OPINION

Hindu Murders: Punjab Need’s To think Seriously

ਪੰਜਾਬ ਵਿਚ ਹੋ ਰਹੇ ਕਤਲਾਂ ਉੱਤੇ ਸਿਆਸਤ ਨਹੀਂ ਚਿੰਤਨ ਕਰਨ ਦੀ ਲੋੜ ਹੈ

Hindu Murders: Punjab Need’s To think Seriously: ਕਤਲ ਕਿਸੇ ਦਾ ਵੀ ਹੋਵੇ ਅਤੇ ਕੋਈ ਵੀ ਕਰੇ ਹਮੇਸ਼ਾਂ ਮੰਦਭਾਗਾ ਹੀ ਆਖਿਆ ਜਾਂਦਾ ਹੈ ਕਿਉਂਕਿ ਜਾਨ ਦੇਣ ਅਤੇ ਜਾਨ ਲੈਣ ਦਾ ਹੱਕ ਕੇਵਲ ਉਸ ਪਰਮਾਤਮਾ ਨੂੰ ਹੀ ਹੈ। ਪਰ ਕਿਸੇ ਕਤਲ ਉੱਤੇ ਰਾਜਨੀਤੀ ਕਰਨੀ ਜਾਂ ਉਸ ਨੂੰ ਬੇਲੋੜਾ ਤੂਲ ਦੇਣਾ ਉਸ ਤੋਂ ਬੁਰੀ ਗੱਲ ਹੈ । ਜਦੋਂ ਕਾਤਲ ਅਤੇ ਮਿਰਤਕ ਦੇ ਰੰਗ ਜਾਂ ਨਸਲ ਨੂੰ ਵੇਖ ਕੇ ਟਿੱਪਣੀਆਂ ਹੋਣ ਉਸ ਵੇਲੇ ਨਤੀਜੇ ਬਦਲ ਜਾਂਦੇ ਹਨ ਅਤੇ ਜਾਂਚ ਏਜੰਸੀਆਂ ਵੀ ਭੰਬਲਬੂਸੇ ਪੈ ਜਾਂਦੀਆਂ ਹਨ। ਜਿਸ ਨਾਲ ਤਫਤੀਸ ਪ੍ਰਭਾਵਿਤ ਹੁੰਦੀ ਹੈ ਅਤੇ ਸੱਚ ਦਾ ਪਤਾ ਹੀ ਨਹੀਂ ਲੱਗਦਾ। ਕੁਝ ਨੁਕਤੇ ਰਾਜ ਬਣਕੇ ਹੀ ਰਹਿ ਜਾਂਦੇ ਹਨ ਜਾਂ ਕਈ ਵਾਰੀ ਕਿਸੇ ਪ੍ਰਭਾਵ ਅਧੀਨ ਕੋਈ ਬੇਗੁਨਾਹ ਹੀ ਸੂਲੀ ਟੰਗਿਆ ਜਾਂਦਾ ਹੈ। ਫਿਰ ਜਦੋਂ ਸਚਾਈ ਪਤਾ ਲੱਗਦੀ ਹੈ ਓਦੋਂ ਤੱਕ ਵੇਲਾ ਵਿਹਾ ਜਾਂਦਾ ਹੈ । ਅਸੀਂ ਸਿਰਫ ਅਫਸੋਸ ਕਰਨ ਜੋਗੇ ਰਹਿ ਜਾਂਦੇ ਹਾਂ । ਪਰ ਜਿਹੜਾ ਬੇਗੁਨਾਹ ਨਾਲ ਅਨਿਆਂ ਹੋ ਜਾਂਦਾ ਹੈ ਅਤੇ ਉਸ ਨੂੰ ਬਿਨਾਂ ਦੋਸ਼ ਸਜਾ ਮਿਲ ਜਾਂਦੀ ਹੈ ਉਸ ਦਾ ਬਦਲ ਸਾਡੇ ਕੋਲ ਕੋਈ ਨਹੀਂ ਹੁੰਦਾ । ਅਸੀਂ ਊਸਦੇ ਜੇਲ੍ਹ ਵਿਚ ਬਿਤਾਏ ਵਰ੍ਹੇ ਵਾਪਿਸ ਨਹੀਂ ਕਰ ਸਕਦੇ ਅਤੇ ਬਿਨ੍ਹਾਂ ਵਜ੍ਹਾ ਝੱਲਿਆ ਤਸ਼ੱਦਦ ਸਾਡੀ ਆਤਮਾ ਉਤੇ ਕਲੰਕ ਬਣ ਜਾਂਦਾ ਹੈ ਅਤੇ ਅਸਲੀ ਕਾਤਲ ਨਾ ਲੱਭਣ ਕਰਕੇ ਮਿਰਤਕ ਨੂੰ ਵੀ ਨਿਆਂ ਨਹੀਂ ਮਿਲਦਾ।

Hindu Murders: Punjab Need's To think Seriouslyਪਿਛਲੇ ਕੁਝ ਦਿਨਾਂ ਵਿਚ ਪੰਜਾਬ ਵਿਚ ਕੁਝ ਕਤਲ ਹੋਏ ਹਨ। ਇਤਫ਼ਾਕੀਆ ਉਹਨਾਂ ਵਿਚ ਮਰਨ ਵਾਲੇ ਹਿੰਦੂ ਜਥੇਬੰਦੀਆਂ ਦੇ ਆਗੂ ਹਨ। ਇਥੇ ਇਹ ਲੇਖ ਲਿਖਣ ਦਾ ਮਕਸਦ ਕਿਸੇ ਕਤਲ ਨੂੰ ਜਾਇਜ ਠਹਿਰਾਉਣਾ ਜਾਂ ਕਿਸੇ ਨੂੰ ਬੇਗੁਨਾਹੀ ਦਾ ਪ੍ਰਮਾਣ ਪੱਤਰ ਦੇਣਾ ਨਹੀਂ ਹੈ । ਸਗੋਂ ਇਹਨਾਂ ਕਤਲਾਂ ਨੂੰ ਲੈਕੇ ਜਿਹੜੇ ਲੋਕ ਸਿਆਸਤ ਕਰ ਰਹੇ ਹਨ ਉਹਨਾਂ ਨੂੰ ਇਕ ਨਸੀਹਤ ਹੈ ਕਿ ਤੁਹਾਡੀ ਕਿਸੇ ਨਿੱਜੀ ਲਾਭ ਨੂੰ ਲੈਕੇ ਕੀਤੀ ਸਿਆਸਤ ਪੰਜਾਬ ਦੀ ਫਿਜ਼ਾ ਵਿਚ ਜਹਿਰ ਘੋਲ ਸਕਦੀ ਹੈ। ਜਿਸ ਨਾਲ ਇਕ ਨਹੀਂ ਅਨੇਕ ਕਤਲਾਂ ਦਾ ਰਸਤਾ ਬਣ ਜਾਵੇਗਾ। ਕਤਲ ਕਿਤੇ ਵੀ ਹੋਵੇ ਕਾਤਲ ਕੋਈ ਵੀ ਹੋਵੇ। ਪ੍ਰਸਾਸ਼ਨਿਕ ਅਧਿਕਾਰੀ ਅਤੇ ਪੁਲਿਸ ਉਸ ਕਤਲ ਦੀ ਤਹਿਕੀਕਾਤ ਕਰਦੇ ਹਨ। ਦੋਸ਼ੀਆਂ ਦੀ ਭਾਲ ਹੁੰਦੀ ਹੈ । ਕੁਝ ਫੜੇ ਵੀ ਜਾਂਦੇ ਹਨ ,ਕਿਸੇ ਕਤਲ ਨੂੰ ਅੰਨਾਂ ਕਤਲ ਆਖਕੇ ਫਾਈਲਾਂ ਸਮੋਹਿਕ ਨੀਂਦ ਵਿਚ ਵੀ ਚਲੀਆਂ ਜਾਂਦੀਆਂ ਹਨ। ਕੁਝ ਕਤਲ ਕਿਸੇ ਸਾਜਿਸ਼ ਅਧੀਨ ਹੁੰਦੇ ਹਨ। ਜਿਹਨਾਂ ਦਾ ਪਤਾ ਵੀ ਹੁੰਦਾ ਹੈ ਮੁਜਰਿਮ ਵੀ ਸਾਹਮਣੇ ਹੁੰਦੇ ਹਨ। ਪਰ ਗਿਰਫਤਾਰੀ ਹੀ ਨਹੀਂ ਹੁੰਦੀ ਜਾਂ ਸਿਆਸਤ ਉਹਨਾਂ ਨੂੰ ਬਚਾਉਣ ਦੀ ਗੱਲ ਕਰਦੀ ਹੈ। ਸਾਡੇ ਸਾਹਮਣੇ ਹੈ ਕਿ ਤੇਤੀ ਸਾਲ ਹੋ ਗਏ ਹਜਾਰਾਂ ਸਿਖਾਂ ਦਾ ਕਤਲੇਆਮ ਹੋਇਆ ਜਿਸ ਵਿਚੋਂ ਸਿਰਫ ਚਾਰ ਕਤਲਾਂ ਦਾ, ਪ੍ਰਤੱਖ ਸਬੂਤਾਂ ਸਮੇਤ ਸੱਜਣ ਕੁਮਾਰ ਉੱਤੇ ਮੁਕੱਦਮਾਂ ਦਰਜ ਹੈ। ਪਰ ਸਿਆਸਤ ਨੇ ਹੁਣ ਤੱਕ ਚਲਾਨ ਹੀ ਪੇਸ਼ ਨਹੀਂ ਹੋਣ ਦਿੱਤਾ। ਸੱਜਣ ੁਕੁਮਾਰ ਮੰਤਰੀ ਪੁਣੇ ਦੀਆਂ ਪੀਂਘਾਂ ਵੀ ਝੂਟ ਗਿਆ ਹੈ। ਅਖਬਾਰਾਂ,ਰਸਾਲੇ ,ਸੈਮੀਨਾਰ ,ਕਿਤਾਬਾਂ ,ਲੇਖ ਆਦਿਕ ਵਿਚ ਹਜਾਰਾਂ ਵਾਰ ਜਾਹਿਰ ਹੋ ਚੁੱਕਿਆ ਹੈ ਕਿ ਸੱਜਣ ਕੁਮਾਰ ਕਾਤਲ ਹੈ। ਪਰ ਕਾਰਵਾਈ ਕੋਈ ਨਹੀਂ ,ਕਿਉਂਕਿ ਸਿਆਸਤ ਬਚਾਓ ਪੱਖ ਵਿਚ ਹੈ ਜਾਂ ਇਹ ਕਹਿ ਲਵੋ ਕਿ ਬੇਗੁਨਾਹ ਸਿਖਾਂ ਦੇ ਕਤਲਾਂ ਉੱਤੇ ਸਿਆਸਤ ਹੋ ਰਹੀ ਹੈ।

ਪੰਜਾਬ ਤੋਂ ਬਿਨਾਂ ਹੋਰ ਬਹੁਤ ਸੂਬੇ ਹਨ ਜਿਥੇ ਦਰਜਨਾਂ ਕਤਲ ਹਰ ਰੋਜ ਹੁੰਦੇ ਹਨ। ਪਰ ਉਹਨਾਂ ਨੂੰ ਬਹੁਤ ਤੂਲ ਨਹੀਂ ਦਿੱਤਾ ਜਾਂਦਾ। ਲੇਕਿਨ ਪੰਜਾਬ ਦੀ ਬਦਕਿਸਮਤੀ ਹੈ ਕਿ ਇਥੇ ਕਿਸੇ ਦਾ ਪੈਰ ਵੀ ਮੁਰਗੀ ਮਿੱਧ ਦੇਵੇ ਤਾਂ ਉਹ ਸਿਖਾਂ ਖਿਲਾਫ ਮਸਲਾ ਬਣ ਜਾਂਦਾ ਹੈ। ਪੰਜਾਬ ਵਿਚ ਜਿਹੜੇ ਕਤਲ ਹੋਏ ਹਨ ਉਹ ਸਿਰਫ ਹੁਣ ਨਹੀਂ ਪਿਛਲੀ ਸਰਕਾਰ ਵੇਲੇ ਵੀ ਹੋਏ ਹਨ। ਉਸ ਵੇਲੇ ਦੇ ਮੁਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਪੁਲਿਸ ਮੁਖੀ ਸੁਮੇਧ ਸੈਣੀ ਜਖਮੀਆਂ ਦਾ ਹਾਲ ਪੁੱਛਣ ਵਾਸਤੇ ਤਰੁੰਤ ਹੈਲੀਕੌਪਟਰਾਂ ਰਾਹੀ ਪਹੁੰਚਦੇ ਰਹੇ ਹਨ। ਹੁਣ ਵੀ ਪੰਜਾਬ ਦੇ ਗਵਰਨਰ ਅਤੇ ਭਾਜਪਾ ਆਗੂ ਮਿਰਤਕਾਂ ਦੇ ਘਰਾਂ ਵਿਚ ਪਹੁੰਚੇ ਹਨ। ਅਜੋਕੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਪੀੜਤ ਪਰਿਵਾਰਾਂ ਨੂੰ ਯੋਗ ਸਹਾਇਤਾ ਦਾ ਐਲਾਨ ਕੀਤਾ ਹੈ ਅਤੇ ਮਿਰਤਕ ਦਾ ਸਬੰਧ ਆਰ.ਐਸ.ਐਸ. ਨਾਲ ਹੋਣ ਕਰਕੇ,ਪੜਤਾਲ ਵੀ ਕੇਂਦਰੀ ਏਜੰਸੀ ਨੂੰ ਸੌਂਪ ਦਿੱਤੀ ਹੈ। ਫਿਰ ਵੀ ਪੰਜਾਬ ਪੁਲਿਸ ਨਾਲ ਨਾਲ ਕਾਤਲਾਂ ਤੱਕ ਅਪੜ੍ਹਣ ਵਾਸਤੇ ਪੱਬਾਂ ਭਰ ਹੋਈ ਬੈਠੀ ਹੈ।
ਲੁਧਿਆਣਾ ਵਿਚ ਕਤਲ ਹੋਣ ਵਾਲਾ ਆਰ.ਐਸ.ਐਸ. ਦਾ ਆਗੂ ਸੀ। ਆਰ.ਐਸ.ਐਸ. ਅਤੇ ਸਿਖਾਂ ਵਿਚਕਾਰ ਇਕ ਵਿਚਾਰਧਾਰਕ ਜੰਗ ਚੱਲ ਰਹੀ ਹੈ ਜਿਹੜੀ ਸਿਧਾਂਤਕ ਹੈ। ਬਹੁਤ ਸਾਰੀਆਂ ਅਖਬਾਰਾਂ ਦੀ ਸੁਰਖੀਆਂ ਤੋਂ ਜਾਹਿਰ ਹੋ ਰਿਹਾ ਹੈ ਕਿ ਮਿਰਤਕ ਦਾ ਕੋਈ ਕਿਸੇ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਨਿੱਜੀ ਝਗੜਾ ਵੀ ਹੈ। ਕਾਤਿਲ ਪਤਾ ਨਹੀਂ ਕਿਸ ਬਰਾਦਰੀ ਜਾਂ ਧਰਮ ਨਾਲ ਸਬੰਧਤ ਹੋਣਗੇ ਪਰ ਜੇ ਇਸ ਨੂੰ ਸਿਆਸੀ ਰੰਗਤ ਦੇਕੇ ਸਿੱਖ ਜਥੇਬੰਦੀਆਂ ਨਾਲ ਜੋੜਿਆ ਜਾਵੇ ਤਾਂ ਇਸ ਵਿਚ ਨਾ ਤਾਂ ਕੇਸ ਦੀ ਪੜਤਾਲ ਸਹੀ ਹੋ ਸਕਦੀ ਹੈ ਅਤੇ ਨਾ ਹੀ ਮਿਰਤਕ ਨੂੰ ਨਿਆਂ ਮਿਲੇਗਾ। ਲੇਕਿਨ ਇਸ ਨਾਲ ਦੋ ਫਿਰਕਿਆਂ ਵਿਚ ਇਕ ਬੇਲੋੜੀ ਨਫਰਤੀ ਦੀਵਾਰ ਜਰੂਰ ਉਸਰ ਜਾਵੇਗੀ। ਇਥੇ ਬੜੇ ਸਾਫ ਲਫਜਾਂ ਵਿਚ ਦਸਣਾ ਲਾਜਮੀ ਹੈ ਕਿ ਪੰਜਾਬ ਵਿਚ ਹਿੰਦੂ ਸਿਖਾਂ ਵਿਚਾਲੇ ਕੋਈ ਝਗੜਾ ਨਹੀਂ ਹੈ। ਨਾ ਹੀ ਕੋਈ ਨਫਰਤ ਹੈ।

ਬਹੁਤ ਸਾਰੇ ਹਿੰਦੂ ਵੀਰ ਹਰ ਰੋਜ ਗੁਰਦਵਾਰੇ ਆਉਂਦੇ ਹਨ। ਗੁਰਪੁਰਬਾਂ ਮੌਕੇ ਗੁਰਦਵਾਰਿਆਂ ਵਿਚ ਹਾਜਰੀ ਭਰਦੇ ਹਨ ਅਤੇ ਸੇਵਾ ਵੀ ਕਰਦੇ ਹਨ। ਇਸ ਤਰਾਂ ਹੀ ਸਾਉਣ ਦੇ ਮਹੀਨੇ ਮਾਤਾ ਨੈਣਾ ਦੇਵੀ ਦੇ ਚਾਲੇ ਸਮੇਂ ਬਹੁਤ ਸਾਰੇ ਪਿੰਡਾਂ ਦੇ ਹਿੰਦੂ ਸਿੱਖ ਰਲਕੇ ਸੜਕਾਂ ਉੱਤੇ ਮਾਤਾ ਦੇ ਭਗਤਾਂ ਵਾਸਤੇ ਲੰਗਰ ਦੀ ਸੇਵਾ ਵੀ ਕਰਦੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਖਾੜਕੂਵਾਦ ਦੇ ਦਿਨਾਂ ਵਿਚ ਅਤੇ ਅੱਜ ਵੀ ਹਰ ਰੋਜ ਜਗਰਾਤੇ ਹੁੰਦੇ ਹਨ। ਪਰ ਕਦੇ ਕਿਸੇ ਸਿੱਖ ਨੇ ਕੋਈ ਹੁਲੜਬਾਜੀ ਨਹੀਂ ਕੀਤੀ ਨਾ ਹੀ ਜਗਰਾਤਾ ਆਦਿਕ ਕਰਨ ਤੋਂ ਵਰਜਿਆ ਹੈ। ਸਗੋਂ ਯਥਾਸ਼ਕਤ ਦਾਨ ਅਤੇ ਸਹਿਯੋਗ ਹੀ ਦਿੱਤਾ ਹੈ। ਇਸ ਤੋਂ ਵੀ ਵੱਡੀ ਗੱਲ ਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਸਮੇਂ ਕਿਸੇ ਸਿੱਖ ਨੇ ਕਿਸੇ ਹਿੰਦੂ ਦਾ ਨੁਕਸਾਨ ਨਹੀਂ ਕੀਤਾ। ਨਾ ਹੀ ਦਿੱਲੀ ਦੇ ਸਿੱਖ ਕਤਲੇਆਮ ਤੋਂ ਭੜਕ ਕੇ ਕਿਸੇ ਸਿੱਖ ਨੇ ਕਿਸੇ ਹਿੰਦੂ ਦਾ ਨੁਕਸਾਨ ਕੀਤਾ ਹੈ। ਫਿਰ ਸੌੜੀ ਸਿਆਸਤ ਨੂੰ ਚਲਾਉਣ ਵਾਸਤੇ ਜਾਂ ਆਪਣੇ ਰਾਜਸੀ ਪਰੌਂਠੇ ਰਾੜ੍ਹਣ ਲਈ,ਬਰਾਦਰੀ ਦੇ ਚੁੱਲ੍ਹਿਆਂ ਵਿਚ ਨਫਰਤ ਦੀ ਅੱਗ ਬਾਲਣੀ ਕੋਈ ਸਿਆਣਪ ਨਹੀਂ ਹੋ ਸਕਦੀ।

Hindu Murders: Punjab Need's To think Seriouslyਅਮਿ੍ਤਸਰ ਸਾਹਿਬ ਵਿਖੇ ਵੀ ਇਕ ਹਿੰਦੂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਦਾ ਕਤਲ ਹੋਇਆ ਹੈ । ਕਤਲ ਕਰਨ ਵਾਲਿਆਂ ਦੀਆਂ ਤਸਵੀਰਾਂ ਅਤੇ ਸਾਰਾ ਘਟਨਾਕ੍ਰਮ ਕੈਮਰੇ ਦੀ ਕੈਦ ਵਿਚ ਆ ਗਿਆ ਹੈ। ਕੁਝ ਚਸ਼ਮਦੀਦ ਗਵਾਹ ਵੀ ਹਨ। ਪੁਲਿਸ ਨੇ ਮੁਢਲੀ ਪੜਤਾਲ ਵਿਚ ਇਸ ਨੂੰ ਗੈਂਗਸਟਰਾਂ ਨਾਲ ਜੋੜ ਕੇ ਵੇਖਿਆ। ਫਿਰ ਇਸ ਨੂੰ ਕਿਸੇ ਸਿੱਖ ਗਰੁੱਪ ਨਾਲ ਜੋੜਣ ਵਾਲੇ ਪਾਸੇ ਨੂੰ ਗੱਲ ਤੁਰਦੀ ਨਜਰ ਆ ਰਹੀ ਸੀ ਕਿਉਂਕਿ ਮਿਰਤਕ ਦੀ ਇਕ ਫੋਟੋ ਸੋਸ਼ਲ ਮੀਡੀਆ ਉੱਤੇ ਘੁੰਮ ਰਹੀ ਸੀ । ਜਿਸ ਵਿਚ ਮਿਰਤਕ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਨ ਦੀ ਤਿਆਰੀ ਕਰ ਰਿਹਾ ਹੈ। ਹੁਣ ਇਸ ਨਾਲ ਤਫਤੀਸ਼ ਦਾ ਰੁਖ ਬਦਲਣਾ ਕੁਦਰਤੀ ਹੋ ਗਿਆ ਸੀ ਕਿਉਂਕਿ ਕਿਸੇ ਨੇ ਐਨ ਮੌਕੇ ਉੱਤੇ ਅਜਿਹੀ ਫੋਟੋ ਜਾਰੀ ਕੀਤੀ ,ਜਿਸ ਨਾਲ ਆਮ ਜਨ ਸਧਾਰਨ ਨੂੰ ਯਕੀਨ ਵੀ ਆਉਂਦਾ ਹੈ ਕਿ ਇਹ ਸੱਚ ਹੋ ਸਕਦਾ ਹੈ। ਜੇ ਇਹ ਸੱਚ ਵੀ ਹੋਵੇ ਤਾਂ ਵੀ ਇਸਦੀ ਬੜੀ ਗੰਭੀਰਤਾ ਨਾਲ ਪੜਤਾਲ ਕਰਨ ਦੀ ਜਰੂਰਤ ਸੀ।

ਪਰ ਹੁਣ ਹਿੰਦੂ ਪਰਿਵਾਰ ਵਿਚ ਜੰਮੇ ਪਲੇ ਪੰਜਾਬ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਜਿਥੇ ਆਪਣੇ ਰੁਤਬੇ ਅਤੇ ਖਾਖੀ ਵਰਦੀ ਦੇ ਫਰਜਾਂ ਨੂੰ ਸਮਝਿਆ ਹੈ ਉਥੇ ਪੰਜਾਬ ਵਿਚ ਭਾਈਚਾਰਕ ਏਕਤਾ ਨੂੰ ਥੰਮੀ ਦੇ ਦਿੱਤੀ ਹੈ। ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈਕੇ ਸਿੱਖ ਖੇਮਿਆਂ ਵਿਚ ਸ੍ਰੀ ਅਰੋੜਾ ਪ੍ਰਤੀ ਰੋਸ ਵੀ ਸੀ।ੈ ਪਰ ਅੱਜ ਉਹਨਾਂ ਨੇ ਆਪਣਾ ਮਾਣ ਵਧਾ ਲਿਆ ਹੈ । ਉਹਨਾਂ ਖੁਦ ਅਮਿ੍ਰਤਸਰ ਆ ਕੇ ਸਾਰੇ ਮਸਲੇ ਦੀ ਤਹਿਕੀਕਾਤ ਕਰਕੇ ਸਾਰੀ ਸਥਿਤੀ ਨੂੰ ਸਾਫ ਕਰ ਦਿੱਤਾ ਹੈ ਕਿ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਪਿੱਛੇ ਕਿਸੇ ਵੀ ਅੱਤਵਾਦੀ ਜੱਥੇਬੰਦੀ ਦਾ ਹੱਥ ਨਹੀਂ ਹੈ। ਇਹ ਜਾਤੀ ਰੰਜਿਸ਼ ਦਾ ਮਾਮਲਾ ਹੈ ਅਤੇ ਗੈਂਗਸਟਰ ਗਰੁਪਾਂ ਨਾਲ ਸਬੰਧਤ ਹੈ। ਹੁਣ ਭੜਕਾਊ ਬਿਆਨ ਦੇਣ ਵਾਲਿਆਂ ਨੂੰ ਥੋੜਾ ਸੰਕੋਚ ਕਰਨਾ ਚਾਹੀਦਾ ਹੈ।

ਇਥੇ ਇਹ ਲਾਈਨਾਂ ਲਿਖਣ ਦਾ ਮਤਲਬ ਕਾਤਲਾਂ ਨਾਲ ਹਮਦਰਦੀ ਜਾਂ ਉਹਨਾਂ ਦਾ ਬਚਾਅ ਕਰਨ ਦਾ ਉੱਕਾ ਹੀ ਮਕਸਦ ਨਹੀਂ ਅਤੇ ਨਾ ਹੀ ਮਰਨ ਵਾਲੇ ਦੇ ਕਤਲ ਉੱਤੇ ਕੋਈ ਪਰਦਾ ਪਾਉਣ ਦੀ ਕੋਝੀ ਹਰਕਤ ਹੈ। ਪਰ ਇਹਨਾਂ ਕਤਲਾਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਦਾ ਇਕ ਤਰਲਾ ਜਰੂਰ ਹੈ ,ਕਿ ਜਾਇਦਾਦਾਂ ਪਿਛੇ ਜਾਂ ਹੋਰ ਗੱਲਾਂ ਵਿਚ ਕਤਲ ਹੁੰਦੇ ਹੀ ਰਹਿੰਦੇ ਹਨ ਅਤੇ ਭਵਿੱਖ ਵਿਚ ਵੀ ਇਹਨਾਂ ਨੂੰ ਰੋਕਣਾ ਕੋਈ ਸੌਖਾ ਕੰਮ ਨਹੀਂ ,ਪਰ ਬਰਾਦਰੀ ਜਾਂ ਧਰਮ ਦੇ ਨਾਮ ਉੱਤੇ ਕਿਸੇ ਕਤਲ ਨਾ ਹੋਵੇ ,ਨਫਰਤ ਨਾ ਫੈਲੇ ਇਸ ਵਾਸਤੇ ਥੋੜਾ ਜਿਹਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ । ਪਹਿਲੀ ਗੱਲ ਤਾਂ ਇਹ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ। ਉਸ ਨੂੰ ਉਸ ਦੇ ਸਿੱਖ ਅੰਗ ਰੱਖਿਅਕਾਂ ਨੇ ਮਾਰ ਦਿੱਤਾ ਅਤੇ ਮਾਰਨ ਵਾਲਿਆਂ ਨੂੰ ਫਾਂਸੀ ਦੀ ਸਜਾ ਮਿਲੀ। ਇਸ ਹਮਲੇ ਵਿਚ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਹੀਦ ਹੋ ਗਏ। ਲੇਕਿਨ ਸਿਖਾਂ ਨੇ ਕਦੇ ਇੰਦਰਾ ਗਾਂਧੀ ਜਾਂ ਜਰਨਲ ਵੈਦਿਆ ਵਰਗੀਆਂ ਦੇ ਪੁਤਲੇ ਨਹੀਂ ਫੂਕੇ ਕਿਉਂਕਿ ਉਹ ਹੁਣ ਇਸ ਦੁਨੀਆਂ ਵਿਚ ਹੀ ਨਹੀਂ ਰਹ।ੇ ਇਸ ਤਰਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਹੀਦ ਹੋ ਚੁਕੇ ਹਨ ਉਹ ਵੀ ਇਸ ਦੁਨੀਆਂ ਵਿਚ ਨਹੀਂ ਹਨ। ਫਿਰ ਉਹਨਾਂ ਦੇ ਪੁਤਲੇ ਫੂਕਣਾ ਕਿਹੜੀ ਅਕਲਮੰਦੀ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਮੁੱਚੀ ਸਿੱਖ ਕੌਮ,ਕੌਮੀਂ ਸ਼ਹੀਦ ਦਾ ਦਰਜਾ ਦੇ ਚੁਕੀ ਹੈ ਅਤੇ ਉਹਨਾਂ ਦੀ ਫੋਟੋ ਸਿੱਖ ਅਜਾਇਬ ਘਰ ਵਿਚ ਲਗਾਈ ਜਾ ਚੁੱਕੀ ਹੈ। ਆਰ.ਐਸ.ਐਸ,ਮੁਖੀ ਸੁਦਰਸ਼ਨ ਭਿੰਡਰਾਂਵਾਲਿਆਂ ਦੇ ਹੈਡਕੁਆਟਰ ਦਾ ਦੌਰਾ ਵੀ ਕਰ ਚੁੱਕੇ ਹਨ। ਆਰ.ਐਸ.ਐਸ.ਰੋਜ ਕਹਿੰਦੀ ਹੈ ਕਿ ਸਿੱਖ ਹਿੰਦੂਆਂ ਦਾ ਇਕ ਹਿੱਸਾ ਹਨ ਫਿਰ ਭਿੰਡਰਾਂਵਾਲਾ ਵੀ ਤਾਂ ਸਿੱਖ ਸੀ ਉਸ ਪ੍ਰਤੀ ਏਨੀ ਬੇਲੋੜੀ ਨਫਰਤ ਕਿਉਂ ? ਸਿਖਾਂ ਦੀ ਲੜਾਈ ਤਾਂ ਹੱਕਾਂ ਵਾਸਤੇ ਹੈ। ਉਹ ਵੀ ਸਰਕਾਰ ਨਾਲ ਹੈ। ਹਿੰਦੂ ਇਸ ਨੂੰ ਖਾਹ ਮਖਾਹ ਆਪਣੇ ਗਲ ਕਿਉਂ ਪਾ ਰਹੇ ਹਨ।

ਜੇ ਕੋਈ ਸਿੱਖ, ਹਿੰਦੂ, ਮੁਸਲਿਮ ਜਾਂ ਇਸਾਈ ਕਿਸੇ ਦੂਜੀ ਬਰਾਦਰੀ ਵਾਲੇ ਦਾ ਕਤਲ ਕਰਦਾ ਹੈ ਤਾਂ ਉਸ ਕਤਲ ਦੇ ਕਾਰਣਾਂ ਨੂੰ ਲੱਭਣਾ ਬੜਾ ਜਰੂਰੀ ਹੈ। ਜਿਸ ਨਾਲ ਇਹ ਪਤਾ ਲੱਗ ਸਕੇ ਕਿ ਆਖਿਰ ਉਹ ਕਿਹੜੀ ਵਜ੍ਹਾ ਹੈ ਕਿ ਜਿਸ ਕਰਕੇ ਇਕ ਇਨਸਾਨ ਦੂਜੇ ਇਨਸਾਨ ਦੀ ਜਾਨ ਲੈਣ ਉੱਤੇ ਉੱਤਰ ਆਵੇ। ਕੋਈ ਧਰਮ ,ਕੋਈ ਸਮਾਜ ਕਿਸੇ ਨੂੰ ਕਤਲ ਕਰਨ ਦੀ ਸਿਖਿਆ ਨਹੀਂ ਦਿੰਦਾ। ਪਰ ਕੁਝ ਸ਼ਰਾਰਤੀ ਲੋਕ ਕੁਝ ਅਜਿਹੀ ਕੋਝੀ ਹਰਕਤ ਕਰਦੇ,ਜਿਸ ਨਾਲ ਦੂਜੇ ਦੇ ਜਜਬਾਤਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਸ ਸੇਕ ਵਿਚ ਉਹ ਖੁਦ ਵੀ ਭੁੱਜ ਜਾਂਦਾ ਹੈ ਤੇ ਲਾਂਬੂ ਲਾਉਣ ਵਾਲਾ ਵੀ ਝੁਲਸ ਜਾਂਦਾ ਹੈ। ਪੰਜਾਬ ਦਾ ਹਿੰਦੂ ਅਮਨ ਪਸੰਦ ਅਤੇ ਭਾਈਚਾਰਾ ਕਾਇਮ ਰੱਖਣ ਵਾਲਾ ਹੈ ਲੇਕਿਨ ਕੁਝ ਗਿਣਤੀ ਦੇ ਆਰ.ਐਸ.ਐਸ ਵਰਗੀ ਕੱਟੜਵਾਦੀ ਜਮਾਤ ਦੇ ਮਗਰ ਲੱਗ ਕੇ ਕੋਈ ਨ ਕੋਈ ਸ਼ਰਾਰਤ ਕਰਦੇ ਰਹਿੰਦੇ ਹਨ।
ਪਿਛੇ ਜਿਹੇ ਕੁਝ ਹਿੰਦੂ ਜਥੇਬੰਦੀ ਦੇ ਆਗੂਆਂ ਨੇ ਹੱਥ ਵਿਚ ਰਿਵਾਲਵਰ ਫੜਕੇ ਆਪਣੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਹੈ। ਜਿਸ ਵਿਚ ਖਾਲਿਸਤਾਨੀ ਧਿਰਾਂ ਨੂੰ ਵਾਰਨਿੰਗ ਦਿੱਤੀ ਹੋਈ ਹੈ ਅਤੇ ਦਰਬਾਰ ਸਾਹਿਬ ਦੇ ਹਮਲੇ ਨੂੰ ਜਾਇਜ ਦੱਸਿਆ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਮਾਨਯੋਗ ਸੁਪ੍ਰੀਮ ਕੋਰਟ ਨੇ ਅਮਨ ਮਈ ਤਰੀਕੇ ਨਾਲ ਅਜਾਦੀ ਮੰਗਣ ਨੂੰ ਜਾਇਜ ਮੰਨਿਆ ਅਤੇ ਅਜਿਹਾ ਕਰਨ ਵਾਲੇ ਉੱਤੇ ਕੋਈ ਕਾਰਵਾਈ ਨਾ ਕਰਨ ਦਾ ਹੁਕਮ ਜਾਰੀ ਕੀਤਾ ਹੋਇਆ ਹੈ। ਫਿਰ ਜਿਹੜੇ ਲੋਕ ਬੇਵਜ੍ਹਾ ਖਾਲਿਸਤਾਨੀਆਂ ਉੱਤੇ ਨਜਲਾ ਸੁੱਟਦੇ ਹਨ। ਕੀਹ ਉਹ ਸੁਪ੍ਰੀਮ ਕੋਰਟ ਦੇ ਹੁਕਮ ਦੀ ਵੀ ਪ੍ਰਵਾਹ ਨਹੀਂ ਕਰਦੇ। ਦੂਸਰੀ ਗੱਲ ਕਿ ਜਿਹੜੇ ਵੀਰ ਖਾਲਿਸਤਾਨ ਮੰਗਦੇ ਹਨ। ਉਹਨਾਂ ਇਹ ਕਦੇ ਨਹੀਂ ਕਿਹਾ ਕਿ ਖਾਲਿਸਤਾਨ ਵਿਚ ਸਿਰਫ ਸਿੱਖ ਹੀ ਹੋਣਗੇ,ਜਾਂ ਹਿੰਦੂਆਂ ਨੂੰ ਇਥੋਂ ਕੱਢ ਦਿੱਤਾ ਜਾਵੇਗਾ। ਸਗੋਂ ਉਹ ਤਾਂ ਐਲਾਨੀਆਂ ਕਹਿੰਦੇ ਹਨ ਕਿ ਖਾਲਿਸਤਾਨ ਦੁਨੀਆਂ ਤੋਂ ਵੱਖਰਾ ਇਕ ਅਜਿਹਾ ਦੇਸ਼ ਹੋਵੇਗਾ ਜਿਥੇ ਰਾਜ ਸਿਖਾਂ ਦਾ ਹੋਵੇਗਾ ਪਰ ਹਿੰਦੂ, ਮੁਸਲਿਮ, ਈਸਾਈ, ਜੈਨੀ, ਬੋਧੀ,ਅਤੇ ਦਲਿਤ ਸਭ ਨੂੰ ਅਧਿਕਾਰ ਬਰਾਬਰ ਹੋਣਗੇ। ਫਿਰ ਬੇਲੋੜਾ ਕਿਸੇ ਨੂੰ ਕੋਸਣਾ ਕਿਸ ਵਾਸਤੇ ਹੈ। ਇਸ ਨਾਲ ਨਫਰਤ ਹੀ ਪੈਦਾ ਹੁੰਦੀ ਹੈ। ਜੇ ਸਿਖਾਂ ਨਾਲ ਭਾਰਤੀ ਨਿਜ਼ਾਮ ਬਰਾਬਰ ਦੇ ਭਾਈਵਾਲ ਵਾਲਾ ਸਲੂਕ ਕਰਦਾ ਤਾਂ ਸ਼ਾਇਦ ਕਦੇ ਖਾਲਿਸਤਾਨ ਦਾ ਨਾਮ ਵੀ ਪੈਦਾ ਨਾ ਹੁੰਦਾ।

ਪ੍ਰਸ਼ਾਸ਼ਨ ਵੀ ਅਜਿਹੀਆਂ ਹਰਕਤਾਂ ਨੂੰ ਨਜਰ ਅੰਦਾਜ ਕਰ ਦਿੰਦਾ ਹੈ। ਸੋਸ਼ਲ ਮੀਡੀਆ ਉੱਤੇ ਜੇ ਕੋਈ ਸਰਸੇ ਵਾਲੇ ਸੌਦਾ ਸਾਧ ਦੇ ਖਿਲਾਫ ਕੁਝ ਲਿਖ ਦੇਵੇ ਤਾਂ ਤਰੁੰਤ ਕਾਰਵਾਈ ਹੋ ਜਾਂਦੀ ਹੈ ਪਰ ਇਹਨਾਂ ਲੋਕਾਂ ਵਾਰੀ ਚੁੱਪੀ ਛਾਈ ਰਹਿੰਦੀ ਹੈ। ਬੀਤੇ ਦਿਨੀ ਲੁਧਿਆਣਾ ਦੀ ਪੁਲਿਸ ਦੇ ਕੁਝ ਇਮਾਨਦਾਰ ਅਫਸਰਾਂ ਨੇ ਹਿੰਮਤ ਵਿਖਾਈ ਹੈ ਕਿ ਕੁਝ ਸ਼ਿਵ ਸੈਨਿਕਾਂ ਨੂੰ ਕਾਬੂ ਕੀਤਾ ਹੈ। ਜਿਹੜੇ ਆਪ ਹੀ ਖਾਲਿਸਤਾਨ ਦੇ ਲੈਟਰ ਪੇਡ ਛਪਵਾਈ ਬੈਠੇ ਹਨ ਅਤੇ ਇਕ ਦੂਜੇ ਨੂੰ ਸਰਕਾਰੀ ਗੰਨਮੈਨ ਦਿਵਾਉਣ ਵਾਸਤੇ ਖੁਦ ਹੀ ਖਾਲਿਸਤਾਨੀਆਂ ਦੇ ਨਾਮ ਉੱਤੇ ਧਮਕੀ ਪੱਤਰ ਲਿਖਦੇ ਹਨ ਤਾਂ ਕਿ ਗੰਨਮੈਨਾਂ ਦੀ ਮਦਦ ਨਾਲ ਲੋਕਾਂ ਨੂੰ ਧਮਕਾਇਆ ਜਾ ਸਕੇ ਅਤੇ ਖਾਲਿਸਤਾਨੀਆਂ ਨੂੰ ਗਾਲ੍ਹਾਂ ਕੱਢਕੇ ਦੇਸ਼ ਭਗਤ ਹੋਣ ਦਾ ਸਰਟੀਫਿਕੇਟ ਹਾਸਲ ਕੀਤਾ ਜਾਵੇ। ਇਹਨਾਂ ਲੋਕਾਂ ਦੇ ਫੜ੍ਹੇ ਜਾਣ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਇਹ ਲੋਕ ਹੀ ਖਾਲਿਸਤਾਨੀਆਂ ਦਾ ਨਾਮ ਵਰਤਕੇ ਉਹਨਾਂ ਨੂੰ ਬਦਨਾਮ ਵੀ ਕਰਦੇ ਹਨ ਅਤੇ ਆਪ ਲਾਹਾ ਲੈਂਦੇ ਹਨ।

ਇਸ ਵਾਸਤੇ ਕੋਈ ਵੀ ਵਾਰਦਾਤ ਹੁੰਦੀ ਹੈ ਉਸ ਬਰੀਕੀ ਨਾਲ ਪੜਤਾਲ ਹੋਣੀ ਚਾਹੀਦੀ ਹੈ। ਜੁਰਮ ਕਿਉਂ ਹੋਇਆ ਉਸ ਪਿਛਲੇ ਕਾਰਨ ਵੀ ਬੜੀ ਸ਼ਿੱਦਤ ਨਾਲ ਲੱਭਣੇ ਚਾਹੀਦੇ ਹਨ। ਜੇ ਮਾਮਲਾ ਜਾਤੀ ਰੰਜਿਸ਼ ਦਾ ਹੈ ਤਾਂ ਉਸ ਨੂੰ ਉਸ ਖਾਤੇ ਵਿਚ ਹੀ ਲਿਖਿਆ ਜਾਣਾ ਚਾਹੀਦਾ ਹੈ। ਜੇ ਕਿਸੇ ਦੇ ਜਜਬਾਤਾਂ ਨਾਲ ਜੁੜਿਆ ਹੋਇਆ ਹੈ ਤਾਂ ਫਿਰ ਹੋਰ ਗੰਭੀਰਤਾ ਨਾਲ ਪੜਤਾਲ ਹੋਣੀ ਚਾਹੀਦੀ ਹੈ ਕਿ ਆਖਿਰ ਇਥੇ ਤੱਕ ਨੌਬਤ ਹੀ ਕਿਉਂ ਆਈ। ਨਾਲ ਹੀ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੋ ਹੋਇਆ ਉਹ ਮਾੜਾ ਹੋਇਆ ਪਰ ਦੁਬਾਰਾ ਅਜਿਹਾ ਨਾ ਹੋਵੇ। ਜਿਹੜਾ ਵੀ ਕੋਈ ਸ਼ਰਾਰਤੀ ਹੈ ਜਾਂ ਕਿਸੇ ਦੇ ਜਜਬਾਤਾਂ ਨੂੰ ਤੀਲੀ ਲਾਉਂਦਾ ਹੈ। ਉਸ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ ਅਤੇ ਉਸ ਦੀ ਕਰਤੂਤ ਨੂੰ ਪੂਰੀ ਤਰਾਂ ਨੰਗਿਆਂ ਕੀਤਾ ਤਾਂ ਕਿ ਕਿਸੇ ਧਰਮ ,ਜਾਤ ਜਾਂ ਬਰਾਦਰੀ ਦੇ ਨਾਮ ਉੱਤੇ ਕਿਸੇ ਦਾ ਕਤਲ ਨਾ ਹੋਵੇ ਅਤੇ ਲੋਕਾਂ ਵਿਚ ਬੇਲੋੜੀ ਨਫਰਤ ਅਤੇ ਭੁਲੇਖੇ ਨਾ ਖੜੇ ਹੋਣ।

ਗੁਰੂ ਰਾਖਾ

ਜੀ.ਪੀ.ਐਸ.ਧਨੌਲਾ

Tags
Show More

Leave a Reply

Your email address will not be published. Required fields are marked *

Close