱਚ ਜਾਵੇ ਉਹ ਪਰਿਵਾਰ ਅਤੇ ਸਮਾਜ ਵਿਚ ਰਹਿ ਕੇ ਵੀ ਅਧਿਆਤਮਿਕ ਪ੍ਰਾਪਤੀ ਕਰ ਸਕਦਾ ਹੈ। ਸਮਾਜ ਵਿਚ ਰਹਿੰਦੇ ਹੋਏ ਕਿਹੜਾ ਮਾਰਗ ਹੈ ਜਿਹੜਾ ਵਿਕਾਰਾਂ ਨੂੰ ਜੀਵਨ ‘ਤੇ ਪ੍ਰਭਾਵੀ ਹੋਣ ਤੋਂ ਰੋਕ ਸਕੇ। ਗੁਰਬਾਣੀ ਵਿਚ ਸਤਿਸੰਗਤ ਨੂੰ ਸਭ ਤੋਂ ਸਰਬੋਤਮ ਮਾਰਗ ਮੰਨਿਆ ਗਿਆ ਹੈ ਜਿਹੜਾ ਕਿ ਸਮਾਜ ਵਿਚ ਰਹਿਣ ਵਾਲੇ ਮਨੁੱਖ ਨੂੰ ਸੁਰਗ ਜਿਹਾ ਅਨੰਦ ਪ੍ਰਦਾਨ ਕਰ ਸਕਦਾ ਹੈ। ਸਤਿਸੰਗਤ ਵਿਚ ਸਤਿਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਗ੍ਰਹਿਸਤੀ ਜੀਵਨ ਬਸਰ ਕਰਨ ਅਤੇ ਸਮਾਜ ਵਿਚ ਕਿਰਿਆਸ਼ੀਲ ਹੋਣ ਦੀ ਪ੍ਰੇਰਨਾ ਮਿਲਦੀ ਹੈ, ਇਸ ਕਰ ਕੇ ਇਸ ਨੂੰ ਸਰਬੋਤਮ ਮਾਰਗ ਮੰਨਿਆ ਗਿਆ ਹੈ। ਭੱਟ ਕੀਰਤ ਸਤਿਸੰਗਤ ਨੂੰ ਉਤਮ ਪੰਥ ਮੰਨ ਕੇ ਗੁਰੂ ਰਾਮਦਾਸ ਜੀ ਦੀ ਸ਼ਰਨ ਵਿਚ ਰਹਿਣ ਦੀ ਅਰਦਾਸ ਕਰਦਾ ਹੋਇਆ ਕਹਿੰਦਾ ਹੈ:

Guru Ramdas: Life, Personality and Baniਗੁਰੂ ਰਾਮਦਾਸ ਜੀ ਦੀ ਉਸਤਤ ਕਰਦੇ ਹੋਏ ਭੱਟ ਸੱਲ ਕਹਿੰਦਾ ਹੈ ਕਿ ਸਮੂਹ ਵਿਕਾਰ ਗੁਰੂ ਜੀ ਦੇ ਕਾਬੂ ਵਿਚ ਹਨ ਅਤੇ ਉਹਨਾਂ ਦੀ ਸ਼ਰਨ ਆਉਣ ਵਾਲੇ ਸਮੂਹ ਜੀਵ ਦੁਨਿਆਵੀ ਭਵ-ਸਾਗਰ ਤੋਂ ਪਾਰ ਹੋ ਜਾਂਦੇ ਹਨ।18 ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਮਨੁੱਖ ਪਾਣੀ ਵਿਚ ਖਿੜੇ ਹੋਏ ਕੰਵਲ ਵਾਂਗ ਗ੍ਰਹਿਸਤੀ ਜੀਵਨ ਬਸਰ ਕਰਦੇ ਹੋਏ ਉਦਾਸੀ ਦੀ ਰੀਤ ਧਾਰਨ ਕਰ ਲੈਂਦੇ ਹਨ।19 ਪ੍ਰੇਮ ਅਤੇ ਸ਼ਰਧਾ ਭਰਪੂਰ ਦਿੱਤੀ ਹੋਈ ਸਿੱਖਿਆ ਮਨ ‘ਤੇ ਬਹੁਤ ਪ੍ਰਭਾਵ ਪਾਉਂਦੀ ਹੈ ਏਸੇ ਰੰਗ ਵਿਚ ਗੁਰੂ ਜੀ ਦੁਆਰਾ ਦਿੱਤੀ ਸਿੱਖਿਆ ਤੋਂ ਨਾ ਕੇਵਲ ਵਿਅਕਤੀ ਪ੍ਰਭਾਵਿਤ ਹੀ ਹੁੰਦਾ ਹੈ ਬਲਕਿ ਆਪਣਾ ਬਚਿਆ ਜੀਵਨ ਉਸੇ ਅਨੁਸਾਰ ਬਣਾਉਣਾ ਵੀ ਲੋਚਦਾ ਹੈ। ਇਕ ਵਾਰੀ ਭਾਈ ਤੀਰਥਾ ਆਪਣੇ ਸਾਥੀਆਂ ਸਮੇਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ‘ਤੇ ਬੇਨਤੀ ਕੀਤੀ ਕਿ “ਆਪ ਸੱਚੇ ਸਤਗੁਰੂ ਹੋ ਕ੍ਰਿਪਾ ਕਰਕੇ ਸਾਨੂੰ ਕੁਟੰਬ ਸਮੇਤ ਸੰਸਾਰ ਥੀਂ ਪਾਰ ਕਰੋ। ਗੁਰੂ ਸਾਹਿਬ ਜੀ ਨੇ ਖ਼ੁਸ਼ੀ ਨਾਲ ਆਖਿਆ ਟੱਬਰ ਸਮੇਤ ਤਨ, ਮਨ, ਧਨ ਕਰਕੇ ਸਿੱਖਾਂ ਸਾਧਾਂ ਦੀ ਸੇਵਾ ਤੇ ਸਤਸੰਗ ਕੀਤਾ ਕਰੋ, ਆਪਨੂੰ ਵਾਹਿਗੁਰੂ ਦੇ ਸੇਵਕ ਮੰਨੋਂ। ਓਹਨਾਂ ਆਖਿਆ, ਮਹਾਰਾਜ! ਕੁਟੰਬ ਦਾ ਵਿਹਾਰ ਨਹੀਂ ਚੱਲਦਾ। ਗੁਰੂ ਜੀ ਨੇ ਆਖਿਆ ਭਰੋਸਾ ਚਾਹੀਦਾ ਹੈ, ਕਿਉਂਕਿ ਜਿਕੂੰ ਖੂਹ ਵਿਚ ਬਥੇਰਾ ਜਲ ਹੈ ਪਰ ਮਿਲਦਾ ਓਤਨਾ ਹੀ ਹੈ ਜਿਤਨਾ ਭਾਂਡਾ ਵਹਾਉਗੇ, ਏਸੇ ਤਰ੍ਹਾਂ ਸ੍ਰਿਸ਼ਟੀ ਅਨੇਕ ਪਦਾਰਥਾਂ ਨਾਲ ਭਰੀ ਹੋਈ ਹੈ ਪਰ ਜਿਤਨਾ-ਜਿਤਨਾ ਜਿਸ ਦਾ ਭਾਗ ਹੈ ਓਤਨਾ ਹੀ ਪਦਾਰਥ ਮਿਲਦਾ ਹੈ।…ਹਰ ਕਾਰਜ ਦੇ ਆਰੰਭ ਵਿਚ ਅਰਦਾਸ ਕਰੋ ਤਾਂ ਸਭ ਕਾਰਜ ਰਾਸ ਰਹਿਣਗੇ। ਮੂੰਡ ਮੂੰਡਾਏ, ਖਾਕ ਰਮਾਏ, ਗੇਰੂਏ ਬਸਤ੍ਰ ਰੰਗਾਏ, ਤੀਰਥ ਭ੍ਰਮਾਏ, ਤਪ ਤਪਾਏ ਕਲਯਾਣ ਨਹੀਂ ਹੁੰਦੀ। ਗ੍ਰਹਿਸਤੀ ਦੀ ਮੁਕਤੀ ਸੇਵਾ, ਭਗਤੀ, ਨਿਮਰਤਾ, ਸ਼ਰਧਾ ਨਾਲ ਕਰਨੇ ਕਰਕੇ ਹੁੰਦੀ ਹੈ।”20

ਗੁਰੂ ਰਾਮਦਾਸ ਜੀ ਬਾਣੀ ਨੂੰ ਗੁਰੂ ਮੰਨਦੇ ਸਨ21 ਅਤੇ ਉਹ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਤ ਇਸ ਸਿਧਾਂਤ ਅਨੁਸਾਰ ਜੀਵਨ ਬਸਰ ਕਰਨ ‘ਤੇ ਜ਼ੋਰ ਦਿੰਦੇ ਸਨ। ਉਹ ਸਮਝਾਉਂਦੇ ਸਨ ਕਿ ਗੁਰੂ ਦੀ ਬਾਣੀ ਹੀ ਦੁਨਿਆਵੀ ਭਵਸਾਗਰ ਤੋਂ ਪਾਰ ਕਰ ਕੇ ਪਰਮਪਦਿ ਦੀ ਪ੍ਰਾਪਤੀ ਵੱਲ ਲੈ ਜਾਂਦੀ ਹੈ ਅਤੇ ਜਿਹੜਾ ਸਿੱਖ ਸਤਿਸੰਗਤ ਵਿਚੋਂ ਇਹ ਦ੍ਰਿਸ਼ਟੀ ਗ੍ਰਹਿਣ ਕਰ ਲੈਂਦਾ ਹੈ ਉਹ ਦਵੈਤ-ਭਾਵ ਤੋਂ ਮੁਕਤ ਹੋ ਕੇ ਕੇਵਲ ਇਕ ਨੂੰ ਜੀਵਨ-ਉਦੇਸ਼ ਦੀ ਪ੍ਰਾਪਤੀ ਦਾ ਸਾਧਨ ਮੰਨ ਲੈਂਦਾ ਹੈ।

ਗੁਰੂ ਦੀ ਸਿੱਖਿਆ ਨੂੰ ਗੁਰੂ ਦਾ ਆਦੇਸ਼ ਮੰਨ ਕੇ ਧਾਰਨ ਕਰਨਾ ਅਤੇ ਆਪਣਾ ਸਮੁੱਚਾ ਜੀਵਨ ਉਸੇ ਅਨੁਸਾਰੀ ਬਣਾਉਣਾ ਗੁਰਮਤਿ ਦਾ ਉਦੇਸ਼ ਹੈ। ਗੁਰੂ ਦੀ ਆਗਿਆ ਦਾ ਪਾਲਣ ਕਰਨ ਵਾਲਾ ਸਿੱਖ ਕਿਤੇ ਵੀ ਬੈਠਾ ਹੋਵੇ, ਗੁਰੂ ਆਪ ਉਸ ਦੇ ਹਰ ਕਾਰਜ ਵਿਚ ਸਹਾਈ ਹੁੰਦਾ ਹੈ। ਗੁਰੂ ਦੀ ਆਗਿਆ ਦਾ ਪਾਲਣ ਨਾ ਕਰਨ ਵਾਲੇ ਨੂੰ ਮਨਮੁਖ ਕਿਹਾ ਜਾਂਦਾ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਕਈ ਵਾਰੀ ਸਿੱਖੀ ਵਿਚੋਂ ਬਾਹਰ ਵੀ ਕਰ ਦਿੱਤਾ ਗਿਆ ਹੈ, ਭਾਵੇਂ ਉਹ ਗੁਰੂ-ਪੁੱਤਰ ਹੀ ਕਿਉਂ ਨਾ ਹੋਵੇ। ਅਜਿਹੀ ਹੀ ਇਕ ਮਿਸਾਲ ਸਾਨੂੰ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਵੇਖਣ ਨੂੰ ਮਿਲਦੀ ਹੈ ਜਿਨ੍ਹਾਂ ਨੇ ਪ੍ਰਿਥੀ ਚੰਦ ਦੇ ਜੀਵਨ ਨੂੰ ਗੁਰਮਤਿ ਸਿੱਖਿਆ ਦੇ ਅਨੁਕੂਲ ਨਾ ਜਾਣ ਕੇ ਉਸਨੂੰ ਗੁਰਗੱਦੀ ਦਾ ਹੱਕਦਾਰ ਨਹੀਂ ਸੀ ਸਮਝਿਆ। ਗੁਰਗੱਦੀ ਚਲਾਕੀਆਂ ਅਤੇ ਚਤੁਰਾਈਆਂ ਨਾਲ ਨਹੀਂ ਬਲਕਿ ਗੁਰੂ-ਘਰ ਦੀ ਸੇਵਾ ਅਤੇ ਸੰਦੇਸ਼ ਨੂੰ ਜੀਵਨ ਵਿਚ ਗ੍ਰਹਿਣ ਕਰ ਕੇ ਕਮਾਉਣੀ ਪੈਂਦੀ ਹੈ। ਗੁਰੂ ਦੇ ਨੇੜੇ ਰਹਿਣ ਵਾਲਾ ਵੀ ਕਈ ਵਾਰੀ ਗੁਰੂ ਦੀ ਸਿੱਖਿਆ ਨੂੰ ਜੀਵਨ ਵਿਚ ਧਾਰਨ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਿਵੇਂ ਚੰਦਨ ਦੇ ਨੇੜੇ ਰਹਿਣ ਵਾਲਾ ਬਾਂਸ ਵੀ ਸੁਗੰਧਿਤ ਨਹੀਂ ਹੁੰਦਾ ਉਸੇ ਤਰ੍ਹਾਂ ਗੁਰੂ ਦੇ ਨੇੜੇ ਰਹਿਣ ਵਾਲਾ ਚਤੁਰ ਵੀ ਗੁਰੂ ਦੀ ਬਖ਼ਸ਼ਿਸ਼ ਦਾ ਹੱਕਦਾਰ ਨਹੀਂ ਬਣ ਸਕਦਾ।22

ਗੁਰੂ ਸਾਹਿਬ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਗੁਰਗੱਦੀ ਵਿਰਾਸਤ ਵਿਚ ਨਹੀਂ ਮਿਲਦੀ ਬਲਕਿ ਇਸ ਦੀ ਪ੍ਰਾਪਤੀ ਲਈ ਗੁਰਮਤਿ ਅਨੁਸਾਰੀ ਯੋਗਤਾ ਹੋਣੀ ਜ਼ਰੂਰੀ ਹੈ। ਕੋਈ ਵੀ ਸਿੱਖ ਜਾਂ ਗੁਰੂ-ਪੁੱਤਰ ਜਿਹੜਾ ਯੋਗਤਾ ਰੱਖਦਾ ਹੋਵੇ, ਗੁਰਗੱਦੀ ਹਾਸਲ ਕਰ ਸਕਦਾ ਹੈ। ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ ਪਰ ਗੁਰੂ ਜੀ ਨੇ ਆਪਣੇ ਸਭ ਤੋਂ ਛੋਟੇ ਸੁਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਯੋਗ ਵਾਰਸ ਜਾਣ ਕੇ ਉਹਨਾਂ ਨੂੰ ਇਹ ਸੇਵਾ ਸੌਂਪ ਦਿੱਤੀ ਸੀ। ਪ੍ਰਿਥੀ ਚੰਦ ਘਰ ਵਿਚ ਸਭ ਤੋਂ ਵੱਡਾ ਪੁੱਤਰ ਸੀ, ਸਮੂਹ ਸੰਗਤ ਨਾਲ ਉਸਦਾ ਰਾਬਤਾ ਸੀ, ਗੁਰੂ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਤੋਂ ਚੜ੍ਹਾਵਾ ਵੀ ਉਹ ਆਪ ਲੈਂਦਾ ਸੀ ਅਤੇ ਉਹਨਾਂ ਦੀ ਸੇਵਾ ਵਜੋਂ ਉਹਨਾਂ ਦਾ ਸਤਿਕਾਰ ਅਤੇ ਉਹਨਾਂ ਨੂੰ ਸਿਰੋਪੇ ਦੇਣ ਦਾ ਕਾਰਜ ਵੀ ਉਹ ਆਪ ਕਰਦਾ ਸੀ ਜਿਸ ਕਾਰਨ ਉਸ ਦਾ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਦੇ ਮੁੱਖੀ ਸਿੱਖਾਂ ਨਾਲ ਨੇੜਲਾ ਸੰਬੰਧ ਸਥਾਪਤ ਹੋ ਗਿਆ ਸੀ। ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਦੀ ਨਜ਼ਰ ਵਿਚ ਉਹ ਗੁਰਗੱਦੀ ਦਾ ਯੋਗ ਅਧਿਕਾਰੀ ਨਹੀਂ ਸੀ। ਇਸ ਦਾ ਕਾਰਨ ਮਨ ਵਿਚ ਲਾਲਚੀ, ਹੰਕਾਰੀ ਅਤੇ ਗੁਰੂ ਦੀ ਆਗਿਆ ਪਾਲਣ ਨਾ ਕਰਨ ਦੀ ਬਿਰਤੀ ਪੈਦਾ ਹੋਣਾ ਮੰਨਿਆ ਜਾ ਸਕਦਾ ਹੈ। ਇਸ ਸੰਬੰਧ ਵਿਚ ਇਕ ਪ੍ਰਸਿਧ ਘਟਨਾ ਦਾ ਜ਼ਿਕਰ ਲਗਪਗ ਸਮੂਹ ਸਿੱਖ ਇਤਿਹਾਸਕਾਰ ਕਰਦੇ ਹਨ ਕਿ ਇਕ ਵਾਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸਹਾਰੀਮੱਲ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਵਿਆਹ ਮੌਕੇ ਲਾਹੌਰ ਆਉਣ ਦਾ ਸੱਦਾ ਦਿੱਤਾ ਸੀ। ਗੁਰੂ ਜੀ ਆਪ ਇਸ ਵਿਆਹ ਵਿਚ ਨਹੀਂ ਜਾਣਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਵਿਆਹ ਮੌਕੇ ਲਾਹੌਰ ਜਾਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਫਿਰ ਗੁਰੂ ਜੀ ਨੇ ਆਪਣੇ ਪੁੱਤਰ ਮਹਾਂਦੇਵ ਨੂੰ ਲਾਹੌਰ ਜਾਣ ਲਈ ਕਿਹਾ ਪਰ ਉਹ ਵੀ ਜਾਣ ਲਈ ਰਾਜ਼ੀ ਨਾ ਹੋਇਆ। ਪਰ ਜਦੋਂ ਇਹੀ ਗੱਲ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਸੁਪੁੱਤਰ (ਗੁਰੂ) ਅਰਜਨ ਦੇਵ ਜੀ ਨੂੰ ਕਹੀ ਤਾਂ ਉਹਨਾਂ ਨੇ ਇਸ ਨੂੰ ਗੁਰੂ-ਆਦੇਸ਼ ਮੰਨਦੇ ਹੋਏ ਤੁਰੰਤ ਪ੍ਰਵਾਨ ਕਰ ਲਿਆ ਸੀ। ਲਾਹੌਰ ਜਾਣ ਤੋਂ ਪਹਿਲਾਂ ਉਹਨਾਂ (ਗੁਰੂ) ਅਰਜਨ ਦੇਵ ਜੀ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਵਿਆਹ ਉਪਰੰਤ ਉਹ ਉਥੇ ਹੀ ਰਹਿ ਕੇ ਗੁਰਮਤਿ ਪ੍ਰਚਾਰ ਕਰਨ ਅਤੇ ਜਦੋਂ ਤੱਕ ਵਾਪਸ ਨਾ ਬੁਲਾਇਆ ਜਾਵੇ, ਉਥੇ ਹੀ ਨਿਵਾਸ ਕਰਨ। ਵਿਆਹ ਹੋ ਜਾਣ ਤੋਂ ਬਾਅਦ ਗੁਰੂ ਆਦੇਸ਼ ਅਨੁਸਾਰ (ਗੁਰੂ) ਅਰਜਨ ਦੇਵ ਜੀ ਕੁੱਝ ਸਮਾਂ ਉਥੇ ਹੀ ਟਿਕ ਗਏ ਅਤੇ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾਉਣ ਲੱਗੇ। ਜਦੋਂ ਕਾਫ਼ੀ ਸਮਾਂ ਬੀਤ ਗਿਆ ਅਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਵਾਪਸ ਨਾ ਬੁਲਾਇਆ ਤਾਂ (ਗੁਰੂ) ਅਰਜਨ ਦੇਵ ਜੀ ਨੇ ਗੁਰੂ-ਦਰਸ਼ਨਾਂ ਲਈ ਇਕ ਤੋਂ ਬਾਅਦ ਇਕ ਚਿੱਠੀ ਲਿਖ ਕੇ ਆਪਣੇ ਮਨ ਦੀ ਇੱਛਾ ਜ਼ਾਹਿਰ ਕੀਤੀ ਸੀ। ਪ੍ਰਿਥੀ ਚੰਦ ਇਹ ਚਿੱਠੀਆਂ ਲੁਕੋ ਲੈਂਦਾ ਸੀ ਅਤੇ ਇਸ ਤਰ੍ਹਾਂ ਉਸ ਨੇ (ਗੁਰੂ) ਅਰਜਨ ਦੇਵ ਜੀ ਨੂੰ ਬਹੁਤ ਸਮਾਂ ਅੰਮ੍ਰਿਤਸਰ ਆਉਣ ਤੋਂ ਰੋਕੀ ਰੱਖਿਆ। ਜਦੋਂ ਇਸ ਗੱਲ ਦੀ ਜਾਣਕਾਰੀ ਗੁਰੂ ਰਾਮਦਾਸ ਜੀ ਨੂੰ ਮਿਲੀ ਤਾਂ ਉਹ ਪ੍ਰਿਥੀ ਚੰਦ ਤੋਂ ਬਹੁਤ ਨਰਾਜ਼ ਹੋਏ ਅਤੇ ਅਖੀਰ ਉਹਨਾਂ (ਗੁਰੂ) ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਯੋਗ ਜਾਣ ਕੇ ਇਹ ਸੇਵਾ ਉਹਨਾਂ ਨੂੰ ਸੌਂਪ ਦਿੱਤੀ।23 ਲਗਪਗ ਸੱਤ ਸਾਲ ਤੱੱਕ ਗੁਰਿਆਈ ਦੀ ਜ਼ੁੰਮੇਵਾਰੀ ਨਿਭਾਉਣ ਉਪਰੰਤ 1581 ਵਿਚ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।

ਗੁਰੂ ਰਾਮਦਾਸ ਜੀ ਦੇ ਸਮੇਂ ਮੁਖੀ ਸਿੱਖ

ਗੁਰੂ ਸਾਹਿਬਾਨ ਪਰਮਾਤਮਾ ਦਾ ਸੰਦੇਸ਼ ਲੋਕਾਈ ਨੂੰ ਪ੍ਰਦਾਨ ਕਰਨ ਲਈ ਯਤਨਸ਼ੀਲ ਸਨ। ਜਿਹੜਾ ਵੀ ਵਿਅਕਤੀ ਇਹਨਾਂ ਦੇ ਸਨਮੁਖ ਆਇਆ ਜਾਂ ਜਿਸ ਨੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ, ਉਹ ਇਹਨਾਂ ਤੋਂ ਪ੍ਰਭਾਵਿਤ ਹੋਏ ਬਗ਼ੈਰ ਨਾ ਰਹਿ ਸਕਿਆ। ਗੁਰੂ ਸਾਹਿਬ ਦੇ ਸ਼ਬਦ ਦਾ ਉਹਨਾਂ ‘ਤੇ ਅਜਿਹਾ ਅਸਰ ਹੁੰਦਾ ਸੀ ਕਿ ਉਹ ਸਿੱਖੀ ਧਾਰਨ ਕਰ ਲੈਂਦੇ ਸਨ। ਗੁਰੂ ਸਾਹਿਬਾਨ ਸੰਗਤ ਵਿਚ ਵਿਚਰਦੇ ਸਨ ਅਤੇ ਜਦੋਂ ਮੌਕਾ ਮਿਲਦਾ ਤਾਂ ਸਿੱਖ ਜਿਗਿਆਸਾ ਵੱਸ ਉਹਨਾਂ ਨਾਲ ਬਚਨ-ਬਿਲਾਸ ਕਰਿਆ ਕਰਦੇ ਸਨ। ਗੁਰੂ ਸਾਹਿਬਾਨ ਗ੍ਰਹਿਸਤੀ ਜੀਵਨ ਵਿਚ ਰਹਿੰਦੇ ਹੋਏ ਪਰਮਾਤਮਾ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਕਰਦੇ ਸਨ ਪਰ ਬਹੁਤ ਸਾਰੇ ਲੋਕਾਂ ‘ਤੇ ਸਮਕਾਲੀ ਭਾਰਤੀ ਪਰੰਪਰਾ ਦਾ ਪ੍ਰਭਾਵ ਸੀ ਜਿਸ ਅਧੀਨ ਜੀਵਨ ਦੇ ਆਖ਼ਰੀ ਪੜਾਅ ‘ਤੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੰਸਕਾਰ ਉਹਨਾਂ ਦੇ ਜੀਵਨ ‘ਤੇ ਭਾਰੂ ਸਨ। ਦੁਨਿਆਵੀ ਜੀਵਨ ਦੌਰਾਨ ਉਹ ਨੌਕਰੀ, ਖੇਤੀ, ਵਪਾਰ ਆਦਿ ਕਾਰਜਾਂ ਵਿਚ ਲੱਗੇ ਰਹਿੰਦੇ ਸਨ ਅਤੇ ਸਮਝਦੇ ਸਨ ਕਿ ਅਜਿਹੇ ਸਮੇਂ ਦੌਰਾਨ ਪਰਮਾਤਮਾ ਦੀ ਭਗਤੀ ਅਤੇ ਧਰਮ ਦਾ ਮਾਰਗ ਸੰਭਵ ਨਹੀਂ ਹੈ। ਗੁਰੂ ਸਾਹਿਬਾਨ ਨਾਲ ਮਿਲਾਪ ਅਤੇ ਵਾਰਤਾਲਾਪ ਦੌਰਾਨ ਜਿਹੜੇ ਪ੍ਰਸ਼ਨ ਉਹਨਾਂ ਦੇ ਮਨ ਵਿਚ ਸਨ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਦੁਨਿਆਵੀ ਭਾਵਸਾਗਰ ਨੂੰ ਪਾਰ ਕਰਨ ਦੀ ਰੁਚੀ ਵੀ ਰੱਖਦੇ ਸਨ ਜਿਵੇਂ ਗ੍ਰਹਿਸਤ ਵਿਚ ਉਦਾਸ (ਨਿਰਲੇਪ) ਕਿਵੇਂ ਰਿਹਾ ਜਾ ਸਕਦਾ ਹੈ? ਜਨਮ-ਮਰਨ ਕਿਵੇਂ ਕਟਿਆ ਜਾ ਸਕਦਾ ਹੈ? ਗ੍ਰਹਿਸਤੀ ਜੀਵਨ ਦੌਰਾਨ ਮੁਕਤੀ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸਚਿਆਰਾ ਜੀਵਨ ਕਿਵੇਂ ਧਾਰਨ ਕੀਤਾ ਜਾ ਸਕਦਾ ਹੈ? ਅਜਿਹੇ ਪ੍ਰਸ਼ਨ ਉਹਨਾਂ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ। ਭਾਈ ਮਨੀ ਸਿੰਘ ਜੀ ਦੀ ਰਚਨਾ ਸਿੱਖਾਂ ਦੀ ਭਗਤਮਾਲਾ ਵਿਚ ਉਹਨਾਂ ਸਿੱਖਾਂ ਦੇ ਪ੍ਰਸ਼ਨਾਂ ਦਾ ਜ਼ਿਕਰ ਹੈ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਗਿਆਰ੍ਹਵੀਂ ਵਾਰ ਵਿਚ ਆਇਆ ਹੈ। ਭਾਈ ਗੁਰਦਾਸ ਜੀ ਨੇ ਤਾਂ ਕੇਵਲ ਮੁਖੀ ਸਿੱਖਾਂ ਦੇ ਨਾਵਾਂ ਦਾ ਹੀ ਜ਼ਿਕਰ ਕੀਤਾ ਹੈ ਪਰ ਉਹਨਾਂ ਸੰਬੰਧੀ ਵਧੇਰੇ ਜਾਣਕਾਰੀ ਹੋਰਨਾਂ ਗ੍ਰੰਥਾਂ ਵਿਚ ਮਿਲਦੀ ਹੈ। ਗੁਰੂ ਰਾਮਦਾਸ ਜੀ ਦੇ ਸਮੇਂ ਦੇ ਜਿਹੜੇ ਮੁਖੀ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ ਉਹ ਹਨ – ਸੈਸਾਰੂ, ਜਾਪਾ, ਜੇਠਾ, ਡੂੰਗਰ ਦਾਸ, ਤਾਰੂ, ਤੀਰਥਾ, ਤੁਲਸਾ ਵਹੁਰਾ, ਦੀਪਾ, ਨਈਆ ਖੁਲਰ, ਪਦਾਰਥ, ਪੂਰੋ, ਬਰ੍ਹਮਦਾਸ, ਬਿਸਨਦਾਸੁ, ਬਿਧੀਚੰਦ, ਬੂਲਾ, ਭਾਰੂ, ਮਹਾਨੰਦ, ਮਾਈਆ, ਮਾਨਕਚੰਦ।24

ਰਚਨਾ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 31 ਰਾਗ ਮੌਜੂਦ ਹਨ। ਇਨ੍ਹਾਂ ਵਿਚੋਂ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿਚ ਸੰਪੂਰਨ ਬਾਣੀ ਦਾ ਸਰੂਪ ਤਿਆਰ ਕੀਤਾ ਸੀ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਨ ਸਮੇਂ ਇਕ ਜੈਜਾਵੰਤੀ ਰਾਗ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿਚ ਦਰਜ ਕੀਤਾ ਸੀ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ। ਇਸ ਦਾ ਭਾਵ ਹੈ ਕਿ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਜਿੰਨੇ ਵੀ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੇ ਗਏ ਸਨ ਉਨ੍ਹਾਂ ਸਾਰਿਆਂ ਵਿਚ ਗੁਰੂ ਜੀ ਦੀ ਬਾਣੀ ਦਰਜ ਹੈ।

ਸੋਲਹੇ: ਸੋਲਾਂ ਪਦਾਂ ਦੇ ਛੰਦ ਨੂੰ ਸੋਲਹਾ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਇਸ ਕਾਵਿ-ਰੂਪ ਦੀ ਵਰਤੋਂ ਮਾਰੂ ਰਾਗ ਵਿਚ ਕੀਤੀ ਗਈ ਹੈ। ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ ਸੋਲਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਗੁਰੂ ਰਾਮਦਾਸ ਜੀ ਨੇ ਸੋਲਾਂ-ਸੋਲਾਂ ਪਦਿਆਂ ਵਾਲੇ ਦੋ ਛੰਦਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ। ਇਸ ਰਚਨਾ ਵਿਚ ਗੁਰੂ ਜੀ ਦੱਸਦੇ ਹਨ ਕਿ ਪ੍ਰਭੂ ਸ੍ਰਿਸ਼ਟੀ ਦਾ ਸਿਰਜਨਹਾਰ ਹੈ ਉਹ ਇਸ ਨੂੰ ਪੈਦਾ ਕਰ ਕੇ ਇਸ ਵਿਚ ਹਰ ਥਾਂ ਵਿਆਪਕ ਹੈ। ਪਰਮਾਤਮਾ ਸਮੂਹ ਜੀਵਾਂ ਅੰਦਰ ਵਿਦਮਾਨ ਹੈ ਅਤੇ ਮਨੁੱਖ ਇਸ ਦੀ ਹੋਂਦ ਨੂੰ ਮਹਿਸੂਸ ਕਰਨ ਦੇ ਸਮਰੱਥ ਹੈ ਪਰ ਹਉਮੈ ਵੱਸ ਉਹ ਇਸ ਦਿਸ਼ਾ ਵੱਲ ਯਤਨਸ਼ੀਲ ਨਹੀਂ ਹੁੰਦਾ। ਜਦੋਂ ਸਤਿਗੁਰੂ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਪਰਮਾਤਮਾ ਪ੍ਰਤੱਖ ਨਜ਼ਰ ਆਉਣ ਲੱਗਦਾ ਹੈ। ਇਸ ਦਾ ਭਾਵ ਹੈ ਕਿ ਸਮੂਹ ਮਨੁੱਖਾਂ ਅੰਦਰ ਵੱਸਦਾ ਪਰਮਾਤਮਾ ਸਤਿਗੁਰੂ ਦੀ ਚਰਨੀਂ ਲੱਗਿਆਂ ਜ਼ਾਹਿਰ ਹੋ ਜਾਂਦਾ ਹੈ।25

ਇਸ ਰਚਨਾ ਵਿਚ ਗੁਰੂ ਰਾਮਦਾਸ ਜੀ ਦੱਸਦੇ ਹਨ ਕਿ ਪਰਮਾਤਮਾ ਹੀ ਸਮੂਹ ਜੀਵਾਂ ਦਾ ਦਾਤਾ ਹੈ ਅਤੇ ਉਹੀ ਜਲ ਅਤੇ ਥਲ ‘ਤੇ ਰਹਿਣ ਵਾਲੇ ਸਭਨਾਂ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਉਸ ਨੂੰ ਸਭ ਦੀ ਚਿੰਤਾ ਹੈ। ਗੁਰੂ ਦੇ ਦੱਸੇ ਮਾਰਗ ‘ਤੇ ਚੱਲ ਕੇ ਪ੍ਰਭੂ ਦਾ ਸਿਮਰਨ ਕਰਨ ਨਾਲ ਉਹ ਮਨ ਵਿਚ ਵੱਸ ਜਾਂਦਾ ਹੈ। ਪ੍ਰਭੂ ਨਾਲ ਜੁੜੇ ਹੋਏ ਮਨੁੱਖ ‘ਤੇ ਦੁਨਿਆਵੀ ਪਦਾਰਥ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਅਤੇ ਉਹ ਕਮਲ ਫੁੱਲ ਦੀ ਤਰ੍ਹਾਂ ਗ੍ਰਹਿਸਤ ਵਿਚ ਉਦਾਸ ਹੋ ਜਾਂਦਾ ਹੈ। ਗੁਰੂ ਜੀ ਪ੍ਰਭੂ ਅੱਗੇ ਪੂਰਨ ਆਤਮ-ਸਮਰਪਣ ਕਰਨ ਦੀ ਸਿੱਖਿਆ ਦਿੰਦੇ ਹੋਏ ਬਚਨ ਕਰਦੇ ਹਨ:

Guru Ramdas: Life, Personality and Baniਕਰਹਲੇ: ਕਰਹਲੇ ਕਰਹਲ ਦਾ ਬਹੁਵਚਨ ਹੈ। ਕਰਹਲ ਦਾ ਅਰਥ ਹੈ ਊਠ। ਊਠ ਦਾ ਜ਼ਿਆਦਾ ਸੰਬੰਧ ਰੇਗਿਸਤਾਨ ਨਾਲ ਹੈ ਕਿਉਂਕਿ ਉਥੇ ਰੇਤਲਾ ਇਲਾਕਾ ਹੋਣ ਕਰਕੇ ਊਠ ਨੂੰ ਚੱਲਣਾ ਆਸਾਨ ਰਹਿੰਦਾ ਹੈ। ਇਸ ਕਾਵਿ ਰੂਪ ਨੂੰ ਯਾਤਰਾ ਨਾਲ ਸੰਬੰਧਿਤ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਵਪਾਰੀ ਊਠਾਂ ਤੇ ਸਮਾਨ ਲੱਦ ਕੇ ਦੂਰ-ਦੁਰਾਡੇ ਦੇਸਾਂ ਵਿਚ ਵਪਾਰ ਕਰਨ ਜਾਂਦੇ ਹਨ ਤਾਂ ਲੰਮੀ ਹੇਕ ਨਾਲ ਉਹ ਜੋ ਗਾਇਨ ਕਰਦੇ ਸਨ, ਉਨ੍ਹਾਂ ਨੂੰ ਕਰਹਲੇ ਕਿਹਾ ਜਾਣ ਲੱਗਾ ਸੀ।

ਗਉੜੀ ਰਾਗ ਵਿਚ ਗੁਰੂ ਰਾਮਦਾਸ ਜੀ ਦੀਆਂ ਦੋ ਅਸਟਪਦੀਆਂ ‘ਕਰਹਲੇ’ ਸਿਰਲੇਖ ਅਧੀਨ ਦਰਜ ਹਨ। ਗੁਰੂ ਜੀ ਮਨੁੱਖ ਦੇ ਮਾਇਆ ਵਿਚ ਫਸੇ ਹੋਏ ਮਨ ਨੂੰ ਕਰਹਲਾ ਕਹਿੰਦੇ ਹਨ ਜਿਹੜਾ ਹਮੇਸ਼ਾਂ ਊਠ ਵਾਂਗ ਭਟਕਦਾ ਰਹਿੰਦਾ ਹੈ। ਹਉਮੈਂ ਮਨ ਨੂੰ ਗੁਰਮਤਿ ਮਾਰਗ ‘ਤੇ ਚੱਲਣ ਵਿਚ ਰੁਕਾਵਟ ਪਾਉਂਦੀ ਹੈ। ਨਉ ਨਿਧੀਆਂ ਰੂਪੀ ਨਾਮ ਦਾ ਖ਼ਜ਼ਾਨਾ ਮਨੁੱਖ ਦੀ ਦੇਹ ਦੇ ਅੰਦਰ ਛੁਪਿਆ ਹੋਇਆ ਹੈ ਪਰ ਹਉਮੈਂ ਕਰਕੇ ਉਹ ਨਜ਼ਰ ਨਹੀਂ ਪੈਂਦਾ। ਇਹ ਤਾਂ ਹੀ ਸੰਭਵ ਹੈ ਜੇਕਰ ਮਨੁੱਖ ਚਤੁਰਾਈਆਂ ਛੱਡ ਕੇ ਪਰਮਾਤਮਾ ਵੱਲ ਮੁੜਨ ਦਾ ਯਤਨ ਕਰੇ ਅਤੇ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਧਾਰਨ ਕਰੇ:

Guru Ramdas: Life, Personality and Baniਘੋੜੀਆ (ਘੋੜੀਆਂ): ਲਾੜੇ ਦੇ ਘੋੜੀ ਚੜ੍ਹਨ ਸਮੇਂ ਜੋ ਗੀਤ ਗਾਏ ਜਾਂਦੇ ਹਨ ਉਨ੍ਹਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਇਸ ਕਾਵਿ ਰੂਪ ਦੀ ਵਰਤੋਂ ਵਡਹੰਸ ਰਾਗ ਵਿਚ ਕੀਤੀ ਹੈ। ਦੋ ਛੰਤਾਂ ਵਾਲੀ ਇਸ ਰਚਨਾ ਵਿਚ ਗੁਰੂ ਜੀ ਨੇ ਸਰੀਰ ਨੂੰ ਘੋੜੀ ਕਿਹਾ ਹੈ ਜੋ ਸਾਧ ਸੰਗਤ ਦੀ ਜੰਞ ਲੈ ਕੇ ਸੰਸਾਰ ਰੂਪੀ ਬਿਖੜੇ ਮਾਰਗ ਨੂੰ ਤੈਅ ਕਰਦੀ ਹੋਈ ਪ੍ਰਭੂ ਨਾਲ ਮਿਲਾਪ ਕਰਦੀ ਹੈ। ਗੁਰੂ ਜੀ ਮਨੁੱਖੀ ਜਾਮੇ ਵਿਚ ਸਰੀਰ ਰੂਪੀ ਘੋੜੀ ਉਤੇ ਚੜ੍ਹ ਕੇ ਪ੍ਰਭੂ ਮਿਲਾਪ ਦੇ ਮਾਰਗ ‘ਤੇ ਚੱਲਣ ਦਾ ਉਪਦੇਸ਼ ਦਿੰਦੇ ਹੋਏ ਕਹਿੰਦੇ ਹਨ – ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ॥ ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ॥29

ਪਹਰੇ: ਪਹਰੇ ਗੁਰੂ ਰਾਮਦਾਸ ਜੀ ਦੀ ਰਚਨਾ ਹੈ ਜਿਸ ਵਿਚ ਜੀਵਨ ਨੂੰ ਰਾਤ ਦੇ ਚਾਰ ਪਹਰਿਆਂ ਵਾਂਗ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ – ਜਨਮ ਤੋਂ ਪਹਿਲਾਂ ਮਾਤ ਗਰਭ ਵਿਚ, ਜਨਮ ਤੋਂ ਬਚਪਨ ਤੱਕ, ਜਵਾਨੀ, ਬਿਰਧ ਅਵਸਥਾ ਜਾਂ ਬੁਢਾਪਾ। ਗੁਰੂ ਸਾਹਿਬ ਇਸ ਬਾਣੀ ਵਿਚ ਮਨੁੱਖ ਨੂੰ ਪਰਮਾਤਮਾ ਦੇ ਨਾਮ ਸਿਮਰਨ ਦਾ ਲਾਹਾ ਖੱਟਣ ਦੀ ਪ੍ਰੇਰਨਾ ਕਰਦੇ ਹਨ। ਜੀਵਨ ਨੂੰ ਹਨੇਰੇ ਵਾਂਗ ਚਿਤਰਿਆ ਗਿਆ ਹੈ ਅਤੇ ਪ੍ਰਭੂ ਮਿਲਾਪ ਨੂੰ ਪ੍ਰਕਾਸ਼ ਦਾ ਨਾਂ ਦਿੱਤਾ ਗਿਆ ਹੈ – ਓਥੈ ਦਿਨ ਐਥੇ ਸਭ ਰਾਤ॥

ਪਹਿਲੇ ਪਹਰ ਵਿਚ ਜਨਮ ਤੋਂ ਪਹਿਲਾਂ ਦੀ ਅਵਸਥਾ ਹੈ ਜਦੋਂ ਪਰਮਾਤਮਾ ਨੇ ਜੀਵ ਦੀ ਉਤਪਤੀ ਲਈ ਜੋਤਿ ਰੱਖੀ। ਦੂਜੇ ਪਹਰ ਵਿਚ ਜਨਮ ਤੋਂ ਬਾਅਦ ਦੁਨਿਆਵੀ ਸੰਬੰਧਾਂ ਦੀ ਸ਼ੁਰੂਆਤ, ਤੀਜੇ ਪਹਰ ਵਿਚ ਦੁਨਿਆਵੀ ਪਦਾਰਥਾਂ ਵਿਚ ਖਚਿਤ ਹੋਣ ਦਾ ਜ਼ਿਕਰ ਕਰਦੇ ਹੋਏ ਚੌਥੇ ਪਹਰ ਵਿਚ ਬੁਢਾਪੇ ਵੱਲ ਸੰਕੇਤ ਕੀਤਾ ਗਿਆ ਹੈ। ਜੀਵਨ ਦੇ ਕਿਸੇ ਵੀ ਪਹਰ ਵਿਚ ਪ੍ਰਭੂ ਸਿਮਰਨ ਦੁਆਰਾ ਮੁਕਤ ਹੋਣ ਦੀ ਗੱਲ ਕਹੀ ਗਈ ਹੈ।

ਲਾਵਾਂ: ਗੁਰੂ ਰਾਮਦਾਸ ਜੀ ਦੀ ਇਸ ਰਚਨਾ ਦੇ ਚਾਰ ਬੰਦ ਹਨ ਜਿਨ੍ਹਾਂ ਨੂੰ ਦੋ ਰੂਪਾਂ ਵਿਚ ਵੇਖਿਆ ਜਾਂਦਾ ਹੈ – ਸਮਾਜਿਕ ਅਤੇ ਅਧਿਆਤਮਿਕ। ਸਮਾਜਿਕ ਪੱਖ ਵਿਚ ਪਤੀ-ਪਤਨੀ ਦੇ ਸੰਯੋਗ ਨੂੰ ਕੁਦਰਤ ਦਾ ਨਿਯਮ ਮੰਨ ਕੇ ਇਸ ਨੂੰ ਚਲਦਾ ਰੱਖਣ ਲਈ ‘ਅਨੰਦ ਕਾਰਜ’ ਦੀ ਰਸਮ ਕੀਤੀ ਜਾਂਦੀ ਹੈ। ਅਨੰਦ ਕਾਰਜ ਦੀ ਰਸਮ ਸਮੇਂ ਲਈਆਂ ਜਾਂਦੀਆਂ ਲਾਵਾਂ ਵਿਚ ਧਰਮ ਗ੍ਰੰਥ ਦੀ ਸਿੱਖਿਆ ਦ੍ਰਿੜ ਕਰਾਈ ਜਾਂਦੀ ਹੈ ਅਤੇ ਇਸੇ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਕੀਤੀ ਜਾਂਦੀ ਹੈ। ਅਧਿਆਤਮਿਕ ਪੱਖ ਵਿਚ ਦਰਸਾਇਆ ਗਿਆ ਹੈ ਕਿ ਮਨੁੱਖਾ ਜੀਵਨ ਦਾ ਉਦੇਸ਼ ਪ੍ਰਭੂ-ਮਿਲਾਪ ਹੈ। ਪਹਿਲੀ ਲਾਂਵ ਪ੍ਰਵਿਰਤੀ ਕਰਮ ਵਿਚ ਪ੍ਰਵੇਸ਼ ਕਰਨ ਵੱਲ ਸੰਕੇਤ ਕਰਦੀ ਹੈ। ਇਹ ਦੁਨਿਆਵੀ ਤਾਣੇ-ਬਾਣੇ ਨੂੰ ਇਕ ਸੂਤਰ ਵਿਚ ਪਰੋਣ ਦਾ ਪੜਾਉ ਹੈ। ਦੂਜੀ ਲਾਂਵ ਵਿਚ ਸੱਚੇ ਗੁਰੂ ਦਾ ਮਿਲਾਪ ਹੈ ਜੋ ਕਿ ਪ੍ਰਭੂ ਉਸਤਤਿ ਰਾਹੀਂ ਹਉਮੈਂ ਨੂੰ ਕਾਬੂ ਕਰਨ ਦਾ ਮਾਰਗ ਦੱਸਦਾ ਹੈ। ਤੀਜੀ ਲਾਂਵ ਵਿਚ ਵੈਰਾਗ ਭਾਵਨਾ ਦਾ ਉਤਪੰਨ ਹੋਣਾ ਦੱਸਿਆ ਹੈ। ਵੈਰਾਗ ਦਾ ਭਾਵ ਨਿਰਾਸਤਾ ਅਤੇ ਉਪਰਾਮਤਾ ਕੀਤਾ ਜਾਂਦਾ ਹੈ ਪਰ ਇਥੇ ਦੁਨਿਆਵੀ ਪਦਾਰਥਾਂ ਤੋਂ ਉਪਰ ਉੱਠ ਜਾਣ ਦੀ ਗੱਲ ਕਹੀ ਗਈ ਹੈ। ਸਮਾਜਿਕ ਕਾਰ-ਵਿਹਾਰ ਕਰਦਾ ਹੋਇਆ ਮਨੁੱਖ ਇਨ੍ਹਾਂ ਪਦਾਰਥਾਂ ਵਿਚ ਖਚਿਤ ਨਹੀਂ ਹੁੰਦਾ। ਚੌਥੀ ਲਾਂਵ ਵਿਚ ਸਹਿਜ ਅਵਸਥਾ ਵਿਚ ਰਹਿੰਦੇ ਹੋਏ ਜੀਵ-ਇਸਤਰੀ ਪ੍ਰਭੂ ਮਿਲਾਪ ਕਰ ਲੈਂਦੀ ਹੈ। ਇਹੀ ਅਸਲ ਰੂਪ ਵਿਚ ਅਨੰਦ ਕਾਰਜ ਹੈ।

ਵਣਜਾਰਾ: ਵਣਜ (ਵਪਾਰ) ਕਰਨ ਵਾਲੇ ਨੂੰ ਵਣਜਾਰਾ ਕਿਹਾ ਜਾਂਦਾ ਹੈ। ਇਸ ਨੂੰ ਇਕ ਕਬੀਲੇ ਵਿਸ਼ੇਸ਼ ਨਾਲ ਜੋੜ ਕੇ ਵੀ ਵੇਖਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਵਣਜਾਰਾ’ ਸਿਰਲੇਖ ਅਧੀਨ ਗੁਰੂ ਰਾਮਦਾਸ ਜੀ ਦੀ ਛੇ ਪਦਿਆਂ ਵਾਲੀ ਰਚਨਾ ਹੈ, ਪੰਜ ਤੁਕਾਂ ਵਾਲੇ ਹਰ ਪਦੇ ਤੋਂ ਬਾਅਦ ਦੋ ਤੁਕਾਂ ਦਾ ਰਹਾਉ ਹੈ। ਇਸ ਰਚਨਾ ਵਿਚ ਜਿਗਿਆਸੂ ਮਨੁੱਖ ਨੂੰ ਵਣਜਾਰਾ ਨਾਂ ਨਾਲ ਸੰਬੋਧਨ ਕੀਤਾ ਗਿਆ ਹੈ। ਇਸ ਰਚਨਾ ਵਿਚ ਤਾਕੀਦ ਕੀਤੀ ਗਈ ਹੈ ਕਿ ਸੱਚਾ ਵਣਜ ਪਰਮਾਤਮਾ ਦਾ ਨਾਮ ਹੈ ਅਤੇ ਜਿਸ ਮਨੁੱਖ ਦੇ ਮਨ ਵਿਚ ਉਸ ਸੱਚੇ ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ, ਸਹੀ ਰੂਪ ਵਿਚ ਉਹੀ ਵਣਜਾਰਾ ਹੈ – ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ॥ ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ॥30

ਵਾਰਾਂ ਦਾ ਵਿਸ਼ਾ ਵਸਤੂ: ਵਾਰ ਕਿਸੇ ਸੂਰਬੀਰ ਜਾਂ ਜੋਧੇ ਦੇ ਗੁਣਾਂ ਦਾ ਵਿਖਿਆਨ ਕਰਦੀ ਹੈ। ਆਮ ਲੋਕ ਉਸ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਉਨ੍ਹਾਂ ਦੇ ਮਨ ਵਿਚ ਉਸੇ ਵਰਗਾ ਬਹਾਦਰ ਜਾਂ ਦਲੇਰ ਬਣਨ ਦਾ ਉਤਸ਼ਾਹ ਪੈਦਾ ਹੁੰਦਾ ਹੈ। ਗੁਰਬਾਣੀ ਵਿਚ ਪਰਮਾਤਮਾ ਨੂੰ ਨਾਇਕ ਮੰਨਿਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ‘ਨਿਰਭਉ ਜਪੈ ਸਗਲ ਭਉ ਮਿਟੈ’ ਦੀ ਭਾਵਨਾ ਸਿੱਖ ਨੂੰ ਉਸ ਪ੍ਰਭੂ ਦੇ ਗੁਣਾਂ ਦੇ ਅਨੁਸਾਰੀ ਬਣਾਉਣ ਦੀ ਪ੍ਰੇਰਨਾ ਪੈਦਾ ਕਰਦੀ ਹੈ। ਬਾਹਰੀ ਤੌਰ ‘ਤੇ ਵਾਰਾਂ ਦੁਨਿਆਵੀ ਜੰਗਾਂ ਜੁੱਧਾਂ ਸਮੇਂ ਜੋਸ਼ ਅਤੇ ਉਤਸ਼ਾਹ ਪੈਦਾ ਕਰਨ ਦਾ ਕਾਰਜ ਕਰਦੀਆਂ ਹਨ ਅਤੇ ਅੰਦਰੂਨੀ ਤੌਰ ‘ਤੇ ਇਹ ਸਾਧਕ ਨੂੰ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰਕੇ ਪ੍ਰਭੂ-ਪ੍ਰੀਤ ਪੈਦਾ ਕਰਦੀਆਂ ਹਨ। ਵਾਰ ਪਉੜੀਆਂ ਵਿਚ ਹੁੰਦੀ ਹੈ ਅਤੇ ਪਉੜੀਆਂ ਨਾਲ ਸਲੋਕ ਦਰਜ ਕੀਤੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ ਦਰਜ ਹਨ ਜਿਨ੍ਹਾਂ ਵਿਚੋਂ 8 ਵਾਰਾਂ ਗੁਰੂ ਰਾਮਦਾਸ ਜੀ ਦੀ ਰਚਨਾ ਹਨ ਜਿਨ੍ਹਾਂ ਬਾਰੇ ਇਥੇ ਸੰਖੇਪ ਰੂਪ ਵਿਚ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ।

ਸਿਰੀ ਰਾਗ ਕੀ ਵਾਰ: ਗੁਰੂ ਰਾਮਦਾਸ ਜੀ ਦੀ ਇਹ ਵਾਰ ਸਿਰੀ ਰਾਗ ਵਿਚ ਦਰਜ ਹੈ। ਇਹ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਦਰਜ 31 ਰਾਗਾਂ ਵਿਚੋਂ ਸਭ ਤੋਂ ਪਹਿਲਾਂ ਦਰਜ ਹੈ ਅਤੇ ਇਸ ਰਾਗ ਦਾ ਨਾਂ ਹੀ ਸਿਰਲੇਖ ਵਿਚ ਸ਼ਾਮਲ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 83 ਤੋਂ 91 ਪੰਨਿਆਂ ਤੱਕ ਦਰਜ ਇਸ ਵਾਰ ਦੀਆਂ 21 ਪਉੜੀਆਂ ਹਨ। ਇਸ ਵਾਰ ਵਿਚ 43 ਸਲੋਕ ਦਰਜ ਹਨ ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਸੱਤ, ਗੁਰੂ ਅੰਗਦ ਦੇਵ ਜੀ ਦੇ ਦੋ, ਗੁਰੂ ਅਮਰਦਾਸ ਜੀ ਦੇ ਤੇਤੀ ਅਤੇ ਗੁਰੂ ਅਰਜਨ ਦੇਵ ਜੀ ਦਾ ਇਕ ਸਲੋਕ ਸ਼ਾਮਲ ਹੈ। ਗੁਰੂ ਰਾਮਦਾਸ ਜੀ ਦਾ ਕੋਈ ਵੀ ਸਲੋਕ ਇਸ ਰਚਨਾ ਵਿਚ ਦਰਜ ਨਹੀਂ ਹੈ। ਇਸ ਵਾਰ ਵਿਚ ਗੁਰੂ ਰਾਮਦਾਸ ਜੀ ਦੱਸਦੇ ਹਨ ਕਿ ਪ੍ਰਭੂ ਇਕ ਹੈ, ਉਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਉਸੇ ਦਾ ਹੀ ਹੁਕਮ ਇਸ ਸ੍ਰਿਸ਼ਟੀ ਵਿਚ ਵਰਤ ਰਿਹਾ ਹੈ। ਸ੍ਰਿਸ਼ਟੀ ਕਰਤਾ ਨੂੰ ਸਰਬ-ਗਿਆਤਾ ਮੰਨਿਆ ਗਿਆ ਹੈ ਜੋ ਹਰ ਇਕ ਮਨੁੱਖ ਦੇ ਭਲੇ ਬੁਰੇ ਕਰਮਾਂ ਬਾਰੇ ਜਾਣਦਾ ਹੈ, ਡਰਦਾ ਉਹ ਹੈ ਜਿਹੜਾ ਪਾਪ ਕਰਦਾ ਹੈ ਪਰ ਧਰਮੀ ਖੁਸ਼ ਰਹਿੰਦਾ ਹੈ। ਧਰਮੀ ਦੇ ਮਨ ਵਿਚ ਦੁਬਿਧਾ ਨਹੀਂ ਹੁੰਦੀ ਅਤੇ ਉਹ ਹਮੇਸ਼ਾਂ ਪ੍ਰਭੂ ਦਾ ਓਟ-ਆਸਰਾ ਲੈ ਕੇ ਉਸੇ ਨਾਲ ਜੁੜਿਆ ਰਹਿੰਦਾ ਹੈ। ਪ੍ਰਭੂ ਕ੍ਰਿਪਾ ਨਾਲ ਧਰਮੀ ਸਲਾਹਿਆ ਜਾਂਦਾ ਹੈ ਅਤੇ ਪਾਪੀ ਨੂੰ ਦੰਡ ਮਿਲਦਾ ਹੈ – ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ॥31 ਧਰਮੀ ਸਭ ਜਹਾਨਾਂ ਤੋਂ ਸੁਰਖਰੂ ਹੁੰਦਾ ਹੈ ਅਤੇ ਉਸਨੂੰ ਪ੍ਰਭੂ ਬਖ਼ਸ਼ਿਸ਼ ਰੂਪੀ ਸਿਰੋਪੇ ਨਾਲ ਪ੍ਰਵਾਨ ਕਰਦਾ ਹੈ – ਤਿਨ ਐਥੇ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ॥32 ਇਸ ਵਾਰ ਦੀ ਅੰਤਲੀ ਪਉੜੀ ਵਿਚ ਗੁਰੂ ਜੀ ਆਪਣੇ ਆਪ ਨੂੰ ਪ੍ਰਭੂ ਦਾ ਢਾਢੀ ਕਹਿੰਦੇ ਹਨ ਅਤੇ ਨਾਲ ਹੀ ਦੱਸਦੇ ਹਨ ਕਿ ਉਹਨਾਂ ਨੇ ਪ੍ਰਭੂ ਤੋਂ ਸੱਚੇ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ।

ਗਉੜੀ ਕੀ ਵਾਰ: ਗਉੜੀ ਕੀ ਵਾਰ ਵਿਚ 33 ਪਉੜੀਆਂ ਅਤੇ 68 ਸਲੋਕ ਸ਼ਾਮਲ ਹਨ। ਇਨ੍ਹਾਂ ਵਿਚ 28 ਪਉੜੀਆਂ ਗੁਰੂ ਰਾਮਦਾਸ ਜੀ ਦੀਆਂ ਅਤੇ 5 ਪਉੜੀਆਂ ਗੁਰੂ ਅਰਜਨ ਦੇਵ ਜੀ ਦੀਆਂ ਹਨ। ਗੁਰੂ ਰਾਮਦਾਸ ਜੀ ਦੇ 53 ਸਲੋਕਾਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਦੇ 7 ਅਤੇ ਗੁਰੂ ਅਰਜਨ ਦੇਵ ਜੀ ਦੇ 8 ਸਲੋਕ ਇਸ ਵਾਰ ਵਿਚ ਸ਼ਾਮਲ ਹਨ। ਪਰਮਾਤਮਾ ਨੂੰ ਸ੍ਰਿਸ਼ਟੀ ਵਿਚ ਸਰਬੋਤਮ ਮੰਨ ਕੇ ਉਸ ਵੱਲ ਮੁੜਨ ਅਤੇ ਉਸ ਨਾਲ ਜੁੜਨ ਨੂੰ ਜੀਵਨ ਉਦੇਸ਼ ਦੱਸਿਆ ਗਿਆ ਹੈ। ਸਰੀਰ ਇਕ ਕਿਲੇ ਦੀ ਤਰ੍ਹਾਂ ਮੰਨਿਆ ਗਿਆ ਹੈ, ਅਧਿਆਤਮਿਕਤਾ ਦਾ ਸਾਰਾ ਖ਼ਜ਼ਾਨਾ ਜਿਸ ਦੇ ਅੰਦਰ ਛੁਪਿਆ ਹੋਇਆ ਹੈ। ਜਿਹੜੇ ਇਹ ਖ਼ਜ਼ਾਨਾ ਬਾਹਰ ਲੱਭਦੇ ਹਨ, ਉਹ ਮੂਰਖ ਹਨ। ਉਨ੍ਹਾਂ ਦੀ ਹਾਲਤ ਉਸ ਹਿਰਨ ਵਰਗੀ ਹੈ, ਕਸਤੂਰੀ ਜਿਸ ਦੇ ਅੰਦਰ ਛੁਪੀ ਹੋਈ ਹੈ ਪਰ ਉਹ ਇਸ ਦੀ ਭਾਲ ਝਾੜੀਆਂ ਵਿਚ ਕਰਦਾ ਹੋਇਆ ਭਟਕਦਾ ਫਿਰਦਾ ਹੈ। ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਅੰਦਰ ਛੁਪਿਆ ਹੋਇਆ ਖ਼ਜ਼ਾਨਾ ਲੱਭ ਸਕਦਾ ਹੈ ਅਤੇ ਜਿਹੜੇ ਗੁਰੂ ਦੇ ਆਦੇਸ਼ ਅਨੁਸਾਰ ਜੀਵਨ ਬਸਰ ਕਰਦੇ ਹਨ, ਉਹ ਗੁਰਮੁਖ ਹਨ। ਗੁਰੂ ਤੋਂ ਬੇਮੁਖ ਹੋ ਕੇ ਜਿਹੜੇ ਮੁੜ ਗੁਰੂ ਦੇ ਚਰਨੀਂ ਆ ਲੱਗਦੇ ਹਨ, ਗੁਰੂ ਉਹਨਾਂ ਦੇ ਅਉਗਣ ਮਾਫ਼ ਕਰ ਕੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਗੁਰੂ ਦੀ ਨਜ਼ਰ ਵਿਚ ਗੁਰੂ ਸਾਹਿਬਾਨ ਦੇ ਪੁੱਤਰਾਂ ਅਤੇ ਸਿੱਖਾਂ ਵਿਚ ਕੋਈ ਫ਼ਰਕ ਨਹੀਂ ਹੈ, ਸ਼ੁਭ ਕਾਰਜ ਕਰਨ ਵਾਲੇ ਸਾਰੇ ਪ੍ਰਵਾਨ ਹੁੰਦੇ ਹਨ।33

ਬਿਹਾਗੜੇ ਕੀ ਵਾਰ: 21 ਪਉੜੀਆਂ ਵਾਲੀ ਇਸ ਰਚਨਾ ਵਿਚ 43 ਸਲੋਕ ਦਰਜ ਹਨ। ਇਸ ਵਾਰ ਵਿਚ ਪ੍ਰਭੂ ਦੀ ਉਸਤਤਿ ਕਰਦੇ ਹੋਏ ਉਸ ਨੂੰ ਸਮੂਹ ਪ੍ਰਾਪਤੀਆਂ ਦਾ ਸੋਮਾ ਦੱਸਿਆ ਗਿਆ ਹੈ। ਸ੍ਰਿਸ਼ਟੀ ਵਿਚ ਜਿਹੜੀਆਂ ਵਸਤਾਂ ਜਾਂ ਹਸਤੀਆਂ ਸਮਾਂ ਅਤੇ ਸਥਾਨ ਦਾ ਹਿੱਸਾ ਬਣੀਆਂ, ਉਹ ਪਰਿਵਰਤਨਸ਼ੀਲ ਅਤੇ ਨਾਸ਼ ਹੋਣ ਵਾਲੀਆਂ ਹਨ। ਪ੍ਰਭੂ ਨੂੰ ਵੀ ਇਸ ਜਗਤ ਦਾ ਹਿੱਸਾ ਮੰਨਿਆ ਗਿਆ ਹੈ, ਉਹ ਸਥਾਨ ਵਿਚ ਤਾਂ ਵਿਦਮਾਨ ਹੈ ਪਰ ਸਮੇਂ ਤੋਂ ਮੁਕਤ ਹੈ। ਇਸ ਕਰਕੇ ਉਸ ਨੂੰ ਸ੍ਰਿਸ਼ਟੀ ਦੇ ਅੰਦਰ ਅਤੇ ਬਾਹਰ ਇਕ ਰਸ ਮੌਜੂਦ ਮੰਨਿਆ ਗਿਆ ਹੈ। ਪਰਮਾਤਮਾ ਦੀ ਸਦੀਵੀ ਹੋਂਦ ਦਾ ਪ੍ਰਗਟਾਵਾ ਕਰਦੇ ਹੋਏ ਗੁਰੂ ਰਾਮਦਾਸ ਜੀ ਕਹਿੰਦੇ ਹਨ – ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ॥ ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ॥34 ਜਦੋਂ ਉਹ ਪ੍ਰਗਟ ਹੋਣਾ ਚਾਹੁੰਦਾ ਹੈ ਤਾਂ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਉਸ ਵਿਚ ਜੀਵਾਂ ਨੂੰ ਪੈਦਾ ਕਰਦਾ ਹੈ, ਉਨ੍ਹਾਂ ਨੂੰ ਅੰਨ ਪਾਣੀ ਦਾ ਸਹਾਰਾ ਦਿੰਦਾ ਹੈ। ਉਹ ਸਭ ਦਾ ਮਾਈ-ਬਾਪ ਹੈ ਅਤੇ ਸ਼ੁਭ ਕਰਮ ਕਰਨ ਵਾਲਿਆਂ ਤੇ ਉਹ ਹਮੇਸ਼ਾਂ ਬਖ਼ਸ਼ਿਸ਼ ਕਰਦਾ ਹੈ। ਜਿਸ ਵੀ ਸ਼ਰਧਾਵਾਨ ‘ਤੇ ਪਰਮਾਤਮਾ ਬਖ਼ਸ਼ਿਸ਼ ਕਰ ਦਿੰਦਾ ਹੈ ਉਹ ਕੋਈ ਵੀ ਦੁਨਿਆਵੀ ਕਾਰਜ ਕਰਦਾ ਹੋਇਆ ਵੀ ਉਸ ਤੋਂ ਅਲੱਗ ਨਹੀਂ ਹੁੰਦਾ ਬਲਕਿ ਉਸ ਦੇ ਸਮੂਹ ਕਾਰਜਾਂ ਵਿਚੋਂ ਪ੍ਰਭੂ ਦੀ ਭਗਤੀ ਅਤੇ ਸਿਮਰਨ ਦਾ ਪ੍ਰਗਟਾਵਾ ਹੁੰਦਾ ਹੈ। ਉਸ ਦੇ ਦੁੱਖਾਂ ਦੀ ਨਵਿਰਤੀ ਹੋ ਜਾਂਦੀ ਹੈ ਅਤੇ ਉਹ ਸਮੂਹ ਸੁਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ। ਗੁਰੂ ਰਾਮਦਾਸ ਜੀ ਸਮੂਹ ਬੰਧਨਾਂ ਤੋਂ ਮੁਕਤ ਹੋਣ ਲਈ ਸਤਿਸੰਗਤ ਵਿਚ ਪਰਮਾਤਮਾ ਦਾ ਸਿਮਰਨ ਕਰਨ ਦੀ ਪ੍ਰੇਰਨਾ ਕਰਦੇ ਹੋਏ ਕਹਿੰਦੇ ਹਨ:

Guru Ramdas: Life, Personality and Baniਵਡਹੰਸ ਕੀ ਵਾਰ: ਇਸ ਵਾਰ ਵਿਚ 21 ਪਉੜੀਆਂ ਅਤੇ 43 ਸਲੋਕ ਦਰਜ ਹਨ। ਗੁਰੂ ਰਾਮਦਾਸ ਜੀ ਨੇ ਇਸ ਵਾਰ ਨੂੰ ‘ਲਲਾਂ ਬਹਲੀਮਾ ਕੀ ਧੁਨਿ’ ਉਤੇ ਗਾਉਣ ਦਾ ਆਦੇਸ਼ ਕੀਤਾ ਹੈ। ਲਲਾਂ ਅਤੇ ਬਹਿਲੀਮਾ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਕਾਂਗੜੇ ਦੇਸ ਦੇ ਰਾਜਪੂਤ ਜ਼ਿਮੀਂਦਾਰ ਸਨ। ਇਕ ਵਾਰ ਸੋਕਾ ਪੈ ਜਾਣ ਕਾਰਨ ਲਲਾਂ ਨੇ ਆਪਣੀ ਪੈਦਾਵਾਰ ਦਾ ਛੇਵਾਂ ਹਿੱਸਾ ਦੇਣਾ ਮੰਨ ਕੇ ਉਸ ਤੋਂ ਆਪਣੀ ਫਸਲ ਲਈ ਪਾਣੀ ਲਿਆ ਸੀ। ਫਸਲ ਹੋ ਜਾਣ ਤੇ ਉਹ ਆਪਣੇ ਇਕਰਾਰ ਤੋਂ ਮੁਕਰ ਗਿਆ ਅਤੇ ਦੋਹਾਂ ਵਿਚ ਲੜ੍ਹਾਈ ਹੋ ਗਈ, ਬਹਿਲੀਮਾ ਜਿੱਤ ਗਿਆ। ਉਨ੍ਹਾਂ ਦੇ ਜੀਵਨ ਦੀ ਇਸ ਘਟਨਾ ਨੂੰ ਢਾਢੀ ਵਾਰਾਂ ਰਾਹੀਂ ਸੁਣਾਉਂਦੇ ਸਨ ਪਰ ਗੁਰੂ ਜੀ ਨੇ ‘ਵਡਹੰਸ ਕੀ ਵਾਰ’ ਨੂੰ ਇਸ ਧੁਨੀ ਤੇ ਗਾਉਣ ਦਾ ਆਦੇਸ਼ ਕੀਤਾ।

ਸਤਿਗੁਰੂ ਸਾਧਕ ਨੂੰ ਪ੍ਰਭੂ ਨਾਲ ਮਿਲਾਉਣ ਦਾ ਕਾਰਜ ਕਰਦਾ ਹੈ। ਇਸ ਵਾਰ ਵਿਚ ਸਤਿਗੁਰੂ ਦੀ ਉਸਤਤਿ ‘ਤੇ ਵਧੇਰੇ ਜੋਰ ਦਿੱਤਾ ਗਿਆ ਹੈ ਕਿਉਂਕਿ ਸਤਿਗੁਰੂ ਹੀ ਪ੍ਰਭੂ-ਨਾਮ ਨਾਲ ਜੋੜ ਕੇ ਪ੍ਰਭੂ-ਪ੍ਰੀਤ ਪੈਦਾ ਕਰਨ ਦਾ ਕਾਰਜ ਕਰਦਾ ਹੈ। ਪ੍ਰਭੂ-ਨਾਮ ਦੀ ਪ੍ਰੀਤ ਪੈਦਾ ਕਰਨ ਦਾ ਸੌਖਾ ਸਾਧਨ ਸਤਿਸੰਗਤ ਨੂੰ ਮੰਨਿਆ ਗਿਆ ਹੈ।36 ਪ੍ਰਭੂ-ਨਾਮ ਨਾਲ ਮਨ ਦਾ ਹਿਰਦਾ ਸ਼ੁੱਧ ਹੁੰਦਾ ਹੈ। ਸ਼ੁੱਧ ਹਿਰਦੇ ਨਾਲ ਦੂਜਿਆਂ ਦੀ ਹੋਂਦ ਦਾ ਅਹਿਸਾਸ ਅਤੇ ਉਹਨਾਂ ਪ੍ਰਤੀ ਦਇਆ ਭਾਵਨਾ ਪੈਦਾ ਹੁੰਦੀ ਹੈ ਜਿਸ ਵਿਚੋਂ ਸਰਬ-ਸਾਂਝੀਵਾਲਤਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਸ਼ੁੱਧ ਹਿਰਦਾ ਮਨ ਨੂੰ ਪਦਾਰਥਕ ਵਸਤਾਂ ਵਿਚ ਭਟਕਣ ਤੋਂ ਰੋਕਦਾ ਹੈ। ਸ਼ਾਂਤ ਅਤੇ ਸਹਿਜ ਅਵਸਥਾ ਵਿਚ ਰਹਿਣ ਨਾਲ ਬਿਬੇਕ ਬੁਧਿ ਪੈਦਾ ਹੁੰਦੀ ਹੈ ਜਿਹੜੀ ਕਿ ਸਾਧਕ ਦੇ ਅਧਿਆਤਮਿਕ ਵਿਕਾਸ ਵਿਚ ਯੋਗਦਾਨ ਪਾਉਂਦੀ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਪ੍ਰਭੂ ਹੀ ਕਰਨ ਕਾਰਨ ਸਮਰੱਥ ਹੈ, ਉਹ ਸ੍ਰਿਸ਼ਟੀ ਦੇ ਜ਼ਰੇ-ਜ਼ਰੇ ਵਿਚ ਵਿਦਮਾਨ ਹੈ, ਉਸ ਤੋਂ ਬਗੈਰ ਕੋਈ ਜੀਵਨ-ਮਰਨ ਵਿਚ ਨਹੀਂ ਪਾ ਸਕਦਾ, ਇਸ ਕਰਕੇ ਉਸ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।37

ਸੋਰਠਿ ਕੀ ਵਾਰ: ‘ਰਾਗੁ ਸੋਰਠਿ ਵਾਰ ਮਹਲੇ ੪ ਕੀ’ ਸਿਰਲੇਖ ਅਧੀਨ ਇਸ ਵਾਰ ਦੀਆਂ 29 ਪਉੜੀਆਂ ਹਨ ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੇ 3, ਗੁਰੂ ਅੰਗਦ ਦੇਵ ਜੀ ਦਾ 1, ਗੁਰੂ ਅਮਰਦਾਸ ਜੀ ਦੇ 47 ਅਤੇ ਗੁਰੂ ਰਾਮਦਾਸ ਜੀ ਦੇ 7 ਸਲੋਕ ਦਰਜ ਹਨ। ਇਹ ਵਾਰ ਜਿਥੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਦਾ ਕਾਰਜ ਕਰਦੀ ਹੈ ਉਥੇ ਇਸ ਵਿਚ ਦੁਨਿਆਵੀ ਵਿਕਾਰਾਂ ਦਾ ਵਿਸਤ੍ਰਿਤ ਵਰਨਨ ਵੀ ਕੀਤਾ ਗਿਆ ਹੈ। ਸ੍ਰਿਸ਼ਟੀ ਸਿਰਜਨਾ ਨੂੰ ਪਰਮਾਤਮਾ ਦੀ ਖੇਡ ਮੰਨਿਆ ਗਿਆ ਹੈ। ਪਰਮਾਤਮਾ ਨੇ ਪ੍ਰਕ੍ਰਿਤੀ ਵਿਚ ਸਤਵ, ਰਜਸ ਅਤੇ ਤਮਸ ਤਿੰਨ ਗੁਣਾਂ ਪੈਦਾ ਕਰਕੇ ਜਗਤ ਵਿਚ ਮਾਇਆ ਮੋਹ ਪੈਦਾ ਕੀਤਾ ਹੈ ਜਿਹੜੇ ਕਿ ਮਨੁੱਖ ਦੇ ਮਨ ਵਿਚ ਹਉਮੈਂ ਪੈਦਾ ਕਰਕੇ ਉਸ ਨੂੰ ਜੰਮਣ-ਮਰਨ ਦੇ ਗੇੜ ਵਿਚ ਪਾ ਦਿੰਦੇ ਹਨ। ਪਰਮਾਤਮਾ ਨੇ ਸ੍ਰਿਸ਼ਟੀ ਵਿਚ ਅੱਗ, ਹਵਾ, ਪਾਣੀ, ਧਰਤੀ ਅਤੇ ਅਕਾਸ਼ ਪੈਦਾ ਕੀਤੇ ਹਨ। ਪਰਮਾਤਮਾ ਨੇ ਇਨ੍ਹਾਂ ਪੰਜਾਂ ਤੱਤਾਂ ਦੇ ਸੰਯੋਗ ਤੋਂ ਜੀਵ ਪੈਦਾ ਕੀਤਾ ਹੈ। ਇਨ੍ਹਾਂ ਪੰਜਾਂ ਤੱਤਾਂ ਤੋਂ ਇਲਾਵਾ ਮਨੁੱਖ ਵਿਚ ਪਰਮਾਤਮਾ ਦੀ ਜੋਤਿ ਵੀ ਮੌਜੂਦ ਹੈ ਜਿਹੜੀ ਤੱਤਾਂ ਨੂੰ ਕਿਰਿਆਸ਼ੀਲ ਕਰਨ ਦਾ ਕਾਰਜ ਕਰਦੀ ਹੈ। ਪ੍ਰਕ੍ਰਿਤੀ ਦੇ ਤੱਤਾਂ ਤੋਂ ਮਨੁੱਖ ਦੀ ਸਿਰਜਨਾ ਹੋਈ ਹੈ ਇਸ ਕਰਕੇ ਉਸ ਦੇ ਗੁਣ ਵੀ ਮਨੁੱਖ ਦੇ ਮਨ ਵਿਚ ਵਿਦਮਾਨ ਹਨ। ਇਨ੍ਹਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਸਦਕਾ ਮਨੁੱਖ ਸ਼ੁਭ-ਅਸ਼ੁਭ ਕਾਰਜ ਕਰਦਾ ਹੈ। ਇਸ ਦੇ ਨਾਲ ਹੀ ਪ੍ਰਕ੍ਰਿਤੀ ਵਿਚ ਜਿਹੜੇ ਹੀਰੇ, ਜਵਾਹਰਾਤ, ਮਾਣਕ, ਮੋਤੀ ਮੌਜੂਦ ਹਨ, ਤੱਤਾਂ ਤੋਂ ਬਣੇ ਮਨੁੱਖ ਵਿਚ ਵੀ ਇਹ ਮੌਜੂਦ ਹਨ। ਗੁਰੂ ਜੀ ਕਹਿੰਦੇ ਹਨ ਕਿ ਇਨ੍ਹਾਂ ਹੀਰੇ, ਜਵਾਹਰਾਤਾਂ ਦੀ ਖੋਜ ਵਿਚ ਬਾਹਰ ਭਟਕਣ ਦੀ ਕੋਈ ਲੋੜ ਨਹੀਂ ਬਲਕਿ ਇਨ੍ਹਾਂ ਨੂੰ ਸਰੀਰ ਦੇ ਅੰਦਰੋਂ ਹੀ ਲੱਭਿਆ ਜਾ ਸਕਦਾ ਹੈ। ਇਸ ਵਾਰ ਦੇ ਇਕ ਸਲੋਕ ਵਿਚ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਜਿਵੇਂ ਕਸਤੂਰੀ ਹਿਰਨ ਦੇ ਅੰਦਰ ਹੀ ਮੌਜੂਦ ਹੈ ਪਰ ਉਸ ਨੂੰ ਇਸ ਦਾ ਗਿਆਨ ਨਾ ਹੋਣ ਕਰਕੇ ਉਹ ਭਟਕਦਾ ਰਹਿੰਦਾ ਹੈ। ਇਹੀ ਹਾਲਤ ਉਸ ਮਨੁੱਖ ਦੀ ਹੈ ਜਿਹੜਾ ‘ਘਟ ਹੀ ਖੋਜਹੁ ਭਾਈ’ ਦੀ ਥਾਂ ਬਾਹਰ ਭਟਕਦਾ ਫਿਰਦਾ ਹੈ।38

ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਮਾਇਆ ਦੇ ਪ੍ਰਭਾਵ ਅਧੀਨ ਮਨੁੱਖ ਨੂੰ ਆਪਣਾ ਅਸਲਾ ਭੁੱਲ ਜਾਂਦਾ ਹੈ ਅਤੇ ਉਹ ਧਰਮ ਕਮਾਉਣ ਦੀ ਥਾਂ ਦੁਨਿਆਵੀ ਪਦਾਰਥ ਇਕੱਤਰ ਕਰਨ ਵਿਚ ਲੱਗਿਆ ਰਹਿੰਦਾ ਹੈ ਜਿਹੜੇ ਮਨੁੱਖ ਨੂੰ ਲੋਕ ਅਤੇ ਪ੍ਰਲੋਕ ਵਿਚ ਦੁੱਖੀ ਕਰਦੇ ਹਨ। ਸਦਾਚਾਰ ਤੋਂ ਡਿੱਗ ਕੇ ਮਨੁੱਖ ਮਾਇਆ ਇਕੱਤਰ ਕਰਦਾ ਹੈ, ਉਹ ਮਾਇਆ ਨੂੰ ਇਸ ਜੀਵਨ ਦਾ ਸੁੱਖ ਸਮਝਦਾ ਹੈ। ਇਹ ਇਕੱਤਰ ਕੀਤੀ ਮਾਇਆ ਨਾ ਤਾਂ ਨਾਲ ਜਾਂਦੀ ਹੈ ਅਤੇ ਨਾ ਹੀ ਕੋਈ ਅਨੰਦ ਦੀ ਪ੍ਰਾਪਤੀ ਲਈ ਸਹਾਈ ਹੁੰਦੀ ਹੈ ਬਲਕਿ ਇਹ ਮਾਇਆ ਪਰਿਵਾਰ ਵਿਚ ਕਲੇਸ਼ ਦਾ ਕਾਰਨ ਬਣਦੀ ਹੈ ਜਿਸ ਨਾਲ ਸੁੱਖੀ ਹੋਣ ਦੀ ਬਜਾਏ ਜੀਵਨ ਹੋਰ ਵਧੇਰੇ ਦੁੱਖਦਾਈ ਹੁੰਦਾ ਹੈ॥39 ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖਿ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਸਹੀ-ਗਲਤ ਤਰੀਕਿਆਂ ਨਾਲ ਇਕੱਤਰ ਕੀਤੀ ਮਾਇਆ ਨਾਲ ਨਹੀਂ ਜਾਂਦੀ ਅਤੇ ਉਹ ਅਜਿਹਾ ਧਨ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਜਿਹੜਾ ਹਮੇਸ਼ਾਂ ਸੁੱਖਦਾਈ ਹੋਵੇ ਅਤੇ ਨਾਲ ਨਿਭਣ ਦੇ ਸਮਰੱਥ ਹੋਵੇ। ਗੁਰੂ ਦੇ ਰਾਹੀਂ ਹੀ ਸੱਚੇ ਮਾਰਗ ਦੀ ਸੋਝੀ ਪੈਂਦੀ ਹੈ ਜਿਸ ਕਰ ਕੇ ਉਹ ਆਪਣੇ ਮਨ ਦੀ ਖੋਜ ਕਰ ਕੇ ਤ੍ਰਿਸ਼ਨਾ ਤੋਂ ਬੱਚਦਾ ਹੋਇਆ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ।40

ਬਿਲਾਵਲ ਕੀ ਵਾਰ: ਗੁਰੂ ਰਾਮਦਾਸ ਜੀ ਦੁਆਰਾ ਰਚਿਤ ਇਸ ਵਾਰ ਵਿਚ 13 ਪਉੜੀਆਂ ਅਤੇ 27 ਸਲੋਕ ਸ਼ਾਮਲ ਹਨ। ਗੁਰੂ ਰਾਮਦਾਸ ਜੀ ਦੇ ਇਕ ਸਲੋਕ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 2 ਅਤੇ ਗੁਰੂ ਅਮਰਦਾਸ ਜੀ ਦੇ 24 ਸਲੋਕ ਸ਼ਾਮਲ ਹਨ। ਇਸ ਵਾਰ ਵਿਚ ਦੱਸਿਆ ਗਿਆ ਹੈ ਕਿ ਪਰਮਾਤਮਾ ਹਰ ਥਾਂ ਵੱਸਦਾ ਹੈ ਅਤੇ ਹਰ ਇਕ ਦਾ ਪਾਲਣ ਪੋਸ਼ਣ ਕਰਦਾ ਹੈ। ਪਰਮਾਤਮਾ ਆਪਣੇ ਭਗਤਾਂ ਤੇ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਭਗਤ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਨੂੰ ਤਰਜੀਹ ਦਿੰਦੇ ਹਨ। ਸਭ ਅਮੀਰ, ਜਾਗੀਰਦਾਰ, ਹਾਕਮ, ਸਰਦਾਰ ਉਸ ਦੇ ਅੱਗੇ ਮੰਗਤੇ ਹਨ ਅਤੇ ਉਸੇ ਦੀ ਕ੍ਰਿਪਾ ਨਾਲ ਆਪਣਾ ਕੰਮ ਚਲਾਉਂਦੇ ਹਨ। ਜਿਹੜੇ ਪਰਮਾਤਮਾ ਦੀਆਂ ਦਾਤਾਂ ਨੂੰ ਉਸ ਦੀ ਬਖ਼ਸ਼ਿਸ਼ ਮੰਨ ਕੇ ਮਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਆਪਣੇ ਹਿਰਦੇ ਵਿਚ ਜਾਣਦੇ ਹਨ ਅਤੇ ਸਦਾ ਸੁਖੀ ਰਹਿੰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਸਿੱਖਿਆ ਦੁਆਰਾ ਪਰਮਾਤਮਾ ਦਾ ਮਾਰਗ ਲੱਭਦਾ ਹੈ ਅਤੇ ਜਿਹੜੇ ਇਸ ਮਾਰਗ ਤੇ ਚੱਲਦੇ ਹਨ ਉਹ ਗੁਰਮੁਖ ਹਨ। ਜਿਹੜੇ ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕਰਦੇ ਮਨਮੱਤ ਕਰਦੇ ਹਨ, ਉਨ੍ਹਾਂ ਨੂੰ ਮਨਮੁਖ ਕਿਹਾ ਗਿਆ ਹੈ। ਗੁਰੂ ਦੇ ਦਰਵਾਜੇ ਸਾਰਿਆਂ ਲਈ ਇਕੋ ਜਿਹੇ ਖੁੱਲੇ੍ਹ ਰਹਿੰਦੇ ਹਨ, ਮਨਮੁਖ ਵੀ ਗੁਰਮੁਖ ਬਣ ਸਕਣ ਦੇ ਸਮਰੱਥ ਹਨ। ਜਿਵੇਂ ਨਾਲੀਆਂ, ਟੋਬਿਆਂ ਦਾ ਪਾਣੀ ਇਕ ਥਾਂ ਖੜ੍ਹਾ ਹੋ ਕੇ ਬਦਬੂ ਮਾਰਨ ਲੱਗਦਾ ਹੈ ਪਰ ਜਦੋਂ ਮੀਂਹ ਪੈਂਦਾ ਹੈ ਤਾਂ ਉਹੀ ਪਾਣੀ ਪਵਿੱਤਰ ਨਦੀਆਂ ਵਿਚ ਰਲ ਕੇ ਸ਼ੁੱਧ ਹੋ ਜਾਂਦਾ ਹੈ। ਏਸੇ ਪ੍ਰਕਾਰ ਗੁਰੂ ਦੇ ਦਰਸ਼ਨ ਕੀਤਿਆਂ ਮਨਮੁਖ ਵੀ ਗੁਰਮੁਖ ਬਣ ਸਕਦਾ ਹੈ ਅਤੇ ਸਭ ਤਰ੍ਹਾਂ ਦੀ ਤ੍ਰਿਸ਼ਨਾ ਦੂਰ ਹੋ ਕੇ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ।

ਸਾਰੰਗ ਕੀ ਵਾਰ: ਗੁਰੂ ਰਾਮਦਾਸ ਜੀ ਨੇ ‘ਰਾਇ ਮਹਮੇ ਹਸਨੇ ਕੀ ਧੁਨਿ’ ਤੇ ਇਸ ਵਾਰ ਦੇ ਗਾਇਨ ਦਾ ਆਦੇਸ਼ ਕੀਤਾ ਹੈ। ਮਹਮਾ ਅਤੇ ਹਸਨਾ ਕਾਂਗੜੇ ਤੇ ਧੌਲ ਦੇ ਸਰਦਾਰ ਸਨ। ਕਿਹਾ ਜਾਂਦਾ ਹੈ ਕਿ ਹਸਨੇ ਨੇ ਧੋਖੇ ਨਾਲ ਮਹਮੇ ਨੂੰ ਬਾਦਸ਼ਾਹ ਅਕਬਰ ਕੋਲ ਕੈਦ ਕਰਾ ਦਿੱਤਾ। ਮਹਮੇ ਨੇ ਬਾਦਸ਼ਾਹ ਨੂੰ ਖੁਸ਼ ਕਰ ਲਿਆ ਅਤੇ ਉਸੇ ਤੋਂ ਸਹਾਇਤਾ ਲੈ ਕੇ ਉਸ ਨੇ ਹਸਨੇ ‘ਤੇ ਹਮਲਾ ਕਰ ਦਿੱਤਾ। ਇਸ ਲੜ੍ਹਾਈ ਵਿਚ ਮਹਮੇ ਦੀ ਜਿੱਤ ਹੋਈ। ਇਸੇ ਭਾਵ ਦਾ ਪ੍ਰਗਟਾਵਾ ਗੁਰੂ ਰਾਮਦਾਸ ਜੀ ਆਪਣੀ ਵਾਰ ਵਿਚ ਕਰਦੇ ਹਨ ਕਿ ਪਰਮਾਤਮਾ ਸਭ ਦਾ ਬਾਦਸ਼ਾਹ ਹੈ ਅਤੇ ਜਿਹੜਾ ਸੱਚ ਦੇ ਮਾਰਗ ‘ਤੇ ਚੱਲਦਾ ਹੈ ਉਸ ਨੂੰ ਝੂਠ ਦੇ ਮਾਰਗ ‘ਤੇ ਚੱਲਣ ਵਾਲੇ ਹਰਾ ਨਹੀਂ ਸਕਦੇ।

ਗੁਰੂ ਰਾਮਦਾਸ ਜੀ ਦੁਆਰਾ ਰਚਿਤ ਇਸ ਵਾਰ ਦੀਆਂ 36 ਪਉੜੀਆਂ ਅਤੇ 74 ਸਲੋਕ ਹਨ। ਪਉੜੀਆਂ ਵਿਚੋਂ 35 ਗੁਰੂ ਰਾਮਦਾਸ ਜੀ ਦੀਆਂ ਅਤੇ ਇਕ ਗੁਰੂ ਅਰਜਨ ਦੇਵ ਜੀ ਦੀ ਹੈ ਅਤੇ ਸਲੋਕਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੇ 33, ਗੁਰੂ ਅੰਗਦ ਦੇਵ ਜੀ ਦੇ 9, ਗੁਰੂ ਅਮਰਦਾਸ ਜੀ ਦੇ 23, ਗੁਰੂ ਰਾਮਦਾਸ ਜੀ ਦੇ 6 ਅਤੇ ਗੁਰੂ ਅਰਜਨ ਦੇਵ ਜੀ ਦੇ 3 ਸਲੋਕ ਸ਼ਾਮਲ ਹਨ। ਇਸ ਵਾਰ ਵਿਚ ਗੁਰੂ ਜੀ ਨਾਮ ਸਿਮਰਨ ਦੀ ਮਹਿਮਾ ਦਾ ਵਿਸਤਾਰ ਵਰਨਨ ਕਰਦੇ ਹਨ। ਜਿਵੇਂ ਧਰਤੀ ਤੇ ਡਿੱਗਿਆ ਹੋਇਆ ਮਨੁੱਖ ਧਰਤੀ ਦੇ ਸਹਾਰੇ ਤੋਂ ਬਗੈਰ ਖੜ੍ਹਾ ਨਹੀਂ ਹੋ ਸਕਦਾ, ਨਦੀ ਵਿਚ ਡਿੱਗਿਆ ਹੋਇਆ ਮਨੁੱਖ ਪਾਣੀ ਦੇ ਸਹਾਰੇ ਤੋਂ ਬਗੈਰ ਬਾਹਰ ਨਹੀਂ ਆ ਸਕਦਾ ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਸਿਮਰਨ ਤੋਂ ਟੁੱਟ ਕੇ ਦੁਖੀ ਹੋ ਰਿਹਾ ਮਨੁੱਖ ਉਸ ਦੇ ਨਾਮ ਸਿਮਰਨ ਨਾਲ ਹੀ ਦੁੱਖਾਂ ਤੋਂ ਮੁਕਤ ਹੋ ਸਕਦਾ ਹੈ। ਪਰਮਾਤਮਾ ਨੇ ਜੀਵਾਂ ਦੀ ਰਚਨਾ ਕਰਕੇ ਉਨ੍ਹਾਂ ਵਿਚ ਮੋਹ-ਮਾਇਆ ਨੂੰ ਪੈਦਾ ਕੀਤਾ ਹੈ ਅਤੇ ਜਦੋਂ ਤੱਕ ਮਨੁੱਖ ਇਸ ਤੋਂ ਮੁਕਤ ਨਹੀਂ ਹੁੰਦਾ, ਦੁਖੀ ਰਹਿੰਦਾ ਹੈ। ਦੁਨੀਆ ਦੇ ਬਹੁਤ ਸਾਰੇ ਜੋਗੀਆਂ, ਸੰਨਿਆਸੀਆਂ, ਤਪੱਸਵੀਆਂ ਨੇ ਇਸ ਤੋਂ ਦੂਰ ਰਹਿਣ ਦੇ ਯਤਨ ਕੀਤੇ ਹਨ ਪਰ ਸਫਲਤਾ ਨਹੀਂ ਮਿਲੀ।

ਭਲੇ-ਬੁਰੇ ਦੀ ਪਛਾਣ ਲਈ ਪਰਮਾਤਮਾ ਨੇ ਮਨੁੱਖ ਨੂੰ ਬੁੱਧੀ ਪ੍ਰਦਾਨ ਕੀਤੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਇਸ ਦੀ ਨਿਰੰਤਰ ਵਰਤੋਂ ਕਰਦਾ ਹੈ। ਜਿਸ ਮਨੁੱਖ ਦੀ ਬੁੱਧੀ ਭਲੇ-ਬੁਰੇ ਦੀ ਪਛਾਣ ਨਹੀਂ ਕਰ ਸਕਦੀ, ਉਸ ਨਾਲ ਕੋਈ ਗਿਲਾ ਨਹੀਂ ਕੀਤਾ ਜਾਂਦਾ। ਬੁੱਧੀ ਮਨੁੱਖ ਨੂੰ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤਰ ਵੀ ਬਣਾ ਦਿੰਦੀ ਹੈ ਅਤੇ ਉਸ ਤੋਂ ਦੂਰ ਵੀ ਕਰ ਦਿੰਦੀ ਹੈ। ਇਸ ਦੀ ਸੁਯੋਗ ਵਰਤੋਂ ‘ਤੇ ਜ਼ੋਰ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:

Guru Ramdas: Life, Personality and Baniਬੌਧਿਕ ਪ੍ਰਕਿਰਿਆ ਤੋਂ ਅਰੰਭ ਹੋਇਆ ਜਿਗਿਆਸੀ ਦਾ ਚਿੰਤਨ ਉਸ ਨੂੰ ਅਸੀਮ ਦ੍ਰਿਸ਼ਟੀ ਦਾ ਅਹਿਸਾਸ ਕਰਾਉਂਦਾ ਹੈ ਜਿਸ ਰਾਹੀਂ ਉਹ ਦੁਨਿਆਵੀ ਤੋਂ ਦੈਵੀ ਜਗਤ ਦਾ ਮਾਰਗ ਧਾਰਨ ਕਰਦਾ ਹੈ। ਇਸ ਮਾਰਗ ‘ਤੇ ਚੱਲਣ ਲਈ ਉਸ ਨੂੰ ਭਸਮ ਦਾ ਲੇਪਣ ਕਰਨ ਅਤੇ ਸੰਨਿਆਸ ਲੈਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਉਸ ਦਾ ਮਨ ਵਿਕਾਰੀ ਹੋਣ ਦੀ ਥਾਂ ਵਿਚਾਰੀ ਜੀਵਨਜਾਚ ਗ੍ਰਹਿਣ ਕਰਦਾ ਹੋਇਆ ਸਤਿਸੰਗਤ ਵਿਚ ਆ ਕੇ ਸਤਿਗੁਰੂ ਅਨੁਸਾਰੀ ਹੋ ਜਾਂਦਾ ਹੈ। ਸਤਿਗੁਰੂ ਅਤੇ ਸਤਿਸੰਗਤ ਦੀ ਮਹਿਮਾ ਦਾ ਵਰਨਨ ਕਰਦੇ ਹੋਏ ਗੁਰੂ ਰਾਮਦਾਸ ਜੀ ਦੱਸਦੇ ਹਨ ਕਿ ਗੁਰੂ ਦੁਆਰਾ ਦੱਸੇ ਮਾਰਗ ਤੇ ਚੱਲ ਕੇ ਮੋਹ-ਮਾਇਆ ਤੋਂ ਮੁਕਤ ਹੋ ਸਕੀਦਾ ਹੈ। ਗੁਰੂ ਉਹ ਪਾਰਸ ਹੈ ਜਿਹੜਾ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ। ਸਤਿਸੰਗਤਿ ਵਿਚ ਗੁਰੂ ਦੀ ਸਿੱਖਿਆ ਹਾਸਲ ਕੀਤਿਆਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਮਨ ਪ੍ਰਭੂ-ਨਾਮ ਨਾਲ ਜੁੜਦਾ ਹੈ।42

ਕਾਨੜੇ ਕੀ ਵਾਰ: ਗੁਰੂ ਰਾਮਦਾਸ ਜੀ ਨੇ ਇਹ ਵਾਰ ‘ਮੂਸੇ ਕੀ ਵਾਰ’ ਦੀ ਧੁਨੀ ‘ਤੇ ਗਾਉਣ ਦਾ ਆਦੇਸ਼ ਕੀਤਾ ਹੈ। ਮੂਸਾ ਇਕ ਦਲੇਰ ਅਤੇ ਸਦਾਚਾਰੀ ਵਿਅਕਤੀ ਹੋਇਆ ਹੈ ਜਿਸ ਦੀ ਮੰਗੇਤਰ ਇਕ ਰਾਜੇ ਨਾਲ ਵਿਆਹੀ ਗਈ ਸੀ। ਇਸ ਨੇ ਰਾਜੇ ਨਾਲ ਯੁੱਧ ਕਰ ਕੇ ਉਸ ਨੂੰ ਹਰਾ ਦਿੱਤਾ ਸੀ ਅਤੇ ਉਸ ਨੂੰ ਉਸ ਦੀ ਪਤਨੀ ਸਮੇਤ ਕੈਦ ਕਰ ਲਿਆ ਸੀ। ਮੂਸੇ ਨੇ ਕੈਦ ਕੀਤੀ ਇਸਤਰੀ ਤੋਂ ਮਨ ਦੀ ਇੱਛਾ ਦਾ ਪਤਾ ਕੀਤਾ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ ਤਾਂ ਇਸਤਰੀ ਨੇ ਰਾਜੇ ਨਾਲ ਵਿਆਹ ਹੋ ਜਾਣ ਕਰ ਕੇ ਉਸੇ ਨਾਲ ਰਹਿਣ ਦੀ ਇੱਛਾ ਪ੍ਰਗਟ ਜ਼ਾਹਿਰ ਕੀਤੀ। ਮੂਸੇ ਨੇ ਦੋਵਾਂ ਨੂੰ ਛੱਡ ਦਿਤਾ। ਢਾਢੀ ਮੂਸੇ ਦੀ ਦਲੇਰੀ ਅਤੇ ਸਦਾਚਾਰ ਭਰਪੂਰ ਵਾਰ ਦਾ ਗਾਇਨ ਕਰਦੇ ਹਨ ਉਸੇ ਵਾਰ ਦੀ ਧੁਨੀ ਤੇ ਇਸ ਵਾਰ ਨੂੰ ਗਾਉਣ ਦਾ ਆਦੇਸ਼ ਕੀਤਾ ਗਿਆ ਹੈ।

ਗੁਰੂ ਰਾਮਦਾਸ ਜੀ ਦੁਆਰਾ ਰਚਿਤ 15 ਪਉੜੀਆਂ ਅਤੇ 30 ਸਲੋਕਾਂ ਵਾਲੀ ਇਸ ਵਾਰ ਵਿਚ ਗੁਰੂ ਜੀ ਪਰਮਾਤਮਾ ਨੂੰ ‘ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰ ਸੋਈ’ ਮੰਨਦੇ ਹੋਏ ਕਹਿੰਦੇ ਹਨ ਕਿ ਉਹੀ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਉਸ ਤੋਂ ਬਗੈਰ ਦੁਨੀਆ ‘ਤੇ ਕੋਈ ਸੱਚਾ ਕੁਟੰਬੀ ਨਹੀਂ, ਉਸ ਦੇ ਨਾਮ ਸਿਮਰਨ ਨਾਲ ‘ਜਨਮ ਜਨਮ ਕੀ ਮਲੁ ਉਤਰ ਜਾਂਦੀ ਹੈ ਅਤੇ ਮਨ ਇੱਛਿਤ ਫਲ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੇ ਰਾਹੀਂ ਅਜਿਹੇ ਪ੍ਰਭੂ ਦਾ ਗੁਣਗਾਣ ਕਰਨ ਨਾਲ ਆਵਾਗਉਣ ਮਿਟ ਜਾਂਦਾ ਹੈ ਅਤੇ ਸਭ ਸੰਗੀ-ਸਾਥੀ ਅਤੇ ਕੁਟੰਬੀ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ।

……………………………………………………………………………………………………………………………

ਹਵਾਲੇ

  1. ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ਗੁਰੂ ਗ੍ਰੰਥ ਸਾਹਿਬ, ਪੰਨਾ 1396.
  2. Gurdwara Janam Asthan Ram Das in Chuna Mandi area stands at the site of Guru Ram Das’s ancestral home and birth place. It is a double-storey square building with a marbled courtyard in front. The ground flour hall has single door. Its panelled facade is covered with white marble. The facade of the floor comprising an all-round gallery has a balcony with three windows in the centre and oriel window on either side. The interior of the hall on the ground floor is paved with hexagonal marble tiles in black and white. The marbled sanctum used to be in the middle of the hall. Gurmukh Singh, Historical Sikh Shrines, P. 63.
  3. ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲੵਨ ਤੀਰਿ ਬਿਪਾਸ ਬਨਾਯਉ॥

ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ॥      ਗੁਰੂ ਗ੍ਰੰਥ ਸਾਹਿਬ, ਪੰਨਾ 1400

  1. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 364.
  2. ਉਹੀ, ਪੰਨਾ 362.
  3. ਏਕ ਬੇਰ ਗੁਰੂ ਰਾਮਦਾਸ ਜੀ ਅਰੁ ਸਿਰੀ ਚੰਦ ਜੀ ਕਾ ਆਪਸ ਮੇਂ ਮੇਲਾ ਪਿਆ। ਜਬ ਆਪਸ ਮਹਿ ਮਿਲੇ ਤਬ ਸਹਿਜ ਸੁਭਾਇ ਸਿਰੀ ਚੰਦ ਜੀ ਕੇ ਮੁਖ ਸਿਉਂ ਇਹੋ ਬਚਨ ਨਿਕਸਿਆ, ‘ਜੋ ਗੁਰੂ ਜੀ ਤੁਮਹੁ ਨੇ ਦਾੜੀ ਤੋਨ ਬਡੀ ਬਧਾਈ ਹੈ। ਤਾਂ ਗੁਰੂ ਰਾਮਦਾਸ ਜੀ ਕਹਿਆ ਜੋ ਮੇਹਰਵਾਨ ਦਾਹੜੀ ਜੋ ਬਧਾਈ ਹੈ ਸੋ ਤੁਮਰੇ ਚਰਨ ਝਾੜਨ ਕਉ ਬਧਾਈ ਹੈ।’ ਪਰਚੀਆਂ ਸੇਵਾ ਦਾਸ, ਸੰਪਾਦਕ ਪ੍ਰੋ. ਹਰੀ ਸਿੰਘ, ਸੋਧਕ ਡਾ. ਗੰਡਾ ਸਿੰਘ, ਸਾਖੀਆਂ ਚੌਥੇ ਮਹਿਲ ਕੀਆ, ਪੰਨਾ 67.
  4. ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ॥ਗੁਰੂ ਗ੍ਰੰਥ ਸਾਹਿਬ, ਪੰਨਾ 40.
  5. ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥

ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥

ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ॥

ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥                  ਗੁਰੂ ਗ੍ਰੰਥ ਸਾਹਿਬ, ਪੰਨੇ 923-24.

  1. ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ॥ਗੁਰੂ ਗ੍ਰੰਥ ਸਾਹਿਬ, ਪੰਨਾ 1405.
  2. ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖੵ ਜਨ ਕੀਅਉ ਪ੍ਰਗਾਸ॥ ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ॥ ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ॥ ਸਭ ਬਿਧਿ ਮਾਨਿੵਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ ਗੁਰੂ ਗ੍ਰੰਥ ਸਾਹਿਬ, ਪੰਨਾ 1399; ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ॥ ਵਾਰਾਂ ਭਾਈ ਗੁਰਦਾਸ, ਵਾਰ 24.25; ਗੁਰੁ ਰਾਮਦਾਸ ਚਉਥੇ ਪਰਗਾਸਾ॥ ਜਿਨਿ ਰਟੇ ਨਿਰੰਜਨ ਪ੍ਰਭੁ ਅਭਿਨਾਸਾ॥ ਵਾਰਾਂ ਭਾਈ ਗੁਰਦਾਸ, ਵਾਰ 41.21
  3. ਬੈਠਾ ਸੋਢੀ ਪਾਤਿਸ਼ਾਹ ਰਾਮਦਾਸ ਸਤਿਗੁਰੂ ਕਹਾਵੈ॥

ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ॥ ਵਾਰਾਂ ਭਾਈ ਗੁਰਦਾਸ, ਵਾਰ 1.47

  1. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 368.
  2. ਗੁਰੂ ਗ੍ਰੰਥ ਸਾਹਿਬ, ਪੰਨਾ 1362.
  3. ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥

  1. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 370.
  2. ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥

ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥                  ਗੁਰੂ ਗ੍ਰੰਥ ਸਾਹਿਬ, ਪੰਨਾ 1406

  1. ਗੁਰੂ ਗ੍ਰੰਥ ਸਾਹਿਬ, ਪੰਨਾ 1406.
  2. ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜੵਉ॥

ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜੵਉ॥

ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ॥

ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ॥                                                          ਗੁਰੂ ਗ੍ਰੰਥ ਸਾਹਿਬ, ਪੰਨਾ 1406.

  1. ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥ਗੁਰੂ ਗ੍ਰੰਥ ਸਾਹਿਬ, ਪੰਨਾ 1070.
  2. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 377.
  3. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥                                ਗੁਰੂ ਗ੍ਰੰਥ ਸਾਹਿਬ, ਪੰਨਾ 982);

ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥                                                ਗੁਰੂ ਗ੍ਰੰਥ ਸਾਹਿਬ, ਪੰਨਾ 442.

  1. ਮੀਣਾ ਹੋਆ ਪਿਰਥੀਆ ਕਰਿ ਕਰਿ ਤੋਂਢਕ ਬਰਲੁ ਚਲਾਇਆ॥

ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖੁ ਪੁਤਾਂ ਭਉਕਾਇਆ॥

ਚੰਦਨ ਵਾਸੁ ਨ ਵਾਸ ਬੋਹਾਇਆ॥                                                                           ਵਾਰਾਂ ਭਾਈ ਗੁਰਦਾਸ, ਵਾਰ 26.33

  1. ਕਾਟੇ ਸੁ ਪਾਪ ਤਿਨ੍ ਨਰਹੁ ਕੇ ਗੁਰੁ ਰਾਮਦਾਸੁ ਜਿਨ੍ ਪਾਇਯਉ॥

ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ॥                 ਗੁਰੂ ਗ੍ਰੰਥ ਸਾਹਿਬ, ਪੰਨਾ 1409.

  1. ਸਨਮੁਖ ਭਾਈ ਤੀਰਥਾ ਸਭਰਵਾਲ ਸਭੇ ਸਿਰਦਾਰਾ॥

ਪੂਰੋ ਮਾਨਕ ਚੰਦੁ ਹੈ ਬਿਸਨਦਾਸੁ ਪਰਵਾਰ ਸਧਾਰਾ॥

ਪੁਰਖੁ ਪਦਾਰਥ ਜਾਣੀਐ ਤਾਰੂ ਭਾਰੂ ਦਾਸੁ ਦੁਆਰਾ॥

ਮਹਾਂ ਪੁਰਖੁ ਹੈ ਮਹਾਨਦੁ ਬਿਧੀ ਚੰਦ ਬੁਧਿ ਬਿਮਲ ਵੀਚਾਰਾ॥

ਬਰ੍ਹਮ ਦਾਸੁ ਹੈ ਖੋਟੜਾ ਡੂੰਗਰ ਦਾਸੁ ਭਲੇ ਤਕਿਆਰਾ॥

ਦੀਪਾ ਜੇਠਾ ਤੀਰਥਾ ਸੈਸਾਰੂ ਬੂਲਾ ਸਚਿਆਰਾ॥

ਮਾਈਆ ਜਾਪਾ ਜਾਣੀਅਨਿ ਨਈਆ ਖੁਲਰ ਗੁਰੂ ਪਿਆਰਾ॥

ਤੁਲਸਾ ਵਹੁਰਾ ਜਾਣੀਐ ਗੁਰ ਉਪਦੇਸ ਅਵੇਸ ਅਚਾਰਾ॥

ਸਤਿਗੁਰ ਸਚੁ ਸਵਾਰਣਹਾਰਾ॥                                                                              ਵਾਰਾਂ ਭਾਈ ਗੁਰਦਾਸ, ਵਾਰ 11.17.

  1. ਅੰਮ੍ਰਿਤ ਰਸੁ ਸਤਿਗੁਰੂ ਚੁਆਇਆ॥

ਦਸਵੈ ਦੁਆਰਿ ਪ੍ਰਗਟੁ ਹੋਇ ਆਇਆ॥ ਗੁਰੂ ਗ੍ਰੰਥ ਸਾਹਿਬ, ਪੰਨਾ 1069.

  1. ਗੁਰੂ ਗ੍ਰੰਥ ਸਾਹਿਬ, ਪੰਨਾ 1071.
  2. ਉਹੀ, ਪੰਨਾ 234.
  3. ਉਹੀ, ਪੰਨਾ 235.
  4. ਉਹੀ, ਪੰਨਾ 575.
  5. ਉਹੀ, ਪੰਨਾ 82.
  6. ਉਹੀ, ਪੰਨਾ 89.
  7. ਉਹੀ, ਪੰਨਾ 89.
  8. ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥

ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ॥     ਗੁਰੂ ਗ੍ਰੰਥ ਸਾਹਿਬ, ਪੰਨਾ 307.

  1. ਗੁਰੂ ਗ੍ਰੰਥ ਸਾਹਿਬ, ਪੰਨਾ 555.
  2. ਉਹੀ, ਪੰਨਾ 550.
  3. ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ॥

ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ॥                                  ਗੁਰੂ ਗ੍ਰੰਥ ਸਾਹਿਬ, ਪੰਨਾ 587.

  1. ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ

ਜਨ ਨਾਨਕ ਗੁਰਮੁਖਿ ਹਰਿ ਲਹੀਐ॥                                                    ਗੁਰੂ ਗ੍ਰੰਥ ਸਾਹਿਬ, ਪੰਨਾ 594.

  1. ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥

ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥                  ਗੁਰੂ ਗ੍ਰੰਥ ਸਾਹਿਬ, ਪੰਨਾ 644.

  1. ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ॥

ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ॥

ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ॥                        ਗੁਰੂ ਗ੍ਰੰਥ ਸਾਹਿਬ, ਪੰਨਾ 648.

  1. ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥ਗੁਰੂ ਗ੍ਰੰਥ ਸਾਹਿਬ, ਪੰਨਾ 650.
  2. ਗੁਰੂ ਗ੍ਰੰਥ ਸਾਹਿਬ, ਪੰਨਾ 1245.
  3. ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ॥

ਗੁਰ ਪਰਸਾਦੀ ਘਟਿ ਚਾਨਣਾ ਆਨ੍ੇਰੁ ਗਵਾਇਆ॥

ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ॥

ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ॥

ਜਿਨ੍ ਕੈ ਪੋਤੈ ਪੁੰਨੁ ਹੈ ਤਿਨ੍ੀ ਦਰਸਨੁ ਪਾਇਆ॥                                   ਗੁਰੂ ਗ੍ਰੰਥ ਸਾਹਿਬ, ਪੰਨਾ 650.

 

 

Tags
Show More

Leave a Reply

Your email address will not be published. Required fields are marked *

Close