OPINIONPunjab

Illumination Colors From Guru Nanak Dev to Guru Gobind Singh

ਇਲਾਹੀ ਨੂਰ ਦੇ ਰੰਗ: ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ

Illumination Colors From Guru Nanak Dev to Guru Gobind Singh:

ਗੁਰੂ ਗੋਬਿੰਦ ਸਿੰਘ ਦਸਵੇਂ ਨਾਨਕ 

ਡਾ. ਰਾਜਿੰਦਰ ਕੌਰ ਰੋਹੀ

ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੋਈ ਜੋ ਇਤਿਹਾਸਕ ਲਗਾਤਾਰਤਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਦੀ ਹੈ ਉਹ ਆਪਣੇ ਆਪ ਵਿਚ ਇਕ ਪਰਮਾਣ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਾਰਮਿਕ ਪਰੰਪਰਾ ਦੇ ਦਸਵੇਂ ਸਰੂਪ ਹਨ। ਗੁਰੂ ਨਾਨਕ ਦੀ ਦਸਵੀਂ ਜੋਤ ਹਨ। ਉਹ ਬਾਕੀ ਨੌਂ ਗੁਰੂ ਸਾਹਿਬਾਨ ਵਾਂਗ ਇਕ ਧਾਰਮਿਕ, ਅਧਿਆਤਮਿਕ, ਦਾਰਸ਼ਨਿਕ, ਸਮਾਜਿਕ ਪ੍ਰਤੀਕਰਮ ਤੇ ਬਦਲਾਅ ਦੇ ਦੈਵੀ ਪ੍ਰਤੀਨਿਧ ਨਾਇਕ ਹਨ। ਉਹ ਕੇਵਲ ਇਕ ਵਿਸ਼ੇਸ਼ ਖਿੱਤੇ, ਭਾਸ਼ਾ, ਸੱਭਿਆਚਾਰ ਨੂੰ ਹੀ ਨਹੀਂ ਬਲਕਿ ਪੂਰੇ ਵਿਸ਼ਵ ਨੂੰ ਉਚੇਰੇ ਬਦਲਾਅ ਵੱਲ ਸੇਧ ਦੇਣ ਲਈ ਇਸ ਸੰਸਾਰ ਵਿਚ ਆਏ। ਉਨ੍ਹਾਂ ਦਾ ਆਉਣਾ ਇਕ ਬੇਹੱਦ ਵੱਡੇ ਮਕਸਦ ਦੀ ਪੂਰਤੀ ਵੱਲ ਇਸ਼ਾਰਾ ਹੈ। ਇਸ ਸਬੰਧੀ ਬਚਿੱਤਰ ਨਾਟਕ, ਭਾਈ ਸੰਤੋਖ ਸਿੰਘ, ਭਾਈ ਨੰਦ ਲਾਲ ਗੋਇਆ, ਕਵੀ ਸੈਨਾਪਤਿ, ਗਿਆਨੀ ਗਿਆਨ ਸਿੰਘ ਅਤੇ ਹੋਰ ਵਿਦਵਾਨਾ ਦੇ ਪੁਖਤਾ ਹਵਾਲੇ ਇਹ ਸਿੱਧ ਕਰ ਦਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਧਾਰਮਿਕ-ਅਧਿਆਤਮਿਕ ਪਰੰਪਰਾ ਦੇ ਰਹਿਨੁਮਾ, ਪਰਮਾਤਮ-ਪੁੱਤਰ, ਇਕ ਸੰਤ, ਇਕ ਯੋਧਾ, ਇਕ ਸਮਾਜ ਚਿੰਤਕ, ਪ੍ਰਤੀਕਰਮੀ ਅਤੇ ਸੁਧਾਰਕ, ਇਕ ਜ਼ਹੀਨ ਕਵੀ, ਸਾਹਿਤਕਾਰ ਅਤੇ ਜੀਵਨ ਦਰਸ਼ਨ ਦੇ ਮਾਹਿਰ ਹਨ। ਉਨ੍ਹਾਂ ਨੂੰ ਕਿਸੇ ਇਕ ਸਾਂਚੇ ਵਿਚ ਢਾਲ ਕੇ ਨਹੀਂ ਦੇਖਿਆ ਜਾ ਸਕਦਾ। ਉਹ ਆਪਣੇ ਸਾਰੇ ਕਿਰਦਾਰਾਂ ਵਿਚ ਸਰਵਉੱਚ ਭੂਮਿਕਾ ਨਿਭਾਉਂਦੇ ਤੇ ਨਿੱਤਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਅਸਤਿਤੱਵ ਬਾਰੇ ਜੇ ਕੋਈ ਇਕ ਵਿਸ਼ੇਸ਼ ਵਿਚਾਰ ਪੇਸ਼ ਕਰਨਾ ਹੋਵੇ ਤਾਂ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਜ਼ਰੂਰੀ ਜਾਪਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੋਈ ਵੀ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਆਪਣੀ ਰਚਨਾ ਬਚਿਤੱਰ ਨਾਟਕ ਅਤੇ ਉਨ੍ਹਾਂ ਬਾਰੇ ਹੋਰ ਇਤਿਹਾਸਕ ਹਵਾਲਿਆਂ ਦੀ ਲੋਅ ਵਿਚ ਉਨ੍ਹਾਂ ਦੇ ਅਸਤਿੱਤਵ ਨੂੰ ਨਿਰਪੱਖਤਾ ਨਾਲ ਸਮਝ ਲਿਆ ਜਾਵੇ। ਬਚਿੱਤਰ ਨਾਟਕ ਵਿਚ ਜੋ ਪਹਿਲੀ ਵਿਚਾਰ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਗੁਰੂ ਪਰੰਪਰਾ ਦੀ ਦਸਵੀਂ ਜੋਤ ਦੇ ਰੂਪ ਵਿਚ ਪਰਗਟ ਹੋਣਾ। ਇਸ ਦੇ ਹਵਾਲੇ ਪਹਿਲਾਂ ਬਚਿੱਤਰ ਨਾਟਕ ਅਤੇ ਫੇਰ ਭਾਈ ਨੰਦ ਲਾਲ ਅਤੇ ਹੋਰ ਇਤਿਹਾਸਕ ਪ੍ਰਸੰਗਾਂ ਵਿਚ ਮਿਲ ਜਾਂਦੇ ਹਨ।

ਬਚਿੱਤਰ ਨਾਟਕ ਵਿਚ ਆਪਣੀ ਕਥਾ ਸੁਣਾਉਣ ਤੋਂ ਪਹਿਲਾਂ ਗੁਰੂ ਜੀ ਹਿੰਦੋਸਤਾਨੀ ਪਰੰਪਰਾ ਵਿਚਲੇ ਇਤਿਹਾਸਕ ਤੱਥਾਂ ਦਾ ਜ਼ਿਕਰ ਕਰ ਕੇ ਗੁਰੂ ਨਾਨਕ ਦੀ ਆਮਦੀ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ; ਜਦੋਂ ਕਲਿਯੁਗ ਵਿਚ ਗੁਰੂ ਨਾਨਕ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਆਪਣੇ ਸਾਰੇ ਸਿੱਖਾਂ ਨੂੰ ਪਰਮ ਸੁਖ ਦਿੱਤਾ ਅਤੇ ਜਿਥੇ ਜ਼ਰੂਰਤ ਪਈ ਉਥੇ ਸਹਾਇਤਾ ਵੀ ਕੀਤੀ। ਉਨ੍ਹਾਂ ਨੇ ਕਲਿਯੁਗ ਵਿਚ ਧਰਮ ਚੱਕਰ ਚਲਾਇਆ ਤੇ ਸਾਰੇ ਸਾਧੂ ਬਿਰਤੀ ਵਾਲਿਆਂ ਨੂੰ ਧਰਮ ਦਾ ਸਹੀ ਰਾਹ ਦਿਖਾਇਆ। ਜੋ ਉਨ੍ਹਾਂ ਦੁਆਰਾ ਦੱਸੇ ਮਾਰਗ ਤੇ ਚੱਲਣ ਲੱਗ ਪਏ ਉਨ੍ਹਾਂ ਨੂੰ ਪਾਪ ਨੇ ਕਦੇ ਪਰੇਸ਼ਾਨ ਨਹੀਂ ਕੀਤਾ। ਪਰਮਾਤਮਾ ਨੇ ਉਨ੍ਹਾਂ ਦੇ ਦੁਖਾਂ ਕਲੇਸ਼ਾਂ ਦਾ ਨਾਸ਼ ਕਰ ਦਿੱਤਾ ਅਤੇ ਉਹ ਕਦੇ ਵੀ ਮੌਤ ਦੇ ਜਾਲ ਵਿਚ ਨਹੀਂ ਫਸੇ। ਇਸ ਤੋਂ ਬਾਅਦ ਗੁਰੂ ਨਾਨਕ ਨੇ ਗੁਰੂ ਅੰਗਦ ਦੇ ਰੂਪ ਵਿਚ ਦੂਜਾ ਸ਼ਰੀਰ ਧਾਰਨ ਕੀਤਾ ਅਤੇ ਧਰਮ ਦਾ ਪਰਚਾਰ ਕੀਤਾ। ਦੀਪਕ ਨਾਲ ਦੀਪਕ ਜਲਾਉਣ ਵਾਂਗ ਉਨ੍ਹਾਂ ਨੇ ਤੀਜੇ ਜਾਮੇ ਵਿਚ ਗੁਰੂ ਅਮਰਦਾਸ ਦਾ ਰੂਪ ਬਣਾ ਲਿਆ। ਵਰਦਾਨ ਦੇ ਸਮੇਂ ਅਨੁਸਾਰ ਉਹ ਗੁਰੂ ਰਾਮਦਾਸ ਦੀ ਪਦਵੀ ਤੇ ਸ਼ਸ਼ੋਬਿਤ ਹੋਏ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਪੁਰਾਤਨ ਵਰਦਾਨ ਦੇ ਕੇ ਆਪ ਸਵਰਗਪੁਰੀ ਨੂੰ ਸਿਧਾਰ ਗਏ। ਗੁਰੂ ਨਾਨਕ ਹੀ ਗੁਰੂ ਅੰਗਦ ਅਤੇ ਗੁਰੂ ਅੰਗਦ ਹੀ ਗੁਰੂ ਅਮਰਦਾਸ ਅਤੇ ਗੁਰੂ ਅਮਰਦਾਸ ਹੀ ਗੁਰੂ ਰਾਮਦਾਸ ਕਰਕੇ ਜਾਣੇ ਗਏ। ਸਾਧੂ ਜਨਾ ਨੇ ਇਸ ਭੇਦ ਨੂੰ ਸਮਝ ਲਿਆ ਪਰ ਮੂਰਖ ਲੋਕਾਂ ਦੀ ਸਮਝ ਨਹੀਂ ਪਿਆ। ਸਭ ਨੇ ਉਨ੍ਹਾਂ ਨੂੰ ਵੱਖ ਵੱਖ ਕਰਕੇ ਹੀ ਜਾਣਿਆ ਹੈ। ਕਿਸੇ ਵਿਰਲੇ ਨੇ ਹੀ ਇਨ੍ਹਾਂ ਚਾਰਾਂ ਗੁਰੂ ਸਾਹਿਬਾਂ ਨੂੰ ਇਕ ਰੂਪ ਕਰਕੇ ਪਛਾਣਿਆ ਅਤੇ ਉਨ੍ਹਾਂ ਨੇ ਹੀ ਮੁਕਤ ਅਵੱਸਥਾ ਨੂੰ ਪ੍ਰਾਪਤ ਕੀਤਾ ਹੈ। ਬਿਨ੍ਹਾਂ ਇਸ ਭੇਦ ਨੂੰ ਜਾਣੇ ਕਿ ਸਾਰੇ ਗੁਰੂ ਇਕ ਹੀ ਰੂਪ ਹਨ; ਮੁਕਤੀ ਪ੍ਰਾਪਤ ਨਹੀਂ ਹੁੰਦੀ। ਜਦੋਂ ਗੁਰੂ ਰਾਮਦਾਸ ਪਰਮਾਤਮਾ ਵਿਚ ਲੀਨ ਹੋਏ ਤਾਂ ਉਨ੍ਹਾਂ ਨੇ ਜਾਣ ਤੋਂ ਪਹਿਲਾਂ ਗੁਰਿਆਈ ਗੁਰੂ ਅਰਜਨ ਦੇਵ ਨੂੰ ਸੌਂਪ ਦਿੱਤੀ।

Illumination Colors From Guru Nanak Dev to Guru Gobind Singhਜਦੋਂ ਗੁਰੂ ਅਰਜਨ ਦੇਵ ਜੀ ਪਰਲੋਕ ਗਮਨ ਕਰ ਗਏ ਤਾਂ ਉਨ੍ਹਾਂ ਦੀ ਜਗ੍ਹਾ ਗੁਰੂ ਹਰਿਗੋਬਿੰਦ ਜੀ ਨੂੰ ਥਾਪਿਆ ਗਿਆ। ਜਦੋਂ ਗੁਰੂ ਹਰਿਗੋਬਿੰਦ ਜੀ ਪਰਲੋਕ ਗਮਨ ਕਰ ਗਏ ਤਾਂ ਗੁਰੂ ਹਰਿਰਾਏ ਨੂੰ ਉਨ੍ਹਾਂ ਦੇ ਸਥਾਨ ਤੇ ਥਾਪਿਆ ਗਿਆ। ਗੁਰੂ ਹਰਿ ਰਾਏ ਦੇ ਪੁਤਰ ਗੁਰੂ ਹਰਿ ਕ੍ਰਿਸ਼ਨ ਜੀ ਹੋਏ ਅਤੇ ਉਨ੍ਹਾਂ ਤੋਂ ਬਾਅਦ ਗੁਰੂ ਤੇਗ ਬਹਾਦੁਰ ਜੀ ਹੋਏ। ਗੁਰੂ ਤੇਗ ਬਹਾਦਰ ਨੇ ਤਿਲਕ ਤੇ ਜਨੇਯੂ ਦੀ ਰਖਿਆ ਕਰਦੇ ਹੋਏ ਕਲਿਯੁਗ ਵਿਚ ਇਕ ਵੱਡਾ ਵਰਤਾਰਾ ਕਰ ਵਿਖਾਇਆ। ਉਨ੍ਹਾਂ ਨੇ ਸਾਧੂ ਪੁਰਸ਼ਾਂ ਲਈ, ਧਰਮ ਦੀ ਰੱਖਿਆ ਲਈ ਕੁਰਬਾਨੀ ਦੀ ਹੱਦ ਕਰ ਦਿੱਤੀ, ਆਪਣਾ ਸੀਸ ਧੜ ਨਾਲੋਂ ਅੱਡ ਕਰਵਾ ਲਿਆ ਪਰ ਆਪਣਾ ਧਰਮ-ਹਠ ਨਹੀਂ ਛਡਿਆ। ਗੁਰੂ ਤੇਗ ਬਹਾਦਰ ਜੀ ਆਪਣੇ ਸ਼ਰੀਰ ਰੂਪੀ ਘੜੇ ਨੂੰ ਦਿੱਲੀ ਦੇ ਬਾਦਸ਼ਾਹ ਸਿਰ ਫੋੜ ਕੇ ਆਪ ਪਰਮਾਤਮਾ ਦੀ ਪੁਰੀ ਵਿਚ ਚਲੇ ਗਏ। ਗੁਰੂ ਤੇਗ ਬਹਾਦਰ ਜੀ ਵਰਗਾ ਕੰਮ ਕਿਸੇ ਤੋਂ ਨਹੀਂ ਹੋ ਸਕਿਆ। ਉਨ੍ਹਾਂ ਦੀ ਸ਼ਹਾਦਤ ਨਾਲ ਜਗਤ ਵਿਚ ਸੋਗ ਫੈਲ ਗਿਆ ਅਤੇ ਦੇਵ ਲੋਕ ਵਿਚ ਜੈ ਜੈ ਕਾਰ ਹੋਣ ਲੱਗ ਪਈ। ਉਪਰੋਕਤ ਸਬੰਧੀ ਬਚਿੱਤਰ ਨਾਟਕ ਵਿਚਲਾ ਪ੍ਰਮਾਣ ਹੈ;

ਤਿਨ ਬੇਦੀਯਨ ਕੇ ਕੁਲ ਬਿਖੇ ਪ੍ਰਗਟੇ ਨਾਨਕ ਰਾਇ ॥
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥

ਤਿਨ ਇਹ ਕਲ ਮੋ ਧਰਮ ਚਲਾਯੋ ॥
ਸਭ ਸਾਧਨ ਕੋ ਰਾਹੁ ਬਤਾਯੋ ॥
ਜੋ ਤਾ ਕੇ ਮਾਰਗ ਮਹਿ ਆਏ ॥
ਤੇ ਕਬਹੂੰ ਨਹਿ ਪਾਪ ਸੰਤਾਏ ॥੫॥

ਜੇ ਜੇ ਪੰਥ ਤਵਨ ਕੇ ਪਰੇ ॥
ਪਾਪ ਤਾਪ ਤਿਨ ਕੇ ਪ੍ਰਭ ਹਰੇ ॥
ਦੂਖ ਭੂਖ ਕਬਹੂੰ ਨ ਸੰਤਾਏ ॥
ਜਾਲ ਕਾਲ ਕੇ ਬੀਚ ਨ ਆਏ ॥੬॥

ਨਾਨਕ ਅੰਗਦ ਕੋ ਬਪੁ ਧਰਾ ॥
ਧਰਮ ਪ੍ਰਚੁਰਿ ਇਹ ਜਗ ਮੋ ਕਰਾ ॥
ਅਮਰ ਦਾਸ ਪੁਨਿ ਨਾਮ ਕਹਾਯੋ ॥
ਜਨੁ ਦੀਪਕ ਤੇ ਦੀਪ ਜਗਾਯੋ ॥੭॥

ਜਬ ਬਰਦਾਨਿ ਸਮੈ ਵਹੁ ਆਵਾ ॥
ਰਾਮਦਾਸ ਤਬ ਗੁਰੂ ਕਹਾਵਾ ॥
ਤਿਹ ਬਰਦਾਨਿ ਪੁਰਾਤਨਿ ਦੀਆ ॥
ਅਮਰਦਾਸਿ ਸੁਰਪੁਰਿ ਮਗ ਲੀਆ ॥੮॥

ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥
ਅਮਰ ਦਾਸ ਅੰਗਦ ਪਹਿਚਾਨਾ ॥
ਅਮਰ ਦਾਸ ਰਾਮਦਾਸ ਕਹਾਯੋ ॥
ਸਾਧਨ ਲਖਾ ਮੂੜ ਨਹਿ ਪਾਯੋ ॥੯॥

ਭਿੰਨ ਭਿੰਨ ਸਭਹੂੰ ਕਰਿ ਜਾਨਾ ॥
ਏਕ ਰੂਪ ਕਿਨਹੂੰ ਪਹਿਚਾਨਾ ॥
ਜਿਨ ਜਾਨਾ ਤਿਨ ਹੀ ਸਿਧਿ ਪਾਈ ॥
ਬਿਨੁ ਸਮਝੇ ਸਿਧਿ ਹਾਥਿ ਨ ਆਈ ॥੧੦॥

ਰਾਮਦਾਸ ਹਰਿ ਸੋ ਮਿਲਿ ਗਏ ॥
ਗੁਰਤਾ ਦੇਤ ਅਰਜੁਨਹਿ ਭਏ ॥
ਜਬ ਅਰਜੁਨ ਪ੍ਰਭ ਲੋਕਿ ਸਿਧਾਏ ॥
ਹਰਿਗੋਬਿੰਦ ਤਿਹ ਠਾਂ ਠਹਰਾਏ ॥੧੧॥

ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ ॥
ਹਰੀ ਰਾਇ ਤਿਹ ਠਾਂ ਬੈਠਾਰੇ ॥
ਹਰੀ ਕ੍ਰਿਸਨਿ ਤਿਨ ਕੇ ਸੁਤ ਵਏ ॥
ਤਿਨ ਤੇ ਤੇਗ ਬਹਾਦੁਰ ਭਏ ॥੧੨॥

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥
ਸੀਸੁ ਦੀਯਾ ਪਰੁ ਸੀ ਨ ਉਚਰੀ ॥੧੩॥

ਧਰਮ ਹੇਤ ਸਾਕਾ ਜਿਨਿ ਕੀਆ ॥
ਸੀਸੁ ਦੀਆ ਪਰੁ ਸਿਰਰੁ ਨ ਦੀਆ ॥
ਨਾਟਕ ਚੇਟਕ ਕੀਏ ਕੁਕਾਜਾ ॥
ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥
ਬਚਿੱਤਰ ਨਾਟਕ. 5-4-14

ਆਪਣੀ ਪੁਸਤਕ ਜੋਤਿ ਬਿਗਾਸ ਵਿਚ ਭਾਈ ਨੰਦ ਲਾਲ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਮਿਸਾਲ ਸਖਸ਼ੀਅਤ ਨੂੰ ਬਿਆਨ ਕਰਦੇ ਹੋਏ ਅਤੇ ਸਾਰੇ ਗੁਰੂ ਸਾਹਿਬ ਨੂੰ ਇਕ ਜੋਤ ਮੰਨ ਕੇ ਕਹਿੰਦੇ ਹਨ; ਨਾਨਕ ਵੀ ਉਹੀ ਹੈ ਅੰਗਦ ਵੀ ਉਹੀ ਹੈ ਬਖਸ਼ਿਸ਼ ਤੇ ਵੱਡੀ ਵਡਿਆਈ ਦਾ ਮਾਲਕ ਅਮਰਦਾਸ ਵੀ ਉਹੀ ਹੈ। ਉਹੀ ਰਾਮਦਾਸ ਅਤੇ ਉਹੀ ਅਰਜੁਨ ਹੈ, ਸਭ ਤੋਂ ਵੱਡਾ ਅਤੇ ਚੰਗੇਰਾ ਹਰਿਗੋਬਿੰਦ ਵੀ ਉਹੀ ਹੈ। ਉਹੀ ਹਰਿਰਾਇ ਕਰਤਾ ਗੁਰੂ ਹੈ, ਜਿਸ ਨੂੰ ਹਰ ਸ਼ੈ ਦੀ ਸਿੱਧ ਪੁਠ ਪਰਗਟ ਹੋ ਜਾਂਦੀ ਹੈ। ਉਹੀ ਸਿਰ-ਕੱਢ ਹਰਿ ਕਿਸ਼ਨ ਹੈ, ਜਿਸ ਤੋਂ ਹਰ ਹਾਜਤਮੰਦ ਦੀ ਮੁਰਾਦ ਪੂਰੀ ਹੁੰਦੀ ਹੈ। ਉਹੀ ਗੁਰੂ ਤੇਗ ਬਹਾਦਰ ਹੈ, ਜਿਸ ਦੇ ਨੂਰ ਤੋਂ ਗੋਬਿੰਦ ਸਿੰਘ ਪ੍ਰਗਟ ਹੋਇਆ ਹੈ। ਉਹੀ ਗੁਰੂ ਗੋਬਿੰਦ ਸਿੰਘ ਹੈ, ਤੇ ਉਹੀ ਨਾਨਕ ਗੁਰੂ ਹੈ, ਉਸ ਦੇ ਸ਼ਬਦ ਜਵਾਹਰਾਤ ਅਤੇ ਮਾਣਕ ਮੋਤੀ ਹਨ। ਉਸ ਦਾ ਸ਼ਬਦ ਜੌਹਰ ਹੈ, ਜਿਸ ਨੂੰ ਸੱਚ ਦੀ ਪਾਨ ਦਿੱਤੀ ਗਈ ਹੈ, ਉਸ ਦਾ ਸ਼ਬਦ ਮਾਣਕ ਹੈ, ਜਿਸ ਨੂੰ ਸੱਚ ਦੀ ਚਮਕ ਬਖਸ਼ੀ ਗਈ ਹੈ।

ਹਮੂ ਨਾਨਕ ਅਸਤੋ ਹਮੂ ਅੰਗਦ ਅਸਤ
ਹਮੂ ਅਮਰਦਾਸ ਅਫ਼ਜ਼ਲੋ ਅਮਜਦ ਅਸਤ।
ਹਮੂ ਰਾਮਦਾਸੋ ਹਮੂ ਅਰਜੁਨ ਅਸਤ।
ਹਮੂ ਹਰਗੋਬਿੰਦ ਅਕਰਮੋ ਅਹਿਸਨ ਅਸਤ
ਹਮੂ ਹਸਤ ਹਰਿਰਾਇ ਕਰਤਾ ਗੁਰੂ
ਬਦ ਆਸ਼ਕਾਰਾ ਹਮਾ ਪੁਸ਼ਤੋ ਰੂ।
ਹਮੂ ਹਰਿਕਿਸ਼ਨ ਆਮਦਾ ਸਰ-ਬੁਲੰਦ
ਅਜ਼ੋ ਹਾਸਿਲ ਉਮੀਦਿ ਹਰ ਮੁਸਤਮੰਦ।
ਹਮੂ ਹਸਤ ਤੇਗਿ ਬਹਾਦਰ ਗੁਰੂ
ਕਿ ਗੋਬਿੰਦ ਸਿੰਘ ਆਮਦ ਅਜ਼ ਨੂਰਿ ਊ।
ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ
ਹਮਾ ਸ਼ਬਦਿ ਊ ਜ਼ੌਹਰੋ ਮਾਨਕ ਅਸਤ।
ਚਿ ਜ਼ੌਹਰ ਚੁਨਾਂ ਜ਼ੌਹਰਿ ਹੱਕ ਜਲਾ
ਚਿ ਮਾਨਕ ਚੁਨਾਂ ਮਾਨਕਿ ਹੱਕ ਜ਼ਿਆ।

ਉਸੇ ਵਿਚਾਰਧਾਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਵਿਸਥਾਰ ਦੇ ਰਹੇ ਹਨ ਜੋ ਉਨ੍ਹਾਂ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨ ਨੇ ਸਥਾਪਿਤ ਕੀਤੀ। ਉਹ ਪਹਿਲਾਂ ਤੋਂ ਚੱਲ ਰਹੀ ਸਿੱਖ ਪਰੰਪਰਾ ਨੂੰ ਅੱਗੇ ਵਧਾਉਣ ਲਈ ਪਹਿਲੇ ਨੌਂ ਗੁਰੂ ਸਾਹਿਬਾਨ ਦੀਆਂ ਪਾਈਆਂ ਪਿਰਤਾਂ ਨੂੰ ਵਿਸਥਾਰ ਦੇਣ ਦਾ ਉਪਰਾਲਾ ਕਰਨ ਲਈ ਆਏ ਹਨ। ਜਿਵੇਂ; ਪਹਿਲੇ ਗੁਰੂ ਸਾਹਿਬਾਨ ਵੱਲੋਂ ਸਥਾਪਤ ਪਰੰਪਰਾ ਅਨੁਸਾਰ ਨਾਮ ਜਪਨਾ, ਸਿੱਖੀ ਰਹਿਤ ਰੱਖਣੀ, ਸਮਾਜਿਕ ਜਵਾਬਦੇਹ ਹੋਣਾ, ਯੁੱਧ ਕਰਨੇ ਇਤਿਆਦਿ ਤਾਂ ਸਿੱਖ ਜੀਵਨ ਢੰਗ ਦਾ ਹਿੱਸਾ ਉਨ੍ਹਾਂ ਤੋਂ ਪਹਿਲਾਂ ਵੀ ਸੀ ਜਿਸ ਨੂੰ ਉਨ੍ਹਾਂ ਅੱਗੇ ਵਧਾਇਆ ਪਰ ਉਸ ਦੇ ਨਾਲ ਨਾਲ ਸਮੇਂ ਦੀ ਜ਼ਾਲਿਮਾਨਾ ਪ੍ਰਣਾਲੀ ਨਾਲ ਜੁਝਣ ਅਤੇ ਉਸ ਦਾ ਖਾਤਮਾ ਕਰਨ ਹਿਤ ਖਾਲਸਾ ਰੂਪ ਨੂੰ ਪਰਗਟ ਕਰਨ ਦਾ ਵਿਸਥਾਰ ਵੀ ਉਨ੍ਹਾਂ ਦੇ ਹਿੱਸੇ ਆਇਆ। ਇਸੇ ਇਤਿਹਾਸਕ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਬਚਿੱਤਰ ਨਾਟਕ ਦੀ ਕਹਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸ਼ਬਦਾਂ ਦੇ ਹਵਾਲੇ ਨਾਲ ਇਸ ਤਰਾਂ ਅੱਗੇ ਚੱਲਦੀ ਹੈ ਕਿ; “ਹੁਣ ਮੈਂ ਆਪਣੀ ਕਹਾਣੀ ਦਾ ਵਿਖਿਆਨ ਕਰਦਾ ਹਾਂ ਕਿ ਕਿਸ ਤਰਾਂ ਨਾਲ ਮੈਨੂੰ ਤਪੱਸਿਆ ਕਰਦੇ ਨੂੰ ਇਸ ਧਰਤੀ ਤੇ ਲਿਆਂਦਾ ਗਿਆ। ਮੈਂ ਉਸ ਸਥਾਨ ਤੇ ਤਪੱਸਿਆ ਕਰ ਰਿਹਾ ਸੀ ਜਿੱਥੇ ਹੇਮਕੁੰਟ ਪਰਬਤ ਹੈ ਅਤੇ ਉਸ ਸਥਾਨ ਤੇ ਸੱਤ ਪਰਬਤੀ ਚੋਟੀਆਂ ਸੁਭਾਇਮਾਨ ਹਨ। ਉਸ ਸਥਾਨ ਦਾ ਨਾਮ ਸਪਤਸ੍ਰਿੰਗ ਇਸ ਕਰਕੇ ਕਿਹਾ ਜਾਣ ਲੱਗਿਆ ਕਿਉਂਕਿ ਉਸ ਸਥਾਨ ਤੇ ਪਾਂਡੂ ਰਾਜਿਆਂ ਨੇ ਯੋਗ ਸਾਧਨਾ ਕੀਤੀ। ਉਸ ਸਥਾਨ ਤੇ ਅਸੀਂ ਬਹੁਤ ਤਪੱਸਿਆ ਕੀਤੀ ਅਤੇ ਕਾਲਿਕਾ ਦੇ ਰੂਪ ਵਿਚ ਉਸ ਪਰਮਾਤਮਾ (ਮਹਾਕਾਲ) ਜਿਸ ਵਿਚੋਂ ਸਮਾਂ ਆਪਣੀ ਹਸਤੀ ਲੈ ਕੇ ਪਰਗਟ ਹੁੰਦਾ ਹੈ, ਉਸ ਦੀ ਅਰਾਧਨਾ ਕੀਤੀ। ਇਸ ਤਰਾਂ ਮੈਂ ਤਪੱਸਿਆ ਕਰਦਾ ਰਿਹਾ ਤੇ ਅੰਤ ਵਿਚ ਮੈਂ ਤੇ ਮੇਰਾ ਇਸ਼ਟ ਦੋ ਤੋਂ ਇਕ ਰੂਪ ਹੋ ਗਏ। ਇਧਰ ਮੇਰੇ ਮਾਤਾ ਪਿਤਾ ਨੇ ਵੀ ਬਹੁਤ ਅਰਾਧਨਾ ਕੀਤੀ ਅਤੇ ਬਹੁਤ ਤਰਾਂ ਨਾਲ ਯੋਗ ਸਾਧਨਾ ਕੀਤੀ।ਉਨ੍ਹਾਂ ਨੇ ਉਸ ਪਰਮੇਸ਼ਰ ਦੀ ਜਿਵੇਂ ਸੇਵਾ ਕੀਤੀ ਜੋ ਲਖਿਆ ਨਹੀਂ ਜਾ ਸਕਦਾ। ਉਸ ਤੋਂ ਪਰਮੇਸ਼ਰ ਜੀ ਬਹੁਤ ਪ੍ਰਸੰਨ ਹੋਏ। ਫੇਰ ਪਰਮੇਸ਼ਰ ਜੀ ਨੇ ਮੈਨੂੰ ਆਗਿਆ ਦਿੱਤੀ ਤਾਂ ਮੈਂ ਕਲਿਯੁਗ ਵਿਚ ਜਨਮ ਲਿਆ। ਮੇਰਾ ਇਥੇ ਆਉਣ ਨੂੰ ਜੀ ਨਹੀਂ ਸੀ ਕਰਦਾ ਕਿਉਂਕਿ ਮੇਰਾ ਚਿਤ ਪਰਮੇਸ਼ਰ ਦੇ ਚਰਨਾਂ ਵਿਚ ਲੱਗਿਆ ਹੋਇਆ ਸੀ। ਪਰ ਜਿਵੇਂ ਕਿਵੇਂ ਮੈਨੂੰ ਪਰਮੇਸ਼ਰ ਜੀ ਨੇ ਸਮਝਾਇਆ ਤੇ ਇਸ ਤਰਾਂ ਕਹਿ ਕੇ ਇਸ ਲੋਕ ਵਿਚ ਭੇਜਿਆ।

ਅਬ ਮੈ ਅਪਨੀ ਕਥਾ ਬਖਾਨੋ ॥
ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
ਹੇਮ ਕੁੰਟ ਪਰਬਤ ਹੈ ਜਹਾਂ ॥
ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥

ਸਪਤਸ੍ਰਿੰਗ ਤਿਹ ਨਾਮੁ ਕਹਾਵਾ ॥
ਪੰਡੁ ਰਾਜ ਜਹ ਜੋਗੁ ਕਮਾਵਾ ॥
ਤਹ ਹਮ ਅਧਿਕ ਤਪਸਿਆ ਸਾਧੀ ॥
ਮਹਾਕਾਲ ਕਾਲਕਾ ਅਰਾਧੀ ॥੨॥

ਇਹ ਬਿਧਿ ਕਰਤ ਤਪਸਿਆ ਭਯੋ ॥
ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥
ਤਾਤ ਮਾਤ ਮੁਰ ਅਲਖ ਅਰਾਧਾ ॥
ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥

ਤਿਨ ਜੋ ਕਰੀ ਅਲਖ ਕੀ ਸੇਵਾ ॥
ਤਾ ਤੇ ਭਏ ਪ੍ਰਸੰਨਿ ਗੁਰਦੇਵਾ ॥
ਤਿਨ ਪ੍ਰਭ ਜਬ ਆਇਸੁ ਮੁਹਿ ਦੀਆ ॥
ਤਬ ਹਮ ਜਨਮ ਕਲੂ ਮਹਿ ਲੀਆ ॥੪॥

ਚਿਤ ਨ ਭਯੋ ਹਮਰੋ ਆਵਨ ਕਹਿ ॥
ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥
ਇਮ ਕਹਿ ਕੈ ਇਹ ਲੋਕਿ ਪਠਾਯੋ ॥੫॥

ਚਿਤ ਨ ਭਯੋ ਹਮਰੋ ਆਵਨ ਕਹਿ ॥
ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥
ਇਮ ਕਹਿ ਕੈ ਇਹ ਲੋਕਿ ਪਠਾਯੋ ॥੫॥
ਬਚਿੱਤਰ ਨਾਟਕ 6-1-5- ਸ੍ਰੀ ਦਸਮ ਗ੍ਰੰਥ ਸਾਹਿਬ

ਗੁਰੂ ਗੋਬਿੰਦ ਸਿੰਘ ਜੀ ਦਾ ਸੰਸਾਰ ਵਿਚ ਪ੍ਰਗਟ ਹੋਣ ਦਾ ਮਕਸਦ

ਗੁਰੂ ਜੀ ਦੇ ਸੰਸਾਰ ਵਿਚ ਪ੍ਰਗਟ ਹੋਣ ਦਾ ਮਕਸਦ ਉਨ੍ਹਾਂ ਦੀ ਆਪਣੀ ਜ਼ੁਬਾਨੀ ਹੀ ਪਰਗਟ ਹੋ ਰਿਹਾ ਹੈ ਪਰ ਉਸ ਤੋਂ ਪਹਿਲਾਂ ਉਹ ਮਨੁੱਖੀ ਇਤਿਹਾਸ ਵਿਚ ਬਾਰ-ਬਾਰ ਨਵੇਂ ਧਾਰਮਿਕ ਵਿਧਾਨ ਪੈਦਾ ਹੋਣ ਦੀ ਸਥਿਤੀ ਤੇ ਕਾਰਣ ਦੱਸਦੇ ਦਿਸ ਰਹੇ ਹਨ। ਸੰਸਾਰ ਵਿਚ ਬਹੁਤ ਵਾਰੀ ਧਰਮ ਸੰਕਟ ਪੈਦਾ ਹੋਏ ਹਨ ਜਿਸ ਦੇ ਵਿਰੋਧ ਵਿਚ ਨਵੇਂ ਧਾਰਮਿਕ ਵਿਧਾਨ ਨੂੰ ਸਥਾਪਤ ਕੀਤਾ ਜਾਂਦਾ ਹੈ। ਇਹ ਸੰਕਟ ਦੋ ਤਰਾਂ ਦੀ ਸਥਿਤੀ ਵਿਚ ਪੈਦਾ ਹੁੰਦੇ ਹਨ। ਇਕ ਤਾਂ ਉਸ ਸ਼ਕਤੀ ਦੀ ਅਰਾਧਨਾ ਜਿਸ ਦਾ ਜਾਂ ਤਾਂ ਵਜੂਦ ਹੀ ਨਹੀਂ ਹੁੰਦਾ ਜਾਂ ਜਿਸਦਾ ਵਜੂਦ ਅਰਾਧਨਾ ਦੇ ਯੋਗ ਨਹੀਂ ਹੁੰਦਾ। ਦੂਜਾ ਜੀਵਾਂ ਉੱਤੇ ਜ਼ੁਲਮ ਦਾ ਇਸ ਹੱਦ ਤੱਕ ਵਧ ਜਾਣਾ ਕਿ ਦੈਵੀ ਦਖਲ-ਅੰਦਾਜ਼ੀ ਤੋਂ ਬਿਨ੍ਹਾਂ ਉਸ ਦਾ ਕੋਈ ਹੱਲ ਨਿਕਲਦਾ ਨਾ ਹੋਵੇ। ਇਸ ਤਰਾਂ ਦੇ ਮਾਹੌਲ ਨੂੰ ਸਹੀ ਕਰਨ ਲਈ ਇਲਾਹੀ ਦਖਲ-ਅੰਦਾਜ਼ੀ ਨਾਲ ਇਕ ਨਵਾਂ ਧਾਰਮਿਕ ਵਿਧਾਨ ਸ਼ੁਰੂ ਹੁੰਦਾ ਹੈ ਜੋ ਉਨ੍ਹਾਂ ਨੂੰ ਇਕ ਰੱਬ ਦੀ ਉਪਾਸਨਾ ਅਤੇ ਸੰਸਾਰ ਦੇ ਜੀਵਾਂ ਦੇ ਭਲੇ ਲਈ ਪ੍ਰੇਰਨਾ ਸ੍ਰੋਤ ਦਾ ਮੁਜੱਸਮਾ ਬਣਾਉਂਦਾ ਹੈ। ਪਰਮੇਸ਼ਰ ਵੱਲੋਂ ਇਹ ਦਖਲ-ਅੰਦਾਜ਼ੀ ਕਿਸੇ ਮਨੁਖੀ ਮਾਧਿਅਮ ਰਾਹੀਂ ਹੁੰਦੀ ਹੈ। ਪਰ ਜਦੋਂ ਮਾਧਿਅਮ ਪਰਮੇਸ਼ਰ ਦਾ ਰੂਪ ਬਣ ਕੇ ਅਰਾਧਿਆ ਜਾਣ ਲੱਗਦਾ ਹੈ ਤਾਂ ਫਿਰ ਤੋਂ ਉਸੇ ਮੁੱਢਲੇ ਤੇ ਸਦੀਵੀ ਸੱਚ ਸਰੂਪ ਦੀ ਅਰਾਧਨਾ ਨੂੰ ਸਥਾਪਤ ਕਰਨ ਲਈ ਦੈਵੀ ਦਖਲ-ਅੰਦਾਜ਼ੀ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸੇ ਕਰਕੇ ਇਸ ਸੰਸਾਰ ਵਿਚ ਸਮੇਂ ਸਮੇਂ ਤੇ ਕਈ ਧਰਮ ਪੈਦਾ ਹੋਏ ਤੇ ਕੁਝ ਦੇਰ ਆਪਣੇ ਮਕਸਦ ਵਿਚ ਕਾਮਯਾਬ ਹੋਣ ਤੋਂ ਬਾਅਦ ਫਿਰ ਗਫਲਤ ਵਿਚ ਚਲੇ ਗਏ। ਇਸ ਦੇ ਫਲਸਰੂਪ ਫਿਰ ਦੈਵੀ ਦਖਲ-ਅੰਦਾਜ਼ੀ ਹੋਈ ਤੇ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹੀ। ਇਸੇ ਦਾ ਹਵਾਲਾ ਗੁਰੂ ਜੀ ਬਚਿੱਤਰ ਨਾਟਕ ਵਿਚ ਦਿੰਦੇ ਦਿਸ ਰਹੇ ਹਨ ਕਿ ਕਿਸ ਤਰਾਂ ਦੇ ਨਵੇਂ ਧਾਰਮਿਕ ਵਿਧਾਨ ਸ਼ੁਰੂ ਹੋਏ ਅਤੇ ਕਿੰਨੀ ਵਾਰ ਉਨ੍ਹਾਂ ਤੋਂ ਬਾਅਦ ਹੋਰ ਧਾਰਮਿਕ ਵਿਧਾਨ ਸ਼ੁਰੂ ਕਰਨ ਦੀ ਜ਼ਰੂਰਤ ਸਾਹਮਣੇ ਆਈ। ਇਸੇ ਮਹੌਲ ਦਾ ਜ਼ਿਕਰ ਹੇਠ ਦਿੱਤੇ ਸ੍ਰੋਤ ਵਿਚ ਦਿੱਤਾ ਜਾ ਰਿਹਾ ਹੈ ਜੋ ਗੁਰੂ ਜੀ ਆਪਣੀ ਜ਼ੁਬਾਨੀ ਦਰਜ਼ ਕਰ ਰਹੇ ਹਨ;

Illumination Colors From Guru Nanak Dev to Guru Gobind Singhਅਕਾਲ ਪੁਰਖ ਨੇ ਇਸ ਕੀਟ ਨੁਮਾ ਜੀਵ ਨੂੰ ਦੱਸਿਆ ਕਿ ਜਦੋਂ ਅਸੀਂ ਪਹਿਲਾਂ ਇਹ ਸ੍ਰਿਸ਼ਟੀ ਬਣਾਈ ਤਾਂ ਬਹੁਤ ਭਾਰੀ ਦੁਸ਼ਟ ਅਤੇ ਲੋਕਾਂ ਨੂੰ ਦੁੱਖ ਦੇਣ ਵਾਲੇ ਦੈਤਾਂ ਨੂੰ ਬਣਾਇਆ। ਪਰ ਉਹ ਆਪਣੇ ਬਾਹੂਬਲ ਦੇ ਹੰਕਾਰ ਵਿਚ ਪਾਗਲ ਹੋ ਗਏ ਤੇ ਪਰਮਾਤਮਾ ਦੀ ਪੂਜਾ ਹੋਣ ਤੋਂ ਰਹਿ ਗਈ। ਰੋਹ ਵਿਚ ਆ ਕੇ ਅਸੀਂ ਉਨ੍ਹਾਂ ਨੂੰ ਬਿਨ੍ਹਾਂ ਦੇਰੀ ਤੋਂ ਖਾ ਗਏ ਤੇ ਉਨ੍ਹਾਂ ਦੀ ਜਗ੍ਹਾ ਦੇਵਤੇ ਸਥਾਪਤ ਕੀਤੇ। ਉਹ ਵੀ ਆਪਣੀ ਸ਼ਕਤੀ ਦੀ ਪੂਜਾ ਕਰਵਾਉਣ ਵਿਚ ਹੀ ਉਲਝ ਗਏ ਤੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ। ਸ਼ਿਵ ਨੇ ਆਪਣੇ ਆਪ ਨੂੰ ਅਡਿੱਗ ਅਖਵਾਇਆ ਤੇ ਵਿਸ਼ਣੂ ਨੇ ਆਪਣੇ ਆਪ ਨੂੰ ਪਰਮੇਸ਼ਰ ਕਹਾਇਆ। ਬ੍ਰਹਮਾ ਨੇ ਆਪਣੇ ਆਪ ਨੂੰ ਪਾਰਬ੍ਰਹਮ ਕਰਕੇ ਦੱਸਿਆ। ਪਰ ਪਰਮੇਸ਼ਰ ਨੂੰ ਸਰਵਸ਼ਕਤੀਮਾਨ ਕਰਕੇ ਕਿਸੇ ਨੇ ਨਹੀਂ ਪਛਾਣਿਆ। ਫਿਰ ਪਰਮੇਸਰ ਨੇ ਅੱਠ ਗਵਾਹ ( ਚੰਦ੍ਰਮਾ, ਸੂਰਜ, ਪ੍ਰਿਥਵੀ, ਧ੍ਰੁਵ, ਅਗਨੀ, ਹਵਾ, ਪ੍ਰਤਿਊਸ਼ ਅਤੇ ਪ੍ਰਭਾਸ਼) ਬਣਾਏ ਕਿ ਉਹ ਪਰਮੇਸ਼ਰ ਦੀ ਅਰਾਧਨਾ ਦੀ ਗਵਾਹੀ ਦੇਣਗੇ। ਪਰ ਉਨ੍ਹਾਂ ਨੇ ਕਿਹਾ ਕਿ ਸਾਡੇ ਤੋਂ ਬਿਨਾ ਕੋਈ ਹੋਰ ਇਸ ਸੰਸਾਰ ਦਾ ਮਾਲਿਕ ਨਹੀਂ ਹੈ ਤੇ ਉਨ੍ਹਾਂ ਵੀ ਆਪਣੀ ਹੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਨੇ ਪਰਮ ਤੱਤ ਦੀ ਪਛਾਣ ਨਹੀਂ ਕੀਤੀ ਉਨ੍ਹਾਂ ਨੇ ਉਨ੍ਹਾਂ ਅੱਠਾਂ ਗਵਾਹਾਂ ਨੂੰ ਹੀ ਪਰਮਾਤਮਾ ਮੰਨ ਕੇ ਪੂਜਣਾ ਸ਼ੁਰੂ ਕਰ ਦਿੱਤਾ।

ਕਿੰਨੇ ਹੀ ਸੂਰਜ ਤੇ ਚੰਦਮਾ ਨੂੰ ਮੰਨਣ ਲੱਗ ਪਏ। ਅਗਨੀ ਦੀ ਪੂਜਾ ਤੇ ਹਵਾ ਨੂੰ ਪਰਮੇਸ਼ਰ ਦੀ ਜਗ੍ਹਾ ਪ੍ਰਵਾਣ ਕਰਕੇ ਮੰਨਣ ਲੱਗ ਪਏ। ਕਈਆਂ ਨੇ ਪੱਥਰ ਨੂੰ ਹੀ ਭਗਵਾਨ ਮੰਨ ਲਿਆ। ਕਈ ਵਿਧੀਆਂ ਨਾਲ ਜਲ ਇਸ਼ਨਾਨ ਕਰਦੇ ਰਹੇ। ਕਈ ਢਰ ਨਾਲ ਕਰਮ ਕਰਦੇ ਰਹੇ। ਉਨ੍ਹਾਂ ਨੇ ਧਰਮਰਾਜ ਦੇ ਧਰਮ ਨੂੰ ਹੀ ਪਛਾਣਿਆ। ਜਿਨ੍ਹਾਂ ਨੂੰ ਪ੍ਰਭੂ ਨੇ ਗਵਾਹੀ ਦੇਣ ਲਈ ਠਹਿਰਾਇਆ ਸੀ ਉਹ ਇਸ ਸੰਸਾਰ ਵਿਚ ਆ ਕੇ ਆਪ ਹੀ ਪ੍ਰਭੂ ਅਖਵਾਉਣ ਲੱਗ ਪਏ। ਉਸ ਪਰਮਾਤਮਾ ਦੀ ਤਾਂ ਗੱਲ ਭੁਲਾ ਹੀ ਦਿੱਤੀ। ਉਹ ਆਪਣੀ ਆਪਣੀ ਸ਼ੋਭਾ ਕਰਵਾਉਣ ਲੱਗ ਪਏ। ਜਦੋਂ ਉਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ ਤਾਂ ਪ੍ਰਭੂ ਨੇ ਇਨ੍ਹਾਂ ਮਨੁੱਖਾਂ ਨੂੰ ਸਥਾਪਤ ਕੀਤਾ। ਪਰ ਉਹ ਵੀ ਮੋਹ ਦੇ ਵੱਸ ਹੋ ਗਏ ਤੇ ਪਰਮੇਸ਼ਰ ਨੂੰ ਪੱਥਰ ਦੀ ਮੂਰਤੀ ਵਿਚ ਮੰਨ ਲਿਆ।

ਤਾਂ ਫਿਰ ਪਰਮੇਸ਼ਰ ਨੇ ਸਿਧ ਤੇ ਸਾਧ ਸਥਾਪਤ ਕੀਤੇ। ਉਨ੍ਹਾਂ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਇਆ। ਜੇ ਉਨ੍ਹਾਂ ਵਿਚੋਂ ਕੋਈ ਸਾਰਿਆਂ ਤੋਂ ਸਿਆਣਾ ਹੁੰਦਾ ਤਾਂ ਉਹਨ੍ਹਾਂ ਆਪਣਾ ਆਪਣਾ ਹੀ ਪੰਥ ਲਿਆ। ਪਰਮੇਸ਼ਰ ਜੀ ਨੂੰ ਕਿਸੇ ਨਹੀਂ ਪਾਇਆ। ਸਗੋਂ ਆਪਸ ਵਿਚ ਵੈਰ-ਵਿਵਾਦ ਤੇ ਹੰਕਾਰ ਹੀ ਵਧਾ ਲਿਆ, ਜਿਵੇਂ ਪੇੜ ਤੇ ਪੱਤੇ ਆਪਸ ਵਿਚ ਹੀ ਰਗੜ ਰਗੜ ਕੇ ਜਲ ਜਾਂਦੇ ਹਨ। ਪਰ ਉਨ੍ਹਾਂ ਵਿਚੋਂ ਪ੍ਰਭੂ ਦੇ ਰਾਹ ਤੇ ਕੋਈ ਨਹੀਂ ਚੱਲਦਾ। ਜਿਨ੍ਹਾਂ ਜਿਨ੍ਹਾਂ ਨੇ ਥੋੜੀ ਬਹੁਤ ਸਿੱਧੀ ਨੂੰ ਪ੍ਰਾਪਤ ਕੀਤਾ ਉਨ੍ਹਾਂ ਨੇ ਆਪਣਾ ਹੀ ਰਾਹ ਚਲਾ ਲਿਆ। ਪਰ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਪਛਾਣਿਆ। ਬਸ ਆਪਣੀ ਆਪਣੀ ਸੋਭਾ ਦੇ ਦਿਵਾਨੇ ਹੋਏ ਰਹੇ। ਪਰਮਾਤਮਾ ਦੇ ਅਸਲ ਤੱਤ ਸਰੂਪ ਨੂੰ ਤਾਂ ਕਿਸੇ ਨੇ ਨਹੀਂ ਪਛਾਣਿਆ ਸਗੋਂ ਆਪਸ ਵਿਚ ਹੀ ਸਾਰੇ ਉਲਝੇ ਰਹੇ। ਉਸ ਤੋਂ ਬਾਅਦ ਜਿਹੜੇ ਰਾਜ ਰਿਸਿ ਬਣਾਏ ਉਹ ਵੀ ਆਪਣੀ ਆਪਣੀ ਮਰਿਯਾਦਾ ਚਲਾ ਲਈ।

ਜਿਹੜੇ ਸਿਮ੍ਰਤੀਆਂ ਦੇ ਪ੍ਰੇਮ ਵਿਚ ਬੱਝ ਗਏ ਉਨ੍ਹਾਂ ਉਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਵਾਲਾ ਕਰਮ ਤਿਆਗ ਦਿੱਤਾ। ਪਰ ਜਿਨ੍ਹਾਂ ਨੇ ਹਰੀ ਦੇ ਚਰਨਾਂ ਵਿਚ ਆਪਣਾ ਮਨ ਸਥਿਰ ਕਰ ਲਿਆ ਉਹ ਸਿਮ੍ਰਤੀਆਂ ਦੇ ਰਾਹ ਨਹੀਂ ਆਇਆ। ਬ੍ਰਹਮਾ ਨੇ ਚਾਰ ਵੇਦਾਂ ਦੀ ਰਚਨਾ ਕੀਤੀ। ਸਾਰੇ ਲੋਕਾਂ ਲਈ ਕਰਮ ਕਰਨ ਦਾ ਰਾਹ ਚਲਾ ਦਿੱਤਾ। ਪਰ ਜਿਨ੍ਹਾਂ ਦੀ ਲਿਵ ਹਰੀ ਦੇ ਚਰਨਾਂ ਵਿਚ ਲੱਗੀ ਹੋਈ ਸੀ ਉਨ੍ਹਾਂਨੇ ਵੇਦਾਂ ਦਾ ਰਾਹ ਤਿਆਗ ਦਿੱਤਾ। ਜਿਨ੍ਹਾਂ ਨੇ ਵੇਦ ਅਤੇ ਕਤੇਬਾਂ ਦੀ ਮਤਿ ਤਿਆਗ ਦਿੱਤੀ ਉਹ ਪਰਮੇਸ਼ਰ ਦੇ ਪ੍ਰੇਮ ਦੇ ਰਾਹ ਉੱਤੇ ਚੱਲੇ। ਪਰਮੇਸਰ ਦੇ ਸ਼ੁਧ ਰਾਹ ਤੇ ਜੋ ਕੋਈ ਚੱਲਦਾ ਹੈ ਉਹ ਕਈ ਤਰਾਂ ਦੇ ਦੁੱਖ ਨੂੰ ਨਸ਼ਟ ਕਰ ਲੈਂਦਾ ਹੈ।

ਜਿਹੜੇ ਜਿਹੜੇ ਲੋਕ ਕੋਸ਼ਿਸ਼ ਕਰਕੇ ਆਪਣੇ ਤਨ ਤੇ ਕਸ਼ਟ ਸਹਿ ਕੇ ਵੀ ਪ੍ਰਭੂ ਦਾ ਰਾਹ ਨਹੀਂ ਛੱਡਦੇ ਉਹ ਪਰਮੇਸ਼ਰ ਦੇ ਸੱਚੇ ਘਰ ਜਾਂਦੇ ਹਨ ਤੇ ਉਨ੍ਹਾਂ ਵਿਚ ਤੇ ਹਰੀ ਵਿਚ ਕੋਈ ਅੰਤਰ ਨਹੀਂ ਹੁੰਦਾ। ਜਿਹੜੇ ਜਿਹੜੇ ਲੋਕ ਪ੍ਰਭੂ ਦੇ ਰਾਹ ਵਿਚ ਆਉਣ ਵਾਲੇ ਕਸ਼ਟਾਂ ਤੋਂ ਡਰ ਕੇ ਉਸ ਪਰਮੇਸ਼ਰ ਦਾ ਰਾਹ ਛੱਡ ਕੇ ਉਨ੍ਹਾਂ ਦੂਸਰੇ ਮਾਰਗਾਂ ਵਿਚ ਪੈ ਜਾਂਦਾ ਹੈ ਉਹ ਉਹ ਨਰਕ ਦੇ ਕੁੰਡ ਵਿਚ ਪੈਂਦਾ ਹੈ ਅਤੇ ਬਾਰ ਬਾਰ ਸੰਸਾਰ ਵਿਚ ਜਨਮ ਧਾਰਨ ਕਰਦਾ ਹੈ।

ਤਾਂ ਫਿਰ ਪਰਮੇਸ਼ਰ ਨੇ ਦੱਤਾਤ੍ਰੇਯ ਨੂੰ ਪੈਦਾ ਕੀਤਾ। ਉਸ ਨੇ ਵੀ ਆਪਣਾ ਅੱਡ ਰਾਹ ਚਲਾ ਲਿਆ। ਹੱਥਾਂ ਦੇ ਨਹੂੰ ਵਧਾ ਲਏ ਤੇ ਸਿਰ ਤੇ ਜਟਾਂ ਸਵਾਰ ਲਈਆਂ। ਪਰ ਪਰਮੇਸ਼ਰ ਦੀ ਰੀਤੀ ਦੀ ਵਿਚਾਰ ਹੀ ਨਹੀਂ ਕੀਤੀ। ਉਸ ਤੋਂ ਬਾਅਦ ਪਰਮੇਸ਼ਰ ਨੇ ਗੋਰਖ ਉਤਪੰਨ ਕੀਤਾ। ਵੱਡੇ ਵੱਡੇ ਰਾਜਿਆਂ ਨੂੰ ਉਸ ਨੇ ਆਪਣੇ ਸ਼ਰਧਾਲੂ ਬਣਾ ਲਿਆ। ਕੰਨ ਪਾੜ ਕੇ ਦੋਨਾਂ ਕੰਨਾਂ ਵਿਚ ਮੁੰਦਰਾਂ ਪਾ ਲਈਆਂ। ਪਰ ਹਰੀ ਦੀ ਪ੍ਰੀਤ ਦੀ ਵਿਧੀ ਨਹੀਂ ਵਿਚਾਰੀ। ਉਸ ਤੋਂ ਬਾਅਦ ਹਰੀ ਨੇ ਰਾਮਾਨੰਦ ਨੂੰ ਥਾਪਿਆ। ਜਿਸ ਨੇ ਬੈਰਾਗੀ ਵਾਲਾ ਭੇਸ ਕੀਤਾ। ਗਲੇ ਵਿਚ ਲੱਕੜ ਦੀ ਮਾਲਾ ਪਾ ਲਈ। ਪਰਮੇਸ਼ਰ ਦੀ ਰੀਤੀ ਕੁਛ ਨਾ ਵਿਚਾਰੀ। ਪਰਮ ਪੁਰਖ ਪਰਮੇਸ਼ਰ ਨੇ ਜਿਹੜੇ ਜਿਹੜੇ ਵੀ ਪੈਦਾ ਕੀਤਾ ਉਨ੍ਹਾਂ ਨੇ ਆਪਣੇ ਆਪਣੇ ਰਾਹ ਚਲਾ ਲਏ। ਫਿਰ ਪਰਮੇਸਰ ਨੇ ਇਕ ਮਹਾਨ ਧਰਮ (ਇਸਲਾਮ) ਪੈਦਾ ਕੀਤਾ ਤੇ ਉਸ ਦੇ ਸੰਚਾਲਕ ਨੂੰ ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ। ਉਸ ਨੇ ਵੀ ਇਕ ਧਰਮ ਚਲਾਇਆ ਤੇ ਸਾਰੇ ਰਾਜਿਆਂ ਦੀ ਸੁੰਨਤ ਕਰਾ ਦਿੱਤੀ। ਸਾਰਿਆਂ ਤੋਂ ਉਸ ਨੇ ਆਪਣਾ ਨਾਮ ਜਪਾਇਆ ਪਰ ਪਰਮੇਸ਼ਰ ਦੇ ਸੱਚੇ ਨਾਮ ਨੂੰ ਦ੍ਰਿੜ ਕਿਸੇ ਨੂੰ ਨਾ ਕਰਾਇਆ।

Illumination Colors From Guru Nanak Dev to Guru Gobind Singhਇਹ ਸਾਰੇ ਆਪਣੀ ਆਪਣੀ ਵਿਧੀ ਸਥਾਪਤ ਕਰਨ ਵਿਚ ਹੀ ਉਲਝੇ ਰਹੇ। ਪਰ ਪਰਮੇਸ਼ਰ ਨੂੰ ਪਾਰਬ੍ਰਹਮ ਕਰਕੇ ਕਿਸੇ ਨੇ ਨਹੀਂ ਪਛਾਣਿਆ। ਫਿਰ ਤਪ ਸਿਧੀ ਕਰਦੇ ਹੋਏ ਨੂੰ ਪਰਮੇਸ਼ਰ ਨੇ ਮੈਨੂੰ ਬੁਲਾਇਆਤੇ ਇਉਂ ਕਹਿ ਕੇ ਮੈਨੂੰ ਇਸ ਲੋਕ ਵਿਚ ਭੇਜਿਆ। ਫਿਰ ਪਰਮੇਸ਼ਰ ਜੀ ਨੇ ਮੈਨੂੰ ਕਿਹਾ! ਕਿ ਮੈਂ ਤੈਨੂੰ ਆਪਣਾ ਪੁੱਤਰ ਦੇ ਤੌਰ ਤੇ ਗੌਰਵ ਬਖਸ਼ਦਾ ਹਾਂ ਅਤੇ ਮੇਰੇ ਰਾਹ ਦੇ ਪਰਚਾਰ ਲਈ ਤੈਨੂੰ ਸੁਸੱਜਿਤ ਕੀਤਾ ਹੈ। ਉਥੇ ਜਾ ਕੇ ਧਰਮ ਚਲਾਉ ਅਤੇ ਦੁਰਮਤਿ ਕਰਨ ਤੋਂ ਲੋਕਾਂ ਨੂੰ ਹਟਾਉ। ਉਪਰੋਕਤ ਦਾ ਹਵਾਲਾ ਦਸਮ ਗ੍ਰੰਥ ਵਿਚ ਇਸ ਪ੍ਰਕਾਰ ਹੈ;

ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ॥
ਚੌਪਈ ॥
ਜਬ ਪਹਿਲੇ ਹਮ ਸ੍ਰਿਸਟਿ ਬਨਾਈ ॥
ਦਈਤ ਰਚੇ ਦੁਸਟ ਦੁਖ ਦਾਈ ॥
ਤੇ ਭੁਜ ਬਲ ਬਵਰੇ ਹ੍ਵੈ ਗਏ ॥
ਪੂਜਤ ਪਰਮ ਪੁਰਖ ਰਹਿ ਗਏ ॥੬॥

ਤੇ ਹਮ ਤਮਕਿ ਤਨਿਕ ਮੋ ਖਾਪੇ ॥
ਤਿਨ ਕੀ ਠਉਰ ਦੇਵਤਾ ਥਾਪੇ ॥
ਤੇ ਭੀ ਬਲਿ ਪੂਜਾ ਉਰਝਾਏ ॥
ਆਪਨ ਹੀ ਪਰਮੇਸੁਰ ਕਹਾਏ ॥੭॥
ਮਹਾਦੇਵ ਅਚੁਤ ਕਹਵਾਯੋ ॥
ਬਿਸਨ ਆਪ ਹੀ ਕੋ ਠਹਰਾਯੋ ॥
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥
ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥

ਤਬ ਸਾਖੀ ਪ੍ਰਭ ਅਸਟ ਬਨਾਏ ॥
ਸਾਖ ਨਮਿਤ ਦੇਬੇ ਠਹਿਰਾਏ ॥
ਤੇ ਕਹੈ ਕਰੋ ਹਮਾਰੀ ਪੂਜਾ ॥
ਹਮ ਬਿਨੁ ਅਵਰੁ ਨ ਠਾਕੁਰੁ ਦੂਜਾ ॥੯॥

ਪਰਮ ਤਤ ਕੋ ਜਿਨ ਨ ਪਛਾਨਾ ॥
ਤਿਨ ਕਰਿ ਈਸੁਰ ਤਿਨ ਕਹੁ ਮਾਨਾ ॥
ਕੇਤੇ ਸੂਰ ਚੰਦ ਕਹੁ ਮਾਨੈ ॥
ਅਗਨਹੋਤ੍ਰ ਕਈ ਪਵਨ ਪ੍ਰਮਾਨੈ ॥੧੦॥

ਕਿਨਹੂੰ ਪ੍ਰਭੁ ਪਾਹਿਨ ਪਹਿਚਾਨਾ ॥
ਨ੍ਹਾਤ ਕਿਤੇ ਜਲ ਕਰਤ ਬਿਧਾਨਾ ॥
ਕੇਤਿਕ ਕਰਮ ਕਰਤ ਡਰਪਾਨਾ ॥
ਧਰਮ ਰਾਜ ਕੋ ਧਰਮ ਪਛਾਨਾ ॥੧੧॥

ਜੇ ਪ੍ਰਭ ਸਾਖ ਨਮਿਤ ਠਹਰਾਏ ॥
ਤੇ ਹਿਆਂ ਆਇ ਪ੍ਰਭੂ ਕਹਵਾਏ ॥
ਤਾ ਕੀ ਬਾਤ ਬਿਸਰ ਜਾਤੀ ਭੀ ॥
ਅਪਨੀ ਅਪਨੀ ਪਰਤ ਸੋਭ ਭੀ ॥੧੨॥

ਜਬ ਪ੍ਰਭ ਕੋ ਨ ਤਿਨੈ ਪਹਿਚਾਨਾ ॥
ਤਬ ਹਰਿ ਇਨ ਮਨੁਛਨ ਠਹਰਾਨਾ ॥
ਤੇ ਭੀ ਬਸਿ ਮਮਤਾ ਹੁਇ ਗਏ ॥
ਪਰਮੇਸੁਰ ਪਾਹਨ ਠਹਰਏ ॥੧੩॥

ਤਬ ਹਰਿ ਸਿਧ ਸਾਧ ਠਹਿਰਾਏ ॥
ਤਿਨ ਭੀ ਪਰਮ ਪੁਰਖੁ ਨਹਿ ਪਾਏ ॥
ਜੇ ਕੋਈ ਹੋਤਿ ਭਯੋ ਜਗਿ ਸਿਆਨਾ ॥
ਤਿਨ ਤਿਨ ਅਪਨੋ ਪੰਥੁ ਚਲਾਨਾ ॥੧੪॥

ਪਰਮ ਪੁਰਖ ਕਿਨਹੂੰ ਨਹ ਪਾਯੋ ॥
ਬੈਰ ਬਾਦ ਹੰਕਾਰ ਬਢਾਯੋ ॥
ਪੇਡ ਪਾਤ ਆਪਨ ਤੇ ਜਲੈ ॥
ਪ੍ਰਭ ਕੈ ਪੰਥ ਨ ਕੋਊ ਚਲੈ ॥੧੫॥

ਜਿਨਿ ਜਿਨਿ ਤਨਿਕਿ ਸਿਧ ਕੋ ਪਾਯੋ ॥
ਤਿਨਿ ਤਿਨਿ ਅਪਨਾ ਰਾਹੁ ਚਲਾਯੋ ॥
ਪਰਮੇਸੁਰ ਨ ਕਿਨਹੂੰ ਪਹਿਚਾਨਾ ॥
ਮਮ ਉਚਾਰਿ ਤੇ ਭਯੋ ਦਿਵਾਨਾ ॥੧੬॥
ਪਰਮ ਤਤ ਕਿਨਹੂੰ ਨ ਪਛਾਨਾ ॥
ਆਪ ਆਪ ਭੀਤਰਿ ਉਰਝਾਨਾ ॥
ਤਬ ਜੇ ਜੇ ਰਿਖਿ ਰਾਜ ਬਨਾਏ ॥
ਤਿਨ ਆਪਨ ਪੁਨਿ ਸਿੰਮ੍ਰਿਤ ਚਲਾਏ ॥੧੭॥

ਜੇ ਸਿੰਮ੍ਰਤਨ ਕੇ ਭਏ ਅਨੁਰਾਗੀ ॥
ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ ॥
ਜਿਨ ਮਨੁ ਹਰ ਚਰਨਨ ਠਹਰਾਯੋ ॥
ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥

ਬ੍ਰਹਮਾ ਚਾਰ ਹੀ ਬੇਦ ਬਨਾਏ ॥
ਸਰਬ ਲੋਕ ਤਿਹ ਕਰਮ ਚਲਾਏ ॥
ਜਿਨ ਕੀ ਲਿਵ ਹਰਿ ਚਰਨਨ ਲਾਗੀ ॥
ਤੇ ਬੇਦਨ ਤੇ ਭਏ ਤਿਆਗੀ ॥੧੯॥

ਜਿਨ ਮਤਿ ਬੇਦ ਕਤੇਬਨ ਤਿਆਗੀ ॥
ਪਾਰਬ੍ਰਹਮ ਕੇ ਭੇ ਅਨੁਰਾਗੀ ॥
ਤਿਨ ਕੇ ਗੂੜ ਮਤਿ ਜੇ ਚਲਹੀ ॥
ਭਾਂਤਿ ਅਨੇਕ ਦੂਖ ਸੋ ਦਲਹੀ ॥੨੦॥

ਜੇ ਜੇ ਸਹਿਤ ਜਾਤਨ ਸੰਦੇਹਿ ॥
ਪ੍ਰਭ ਕੇ ਸੰਗਿ ਨ ਛੋਡਤ ਨੇਹ ॥
ਤੇ ਤੇ ਪਰਮ ਪੁਰੀ ਕਹਿ ਜਾਹੀ ॥
ਤਿਨ ਹਰਿ ਸਿਉ ਅੰਤਰੁ ਕਿਛੁ ਨਾਹੀ ॥੨੧॥

ਜੇ ਜੇ ਜੀਯ ਜਾਤਨ ਤੇ ਡਰੇ ॥
ਪਰਮ ਪੁਰਖ ਤਜਿ ਤਿਨ ਮਗਿ ਪਰੇ ॥
ਤੇ ਤੇ ਨਰਕ ਕੁੰਡ ਮੋ ਪਰਹੀ ॥
ਬਾਰ ਬਾਰ ਜਗ ਮੋ ਬਪੁ ਧਰਹੀ ॥੨੨॥

ਤਬ ਹਰਿ ਬਹੁਰਿ ਦਤ ਉਪਜਾਇਓ ॥
ਤਿਨ ਭੀ ਅਪਨਾ ਪੰਥੁ ਚਲਾਇਓ ॥
ਕਰ ਮੋ ਨਖ ਸਿਰ ਜਟਾ ਸਵਾਰੀ ॥
ਪ੍ਰਭ ਕੀ ਕ੍ਰਿਆ ਕਛੁ ਨ ਬਿਚਾਰੀ ॥੨੩॥

ਪੁਨਿ ਹਰਿ ਗੋਰਖ ਕੋ ਉਪਰਾਜਾ ॥
ਸਿਖ ਕਰੇ ਤਿਨ ਹੂ ਬਡ ਰਾਜਾ ॥
ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ ॥
ਹਰਿ ਕੀ ਪ੍ਰਤਿ ਰੀਤਿ ਨ ਬਿਚਾਰੀ ॥੨੪॥

ਪੁਨਿ ਹਰਿ ਰਾਮਾਨੰਦ ਕੋ ਕਰਾ ॥
ਭੇਸ ਬੈਰਾਗੀ ਕੋ ਜਿਨਿ ਧਰਾ ॥
ਕੰਠੀ ਕੰਠਿ ਕਾਠ ਕੀ ਡਾਰੀ ॥
ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥
ਜੇ ਪ੍ਰਭ ਪਰਮ ਪੁਰਖ ਉਪਜਾਏ ॥
ਤਿਨ ਤਿਨ ਅਪਨੇ ਰਾਹ ਚਲਾਏ ॥
ਮਹਾਦੀਨ ਤਬਿ ਪ੍ਰਭ ਉਪਰਾਜਾ ॥
ਅਰਬ ਦੇਸ ਕੋ ਕੀਨੋ ਰਾਜਾ ॥੨੬॥

ਤਿਨ ਭੀ ਏਕੁ ਪੰਥੁ ਉਪਰਾਜਾ ॥
ਲਿੰਗ ਬਿਨਾ ਕੀਨੇ ਸਭ ਰਾਜਾ ॥
ਸਭ ਤੇ ਅਪਨਾ ਨਾਮੁ ਜਪਾਯੋ ॥
ਸਤਿਨਾਮੁ ਕਾਹੂੰ ਨ ਦ੍ਰਿੜਾਯੋ ॥੨੭॥

ਸਭ ਅਪਨੀ ਅਪਨੀ ਉਰਝਾਨਾ ॥
ਪਾਰਬ੍ਰਹਮ ਕਾਹੂੰ ਨ ਪਛਾਨਾ ॥
ਤਪ ਸਾਧਤ ਹਰਿ ਮੋਹਿ ਬੁਲਾਯੋ ॥
ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥

ਸਭ ਅਪਨੀ ਅਪਨੀ ਉਰਝਾਨਾ ॥
ਪਾਰਬ੍ਰਹਮ ਕਾਹੂੰ ਨ ਪਛਾਨਾ ॥
ਤਪ ਸਾਧਤ ਹਰਿ ਮੋਹਿ ਬੁਲਾਯੋ ॥
ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥
ਅਕਾਲ ਪੁਰਖ ਬਾਚ ॥
ਚੌਪਈ ॥
ਮੈ ਅਪਨਾ ਸੁਤ ਤੋਹਿ ਨਿਵਾਜਾ ॥
ਪੰਥੁ ਪ੍ਰਚੁਰ ਕਰਬੇ ਕਹ ਸਾਜਾ ॥
ਜਾਹਿ ਤਹਾ ਤੈ ਧਰਮੁ ਚਲਾਇ ॥
ਕਬੁਧਿ ਕਰਨ ਤੇ ਲੋਕ ਹਟਾਇ ॥੨੯॥
ਬਚਿਤ੍ਰ ਨਾਟਕ ਅ. ੬ : 6- ੨੯.

ਉਪਰੋਕਤ ਸਾਰਾ ਪਰਸੰਗ ਇਹ ਸਪੱਸ਼ਟ ਕਰਨ ਲਈ ਕਾਫੀ ਹੈ ਕਿ ਬੇਸ਼ੱਕ ਗੁਰੂ ਜੀ ਨੂੰ ਜਦੋਂ ਸੰਸਾਰ ਵਿਚ ਆਉਣ ਦਾ ਹੁਕਮ ਹੋਇਆ ਉਹ ਅਕਾਲ ਪੁਰਖ ਨਾਲ ਇਕ-ਮਿਕ ਹੋਏ ਪਏ ਸਨ। ਪਰ ਉਸ ਇਕਮਿਕਤਾ ਦੀ ਸਮਰੱਥਾ ਨਾਲ ਅਕਾਲ ਪੁਰਖ ਵੱਲੋਂ ਇਕ ਵਿਸ਼ੇਸ਼ ਜਿੰਮੇਵਾਰੀ ਦਾ ਪਰਬੰਧ ਇਕ ਵਿਸ਼ੇਸ਼ ਮਕਸਦ ਦੇ ਤਹਿਤ ਕੀਤਾ ਗਿਆ। ਅਕਾਲ ਪੁਰਖ ਵੱਲੋਂ ਗੁਰੂ ਜੀ ਨੂੰ ਵਿਗੜੇ ਹੋਏ ਅਧਿਆਤਮਿਕ ਇਤਿਹਾਸ ਦੀ ਜਾਣਕਾਰੀ ਜੋ ਅਕਾਲ ਪੁਰਖ ਵੱਲੋਂ ਦਿੱਤੀ ਗਈ ਉਹ ਵੀ ਉਨ੍ਹਾਂ ਦੇ ਸੰਸਾਰ ਵਿਚ ਆਉਣ ਲਈ ਮਕਸਦ ਦੀ ਪੁਖਤਾ ਗਵਾਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਵਿਸ਼ੇਸ਼ ਪੰਥ ਨੂੰ ਜੋ ਗੁਰੂ ਨਾਨਕ ਤੋਂ ਸ਼ੁਰੂ ਹੋਇਆ ਸੀ ਉਸ ਨੂੰ ਅੰਤਿਮ ਅਤੇ ਵਿਸਤ੍ਰਿਤ ਰੂਪ ਦੇਣ ਲਈ ਬਾਕੀ ਰਹਿੰਦਾ ਕਾਰਜ ਕੀਤਾ।

Illumination Colors From Guru Nanak Dev to Guru Gobind Singhਇਸ ਤਰਾਂ ਪਰਤੀਤ ਹੁੰਦਾ ਹੈ ਕਿ ਉਹ ਇਤਿਹਾਸ ਵਿਚ ਨਹੀਂ ਬਲਕਿ ਇਤਿਹਾਸ ਉਨ੍ਹਾਂ ਵਿਚੋਂ ਦੀ ਆਪਣੇ ਆਪ ਨੂੰ ਵੱਖ ਵੱਖ ਮਨੁੱਖੀ ਰੰਗਾਂ ਨਾਲ ਸਪੱਸ਼ਟਤਾ ਅਤੇ ਵਿਸਥਾਰ ਪਰਦਾਨ ਕਰ ਰਿਹਾ ਹੈ। ਉਸ ਇਕਮਿਕ ਹੋਈ ਪ੍ਰੇਮੀ ਰੂਹ ਨੂੰ ਇਕ ਅਧਿਆਤਮਿਕ ਅਵੱਸਥਾ ਵਿਚ ਇਕ ਵਿਸ਼ੇਸ਼ ਹੁਕਮ ਦੇ ਤਹਿਤ ਸੁਤ (ਪੁੱਤਰ) ਕਹਿ ਕੇ ਸੰਬੋਧਤ ਕੀਤਾ ਜਾਣਾ ਘੱਟੋ ਘੱਟ ਇਸ ਤੱਥ ਦੀ ਗਵਾਹੀ ਤਾਂ ਹੈ ਕਿ ਪਰਮਾਤਮਾ ਆਪਣੇ ਪੰਥ ਨੂੰ ਵਿਸਥਾਰ ਦੇਣ ਲਈ ਗੁਰੂ ਜੀ ਜੋ ਉਨ੍ਹਾਂ ਵਿਚ ਇਕਮਿਕ ਹੋਏ ਪਏ ਹਨ ਉਨ੍ਹਾਂ ਨੂੰ ਵਿਸ਼ੇਸ਼ ਰੂਪ ਅਤੇ ਵਿਸ਼ੇਸ਼ ਮਕਸਦ ਲਈ ਕਿੰਨੀ ਸ਼ਕਤੀ ਦੇ ਕੇ ਭੇਜ ਰਹੇ ਹਨ। ਪਰ ਗੁਰੂ ਜੀ ਨੇ ਉਪਰੋਕਤ ਸਥਿਤੀ ਦਾ ਹਵਾਲਾ ਦੇ ਕੇ ਕਦੇ ਵੀ ਵਿਸ਼ੇਸ਼ ਲਾਭ ਉਠਾ ਕੇ ਆਪਣੀ ਪੂਜਾ ਕਰਵਾਉਣ ਦਾ ਰਾਹ ਨਹੀਂ ਖੋਲ੍ਹਿਆ ਬਲਕਿ ਉਨ੍ਹਾਂ ਨੇ ਆਪ ਹੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਜਿੰਨੇ ਵੀ ਅਵਤਾਰ ਜਾਂ ਧਰਮ ਸੰਸਥਾਪਕ ਹੋਏ ਉਨ੍ਹਾਂ ਨੇ ਸਮਾਂ ਪਾ ਕੇ ਅਕਾਲ ਪੁਰਖ ਦੀ ਨਹੀਂ ਬਲਕਿ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਇਸ ਕਰਕੇ ਅਕਾਲ ਪੁਰਖ ਨੂੰ ਮੁੜ ਮੁੜ ਕੇ ਸੰਸਾਰ ਵਿਚ ਧਰਮ ਦੀ ਸਥਾਪਨਾ ਵਾਸਤੇ ਆਪਣੇ ਨੁਮਾਇੰਦੇ ਭੇਜਣੇ ਪਏ। ਪਰ ਸਭ ਨੇ ਉਹੀ ਗਲਤੀ ਬਾਰ ਬਾਰ ਦੁਹਰਾਈ ਅਤੇ ਅਕਾਲ ਪੁਰਖ ਦੀ ਅਰਾਧਨਾ ਪਿੱਛੇ ਰਹਿ ਗਈ ਤੇ ਉਨ੍ਹਾਂ ਨੁਮਾਇੰਦਿਆਂ ਦੀ ਪੂਜਾ ਹੀ ਮੁਖੀ ਹੋ ਗਈ। ਇਸੇ ਕਰਕੇ ਪਰਮਾਤਮਾ ਨੇ ਇਕ ਐਸਾ ਪੰਥ ਚਲਾਇਆ ਜੋ ਕਿਸੇ ਰੂਪ ਵਿਸ਼ੇਸ਼ ਵਿਚ ਪਰਮਾਤਮਾ ਨੂੰ ਪੂਜਣ ਦੀ ਬਜਾਇ ਜੋਤ ਰੂਪ ਮੰਨ ਕੇ ਉਸ ਦੇ ਨਾਮ ਦੇ ਸਿਮਰਨ ਨਾਲ ਚੱਲੇ। ਜੋ ਸ਼ਬਦ ਰੂਪ ਹੋ ਕੇ ਵਿਚਰੇ। ਇਸ ਕਰਕੇ ਗੁਰੂ ਨਾਨਕ ਨੂੰ ਅਤੇ ਉਨ੍ਹਾਂ ਦੇ ਬਾਕੀ ਅੱਠ ਰੂਪਾਂ ਨੂੰ ਉਨ੍ਹਾਂ ਤੋਂ ਪਹਿਲਾਂ ਭੇਜਿਆ ਗਿਆ।

ਧਰਮ ਦੇ ਸਾਰੇ ਪੱਖਾਂ ਨਾਲ ਸਬੰਧਤ ਸਥਿਤੀ ਇੰਨੀ ਵਿਗੜੀ ਹੋਈ ਸੀ ਕਿ ਉਸ ਨੂੰ ਸੁਧਾਰਨ ਲਈ ਲੰਬਾ ਸਮਾਂ ਲੱਗਿਆ ਇਸ ਕਰਕੇ ਸਮੇਂ ਦੇ ਚੱਕਰ ਵਿਚ ਗੁਰੂ ਜੋਤ ਨੂੰ ਦਸਾਂ ਰੂਪਾਂ ਵਿਚ ਸਿੱਖ ਧਰਮ ਦੇ ਵਿਸਥਾਰ ਲਈ ਭੇਜਿਆ ਗਿਆ। ਜਿਸਦੀ ਆਖਰੀ ਮਨੁੱਖੀ ਕੜੀ ਗੁਰੂ ਗੋਬਿੰਦ ਸਿੰਘ ਜੀ ਹੋਏ। ਪਰ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਨੇ ਕਿਸੇ ਵੀ ਜਗ੍ਹਾ ਕਦੇ ਵੀ ਇਹ ਨਹੀਂ ਕਿਹਾ ਕਿ ਉਹ ਆਪ ਅਕਾਲ ਪੁਰਖ ਹਨ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਵੇ। ਬਲਕਿ ਜਦੋਂ ਵੀ, ਜਿੱਥੇ ਵੀ ਇਸ ਤਰਾਂ ਦੀ ਸਥਿਤੀ ਬਣੀ ਉੱਥੇ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਉਹ ਅਕਾਲ ਪੁਰਖ ਦੇ ਦਾਸ ਹਨ। ਉਸ ਦੇ ਸੇਵਕ ਹਨ। ਉਸ ਦੇ ਪ੍ਰੇਮ ਵਿਚ ਰੰਗੇ ਹੋਏ ਉਸ ਦੇ ਮੁਰੀਦ ਹਨ। ਉਹ ਪਰਮਾਤਮਾ ਅਪਰੰਪਾਰ ਹੈ ਜੋ ਕਦੇ ਜਨਮ ਮਰਨ ਦੇ ਚੱਕਰ ਵਿਚ ਨਹੀਂ ਪੈਂਦਾ। ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਆ ਮੂਲ ਮੰਤਰ ਦਾ ਸ਼ਬਦ ਅਜੂਨੀ ਆਪਣੇ ਆਪ ਵਿਚ ਗੁਰੂ ਜੀ ਦਾ ਆਸ਼ਾ ਸਪੱਸ਼ਟ ਕਰਨ ਵਿਚ ਕਾਫੀ ਹੈ।

Illumination Colors From Guru Nanak Dev to Guru Gobind Singhਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਵੱਖਰਾ ਪੰਥ ਨਹੀਂ ਚਲਾਇਆ ਬਲਕਿ ਗੁਰੂ ਨਾਨਕ ਦੇ ਚਲਾਏ ਹੋਏ ਰਾਹ ਨੂੰ ਵਿਸਥਾਰ ਦੇ ਕੇ ਅੱਗੇ ਵਧਾਇਆ। ਗੁਰੂ ਨਾਨਕ ਅਤੇ ਬਾਕੀ ਗੁਰੂ ਸਾਹਿਬਾਨ ਵੱਲੋਂ ਸਥਾਪਤ ਸਿਧਾਂਤ ਅਤੇ ਸਿੱਖ ਜੀਵਨ ਜਾਚ ਨੂੰ ਉਨ੍ਹਾਂ ਨੇ ਬਿਨ੍ਹਾਂ ਕਿਸੇ ਬਦਲਾਅ ਦੇ ਅੱਗੇ ਵਧਾਇਆ। ਸਿਧਾਂਤਕ ਤੌਰ ਤੇ ਇਕ ਅਕਾਲ ਦੀ ਅਰਾਧਨਾ, ਸ਼ਬਦ ਰੂਪ ਵਿਚ ਉਸ ਦਾ ਸਿਮਰਨ, ਸੰਗਤ ਰੂਪ ਵਿਚ ਉਸ ਦੀ ਉਸਤਤਿ ਅਤੇ ਸਰਬੱਤ੍ਰ ਵਿਚ ਉਸ ਦੇ ਦਰਸ਼ਨ ਦੇ ਫਲਸਫੇ ਨੂੰ ਗੁਰੂ ਜੀ ਨੇ ਹੋਰ ਵਿਸਥਾਰ ਦਿੰਦੇ ਹੋਏ ਅੱਗੇ ਚਲਾਇਆ। ਉਹ ਵਿਸਥਾਰ ਸੀ;

ਮਨੁੱਖੀ ਦੇਹ ਰੂਪਾਂ ਵਿਚ ਵਿਚਰ ਰਹੀ ਗੁਰੂ ਹਸਤੀਆਂ ਦੀ ਲੜੀ ਨੂੰ ਸੰਪੰਨ ਕਰਨਾ।
ਗੁਰੂ ਸ਼ਬਦ ਦੇ ਸੰਪੂਰਨ ਰੂਪ ਨੂੰ ਦੇਹ ਗੁਰੂ ਦੇ ਸਥਾਨ ਤੇ ਸਥਾਪਤ ਕਰਨਾ।
ਧਰਮ ਦੇ ਅਸਲੀ ਮਕਸਦ ਨੂੰ ਉਜਾਗਰ ਕਰਦੇ ਹੋਏ ਅਤੇ ਪਹਿਲਾਂ ਤੋਂ ਗੁਰੂ ਵਿਧਾਨ ਵਿਚ ਪ੍ਰਚੱਲਿਤ ਇਕ ਪਰਮਾਤਮਾ ਦੀ ਭਗਤੀ, ਸ਼ਬਦ ਰੂਪ ਵਿਚ ਉਸ ਦੀ ਅਰਾਧਨਾ ਨੂੰ ਅਮਲੀ ਰੂਪ ਵਿਚ ਹੋਰ ਪਰਪੱਕ ਕਰਦੇ ਹੋਏ ਸਿੱਖਾਂ ਦੇ ਨਿਤਨੇਮ ਨੂੰ ਨਿਰਧਾਰਤ ਕਰਨਾ ਆਦਿ।

ਇਸ ਦਾ ਪਰਮਾਣ ਭਾਈ ਨੰਦ ਲਾਲ ਜੀ ਵੀ ਦਿੰਦੇ ਨਜ਼ਰ ਆ ਰਹੇ ਹਨ। ਰਹਿਤਨਾਮਾ ਕਾਵਿ ਰੂਪ ਵਿਚ ਲਿਖੀ ਭਾਈ ਨੰਦ ਲਾਲ ਦੀ ਇਹ ਮਹੱਤਵ ਪੂਰਨ ਰਚਨਾ ਹੈ। ਇਸ ਵਿਚ ਸਿੱਖਾਂ ਲਈ ਨਿਤਨੇਮ ਅਤੇ ਨਿਤਾਪ੍ਰਤੀ ਜੀਵਨ ਜੀਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਸਿਧਾਂਤਕ ਸਥਾਪਨਾ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਬਾਕੀ ਅੱਠ ਗੁਰੂ ਸਾਹਿਬ ਦੁਆਰਾ ਹੁੰਦੀ ਹੋਈ ਦਸਵੇਂ ਗੁਰੂ ਜੀ ਰਾਹੀਂ ਸਿੱਖ ਸਿਧਾਂਤਕਾਰੀ ਦਾ ਵਿਸਥਾਰ ਰੂਪ ਬਣਦੀ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਵਿਸਥਾਰ ਨਾਲ ਮਿਲਦੇ ਹਨ ਜੋ ਰਹਿਤ ਮਰਿਆਦਾ ਲਈ ਇਕ ਬਹੁਤ ਹੀ ਵੱਡਮੁੱਲਾ ਖਜ਼ਾਨਾ ਹੈ। ਇਸ ਰਚਨਾ ਦੀ ਖਾਸੀਅਤ ਇਹ ਹੈ ਕਿ ਬੇਸ਼ੱਕ ਇਹ ਭਾਈ ਨੰਦ ਲਾਲ ਜੀ ਦੀ ਰਚਨਾ ਹੈ ਪਰ ਇਹ ਅਸਲ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੰਘਾਂ ਨੂੰ ਸੰਬੋਧਨ ਕੀਤਾ ਹੋਏ ਸ਼ਬਦਾਂ ਦਾ ਹੀ ਭਾਈ ਨੰਦ ਲਾਲ ਦੀ ਕਲਮ ਰਾਹੀਂ ਪ੍ਰਗਟਾਵਾ ਹੈ। ਜਿਵੇਂ ਗੁਰੂ ਜੀ ਨੇ ਦੱਸਿਆ;

ਗੁਰ ਸਿਖ ਰਹਿਤ ਸੁਣੋ ਮੇਰੇ ਮੀਤ
ਉਠਿ ਪ੍ਰਭਾਤਿ ਕਰੇ ਹਿਤ ਚੀਤ।
ਵਾਹਿਗੁਰ ਪੁਨ ਮੰਤਰਹ ਜਾਪ
ਕਰਿ ਇਸ਼ਨਾਨ ਪੜ੍ਹੇ ਜਪੁ ਜਾਪ।
ਦਰਸਨ ਕਰੇ ਮੇਰਾ ਪੁਨ ਆਏ
ਅਦਬ ਸਿਉਂ ਬੈਠ ਗੁਰ ਹਿਤ ਚਿਤ ਲਾਏ।
ਤੀਨ ਪਹਿਰ ਜਬ ਬੀਤੇ ਜਾਣ
ਕਥਾ ਸੁਣੇ ਗੁਰ ਹਿਤ ਚਿਤ ਲਾਣ।
ਸੰਧਿਆ ਸਮੇ ਸੁਣੇ ਰਹਿਰਾਸ
ਕੀਰਤਨ ਕਥਾ ਸੁਣੇ ਹਰਿ ਜਾਸ।
ਇਨ ਮੇਂ ਨੇਮ ਜੋ ਏਕ ਕਰਾਏ
ਸੋ ਸਿਖ ਅਮਰ ਪੁਰੀ ਮੇਂ ਜਾਏ।
ਪਾਂਚ ਨੇਮ ਪੁਰ ਸਿੱਖ ਜੋ ਧਾਰੈ
ਇਕੀਸ ਕੁਲ ਕੁਟੰਬ ਕੋ ਤਾਰੈ।
ਤਾਰੇ ਕੁਟੰਬ ਮੁਕਤ ਸੋ ਹੋਏ
ਜਨਮ ਮਰਨ ਨ ਪਾਵੇ ਸੋਏ।

ਗੁਰੂ ਜੀ ਅਧਿਆਤਮਿਕ ਸ਼ਕਤੀ ਹੋਣ ਦੇ ਨਾਲ ਨਾਲ ਇਕ ਰਾਜਨੀਤਿਕ ਆਗੂ ਹਨ ਜਿਨ੍ਹਾਂ ਨੇ ਉਸ ਵੇਲੇ ਦੀ ਹਕੁਮਤ ਦੇ ਪ੍ਰਬੰਧ ਕਰਤਿਆਂ ਨੂੰ ਵੰਗਾਰਿਆ। ਜਿਸ ਲਈ ਫੌਜ ਰੱਖਣੀ, ਰਾਜਸੀ ਲਿਬਾਸ ਰੱਖਣੇ, ਰਾਜਸੀ ਹੁਕਮਾਂ ਦੀ ਨਾਫ਼ੁਰਮਾਨੀ ਕਰਨੀ, ਪ੍ਰਜਾ ਨੂੰ ਐਸੇ ਹੁਕਮ ਦੇਣੇ ਜੋ ਰਾਜਾਸ਼ਾਹੀ ਨੂੰ ਵੰਗਾਰਦੇ ਹੋਣ। ਇਥੋਂ ਤੱਕ ਕਿ ਜ਼ਫ਼ਰਨਾਮੇ ਵਰਗੀ ਚਿੱਠੀ ਲਿਖਣੀ ਜਿਸ ਦਾ ਸਿੱਧਾ ਮਤਲਬ ਹੀ ਜਿੱਤ ਦੀ ਚਿਠੀ ਹੈ ਜੋ ਉਸ ਵੇਲੇ ਦੇ ਸਭ ਤੋਂ ਵੱਧ ਜ਼ਾਲਿਮ ਹਾਕਮ ਨੂੰ ਉਸ ਦੀਆਂ ਗਲਤੀਆਂ, ਕਮੀਆਂ ਅਤੇ ਜ਼ੁਲਮਾਂ ਦਾ ਝਲਕਾਰਾ ਦਿਖਾ ਸਕੇ। ਗੁਰੂ ਜੀ ਉਸ ਪਰਮਾਤਮਾ ਦੇ ਅਨਿੰਨ ਭਗਤ ਹਨ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਹੈ ਪਰ ਨਾਲ ਦੀ ਨਾਲ ਸੰਸਾਰ ਵਿਚ ਹੋ ਰਹੇ ਜ਼ੁਲਮ ਅਤੇ ਬੇਤਰਤੀਬ ਹੋਈ ਸਰਵਪੱਖੀ ਜੀਵਨ ਵਿਵਸਥਾ ਨੂੰ ਦਰੁੱਸਤ ਕਰਨ ਲਈ ਵੀ ਆਏ ਹਨ। ਇਸ ਇਲਾਹੀ ਜਿੰਮੇਵਾਰੀ ਨੂੰ ਸੰਸਾਰ ਵਿਚ ਨਿਭਾਉਣ ਲਈ ਜ਼ਬਰਦਸਤ ਪ੍ਰਤੀਕਰਮ ਵੀ ਕਰਦੇ ਹਨ। ਉਸ ਮਕਸਦ ਲਈ ਯੁੱਧ ਕਰਨਾ ਵੀ ਧਰਮ ਦਾ ਹਿੱਸਾ ਮੰਨ ਕੇ ਉਸ ਨੂੰ ਅਮਲੀ ਰੂਪ ਦਿੰਦੇ ਹੋਏ ਸਾਰੀ ਜ਼ਿੰਦਗੀ ਕੇਵਲ ਧਰਮ ਯੁੱਧ ਕੀਤੇ। ਉਨ੍ਹਾਂ ਦਾ ਕੋਈ ਯੁੱਧ ਵੀ ਕਿਸੇ ਰਾਜ ਨੂੰ ਖੋਹਣ ਵਾਸਤੇ ਜਾਂ ਸੰਸਾਰੀ ਸੰਪਦਾ ਇਕੱਤਰ ਕਰਨ ਵਾਸਤੇ ਨਹੀਂ ਸੀ। ਉਨ੍ਹਾਂ ਦੇ ਸਾਰੇ ਦੇ ਸਾਰੇ ਯੁੱਧ ਧਰਮ ਲਈ ਹੀ ਰਹੇ। ਇਸ ਲਈ ਉਹ ਨਿਸ਼ਚਿਤ ਤੌਰ ਤੇ ਧਾਰਮਿਕ ਪੈਗੰਬਰ, ਪਰਮਾਤਮਾ ਦੀ ਹਸਤੀ ਵਿਚ ਇਕਮਿਕ ਹੋਏ ਪਰਮਾਤਮਾ ਦੇ ਬੇਹੱਦ ਅਜ਼ੀਜ਼ ਕਿ ਉਨ੍ਹਾਂ ਨੂੰ ਪਰਮਾਤਮਾ ਪੁੱਤਰ ਵੀ ਕਿਹਾ ਜਾ ਸਕੇ ਅਤੇ ਇਕ ਅਧਿਆਤਮਿਕ ਸਰਪ੍ਰਸਤ ਅਤੇ ਸਮਾਜ ਦੇ ਸਹੀ ਰਹਿਨੁਮਾ ਹਨ। ਜਿਨ੍ਹਾਂ ਦਾ ਇਤਿਹਾਸ ਵਿਚ ਕੋਈ ਹੋਰ ਸਾਨੀ ਨਹੀਂ ਹੈ।

Illumination Colors From Guru Nanak Dev to Guru Gobind Singhਉਨ੍ਹਾਂ ਦੀ ਹਸਤੀ ਨਾਲ ਇਕ ਪੱਖ ਹੋਰ ਵੀ ਉਜਾਗਰ ਹੁੰਦਾ ਹੈ ਕਿ ਉਹ ਇਕ ਵਿਸ਼ੇਸ਼ ਸਥਿਤੀ ਵਿਚ ਇਕ ਪ੍ਰਬੁੱਧ ਮਨੋਵਿਗਿਆਨੀ ਦੀ ਭੂਮਿਕਾ ਵੀ ਨਿਭਾਅ ਰਹੇ ਹਨ ਜੋ ਜਾਣਦੇ ਹਨ ਕਿ ਕਿਨ੍ਹਾਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਹਾਲਤਾਂ ਵਿਚ ਫਸੀ ਹੋਈ ਹਿੰਦੋਸਤਾਨੀ ਜਨਤਾ ਨੂੰ ਕਿਸ ਤਰਾਂ ਮਾਨਸਿਕ ਤੌਰ ਤੇ ਮੁੜ੍ਹ ਆਤਮਕ ਸਨਮਾਨ ਨਾਲ ਜੀਣਾ ਸਿਖਾਇਆ ਜਾਵੇ। ਇਸ ਮਕਸਦ ਲਈ ਉਹ ਪੂਰੀ ਦੀ ਪੂਰੀ ਹਿੰਦੋਸਤਾਨੀ ਧਾਰਮਿਕ ਪਰੰਪਰਾ ਵਿਚੋਂ ਉਹ ਕਹਾਣੀਆਂ ਅਥਵਾ ਇਤਿਹਾਸਕ ਬਿਰਤਾਂਤ ਕੱਢ ਕੇ ਪੇਸ਼ ਕਰਦੇ ਨਜ਼ਰ ਆਉਂਦੇ ਹਨ। ਉਹ ਜਨ ਸਾਧਾਰਣ ਦੇ ਸਾਹਮਣੇ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਤੇ ਉਨ੍ਹਾਂ ਦੇ ਆਪਣੇ ਪਰੰਪਰਾਗਤ ਨਾਇਕਾਵਾਂ ਦੀਆਂ ਗਾਥਾਵਾਂ ਦੇ ਮਾਧਿਅਮ ਰਾਹੀਂ ਇਸ ਮਕਸਦ ਲਈ ਪੇਸ਼ ਕਰਦੇ ਹਨ ਕਿ ਉਨ੍ਹਾਂ ਵਿਚ ਦੇਸ਼ ਭਗਤੀ ਅਤੇ ਯੁੱਧ ਦਾ ਜਜ਼ਬਾ ਪੈਦਾ ਹੋ ਸਕੇ। ਅਠਾਰਾਂ ਸਾਲ ਦੀ ਉਮਰ ਵਿਚ ਗੁਰੂ ਜੀ ਚੰਡੀ ਦੀ ਵਾਰ ਪੰਜਾਬੀ ਵਿਚ ਲਿਖ ਰਹੇ ਹਨ ਜੋ ਮੁਢਲੇ ਤੌਰ ਤੇ ਮਾਰਕੰਡੇ ਰਿਸ਼ੀ ਦੁਆਰਾ ਲਿਖੀ ਗਈ ਮਾਰਕੰਡੇ ਪੁਰਾਣ ਦਾ ਪੰਜਾਬੀ ਰੂਪ ਹੈ। ਇਹ ਪੰਜਾਬੀ ਭਾਸ਼ਾ ਜਾਨਣ ਵਾਲੇ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੈ ਜੋ ਪੌਰਾਣਿਕ ਕਥਾ ਦੇ ਸੰਸਕ੍ਰਿਤ ਰੂਪ ਨੂੰ ਸਮਝਣ ਤੋਂ ਅਸਮਰੱਥ ਹਨ। ਇਸੇ ਤਰਾਂ ਭਗਵਾਨ ਕ੍ਰਿਸ਼ਨ ਦੇ ਨਾਲ ਸੰਬੰਧਤ ਕਥਾ ਕ੍ਰਿਸ਼ਨ ਅਵਤਾਰ ਦੇ ਮਾਧਿਅਮ ਰਾਹੀਂ ਬ੍ਰਜ ਭਾਸ਼ਾ ਵਿਚ ਰੂਪਮਾਨ ਕੀਤੀ ਗਈ। ਇਸ ਦਾ ਮਕਸਦ ਇਹੀ ਨਜ਼ਰ ਆ ਰਿਹਾ ਹੈ ਕਿ ਉਹ ਜਨ ਸਾਧਾਰਣ ਦੇ ਮਨਾਂ ਵਿਚ ਆਪਣੇ ਧਾਰਮਿਕ ਅਤੇ ਰਾਜਨੀਤਿਕ ਨਾਇਕਾਵਾਂ ਦੇ ਇਤਿਹਾਸਕ ਪਰਸੰਗਾਂ/ਕਹਾਣੀਆਂ ਦੇ ਰਾਹੀਂ ਉਨ੍ਹਾਂ ਵਿਚ ਸਮੇਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਪੈਦਾ ਕਰ ਕੇ ਉਨ੍ਹਾਂ ਵਿਚ ਮਾਨਸਿਕ ਤੌਰ ਤੇ ਤਿਆਰ ਹੋ ਕੇ ਸਮੇਂ ਦੀ ਹਕੂਮਤ ਵਿਰੁੱਧ ਝੂਜਣ ਦਾ ਜਜ਼ਬਾ ਪੈਦਾ ਕਰ ਰਹੇ ਹਨ। ਜਿਵੇਂ ਉਹ ਆਪ ਹੀ ਲਿਖਦੇ ਹਨ ਕਿ;

ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ
ਅਵਰ ਬਾਸਨਾ ਨਾਹਿ ਪ੍ਰਭੁ ਧਰਮ ਯੁਧ ਕੇ ਚਾਇ॥

ਇਕ ਵੱਡਾ ਸੁਆਲ ਜੋ ਅਕਸਰ ਸਾਡੀ ਉਲਝਣ ਦਾ ਕਾਰਣ ਬਣਦਾ ਹੈ ਤੇ ਉਹ ਹੈ ਕੀ ਉਹ ਆਪ ਪਰਮੇਸ਼ਰ ਹਨ ਜੋ ਕਲਾ ਧਾਰ ਕੇ ਕਾਲ ਵਿਚ ਪ੍ਰਗਟ ਹੋਏ ਹਨ? ਇਸ ਦਾ ਜੁਆਬ ਤਾਂ ‘ਨਹੀਂ’ ਹੋਣਾ ਚਾਹੀਦਾ ਹੈ ਕਿਉਂਕਿ ਉਹ ਆਪ ਹੀ ਇਸ ਹਵਾਲੇ ਦੀ ਸਪੱਸ਼ਟਤਾ ਵੀ ਲਿਖਤੀ ਰੂਪ ਵਿਚ ਹੀ ਪਰਗਟ ਕਰਦੇ ਹਨ;

ਜੋ ਹਮ ਕੋ ਪਰਮੇਸੁਰ ਉਚਰਿ ਹੈ ॥
ਤੇ ਸਭ ਨਰਕਿ ਕੁੰਡ ਮਹਿ ਪਰਿ ਹੈ ॥
ਮੋ ਕੋ ਦਾਸੁ ਤਵਨ ਕਾ ਜਾਨੋ ॥
ਯਾ ਮੈ ਭੇਦੁ ਨ ਰੰਚ ਪਛਾਨੋ ॥੩੨॥
ਬਚਿਤ੍ਰ ਨਾਟਕ ਅ. ੬ – ੩੨.

ਮੈ ਹੋ ਪਰਮ ਪੁਰਖ ਕੋ ਦਾਸਾ ॥
ਦੇਖਨਿ ਆਯੋ ਜਗਤ ਤਮਾਸਾ ॥
ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋ ॥
ਮ੍ਰਿਤ ਲੋਗ ਤੇ ਮੋਨਿ ਨ ਰਹਿ ਹੋ ॥੩੩॥
ਬਚਿਤ੍ਰ ਨਾਟਕ ਅ. ੬ – ੩੩.

ਬੇਸ਼ੱਕ ਉਸ ਵੇਲੇ ਦੇ ਮਹਾਨ ਸੂਫੀ ਫਕੀਰ ਭੀਖਣ ਦੇ ਹਵਾਲੇ ਨਾਲ ਬਾਈ ਸੰਤੋਖ ਸਿੰਘ ਨੇ ਰਾਸ ਬਾਰਾਂ, ਭਾਗ ਬਾਰਾਂ ਰਾਹੀਂ ਗੁਰ ਪਰਤਾਪ ਸੂਰਜ ਗ੍ਰੰਥ ਵਿਚ ਆਪਣੀ ਸ਼ਰਧਾ ਨੂੰ ਵਿਸ਼ਾਲ ਰੂਪ ਦਿੰਦੇ ਹੋਏ ਗੁਰੂ ਜੀ ਨੂੰ ਸੰਸਾਰ ਦੇ ਮਾਲਿਕ ਕਹਿ ਕੇ ਸੰਬੋਧਿਤ ਕੀਤਾ ਹੈ। ਪਰ ਇਹ ਕਹਾਣੀ ਭਾਈ ਸੰਤੋਖ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਨਿੰਨ ਸ਼ਰਧਾ ਅਤੇ ਆਪਣੇ ਨਿਜੀ ਵਿਖਿਆਨ ਦਾ ਪ੍ਰਗਟਾਵਾ ਹੋ ਸਕਦਾ ਹੈ ਜਿਵੇਂ ਉਨ੍ਹਾਂ ਲਿਖਿਆ; ਕੁੜਹਾਮ ਦਾ ਇਕ ਫਕੀਰ ਹੋਇਆ ਕਰਦਾ ਸੀ ਜਿਸ ਦਾ ਨਾਮ ਭੀਖਣ ਸ਼ਾਹ ਸੀ। ਉਹ ਆਪਣੇ ਮੁਰਸ਼ਦ ਕੋਲ ਠਸਕੇ ਗ੍ਰਾਮ ਵਿਚ ਰਿਹਾ ਕਰਦਾ ਸੀ। ਜਿਸ ਦਿਨ ਗੁਰੂ ਜੀ ਦਾ ਜਨਮ ਹੋਇਆ ਤਾਂ ਭੀਖਣ ਸ਼ਾਹ ਨੇ ਆਪਣੇ ਮਨ ਅੰਦਰ ਦੇਖਿਆ ਕਿ ਕੁਰਾਹੇ ਪਏ ਲੋਕਾਂ ਨੂੰ ਸਹੀ ਸਿਖਿਆ ਦੇਣ ਲਈ ਪਰਮਾਤਮਾ ਪ੍ਰਗਟ ਹੋਇਆ ਹੈ। ਤੁਰਕ ਕੁਮੱਤ ਵਾਲੇ ਕ੍ਰੋਧੀ, ਨਿੰਦਿਤ ਕਰਮ ਕਰਨ ਵਾਲੇ ਅਤੇ ਅਤੇ ਭਿਆਨਕ ਕਰਮ ਕਰਨ ਵਾਲੇ ਹੋ ਗਏ ਹਨ। ਉਨ੍ਹਾਂ ਦੀ ਸ਼ਕਤੀ ਨੂੰ ਨਾਸ਼ ਕਰਨ ਵਾਸਤੇ ਗੁਰੂ ਜੀ ਨੇ ਅਵਤਾਰ ਧਾਰਿਆ ਹੈ। ਆਪਣੇ ਸੇਵਕਾਂ ਵਿਚ ਬੈਠਾ ਹੈ ਪਰ ਸਭ ਕੁਝ ਛੱਡ ਕੇ ਉੱਠਿਆ ਤੇ ਪੂਰਬ ਵੱਲ ਮੂੰਹ ਕਰਕੇ ਬਹੁਤ ਪ੍ਰੇਮ ਸਹਿਤ ਮਨ ਵਿਚ ਗੁਰੂ ਜੀ ਦਾ ਧਿਆਨ ਧਰ ਕੇ ਤਿੰਨ ਵਾਰ ਪੂਰੀ ਸ਼ਰਧਾ ਤੇ ਨਿਮ੍ਰਤਾ ਨਾਲ ਸਿਜਦਾ ਕੀਤਾ। ਭੀਖਣ ਬਹੁਤ ਹੀ ਆਨੰਦਿਤ ਮੁਦਰਾ ਵਿਚ ਬੈਠਾ ਹੈ। ਇਧਰ ਉਸਦਾ ਮੁਰੀਦ ਪੁੱਛਦਾ ਹੈ ਕਿ ਪੀਰ ਜੀ ! ਇਧਰ ਤਾਂ ਹਿੰਦੂ ਸੀਸ ਨਿਵਾਇਆ ਕਰਦੇ ਹਨ ਅਸੀਂ ਤਾਂ ਪੱਛਮ ਵੱਲ ਹੀ ਸੀਸ ਨਿਵਾਇਆ ਕਰਦੇ ਹਾਂ ਫਿਰ ਤੁਸੀਂ ਕਿਉਂ ਪੱਛਮ ਵੱਲ ਪਿੱਠ ਕਰਕੇ ਪੂਰਬ ਵੱਲ ਸਿਜਦਾ ਕਰ ਰਹੇ ਹੋ? ਇਸ ਤੇ ਭੀਖਣ ਸ਼ਾਹ ਬੋਲੇ ਸੁਣੋ, ਜੋ ਮੈਂ ਦੇਖਿਆ ਹੈ ਉਸ ਬਾਰੇ ਸੁਣੋ।

Illumination Colors From Guru Nanak Dev to Guru Gobind Singhਇਸ ਦਿਸ਼ਾ ਵਿਚ ਦੀਨ ਦੁਨੀਆਂ ਦਾ ਮਾਲਿਕ ਆਇਆ ਹੈ। ਉਹ ਮਨੁੱਖਾ ਦੇਹੀ ਧਾਰ ਕੇ ਹੰਕਾਰੀਆਂ ਦੇ ਹੰਕਾਰ ਨੂੰ ਭੰਨਣ ਲਈ ਪ੍ਰਗਟ ਹੋਇਆ ਹੈ। ਉਹ ਤੁਰਕਾਂ ਦੇ ਨਗਾਰੇ ਮੂਧੇ ਕਰਨ ਅਤੇ ਸਿਖਾਂ ਦਾ ਤ੍ਰਾਸ ਨਿਵਾਰ ਕੇ ਉਨ੍ਹਾਂ ਨੂੰ ਹੌਸਲਾ ਦੇਣ ਅਤੇ ਸੱਚੇ ਨਾਮ ਦਾ ਜਾਪ ਜਪਾਉਣ ਵਾਸਤੇ ਆਇਆ ਹੈ। ਉਹ ਜੱਗ ਵਿਚ ਆਪਣਾ ਪੰਥ ਸਥਾਪਤ ਕਰਨ ਵਾਸਤੇ ਜੋ ਤਿੰਨ ਰਾਹ ਦਿਖਾਏ ਜਾ ਰਹੇ ਹਨ ਉਨ੍ਹਾਂ ਨੂੰ ਇਕ ਕਰਨ ਆਇਆ ਹੈ। ਸੂਰਜ ਦੇ ਪ੍ਰਕਾਸ਼ ਵਰਗਾ ਅੱਜ ਇਹ ਬਾਲਕ ਪੈਦਾ ਹੋਇਆ ਹੈ। ਹੁਣ ਮੈਂ ਪਟਨਾ ਵਿਖੇ ਜਾ ਕੇ ਉਨ੍ਹਾਂ ਦੇ ਦਰਸ਼ਨ ਕਰਕੇ ਆਪਣੀਆਂ ਭੁੱਲਾਂ ਬਖਸ਼ਾ ਕੇ ਉਨ੍ਹਾਂ ਨੂੰ ਆਪਣਾ ਇਸ਼ਟ ਮੰਨ ਕੇ ਉਨ੍ਹਾਂ ਅਨੁਸਾਰ ਚੱਲਾਂਗਾ ਅਤੇ ਆਪਣੇ ਮਨ ਤਨ ਤੋਂ ਗੁਨਾਹ ਮਾਫ ਕਰਵਾ ਕੇ ਪਵਿੱਤਰ ਹੋਵਾਂਗਾ। ਇਸ ਤਰਾਂ ਉਹ ਆਪਣੇ ਮੁਰੀਦਾਂ ਨੂੰ ਨਾਲ ਲੈ ਕੇ ਪਟਨਾ ਸ਼ਹਿਰ ਵੱਲ ਨੂੰ ਰਵਾਨਾ ਹੋ ਗਏ। ਨਾਲ ਦੋ ਮੁਰੀਦ ਤੇ ਹੱਥ ਵਿਚ ਮੁਸੱਲਾ ਲੈ ਕੇ ਛੇਤੀ ਛੇਤੀ ਆਪਣੇ ਰਾਹ ਤੇ ਵਧਦੇ ਗਏ। ਰਾਤ ਨੂੰ ਆਰਾਮ ਕਰਦੇ ਤੇ ਦਿਨ ਵੇਲੇ ਚੱਲਦੇ ਰਹਿੰਦੇ। ਇਸ ਤਰਾਂ ਉਹ ਪਟਨਾ ਸ਼ਹਿਰ ਵਿਚ ਪਹੁੰਚ ਗਏ। ਇਕ ਸਥਾਨ ਤੇ ਸਿੱਖਾਂ ਦੀ ਭੀੜ ਵਿਚ ਪਹੁੰਚ ਗਏ। ਕੁਝ ਸਮੇਂ ਬਾਅਦ ਕੁਝ ਵਿਹਲ ਦੇਖ ਕੇ ਮਾਮਾ ਕ੍ਰਿਪਾਲ ਜੀ ਪਾਸ ਜਾ ਕੇ ਨਿਮ੍ਰਤਾ ਸਹਿਤ ਹੱਥ ਜੋੜ ਬੇਨਤੀ ਕੀਤੀ। ਜੋ ਸਾਹਿਬਜ਼ਾਦਾ ਜਨਮਿਆ ਹੈ ਉਹ ਸੰਸਾਰ ਨੂੰ ਬਹੁਤ ਵੱਡੀ ਸਿਖਿਆ ਦੇਣ ਵਾਸਤੇ ਆਇਆ ਹੈ ਉਸ ਦੇ ਦਰਸ਼ਨ ਕਰਨ ਵਾਸਤੇ ਅਸੀਂ ਬਹੁਤ ਲੰਬਾ ਸਫਰ ਤੈਅ ਕਰਕੇ ਆਏ ਹਾਂ। ਹੋਰ ਸਾਡਾ ਕੋਈ ਕੰਮ ਨਹੀਂ। ਬਸ ਅਸੀਂ ਉਸ ਦੇ ਦਰਸ਼ਨ ਹੀ ਕਰਨ ਆਏ ਹਾਂ। ਮਾਮਾ ਕ੍ਰਿਪਾਲ ਜੀ ਨੇ ਕਿਹਾ; ਭਲਾ ਹੈ ਜੀ, ਤੁਸੀਂ ਆਪਣਾ ਟਿਕਾਣਾ ਕਰ ਕੇ ਵਿਸ਼ਰਾਮ ਕਰੋ । ਅੰਦਰ ਜਾ ਕੇ ਮਾਮਾ ਜੀ ਨੇ ਸਾਰਾ ਬਿਰਤਾਂਤ ਸੁਣਾਇਆ।

ਇਹ ਸੁਣ ਕੇ ਮਾਤਾ ਜੀ ਅਤੇ ਹੋਰ ਆਸ ਪਾਸ ਬੈਠੇ ਸੇਵਕਾਂ ਦੇ ਮਨ ਵਿਚ ਸ਼ੰਕਾ ਪੈਦਾ ਹੋਇਆ ਕਿਉਂਕਿ ਇਹ ਸਮਝਿਆ ਗਿਆ ਕਿ ਜੋ ਦਿੱਲੀ ਦਿਸ਼ਾ ਵੱਲੋਂ ਆਇਆ ਹੈ ਜ਼ਰੂਰ ਮਾੜੀ ਭਾਵਨਾ ਲੈ ਕੇ ਹੀ ਆਇਆ ਹੋਵੇਗਾ। ਔਰੰਗਜ਼ੇਬ ਤਾਂ ਪਹਿਲਾਂ ਹੀ ਸਾਡੇ ਪ੍ਰਤੀ ਈਰਖਾ ਰੱਖਦਾ ਹੈ ਹੁਣ ਪਤਾ ਨਹੀਂ ਪੀਰ ਕਿਸ ਭਾਵਨਾ ਨਾਲ ਆਇਆ ਹੈ? ਸਾਹਿਬ (ਗੁਰੂ ਤੇਗ ਬਹਾਦਰ) ਜੀ ਵੀ ਪਾਸ ਨਹੀਂ ਹਨ ਜੋ ਸਭ ਪਾਸਿਆਂ ਤੋਂ ਸੰਭਾਲ ਕਰ ਲੈਂਦੇ। ਇਨ੍ਹਾਂ ਮੁਗਲਾਂ ਨੂੰ ਤਾਂ ਰਾਜ ਦੀ ਮਸਤੀ ਚੜ੍ਹੀ ਹੋਈ ਹੈ ਸੋ ਚੰਗਾ ਹੋਏਗਾ ਜੇ ਇਨ੍ਹਾਂ ਨੂੰ ਟਾਲ ਹੀ ਦਿੱਤਾ ਜਾਵੇ। ਮਾਮਾ ਕ੍ਰਿਪਾਲ ਜੀ ਬਾਹਰ ਆਏ ਤੇ ਆ ਕੇ ਕਹਿਣ ਲੱਗੇ; ਸੁਣੋ ਪੀਰ ਜੀ! ਤੁਸੀਂ ਤਾਂ ਆਪ ਮਹਾਨ ਪੁਰਸ਼ ਹੋ, ਸਾਰੀ ਰਹਿਤ ਤੇ ਕਹਿਣੀ ਦੇ ਸਿਆਣੇ ਹੋ। ਬੱਚਾ ਹਾਲੇ ਤਿੰਨ ਮਹੀਨੇ ਦਾ ਨਹੀਂ ਹੋਇਆ। ਉਸ ਦਾ ਸ਼ਰੀਰ ਕੋਮਲ ਹੈ ਤੇ ਬਾਹਰ ਠੰਡੀ ਬਰਫੀਲੀ ਹਵਾ ਚੱਲਦੀ ਹੈ ਇਸ ਕਰਕੇ ਅਸੀਂ ਬੱਚੇ ਦੇ ਦਰਸ਼ਨ ਆਪ ਜੀ ਨੂੰ ਅਜੇ ਨਹੀਂ ਕਰਵਾ ਸਕਦੇ, ਤੁਸੀਂ ਮਿਹਰਬਾਨੀ ਕਰਕੇ ਫੇਰ ਆਇਉ। ਉਦੋਂ ਤੱਕ ਗੁਰੂ ਜੀ ਵੀ ਆ ਜਾਣਗੇ। ਇਹ ਸੁਣ ਕੇ ਭੀਖਣ ਸ਼ਾਹ ਬੋਲੇ ਇਹ ਵੱਡੇ ਮਹਾਂਪੁਰਸ਼ ਅਵਤਰਿਤ ਹੋਏ ਹਨ ਇਹ ਦੁਸ਼ਮਨਾਂ ਨੂੰ ਦੋਜ਼ਖ ਅਤੇ ਪ੍ਰੇਮੀ ਸੇਵਕਾਂ ਨੂੰ ਕੇਵਲ ਸੁਖ ਦੇਣਗੇ। ਤੁਸੀਂ ਕਿਉਂ ਚਿੰਤਾ ਕਰਦੇ ਹੋ। ਬਲਕਿ ਤੁਹਾਡੇ ਘਰ ਤਾਂ ਚਿੰਤਾਮੁਕਤ ਕਰਨ ਵਾਲਾ ਸੂਰਜ ਆਇਆ ਹੈ। ਤੁਸੀਂ ਕੋਈ ਭਰਮ ਨਾਂ ਕਰੋ ਬਲਕਿ ਭਰਮਾਂ ਦਾ ਨਾਸ਼ ਕਰਨ ਵਾਲਾ ਠੰਡ ਵਰਤਾਉਣ ਵਾਲਾ ਚੰਦਰਮਾ ਅਵਤਰਿਤ ਹੋਇਆ ਹੈ। ਤੁਸੀਂ ਕਿਸੇ ਕਿਸਮ ਦਾ ਡਰ ਨਾ ਮਨ ਵਿਚ ਲਿਆਉ ਬਲਕਿ ਇਹ ਸਮਝੋ ਕਿ ਸਾਰੀ ਕਾਇਨਾਤ ਦਾ ਮਾਲਿਕ ਅਵਤਾਰ ਧਾਰ ਕੇ ਆਇਆ ਹੈ। ਇਹ ਧਰਮ ਦੀ ਰੱਖਿਆ ਕਰਨ ਲਈ ਅਵਤਾਰ ਪੈਦਾ ਹੋਇਆ ਹੈ।

ਇਸ ਕਰਕੇ ਇਸ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਲਈ ਹੀ ਅਸੀਂ ਇਥੇ ਬੈਠੇ ਹਾਂ। ਉਸ ਕਿਹਾ; ਜਿਵੇਂ ਜਿਵੇਂ ਘਟਿ-ਘਟਿ ਵਿਚ ਵਿਚਰ ਰਿਹਾ ਮਾਲਿਕ ਸਾਨੂੰ ਪ੍ਰੇਰ ਰਿਹਾ ਹੈ ਅਸੀਂ ਉਸੇ ਤਰਾਂ ਕਰ ਰਹੇ ਹਾਂ। ਇਸ ਕਰਕੇ ਉਹ ਹਠ ਕਰਕੇ ਦਰਵਾਜ਼ੇ ਤੇ ਹੀ ਬੈਠਾ ਰਿਹਾ ਕਿ ਬਿਨ੍ਹਾਂ ਦਰਸ਼ਨ ਕੀਤੇ ਅਸੀਂ ਦਰਵਾਜ਼ਾ ਨਹੀਂ ਛੱਡਣਾ। ਸਭ ਖਾਨ ਪਾਨ ਤਿਆਗ ਉਹ ਉਥੇ ਹੀ ਬੈਠੇ ਰਹੇ। ਪਰ ਮਾਤਾ ਗੁਜਰੀ ਜੀ ਮੰਨ ਨਹੀਂ ਰਹੇ ਕਿਉਂਕਿ ਉਹ ਕਹਿੰਦੇ ਹਨ ਕਿ ਬੱਚੇ ਦਾ ਸ਼ਰੀਰ ਕੋਮਲ ਹੈ ਇਸ ਕਰਕੇ ਬਾਹਰ ਨਹੀਂ ਕੱਢਿਆ ਜਾ ਸਕਦਾ ਬਲਕਿ ਅੰਦਰ ਹੀ ਰਹਿ ਕੇ ਸੰਭਾਲ ਹੋ ਸਕਦੀ ਹੈ। ਰਾਤ ਭਰ ਉਹ ਪੀਰ ਭੀਖਣ ਸ਼ਾਹ ਅਤੇ ਉਸ ਦੇ ਦੋ ਮੁਰੀਦ ਉੱਥੇ ਹੀ ਬੈਠੇ ਰਹੇ ਕੁਝ ਖਾਨ ਪਾਨ ਵੀ ਨਹੀਂ ਕੀਤਾ। ਪਰ ਆਪਣੇ ਹਿਰਦੇ ਵਿਚ ਗੁਰੂ ਜੀ ਦਾ ਸਿਮਰਨ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਹੇ ਗੁਰੂ ਜੀ ਅਸੀਂ ਦੂਰ ਦੇਸ਼ ਤੋਂ ਆਏ ਹਾਂ ਸਾਡੇ ਮਨ ਦਾ ਸੰਕਲਪ ਪੂਰਾ ਕਰੋ ਤੇ ਸਾਨੂੰ ਜ਼ਰੂਰ ਦਰਸ਼ਨ ਦਿਉ। ਆਪ ਜੀ ਦੇ ਤਾਂ ਪਿਤਾ ਪਿਤਾਮਾਹ ਵੀ ਰਣ ਵਿਚ ਸੂਰਮੇ ਹੋਏ ਹਨ ਜੇ ਆਪ ਜੀ ਇਨ੍ਹਾਂ ਸਭਨਾ ਦੇ ਮਨਾਂ ਨੂੰ ਪ੍ਰੇਰ ਦਿਉਗੇ ਤਾਂ ਅਸੀਂ ਆਪ ਜੀ ਦੇ ਬਾਲ ਰੂਪ ਦੇ ਦਰਸ਼ਨ ਕਰ ਲਵਾਂਗੇ। ਆਪ ਜੀ ਤਾਂ ਘਟਿ ਘਟਿ ਦੀ ਜਾਨਣ ਵਾਲੇ ਹੋ। ਇਸ ਤਰਾਂ ਕਰਦੇ ਹੋਏ ਗੁਰੂ ਘਰ ਦੇ ਸੇਵਕ ਵੀ ਉਨ੍ਹਾਂ ਨੂੰ ਦੇਖ ਰਹੇ ਹਨ। ਪੀਰ ਜੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਦੇ ਹੋਏ ਆਪਣੀ ਮਾਲਾ ਫੇਰ ਰਹੇ ਹਨ ਤੇ ਨਾਲ ਨਾਲ ਆਪਣੇ ਮਨ ਵਿਚ ਅਰਜ਼ੋਈਆਂ ਕਰ ਰਹੇ ਹਨ ਕਿ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ ਇਥੇ ਹਿੰਦੂ ਤੇ ਤੁਰਕ ਇਕ ਸਮਾਨ ਹਨ ਗੁਰੂ ਜੀ ਪੱਖਪਾਤ ਨਹੀਂ ਕਰਦੇ ਬਸ ਹਿਰਦੇ ਦੀ ਸ਼ਰਧਾ ਹੀ ਦੇਖਦੇ ਹਨ। ਇਹ ਦੇਖ ਕੇ ਮਾਮਾ ਕ੍ਰਿਪਾਲ ਜੀ ਤੇ ਹੋਰ ਸੇਵਕ ਮਾਤਾ ਗੁਜਰੀ ਜੀ ਪਾਸ ਜਾ ਕੇ ਕਹਿਣ ਲੱਗੇ ਇਹ ਤਾਂ ਕੋਈ ਵੱਡਾ ਦਰਵੇਸ਼ ਹੈ ਤੇ ਇਸ ਦੇ ਹਿਰਦੇ ਵਿਚ ਗੁਰੂ ਜੀ ਦਾ ਖਾਸ ਹੀ ਪ੍ਰੇਮ ਹੈ। ਇਸ ਨੂੰ ਦਰਸ਼ਨ ਤੋਂ ਬਿਨ੍ਹਾਂ ਹੋਰ ਕੋਈ ਚਾਹ ਨਹੀਂ।

Illumination Colors From Guru Nanak Dev to Guru Gobind Singhਇਸ ਨੇ ਕੁਝ ਖਾਧਾ ਪੀਤਾ ਵੀ ਨਹੀਂ ਹੈ। ਕੇਵਲ ਅੱਲਾਹ ਦਾ ਨਾਮ ਹੀ ਸਿਮਰ ਰਿਹਾ ਹੈ ਬਸ ਇਕ ਮੁਸੱਲਾ ਆਪਣੇ ਹੇਠ ਵਿਛਾ ਕੇ ਬੈਠਾ ਹੋਇਆ ਹੈ। ਉਸ ਦੇ ਹਿਰਦੇ ਵਿਚ ਤਾਂ ਦਰਸ਼ਨਾਂ ਦੀ ਪਿਆਸ ਹੀ ਲੱਗੀ ਹੋਈ ਹੈ। ਉਸ ਦੀ ਭੁੱਖ ਪਿਆਸ ਸਭ ਖਤਮ ਹੋ ਗਈ ਹੈ। ਦਰਸ਼ਨ ਕਰੇ ਬਿਨ੍ਹਾਂ ਉਸ ਨੇ ਉੱਠਣਾ ਨਹੀਂ ਹੈ ਉਹ ਤਾਂ ਹਠ ਕਰਕੇ ਬੈਠਾ ਹੈ। ਇਧਰ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ; ਇਸ ਬਾਲਕ ਦੇ ਪਿਤਾ ਜੀ ਨੂੰ ਬਾਲਕ ਦੇ ਦਰਸ਼ਨ ਕਰਾਏ ਬਿਨ੍ਹਾਂ ਪਰਾਏ ਪਰਦੇਸੀ ਪੁਰਖ ਨੂੰ ਕਿਵੇਂ ਬਾਲਕ ਦੇ ਦਰਸ਼ਨ ਕਰਾਏ ਜਾਣ। ਇਸ ਦੀ ਤਾਂ ਹਰ ਪਾਸੇ ਤੋਂ ਰੱਖਿਆ ਕਰਨੀ ਬਣਦੀ ਹੈ। ਇਸ ਕਰਕੇ ਉਨ੍ਹਾਂ ਨੂੰ ਬੇਨਤੀ ਕਰੋ ਤੇ ਉਥੋਂ ਉਠ ਜਾਣ ਲਈ ਕਹੋ ਤੇ ਨਾਲੇ ਉਨ੍ਹਾਂ ਨੂੰ ਗੁਰੂ ਘਰੋਂ ਹੋਰ ਜੋ ਵੀ ਉਨ੍ਹਾਂ ਦੀ ਇੱਛਾ ਹੈ ਘਿਉ, ਮਿਸ਼ਠਾਨ, ਖਾਣਾ, ਕੱਪੜੇ ਪੈਸੇ ਆਦਿ ਭੇਜ ਦਿੱਤਾ ਜਾਵੇ। ਬਾਲਕ ਦੇ ਦਰਸ਼ਨ ਤੋਂ ਬਿਨ੍ਹਾਂ ਉਨ੍ਹਾਂ ਨੂੰ ਬਾਕੀ ਸਭ ਕੁਝ ਆਦਰ ਸਹਿਤ ਦਿਉ। ਇਹ ਸੁਣ ਕੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਅਤੇ ਹੋਰ ਸਭ ਮਿਲ ਕੇ ਆਏ ਅਤੇ ਆ ਕੇ ਸਾਰਿਆਂ ਨੇ ਭੀਖਣ ਸ਼ਾਹ ਨੂੰ ਸਮਝਾਇਆ ਕਿ ਹਾਲੇ ਬਾਲਕ ਬਹੁਤ ਛੋਟਾ ਹੈ ਬਾਹਰ ਵੀ ਨਹੀਂ ਕੱਢਿਆ, ਥੋੜੇ ਹੀ ਦਿਨਾਂ ਦਾ ਹੈ ਤੁਸੀਂ ਗੁਰੂ ਘਰ ਤੋਂ ਭੋਜਨ ਆਦਿ ਲਉ ਅਤੇ ਆਪਣੇ ਮਨ ਨੂੰ ਪਰਸੰਨ ਕਰੋ। ਆਪ ਤਾਂ ਪਰਵਰਦਿਗਾਰ ਦੀ ਸਿਫਤ ਸਾਲਾਹ ਵਿਚ ਰੰਗੇ ਹੋਏ ਦਰਵੇਸ਼ ਹੋ। ਪਰ ਤੁਸੀਂ ਤਾਂ ਪਾਣੀ ਵੀ ਨਹੀਂ ਪੀ ਰਹੇ, ਭੁੱਖੇ ਹੀ ਗੁਰੂ ਦਰਬਾਰ ਦੇ ਅੱਗੇ ਬੈਠੇ ਹੋ। ਇਸ ਤਰਾਂ ਹਠ ਕਰਕੇ ਨਾ ਬੈਠੋ। ਸੁਣ ਕੇ ਭੀਖਣ ਸ਼ਾਹ ਜਿਸ ਦੇ ਹਿਰਦੇ ਵਿਚ ਅਡੋਲ ਸ਼ਰਧਾ ਹੈ ਉਹ ਬੋਲਿਆ; ਜਦੋਂ ਮੈਂ ਪਟਨਾ ਸ਼ਹਿਰ ਵਿਚ ਕਦਮ ਰੱਖਿਆ ਤਾਂ ਮੈਂ ਸਿਰ ਨਿਵਾ ਕੇ ਪ੍ਰਣ ਕੀਤਾ ਸੀ ਕਿ ਇਸ ਬਾਲਕ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਅੰਨ ਜਲ ਛਕਾਂਗਾ।

ਅਸੀਂ ਸੈਂਕੜੇ ਕੋਸ ਚੱਲ ਕੇ ਆਏ ਹਾਂ। ਸਾਨੂੰ ਹੋਰ ਕੋਈ ਇੱਛਾ ਨਹੀਂ ਹੈ ਬਸ ਇਕ ਦਰਸ਼ਨ ਦੀ ਹੀ ਪਿਆਸ ਹੈ। ਅਸੀਂ ਤਾਂ ਉਸ ਦੇ ਦਰ ਦੇ ਫਕੀਰ ਹਾਂ। ਮਨ ਵਿਚ ਹੀ (ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿਚ) ਅਰਦਾਸ ਕੀਤੀ ਕਿ; ਜਿਵੇਂ ਵੀ ਹੋਵੇ ਆਪ ਜੀ ਸਭ ਨੂੰ ਮਨੋ ਪ੍ਰੇਰਨਾ ਦਿਉ ਅਤੇ ਸਾਨੂੰ ਆਪਣੇ ਦਰਸ ਦਿਖਾਉ ਤੇ ਨਿਹਾਲ ਕਰੋ। ਨਹੀਂ ਤਾਂ ਅਸੀਂ ਆਪ ਜੀ ਦੇ ਦਰਬਾਰ ਵਿਚ ਹੀ ਪਏ ਰਹਾਂਗੇ ਹੇ ਸੰਸਾਰ ਦੇ ਮਾਲਿਕ! ਬਸ ਤੇਰੀ ਬੰਦਗੀ ਕਰਦੇ ਰਹਾਂਗੇ। ਅਸੀਂ ਤਾਂ ਫਕੀਰ ਹਾਂ ਹਮੇਸ਼ਾਂ ਸੰਕਟ ਸਹਿੰਦੇ ਰਹਿੰਦੇ ਹਾਂ ਦਰਸ਼ਨ ਦਿਉਗੇ ਤਾਂ ਠੀਕ ਨਹੀਂ ਤਾਂ ਆਪ ਜੀ ਦੇ ਦਰਬਾਰ ਵਿਚ ਬੈਠੇ ਬੰਦਗੀ ਕਰਦੇ ਰਹਾਂਗੇ। ਜਦੋਂ ਸਾਡੀ ਕਾਮਨਾ ਪੂਰੀ ਹੋਏਗੀ ਉਦੋਂ ਹੀ ਅਸੀਂ ਖਾਨ ਪਾਨ ਕਰਾਂਗੇ। ਸਾਡੇ ਮਨ ਦਾ ਇਹੀ ਦ੍ਰਿੜ ਨਿਸ਼ਚਾ ਹੈ ਇਸ ਕਰਕੇ ਸਾਡੇ ਮਨ ਦਾ ਪ੍ਰੇਮ ਦੇਖ ਕੇ ਦਰਸ਼ਨ ਦਿਉ। ਸੇਵਕਾਂ ਨੇ ਇਹ ਸਭ ਮਾਮਾ ਕ੍ਰਿਪਾਲ ਜੀ ਨੂੰ ਦੱਸਿਆ ਅਤੇ ਉਹ ਮਾਤਾ ਨਾਨਕੀ ਜੀ ਪਾਸ ਆਏ। ਹੱਥ ਜੋੜ ਕੇ ਬੇਨਤੀ ਕੀਤੀ ਕਿ ਫਕੀਰ ਬਹੁਤ ਹਠ ਕਰ ਰਹੇ ਹਨ ਇਸ ਕਰਕੇ ਆਪਣੇ ਮਨ ਵਿਚ ਫਿਰ ਵਿਚਾਰ ਕਰ ਲਉ। ਉਹ ਦਰਸ਼ਨ ਕਰੇ ਬਿਨ੍ਹਾਂ ਨਹੀਂ ਜਾਣਗੇ। ਥੱਕੇ ਹੋਏ ਨੇ, ਤੇ ਭੁੱਖੇ ਪਿਆਸਿਆ ਨੇ ਅੰਨ ਜਲ ਨੂੰ ਛੁਹਿਆ ਤੱਕ ਨਹੀਂ। ਦਿਨ ਤੇ ਰਾਤ ਬੀਤ ਚੁੱਕੇ ਹਨ ਉਨ੍ਹਾਂ ਦਾ ਹਠ ਹੈ ਕਿ ਸਾਹਿਬਜ਼ਾਦੇ ਦੇ ਦਰਸ਼ਨ ਕਰੇ ਬਿਨ੍ਹਾਂ ਉਥੋਂ ਹਿਲਣਾ ਨਹੀਂ। ਉਹ ਕਹਿੰਦੇ ਹਨ ਕਿ ਇਹ ਅਵਤਾਰ ਰੂਪ ਹੋ ਕੇ ਆਏ ਹਨ ਇਨ੍ਹਾਂ ਦੇ ਦਰਸ਼ਨ ਕਰਨ ਲਈ ਅਸੀਂ ਦੂਰ ਤੋਂ ਚੱਲ ਕੇ ਆਏ ਹਾਂ। ਇਹ ਸੁਣ ਕੇ ਮਾਤਾ ਜੀ ਨੇ ਕਿਹਾ ਕ੍ਰਿਪਾਲ ਸਾਰੀ ਤਿਆਰੀ ਕਰੋ। ਸਾਰੇ ਸਿੱਖਾਂ ਨੂੰ ਬੁਲਾ ਕੇ, ਫਰਸ਼ਾਂ ਤੇ ਸੁੰਦਰ ਕਾਲੀਨ ਵਿਛਾ ਕੇ ਆਪਣੇ ਰਬਾਬੀਆਂ ਨੂੰ ਕਹੋ ਗੁਰ ਸ਼ਬਦ ਦਾ ਕੀਰਤਨ ਕਰਨ। ਸਾਰੀ ਤਿਆਰੀ ਕਰ ਕੇ ਸਾਰੀ ਸੰਗਤ ਨੂੰ ਬੁਲਾਉ। ਸਾਰੇ ਹੀ ਬਾਲਕ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਸ ਤਰਾਂ ਕਈ ਤਰਾਂ ਦੇ ਉਪਾਅ ਕੀਤੇ ਗਏ ਅਤੇ ਬਾਲਕ ਗੋਬਿੰਦ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ। ਸਭ ਸਿੱਖ ਖੁਸ਼ੀ ਵਿਚ ਬਾਲਕ ਦੇ ਦਰਸ਼ਨ ਕਰਨ ਲਈ ਇਕੱਠੇ ਹੋਏ। ਕੀਰਤਨ, ਅਰਦਾਸ, ਪਾਲਕੀ ਆਦਿ ਦੇ ਮਨਮੋਹਕ ਦ੍ਰਿਸ਼ ਵਿਚਾਲੇ ਬਾਲਕ ਗੋਬਿੰਦ ਦੇ ਦਰਸ਼ਨ ਸੰਗਤ ਕਰ ਕਰ ਕੇ ਨਿਹਾਲ ਹੋ ਰਹੀ ਹੈ।

Illumination Colors From Guru Nanak Dev to Guru Gobind Singhਇਸ ਦੌਰਾਨ ਭੀਖਣ ਸ਼ਾਹ ਫਕੀਰ ਨੂੰ ਅੰਦਰ ਬੁਲਾਇਆ ਗਿਆ। ਦਰਸ਼ਨ ਕਰਦੇ ਸਾਰ ਫਕੀਰ ਬੋਲਿਆ; “ਪਾਕ ਬਿਪਾਕ ਰਹੀਮ ਕਬੀਰ”। ਹੇ! ਪਵਿੱਤਰ ਤੋਂ ਪਵਿੱਤਰ, ਹੇ! ਖੌਫ ਰਹਿਤ, ਰਹਿਮ ਕਰਨ ਵਾਲੇ, ਹੇ! ਮਹਾਨ ਤੋਂ ਮਹਾਨ, ਹੇ! ਪੀਰਾਂ ਦੇ ਪੀਰ, ਬੇਦੀਆਂ ਦੀ ਕੁਲ ਦੇ ਚੰਦ ਕਾਲੂ ਦੇ ਲਾਲ ਨਾਨਕ! ਮੇਰੇ ਗੁਨਾਹ ਬਖਸ਼ ਦਿਉ। ਤੁਸੀਂ ਰਾਇ ਬੁਲਾਰ ਦਾ ਉਦਾਰ ਕੀਤਾ। ਦੌਲਤ ਖਾਨ ਦਾ ਦੁੱਖ ਦੂਰ ਕੀਤਾ। ਕਿੰਨੇ ਹੀ ਪੀਰ ਤੇ ਸੁਲਤਾਨ ਹਨ ਜਿਨ੍ਹਾਂ ਦੇ ਤੁਸੀਂ ਦੁਖ ਦੂਰ ਕਰਕੇ ਉਨ੍ਹਾਂ ਨੂੰ ਸੁੱਖ ਦਿੱਤਾ। ਇਸ ਤੋਂ ਇਲਾਵਾ ਹੋਰ ਹਿੰਦੂ, ਤੁਰਕ ਅਨਗਿਣਤ ਹੀ ਹਨ ਜੋ ਆਪ ਜੀ ਦੇ ਬੋਲ ਸੁਣ ਕੇ ਨਿਹਾਲ ਹੋਏ। ਜੋ ਜੋ ਵੀ ਆ ਕੇ ਆਪ ਜੀ ਦੀ ਸ਼ਰਨ ਵਿਚ ਪਿਆ। ਜਿਸ ਤੇ ਵੀ ਆਪ ਨੇ ਕ੍ਰਿਪਾ ਦ੍ਰਿਸ਼ਟੀ ਕੀਤੀ ਉਸ ਦੀ ਹਰ ਇੱਛਾ ਪੂਰੀ ਕੀਤੀ। ਉਹੀ ਸਤਿਨਾਮ ਦਾ ਜਾਪ ਕਰਨ ਲੱਗ ਪਿਆ। ਜਿਸ ਨੂੰ ਆਪ ਜੀ ਨੇ ਆਪਣਾ ਬਣਾ ਲਿਆ ਉਨ੍ਹਾਂ ਦੀ ਕੋਈ ਇੱਛਾ ਬਾਕੀ ਨਹੀਂ ਰਹੀ। ਹੇ ਸੁੰਦਰ ਤੇ ਪਵਿੱਤਰ ਮੂਰਤ ਵਾਲੇ! ਆਪ ਜੀ ਦੇ ਦਰਸ਼ਨ ਕਰਕੇ ਜਮ ਦਾ ਹਿਸਾਬ ਵੀ ਖਤਮ ਹੋ ਜਾਂਦਾ ਹੈ। ਹੇ ਸਰਵਸ਼ਕਤੀਮਾਨ! ਆਪ ਸਾਰੇ ਜੱਗ ਵਿਚ ਪ੍ਰਕਾਸ਼ ਰੂਪ ਹੋ ਕੇ ਪ੍ਰਗਟ ਹੋ। ਹੇ! ਸਿਰਜਨਹਾਰ! ਤੁਸੀਂ ਮੂਰਖਾਂ ਦਾ ਅੰਤ ਅਤੇ ਗਰੀਬਾਂ ਦੀ ਰੱਖਿਆ ਕਰਨ ਵਾਲੇ ਹੋ। ਮੁੱਢ ਤੋਂ ਹੀ ਆਪ ਜੋ ਚਾਹੁੰਦੇ ਹੋ ਉਸੇ ਤਰਾਂ ਕਰਨ ਵਾਲੇ ਹੋ। ਆਪ ਹੀ ਸਭ ਕਾਰਜ ਕਰਨ ਵਾਲੇ ਹੋ। ਆਪ ਹੀ ਸਿਰਜਨਹਾਰ ਅਤੇ ਪਾਲਣਾ ਕਰਨ ਵਾਲੇ ਹੋ। ਮੈਂ ਆਪ ਜੀ ਦੇ ਚਰਨਾਂ ਦੀ ੳੋਟ ਵਿਚ ਆਇਆ ਹਾਂ। ਮੇਰੇ ਹਿਰਦੇ ਦੇ ਸਾਰੇ ਮਨੋਰਥ ਬੁਝੋ ਅਤੇ ਮੈਨੂੰ ਆਪਣੇ ਰਸਤੇ ਦਾ ਹਿਸਾ ਬਣਾ ਕੇ ਮੇਰੀ ਰੱਖਿਆ ਕਰੋ। ਮੇਰੇ ਤੇ ਕ੍ਰਿਪਾ ਕਰਕੇ ਮੈਨੂੰ ਸਾਰੇ ਤੁਰਕਾਂ ਤੋਂ ਅਲੱਗ ਰਖੋ। ਹੁਣ ਮੈਨੂੰ ਸੋਝੀ ਬਖਸ਼ੋ ਤੇ ਮੇਰੇ ਮਨ ਅੰਤਰ ਦੀ ਵੇਦਨਾਂ ਦੇਖੋ ਜੀ। ਇਸ ਤਰਾਂ ਕਹਿ ਕੇ ਇਕ ਘੜੀ ਕੁ ਬਾਅਦ ਆਪਣੇ ਮੁਰੀਦ ਤੋਂ ਦੋ ਛੋਟੀਆਂ ਛੋਟੀਆਂ ਕੁਜੀਆਂ ਮੰਗਵਾਈਆਂ। ਉਨ੍ਹਾਂ ਵਿਚ ਮਿੱਠੇ ਪਕਵਾਨ ਪਾ ਕੇ ਉਨ੍ਹਾਂ ਦੇ ਮੂੰਹ ਸਫੇਦ ਕੱਪੜੇ ਨਾਲ ਢਕ ਕੇ ਬਾਲਕ ਗੋਬਿੰਦ ਦੇ ਨਜ਼ਦੀਕ ਲਿਆਏ। ਆਪਣੇ ਦੋਨਾਂ ਹੱਥਾਂ ਤੇ ਉਹ ਕੁੱਜੀਆਂ ਰੱਖ ਕੇ ਪੀਰ ਸਤਿਗੁਰੂ ਜੀ ਦੀ ਸਿਫਤ ਉਚਾਰ ਕੇ ਪਰਖਨ ਲਈ ਬਹੁਤ ਨੇੜੇ ਹੋਇਆ।

ਬਾਲਕ (ਗੁਰੂ ਜੀ) ਨੂੰ ਮਾਮਾ ਜੀ ਨੇ ਗੋਦ ਵਿਚ ਚੁੱਕਿਆ ਹੋਇਆ ਹੈ। ਜਿਉਂ ਜਿਉਂ ਪੀਰ ਜੀ ਬੋਲ ਰਹੇ ਹਨ ਤਿਉਂ ਤਿਉਂ ਇਹ ਸਭ ਦੇਖਕੇ ਬਾਲਕ ਬਹੁਤ ਖੁਸ਼ ਹੋ ਰਿਹਾ ਹੈ ਆਪਣੇ ਸੁੰਦਰ ਸੁੰਦਰ ਹੱਥ ਪੈਰ ਇੱਧਰ ਉਧਰ ਉਛਾਲ ਕੇ ਮਾਰ ਰਿਹਾ ਹੈ। ਭੀਖਣ ਸ਼ਾਹ ਨੇ ਸਿਜਦਾ ਕਰਕੇ ਜਦੋਂ ਨੇੜੇ ਹੋ ਕੇ ਦੋਨੋ ਕੁਝੀਆਂ ਨੇੜੇ ਕੀਤੀਆਂ ਤਾਂ ਬਾਲ ਲੀਲਾ ਕਰਦੇ ਹੋਏ ਬਾਲਕ ਨੇ ਹੋਲੀ ਹੌਲੀ ਕਰਦੇ ਖੇਲਦੇ ਹੋਏ ਦੋਨੋ ਹੱਥ ਦੋਨੋ ਕੁਜੀਆਂ ਤੇ ਰੱਖ ਦਿੱਤੇ। ਇਹ ਸਭ ਦੇਖਕੇ ਭੀਖਣ ਸ਼ਾਹ ਸਭ ਸਮਝ ਗਿਆ ਪਰ ਕੋਲ ਖੜ੍ਹੀ ਸੰਗਤ ਨੂੰ ਕਿਸੇ ਨੂੰ ਇਹ ਸਭ ਨਹੀਂ ਦਿਖਿਆ। ਉਸ ਤੋਂ ਬਾਅਦ ਭੀਖਣ ਸ਼ਾਹ ਦੀ ਤਸੱਲੀ ਲਈ ਬਾਲਕ ਨੇ ਫਿਰ ਇਕ ਵਾਰ ਆਪਣੇ ਹੱਥ ਵਧਾਏ ਤੇ ਦੋਨੋ ਕੁਜੀਆਂ ਤੇ ਚੰਗੀ ਤਰਾਂ ਦਬਾ ਕੇ ਹੱਥ ਟਿਕਾਏ। ਇਹ ਦੇਖ ਕੇ ਭੀਖਣ ਸ਼ਾਹ ਬਹੁਤ ਪ੍ਰਸੰਨ ਹੋਇਆ ਤੇ ਪ੍ਰਸੰਨਤਾ ਵਿਚ ਉੱਛਲਣ ਲੱਗ ਪਿਆ ਕਿ ਮੈਂ ਹੁਣ ਇਨ੍ਹਾਂ ਦਾ ਹੀ ਚੇਲਾ ਹਾਂ। ਉਸੇ ਵਕਤ ਬਾਲਕ ਗੋਬਿੰਦ ਨੇ ਦੋਨੋ ਹੱਥ ਉਠਾਏ ਕਿਉਂਕਿ ਉਸ ਦੇ ਦਰਬਾਰ ਵਿਚੋਂ ਕੋਈ ਖਾਲੀ ਹੱਥ ਨਹੀਂ ਜਾਂਦਾ। ਇਸ ਤਰਾਂ ਭੀਖਣ ਦੀ ਮਨਸ਼ਾ ਪੂਰੀ ਹੋਈ ਉਸ ਨੇ ਦੋਨੋ ਕੁਜੀਆਂ ਆਪਣੇ ਸੇਵਕ ਦੇ ਹੱਥ ਵਿਚ ਦਿੱਤੀਆਂ ਤੇ ਭਰੇ ਹੋਏ ਨੈਣਾਂ ਨਾਲ ਬਾਲਕ ਗੋਬਿੰਦ ਰਾਇ ਨੂੰ ਨਿਹਾਰਦਾ ਰਿਹਾ।

ਸਾਰੇ ਸਿੱਖ ਪੀਰ ਜੀ ਦਾ ਧੰਨਵਾਦ ਕਰ ਰਹੇ ਹਨ ਕਿ ਧੰਨ ਹੋ ਪੀਰ ਜੀ ਸਾਰੀ ਸੰਗਤ ਨੂੰ ਤੁਸਾਂ ਬਾਲਕ ਗੋਬਿੰਦ ਰਾਇ ਦੇ ਦਰਸ਼ਨ ਕਰਵਾਏ ਹਨ। ਇਸ ਤੋਂ ਬਾਅਦ ਹੀ ਪੀਰ ਜੀ ਨੇ ਖਾਣਾ ਖਾਧਾ। ਉਪਰੰਤ ਉਨ੍ਹਾਂ ਦੇ ਮੁਰੀਦ ਪੁੱਛਣ ਲੱਗੇ ਪੀਰ ਜੀ! ਇਹ ਦੋ ਕੁਜੀਆਂ ਆਪ ਜੀ ਬਾਲਕ ਕੋਲ ਲੈ ਕੇ ਗਏ ਸੀ ਪਰ ਉਨ੍ਹਾਂ ਨੂੰ ਅਰਪਨ ਨਹੀਂ ਕੀਤੀਆਂ। ਹੁਣ ਇਨ੍ਹਾਂ ਤੋਂ ਕੀ ਕਰਵਾਉਣਾ ਹੈ। ਜਿਵੇਂ ਤੁਸੀਂ ਇਨ੍ਹਾਂ ਨੂੰ ਲੈ ਕੇ ਗਏ ਸੀ ਉਸੇ ਤਰਾਂ ਹੀ ਲੈ ਆਏ ਹੋ। ਤੁਸੀਂ ਇਨ੍ਹਾਂ ਨੂੰ ਬਾਲਕ ਦੇ ਅੱਗੇ ਕਿਉਂ ਕੀਤਾ ਸੀ, ਇਸ ਦਾ ਕੀ ਮਤਲਬ ਹੈ? ਇਹ ਸੁਣ ਕੇ ਭੀਖਣ ਸ਼ਾਹ ਨੇ ਬਿਆਨ ਕੀਤਾ ਕਿ ਇਹ ਮਹਾਨ ਪੁਰਖ ਅਵਤਾਰ ਧਾਰ ਕੇ ਤੁਰਕਾਂ ਦੀ ਸ਼ਕਤੀ ਘਟਾਉਣ ਅਤੇ ਆਪਣੇ ਪੰਥ ਦਾ ਜੱਗ ਵਿਚ ਵਿਸਥਾਰ ਕਰਨ ਲਈ ਆਇਆ ਹੈ। ਮੈਂ ਆਪਣੇ ਮਨ ਵਿਚ ਧਾਰੀ ਸੀ ਕਿ ਜੇ ਇਹ ਦੋਨੋ ਹੱਥ ਦੋਨਾਂ ਕੁੱਜੀਆਂ ਤੇ ਰੱਖੇਗਾ ਤਾਂ ਹਿੰਦੂ ਤੁਰਕ ਦੋਨੋ ਇਸ ਜੱਗ ਵਿਚ ਰਹਿਣਗੇ। ਪਰ ਜੇ ਉਹ ਇਕ ਤੇ ਹੱਥ ਰੱਖਦਾ ਤਾਂ ਜੱਗ ਵਿਚ ਤੁਰਕਾਂ ਨੇ ਨਹੀਂ ਰਹਿਣਾ ਸੀ। ਹੁਣ ਕੋਈ ਚਿੰਤਾ ਨਹੀਂ। ਮੈਂ ਇਹੀ ਨਿਸ਼ਚਾ ਕਰਨ ਆਇਆ ਸੀ। ਇਸ ਤਰਾਂ ਭੀਖਣ ਸ਼ਾਹ ਫਕੀਰ ਖੁਸ਼ ਹੁੰਦਾ ਹੋਇਆ ਆਪਣੇ ਦੇਸ਼ ਹੌਲੀ ਹੌਲੀ ਵਾਪਸ ਪਹੁੰਚਿਆ।*

ਬੇਸ਼ੱਕ ਉਸ ਵੇਲੇ ਦੇ ਮਹਾਨ ਸੂਫੀ ਫਕੀਰ ਭੀਖਣ ਦੇ ਹਵਾਲੇ ਨਾਲ ਭਾਈ ਸੰਤੋਖ ਸਿੰਘ ਨੇ ਗੁਰ ਪਰਤਾਪ ਸੂਰਜ ਗ੍ਰੰਥ ਵਿਚ ਆਪਣੀ ਸ਼ਰਧਾ ਨੂੰ ਵਿਸ਼ਾਲ ਰੂਪ ਦਿੰਦੇ ਹੋਏ ਗੁਰੂ ਜੀ ਨੂੰ ਸੰਸਾਰ ਦੇ ਮਾਲਿਕ ਕਹਿ ਕੇ ਸੰਬੋਧਿਤ ਕੀਤਾ ਹੈ ਪਰ ਜੋ ਤੱਥ ਗੁਰੁ ਜੀ ਦੇ ਆਪਣੇ ਦਰਜ ਕੀਤੇ ਹੋਏ ਮਿਲਦੇ ਹਨ ਉਨ੍ਹਾਂ ਤੋਂ
ਪਰ੍ਹੇ ਨਹੀਂ ਜਾਇਆ ਜਾ ਸਕਦਾ। ਭਾਈ ਨੰਦ ਲਾਲ ਦੀਆਂ ਨਿਮਨਲਿਖਿਤ ਸਤਰਾਂ ਸਾਨੂੰ ਇਹ ਸੰਦਰਭ ਸਮਝਣ ਲਈ ਸਹਾਇਤਾ ਕਰਨਗੀਆਂ ਜਿਥੇ ਭਾਈ ਨੰਦ ਜੀ ਗੁਰੂ ਜੀ ਨੂੰ ਉਨ੍ਹਾਂ ਦੇ ਅਸਲ ਅਸਤਿੱਤਵ ਬਾਰੇ ਸੁਆਲ ਪੁੱਛ ਰਹੇ ਹਨ ਅਤੇ ਗੁਰੂ ਜੀ ਜੁਆਬ ਦੇ ਰਹੇ ਹਨ; ਸੁਆਲ-ਭਾਈ ਨੰਦ ਲਾਲ;

ਤੁਮ ਜੁ ਕਹਾ ਗੁਰਦੇਵ ਜੀ ਦਰਸਨ ਕਰਿ ਮੋਹਿ ਆਇ।
ਲਖੀਏ ਤੁਮਰਾ ਦਰਸ ਕਹਾ ਕਹੋ ਮੋਹਿ ਸਮਝਾਏ।
ਜੁਆਬ- ਗੁਰੂ ਗੋਬਿੰਦ ਸਿੰਘ ਜੀ ;
ਤੀਨ ਰੂਪ ਹੈ ਮੋਹਿ ਕੇ ਸੁਣੋ ਨੰਦ ਚਿਤ ਲਾਏ।
ਨਿਰਗੁਣ ਸਰਗੁਣ ਗੁਰਸਬਦ ਕਹੋ ਤੋਹਿ ਸਮਝਾਇ।

Illumination Colors From Guru Nanak Dev to Guru Gobind Singhਗੁਰੂ ਗੋਬਿੰਦ ਸਿੰਘ ਜੀ ਕਿਸੇ ਵੀ ਤਰਾਂ ਗੁਰੂ ਨਾਨਕ ਦੇਵ ਜੀ ਤੋਂ ਸਿਧਾਂਤਕ ਵੱਖਰਾਪਨ ਨਹੀਂ ਉਭਾਰ ਰਹੇ ਬਲਕਿ ਉਨ੍ਹਾਂ ਦੁਆਰਾ ਚਲਾਏ ਰਾਹ ਨੂੰ ਹੋਰ ਵਿਸ਼ਾਲਤਾ ਅਤੇ ਵਿਵਹਾਰਕ ਰੂਪ ਨਾਲ ਅੱਗੇ ਵਧਾ ਰਹੇ ਹਨ। ਜਿਵੇਂ ਗੁਰੂ ਨਾਨਕ ਨੇ ਅਕਾਲ ਪੁਰਖ ਦੀ ਹਸਤੀ ਨੂੰ ਚਿਤਰਨ ਕਰਕੇ ਸਿਧਾਂਤ ਨੂੰ ਵੱਖਰਾਪਨ ਅਤੇ ਵਿਸ਼ਾਲਤਾ ਦਿੱਤੀ ਉਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਸਪੱਸ਼ਟ ਕਰਦੇ ਦਿਖਾਈ ਦੇ ਰਹੇ ਹਨ। ਅਕਾਲ ਪੁਰਖ ਦੇ ਸਾਰੇ ਗੁਣਾਂ ਨੂੰ ਜੋ ਉਸਦੀ ਹਸਤੀ ਨੂੰ ਸਰਵਉੱਚਤਾ ਅਤੇ ਸਦੀਵਤਾ ਦੇ ਰੂਪ ਵਿਚ ਦਰਸਾਉਂਦੇ ਹਨ ਉਹੀ ਗੁਣ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ਵਿਚ ਸਪੱਸ਼ਟ ਕਰਕੇ ਅੰਤਿਮ ਰੂਪ ਵਿਚ ਸਥਾਪਤ ਕਰਦੇ ਨਜ਼ਰ ਆ ਰਹੇ ਹਨ। ਮੂਲ ਮੰਤਰ ਆਪਣੇ ਆਪ ਵਿਚ ਗੁਰੂ ਨਾਨਕ ਦੁਆਰਾ ਸਥਾਪਤ ਸਿਧਾਂਤ ਦੀ ਪਰਪੱਕਤਾ ਹੈ। ਗੁਰੂ ਨਾਨਕ ਦੁਆਰਾ ਸਥਾਪਤ ਜੀਵਨ ਜਾਚ ਜੋ ਨਿਰੋਲ ਪਰਮ ਸੱਤਾ ਦੀ ਹਸਤੀ ਅਤੇ ਪ੍ਰੇਮਾ-ਭਗਤੀ ਵਿਚ ਵਿਸ਼ਵਾਸ ਤੇ ਆਧਾਰਤ ਹੈ ਉਸ ਜੀਵਨ ਜਾਚ ਨੂੰ ਫਾਲਤੂ ਅਡੰਬਰਾਂ ਜਾਂ ਧਾਰਮਿਕ ਕਹੀਆਂ ਜਾਂਦੀਆਂ ਪਰ ਧਾਰਮਿਕ, ਸਮਾਜਿਕ ਅਤੇ ਵਿਵਹਾਰਕ ਕੁਰੀਤੀਆਂ ਨੂੰ ਖੋਲ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸਰਲ ਵਿਸ਼ਾਲ ਵਿਵਹਾਰਿਕ ਢੰਗ ਨਾਲ ਬਿਆਨ ਕੀਤਾ ਹੈ ਤਾਂ ਕਿ ਅੰਤਿਮ ਮੋਹਰ ਦੇ ਰੂਪ ਵਿਚ ਉਨ੍ਹਾਂ ਦੁਆਰਾ ਚਲਾਇਆ ਪੰਥ ਨਾ ਤਾਂ ਗੁਰੂ ਨਾਨਕ ਦੇ ਪੰਥ ਤੋਂ ਵੱਖਰਾ ਹੋਵੇ ਅਤੇ ਨਾ ਹੀ ਵਿਵਹਾਰਿਕਤਾ ਪੱਖੋਂ ਸੰਕੀਰਨ ਹੋਵੇ।

ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੀ ਜ਼ਮੀਨ ਦੇ ਠੋਸ ਹੋਣ ਦਾ ਪੁਖਤਾ ਸਬੂਤ ਹੈ ਉਨ੍ਹਾਂ ਦੁਆਰਾ ਇਹ ਦਰਸਾਏ ਜਾਣਾ ਕਿ ਉਹ ਜੋ ਵੀ ਲਿਖ ਜਾਂ ਬੋਲ ਰਹੇ ਹਨ ਉਹ ਆਪ ਨਹੀਂ ਬੋਲ ਰਹੇ। ਉਹ ਉਨ੍ਹਾਂ ਦੀ ਮਨ ਦੀ ਵਿਚਾਰਧਾਰਾ ਨਹੀਂ ਬਲਕਿ ਅਕਾਲ ਪੁਰਖ ਦੇ ਹੁਕਮ ਨਾਲ ਜੁੜਿਆ ਹੋਇਆ ਇਕ ਦੈਵੀ ਅਤੇ ਅਨੰਤ ਪਰਵਾਹ ਹੈ। ਜਿਸਦਾ ਇਕ ਮਾਤਰ ਮਕਸਦ ਉਸ ਅਕਾਲ ਪੁਰਖ ਦੇ ਇਕਤੱਵ ਬਾਰੇ ਚੇਤਨਾ ਨੂੰ ਉਜਾਗਰ ਕਰਕੇ ਉਸ ਨੂੰ ਧਾਰਮਿਕ ਜੀਵਨ-ਜਾਚ ਦਾ ਅਟੁੱਟ ਅੰਗ ਬਣਾਉਣਾ ਹੈ। ਇਸ ਦੇ ਨਾਲ ਮਨੁੱਖ ਮਾਤਰ ਨੂੰ ਇਕ ਅਕਾਲ ਦਾ ਆਰਾਧੀ ਬਣਾ ਕੇ ਉਸ ਨੂੰ ਉਸ ਇਲਾਹੀ ਅਤੇ ਅਨੰਤ ਸ਼ਕਤੀ ਨਾਲ ਜੋੜ ਦੇਣਾ ਜਿਸ ਲਈ ਸ੍ਰਿਸ਼ਟੀ ਦੀ, ਧਰਮ ਦੀ ਅਤੇ ਧਾਰਮਿਕ ਹਸਤੀਆਂ ਦੀ ਹੋਂਦ ਬਣੀ ਹੈ। ਉਹ ਅਸਲ ਮਾਹਨਿਆਂ ਵਿਚ ਅਕਾਲ ਤੋਂ ਪਰਗਟ ਹੋਏ ਅਧਿਆਤਮਿਕ ਸੁਚੱਤਾ ਅਤੇ ਸਮੁੱਚਤਾ ਦੇ ਵਿਧਾਨ ਦਾ ਵਿਸਥਾਰ ਕਰਨ ਲਈ ਆਏ ਹਨ, ਜਿਸ ਦੀ ਸਥਾਪਨਾ ਇਲਾਹੀ ਹੁਕਮ ਨਾਲ ਹੀ ਉਨ੍ਹਾਂ ਤੋਂ ਪਹਿਲਾਂ ਰੱਖੀ ਜਾ ਚੁੱਕੀ ਸੀ। ਬਿਨਾਂ ਸ਼ੱਕ ਇਹ ਉਨ੍ਹਾਂ ਦੇ ਧਾਰਮਿਕ ਜੀਵਨ ਦਾ ਪ੍ਰਯੋਜਨ ਰਿਹਾ ਹੈ। ਪਰ ਉਨ੍ਹਾਂ ਦਾ ਧਾਰਮਿਕ ਮਕਸਦ ਇਥੇ ਹੀ ਸੰਪੂਰਨ ਨਹੀਂ ਹੋਇਆ।

ਇਕ ਤਾਂ ਧਾਰਮਿਕ ਕਹੇ ਜਾਂਦੇ ਪਰ ਫੋਕੇ ਕਰਮਕਾਂਡਾ, ਧਰਮ ਦੇ ਨਾਮ ਤੇ ਧਾਰਨ ਕੀਤੇ ਜਾਂਦੇ ਭੇਖਾਂ, ਅਤੇ ਪਰਮਾਤਮਾ ਦੀ ਜਗ੍ਹਾ ਪੂਜੇ ਜਾਂਦੇ ਹੋਰ ਅਨੇਕ ਸਾਧਨਾ (ਮੂਰਤੀ, ਦੇਵਤੇ, ਕੁਦਰਤੀ ਤਾਕਤਾਂ, ਪੰਜ ਭੂਤ, ਪੈਗੰਬਰ, ਅਵਤਾਰ, ਔਲੀਏ ਆਦਿ) ਦੀ ਜਗ੍ਹਾ ਕੇਵਲ ਇਕ ਅਕਾਲ ਦੀ ਅਰਾਧਨਾ ਦਾ ਹੀ ਧਰਮ ਚਲਾਇਆ। ਉਨ੍ਹਾਂ ਨੇ ਪੂਜਾ ਦੀ ਨਿਖੇਧੀ ਨਹੀਂ ਕੀਤੀ ਬਲਕਿ ਨਾ ਪੂਜਣ-ਯੋਗ ਦੀ ਪੂਜਾ ਦੀ ਨਿਖੇਧੀ ਕੀਤੀ। ਜੋ ਪੂਜਣ ਯੋਗ ਨਹੀਂ ਬਲਕਿ ਪੂਜਣ ਯੋਗ ਦਾ ਸੰਦੇਸ਼-ਵਾਹਕ ਹੈ ਪਰ ਮਨੁੱਖ ਨੇ ਅਗਿਆਨਤਾ ਵੱਸ ਹੋ ਕੇ ਉਸੇ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਉਹ ਕਦੇ ਵੀ ਪੂਜੇ ਜਾਣ ਦਾ ਅਧਿਕਾਰੀ ਨਹੀਂ ਹੈ। ਪਰ ਕਿਉਂਕਿ ਜਿਸ ਦੀ ਭਗਤੀ ਹੋਣੀ ਚਾਹੀਦੀ ਸੀ ਉਸ ਦੀ ਨਹੀਂ ਹੋਈ ਤਾਂ ਉਸੇ ਧਾਰਮਿਕ ਅੱਧੋਗਤੀ ਦੇ ਪ੍ਰਤੀਕਰਮ ਵਜੋਂ ਗੁਰੂ ਜੀ ਦਾ ਸੰਸਾਰ ਵਿਚ ਆਉਣਾ ਅਤੇ ਸਿਧਾਂਤ ਨੂੰ ਇਲਾਹੀ ਹੁਕਮ ਅਨੁਸਾਰ ਸਥਾਪਤ ਕੀਤੇ ਹੋਏ ਨੂੰ ਹੋਰ ਵਿਸਥਾਰ ਨਾਲ ਵਿਵਹਾਰਿਕ ਰੂਪ ਦੇ ਕੇ ਅੱਗੇ ਵਧਾਉਣ ਦਾ ਪਰਯੋਜਨ ਲੈ ਕੇ ਹੀ ਗੁਰੂ ਜੀ ਸੰਸਾਰ ਵਿਚ ਬਿਰਾਜੇ।

Illumination Colors From Guru Nanak Dev to Guru Gobind Singhਉਨ੍ਹਾਂ ਇਹ ਵੀ ਸਥਾਪਤ ਕੀਤਾ ਕਿ ਸਾਰੀ ਦੀ ਸਾਰੀ ਧਾਰਮਿਕ ਸਥਾਪਨਾ ਦੈਵੀ ਸ੍ਰੋਤ ਤੋਂ ਹੀ ਉਤਪੰਨ ਹੋਏ ਵਿਧਾਨ ਤੋਂ ਹੁੰਦੀ ਹੈੈ। ਦਸਮ ਗ੍ਰੰਥ ਵਿਚ ਬਚਿੱਤਰ ਨਾਟਕ ਦੇ ਹਵਾਲੇ ਵਿਚ ਨਿਮਨਲਿਖਿਤ ਪ੍ਰਸੰਗ ਕਾਫੀ ਲਾਭਕਾਰੀ ਹੋ ਸਕਦਾ ਹੈ;

  • ਪ੍ਰਭੂ ਨੇ (ਜੋ ਕੁਝ) ਕਿਹਾ ਹੈ, ਉਹੀ (ਮੈਂ) ਕਹਾਂਗਾ, ਕਿਸੇ ਦੀ ਵੀ ਪਰਵਾਹ ਨਹੀਂ ਰਖਾਂਗਾ। ਕਿਸੇ ਭੇਖ ਤੋਂ ਪ੍ਰਭਾਵਿਤ ਨਹੀਂ ਹੋਵਾਂਗਾ ਅਤੇ ਪ੍ਰਭੂ (‘ਅਲੇਖ’ ਦੇ ਨਾਂ ਦਾ) ਬੀਜ ਬੀਜਾਂਗਾ (ਅਰਥਾਤ ਪ੍ਰਚਾਰ ਕਰਾਂਗਾ)। ਮੈਂ ਪੱਥਰ-ਪੂਜ ਨਹੀਂ ਹਾਂ ਅਤੇ ਨਾ ਹੀ (ਕਿਸੇ ਵਿਸ਼ੇਸ਼) ਭੇਖ ਵਿਚ ਭਿਜਣ ਵਾਲਾ ਹਾਂ। (ਮੈਂ) ਪ੍ਰਭੂ ਦੇ ਨਾਮ ਦਾ ਸਿਮਰਨ ਕਰਾਂਗਾ ਅਤੇ ਪਰਮ ਪੁਰਖ ਨੂੰ ਪ੍ਰਾਪਤ ਕਰਾਂਗਾ
  • (ਮੈਂ) ਸੀਸ ਉਤੇ ਜਟਾਵਾਂ ਧਾਰਨ ਨਹੀਂ ਕਰਾਂਗਾ ਅਤੇ ਨਾ ਹੀ (ਕੰਨਾਂ ਵਿਚ) ਮੁੰਦਰਾਂ ਪਾਵਾਂਗਾ। ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗਾ, ਜੋ ਪ੍ਰਭੂ ਨੇ ਕਿਹਾ ਹੈ, ਉਹੀ ਕਰਾਂਗਾ।
  • (ਮੈਂ ਕੇਵਲ) ਇਕ (ਪ੍ਰਭੂ ਦੇ) ਨਾਮ ਦਾ ਭਜਨ ਕਰਾਂਗਾ ਜੋ ਸਾਰਿਆਂ ਸਥਾਨਾਂ ਉਤੇ ਕੰਮ ਆਉਣ ਵਾਲਾ ਹੈ।
  • (ਮੈਂ) ਕਿਸੇ ਹੋਰ ਦਾ ਜਾਪ ਨਹੀਂ ਜਪਾਂਗਾ ਅਤੇ ਨਾ ਹੀ ਹੋਰ ਕੋਈ ਸਥਾਪਨਾ ਕਰਾਂਗਾ। (ਮੈਂ) ਪ੍ਰਭੂ (ਬੇਅੰਤ) ਦੇ ਨਾਮ ਦਾ ਸਿਮਰਨ ਕਰਾਂਗਾ ਅਤੇ (ਉਸ) ਪਰਮ-ਜੋਤਿ ਨੂੰ ਪ੍ਰਾਪਤ ਕਰਾਂਗਾ।
  • (ਮੈਂ) ਕਿਸੇ ਹੋਰ (ਇਸ਼ਟ-ਦੇਵ ਦਾ) ਧਿਆਨ ਨਹੀਂ ਧਰਾਂਗਾ ਅਤੇ ਨਾ ਹੀ (ਕਿਸੇ) ਦੂਜੇ ਦਾ ਨਾਮ ਉਚਾਰਾਂਗਾ। ਤੇਰੇ ਇਕ ਨਾਮ ਵਿਚ (ਪੂਰੀ ਤਰ੍ਹਾਂ) ਰੰਗਿਆ ਜਾਵਾਂਗਾ, ਹੋਰ ਕਿਸੇ ਮਾਨ-ਸਨਮਾਨ ਵਿਚ ਮਗਨ ਨਹੀਂ ਹੋਵਾਂਗਾ।
  • (ਮੈਂ ਪਰਮਾਤਮਾ ਦੇ) ਸ੍ਰੇਸ਼ਠ ਧਿਆਨ ਨੂੰ (ਹਿਰਦੇ ਵਿਚ) ਧਾਰਨ ਕਰਾਂਗਾ ਅਤੇ (ਇਸ ਤਰ੍ਹਾਂ ਕਰਨ ਨਾਲ) ਅਨੇਕ ਪਾਪਾਂ ਨੂੰ ਟਾਲ ਦਿਆਂਗਾ।
    ਤੇਰੇ ਹੀ ਰੂਪ ਵਿਚ ਲੀਨ ਹੋਵਾਂਗਾ, ਹੋਰ ਕਿਸੇ ਦੇ ਦਾਨ ਵਿਚ ਰੁਚਿਤ ਨਹੀਂ ਹੋਵਾਂਗਾ। ਤੇਰੇ ਹੀ ਇਕ ਨਾਮ ਨੂੰ ਉਚਾਰਾਂਗਾ ਅਤੇ ਬੇਅੰਤ ਦੁਖਾਂ ਨੂੰ ਦੂਰ ਕਰ ਦਿਆਂਗਾ।
  • ਜਿਸ ਜਿਸ ਨੇ ਤੇਰੇ ਨਾਮ ਦੀ ਆਰਾਧਨਾ ਕੀਤੀ ਹੈ, ਉਸ ਦੇ ਨੇੜੇ ਦੁਖ ਅਤੇ ਪਾਪ ਨਹੀਂ ਆਉਂਦੇ ਹਨ। ਜਿਹੜੇ ਜਿਹੜੇ ਹੋਰਨਾਂ ਦੇ ਧਿਆਨ ਨੂੰ ਧਾਰਦੇ ਹਨ, ਉਹ (ਅਧਿਆਤਮਿਕ) ਝਗੜਿਆਂ ਵਿਚ ਬਹਿਸ ਬਹਿਸ ਕੇ ਮਰਦੇ ਹਨ।
  • ਇਹੀ ਕੰਮ (ਕਰਨ ਲਈ) ਅਸੀਂ ਜਗਤ ਵਿਚ ਆਏ ਹਾਂ, ਧਰਮ (ਦੇ ਪ੍ਰਸਾਰ) ਲਈ ਨਿਰਾਕਾਰ (ਗੁਰਦੇਵ) ਨੇ ਭੇਜਿਆ ਹੈ। ਜਿਥੇ ਕਿਥੇ (ਸਰਬਤ੍ਰ) ਤੁਸੀਂ ਧਰਮ ਦਾ ਵਿਸਤਾਰ ਕਰੋ ਅਤੇ ਦੁਸ਼ਟਾਂ ਅਤੇ ਦੋਖੀਆਂ ਨੂੰ ਪਕੜ ਕੇ ਪਛਾੜ ਦਿਓ।

ਇਸੇ ਕੰਮ ਲਈ ਅਸੀਂ ਜਨਮ ਧਾਰਨ ਕੀਤਾ ਹੈ। ਹੇ ਸਾਧੂ ਪੁਰਸ਼ੋ! ਇਸ ਨੂੰ ਚੰਗੀ ਤਰ੍ਹਾਂ ਮਨ ਵਿਚ ਸਮਝ ਲਵੋ। (ਇਸ ਤਰ੍ਹਾਂ ਸਾਡਾ ਕਰਤੱਵ ਹੈ ਕਿ) ਧਰਮ ਨੂੰ ਚਲਾਇਆ ਜਾਏ ਅਤੇ ਸੰਤਾਂ ਦਾ ਉੱਧਾਰ ਕੀਤਾ ਜਾਏ ਅਤੇ ਸਾਰਿਆਂ ਦੁਸ਼ਟਾਂ ਨੂੰ ਜੜ੍ਹੋਂ ਪੁਟਿਆ ਜਾਏ। ਜਿਹੜੇ ਜਿਹੜੇ ਪਹਿਲੇ ਅਵਤਾਰ ਹੋਏ ਹਨ, ਉਨ੍ਹਾਂ ਨੇ ਆਪਣੇ ਆਪਣੇ (ਨਾਮ ਦਾ) ਜਾਪ ਕਰਵਾਇਆ ਹੈ। ਕਿਸੇ ਵੀ ਪ੍ਰਭੂ-ਦੋਖੀ ਦਾ ਨਾਸ਼ ਨਹੀਂ ਕੀਤਾ ਅਤੇ ਨਾ ਹੀ (ਲੋਕਾਂ ਨੂੰ) ਧਰਮ ਕਰਨ ਵਾਲੇ ਰਾਹ ਉਤੇ ਪਾਇਆ ਹੈ। ਜਿਹੜੇ ਜਿਹੜੇ ਪੀਰ-ਫ਼ਕੀਰ ਅਤੇ ਨੱਬੀ ਹੋਏ ਹਨ, (ਉਹ ਸਾਰੇ) ਮੈਂ ਮੈਂ ਕਰਦਿਆਂ ਜਗਤ ਤੋਂ ਗਏ ਹਨ। ਕਿਸੇ ਨੇ ਵੀ ਮਹਾਪੁਰਖ (ਪ੍ਰਭੂ) ਨੂੰ ਨਹੀਂ ਪਛਾਣਿਆ ਅਤੇ ਧਰਮ-ਕਰਮ ਨੂੰ ਵੀ ਕੁਝ ਨਹੀਂ ਜਾਣਿਆ। ਹੋਰਨਾਂ ਦੀ ਆਸ ਦਾ ਕੁਝ ਵੀ (ਮਹੱਤਵ) ਨਹੀਂ ਹੈ, ਇਕੋ (ਨਿਰੰਕਾਰ) ਦੀ ਆਸ ਨੂੰ ਮਨ ਵਿਚ ਧਾਰਨ ਕਰੋ। ਹੋਰਨਾਂ (ਦੇਵੀ-ਦੇਵਤਿਆਂ) ਦੀ ਆਸ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ। (ਇਸ ਲਈ ਕੇਵਲ) ਉਸ ਪ੍ਰਭੂ ਦੀ ਆਸ ਨੂੰ ਮਨ ਵਿਚ ਧਾਰਨ ਕਰੋ। ਕੋਈ ਕੁਰਾਨ ਨੂੰ ਪੜ੍ਹਦਾ ਹੈ ਅਤੇ ਕੋਈ ਪੁਰਾਣ ਪੜ੍ਹਦਾ ਹੈ। (ਪਰ) ਇਹ ਸਭ ਵਿਅਰਥ ਧਾਰਮਿਕ ਉਪਚਾਰ ਹਨ ਅਤੇ ਕਾਲ ਤੋਂ ਬਚਾ ਨਹੀਂ ਸਕਦੇ। ਕਈ ਕਰੋੜਾਂ (ਲੋਕ) ਮਿਲ ਕੇ ਕੁਰਾਨ ਪੜ੍ਹਦੇ ਹਨ ਅਤੇ (ਕਈ) ਅਣਜਾਣ ਲੋਕ ਪੁਰਾਣਾਂ ਨੂੰ ਵਾਚਦੇ ਹਨ, (ਪਰ) ਅੰਤ-ਕਾਲ (ਇਨ੍ਹਾਂ ਵਿਚੋਂ) ਕੋਈ ਵੀ ਕੰਮ ਨਹੀਂ ਆਉਂਦਾ (ਕਿਉਂਕਿ) ਕਾਲ ਦੇ ਦਾਓ ਤੋਂ ਕੋਈ ਵੀ ਬਚਾ ਨਹੀਂ ਸਕਦਾ। ਹੇ ਭਾਈ! ਤੂੰ ਉਸ ਦੀ ਆਰਾਧਨਾ ਕਿਉਂ ਨਹੀਂ ਕਰਦਾ ਜੋ ਅੰਤ-ਕਾਲ ਸਹਾਇਕ ਹੁੰਦਾ ਹੈ। ਫੋਕਟ ਧਰਮਾਂ ਨੂੰ ਭਰਮ ਸਮਝੋ (ਕਿਉਂਕਿ) ਇਨ੍ਹਾਂ ਤੋਂ ਕੋਈ ਵੀ ਕੰਮ ਰਾਸ ਨਹੀਂ ਆ ਸਕਦਾ। ਇਸ ਕਰਕੇ ਪ੍ਰਭੂ ਨੇ ਸਾਡੀ ਸਿਰਜਨਾ ਕੀਤੀ ਹੈ ਅਤੇ (ਇਹ ਸਾਰਾ) ਭੇਦ ਦਸ ਕੇ ਇਸ ਲੋਕ ਵਿਚ ਭੇਜਿਆ ਹੈ। ਜੋ ਉਸ ਨੇ ਕਿਹਾ ਹੈ, (ਕੇਵਲ) ਉਹੀ ਸਾਰਿਆਂ ਨੂੰ ਦਸਾਂਗਾ ਅਤੇ ਕੋਈ ਵੀ ਪਾਖੰਡ ਆਦਿ ਬਿਲਕੁਲ ਨਹੀਂ ਕਰਾਂਗਾ। ਇਸ ਦਾ ਦਸਮ ਗ੍ਰੰਥ ਦੇ ਭਾਗ ਬਚਿੱਤਰ ਨਾਟਕ ਵਿਚ ਰੂਪ ਇਸ ਤਰਾਂ ਹੈ;

ਕਹਿਯੋ ਪ੍ਰਭੂ ਸੁ ਭਾਖਿਹੌ ॥ ਕਿਸੂ ਨ ਕਾਨ ਰਾਖਿਹੌ ॥
ਕਿਸੂ ਨ ਭੇਖ ਭੀਜਹੌ ॥ ਅਲੇਖ ਬੀਜ ਬੀਜਹੌ ॥੩੪॥
ਪਖਾਣ ਪੂਜਿ ਹੌ ਨਹੀ॥ ਨ ਭੇਖ ਭੀਜ ਹੌ ਕਹੀ ॥
ਅਨੰਤ ਨਾਮੁ ਗਾਇਹੌ॥ ਪਰਮ ਪੁਰਖ ਪਾਇਹੌ ॥੩੫॥
ਜਟਾ ਨ ਸੀਸ ਧਾਰਿਹੌ॥ ਨ ਮੁੰਦ੍ਰਕਾ ਸੁ ਧਾਰਿਹੌ ॥
ਨ ਕਾਨਿ ਕਾਹੂੰ ਕੀ ਧਰੋ॥ ਕਹਿਯੋ ਪ੍ਰਭੂ ਸੁ ਮੈ ਕਰੋ ॥੩੬॥
ਭਜੋ ਸੁ ਏਕੁ ਨਾਮਯੰ॥ ਜੁ ਕਾਮ ਸਰਬ ਠਾਮਯੰ ॥
ਨ ਜਾਪ ਆਨ ਕੋ ਜਪੋ॥ ਨ ਅਉਰ ਥਾਪਨਾ ਥਪੋ ॥੩੭॥
ਬਿਅੰਤਿ ਨਾਮੁ ਧਿਆਇਹੌ॥ ਪਰਮ ਜੋਤਿ ਪਾਇਹੌ ॥
ਨ ਧਿਆਨ ਆਨ ਕੋ ਧਰੋ॥ ਨ ਨਾਮੁ ਆਨਿ ਉਚਰੋ ॥੩੮॥
ਤਵਿਕ ਨਾਮ ਰਤਿਯੰ॥ ਨ ਆਨ ਮਾਨ ਮਤਿਯੰ
ਪਰਮ ਧਿਆਨ ਧਾਰੀਯੰ॥ ਅਨੰਤ ਪਾਪ ਟਾਰੀਯੰ ॥੩੯॥
ਤੁਮੇਵ ਰੂਪ ਰਾਚਿਯੰ॥ ਨ ਆਨ ਦਾਨ ਮਾਚਿਯੰ ॥
ਤਵਕਿ ਨਾਮੁ ਉਚਾਰੀਯੰ॥ ਅਨੰਤ ਦੂਖ ਟਾਰੀਯੰ ॥੪੦॥
ਜਿਨਿ ਜਿਨਿ ਨਾਮੁ ਤਿਹਾਰੋ ਧਿਆਇਆ॥ ਦੂਖ ਪਾਪ ਤਿਨ ਨਿਕਟਿ ਨ ਆਇਆ॥
ਜੇ ਜੇ ਅਉਰ ਧਿਆਨ ਕੋ ਧਰਹੀ॥ ਬਹਿਸਿ ਬਹਿਸਿ ਬਾਦਨ ਤੇ ਮਰਹੀ॥੪੧॥
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵਿ ਪਠਾਏ ॥
ਜਹਾ ਤਹਾ ਤੁਮ ਧਰਮ ਬਿਥਾਰੋ॥ ਦੁਸਟ ਦੋਖਯਨਿ ਪਕਰਿ ਪਛਾਰੋ ॥੪੨॥
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਿਨ ॥੪੩॥
ਜੇ ਜੇ ਭਏ ਪਹਿਲ ਅਵਤਾਰਾ॥ ਆਪੁ ਆਪੁ ਤਿਨ ਜਾਪੁ ਉਚਾਰਾ ॥
ਪ੍ਰਭ ਦੋਖੀ ਕੋਈ ਨ ਬਿਦਾਰਾ॥ ਧਰਮ ਕਰਨ ਕੋ ਰਾਹੁ ਨ ਡਾਰਾ ॥੪੪॥
ਜੇ ਜੇ ਗਉਸ ਅੰਬੀਆ ਭਏ॥ ਮੈ ਮੈ ਕਰਤ ਜਗਤ ਤੇ ਗਏ ॥
ਮਹਾਪੁਰਖ ਕਾਹੂੰ ਨ ਪਛਾਨਾ॥ ਕਰਮ ਧਰਮ ਕੋ ਕਛੂ ਨ ਜਾਨਾ ॥੪੫॥
ਅਵਰਨ ਕੀ ਆਸਾ ਕਿਛੁ ਨਾਹੀ॥ ਏਕੈ ਆਸ ਧਰੋ ਮਨ ਮਾਹੀ ॥
ਆਨ ਆਸ ਉਪਜਤ ਕਿਛੁ ਨਾਹੀ॥ ਵਾ ਕੀ ਆਸ ਧਰੋ ਮਨ ਮਾਹੀ ॥੪੬॥
ਕੋਈ ਪੜਤਿ ਕੁਰਾਨ ਕੋ ਕੋਈ ਪੜਤ ਪੁਰਾਨ ॥
ਕਾਲ ਨ ਸਕਤ ਬਚਾਇਕੈ ਫੋਕਟ ਧਰਮ ਨਿਦਾਨ ॥੪੭॥
ਕਈ ਕੋਟਿ ਮਿਲਿ ਪੜਤ ਕੁਰਾਨਾ॥ ਬਾਚਤ ਕਿਤੇ ਪੁਰਾਨ ਅਜਾਨਾ ॥
ਅੰਤਿ ਕਾਲਿ ਕੋਈ ਕਾਮ ਨ ਆਵਾ॥ ਦਾਵ ਕਾਲ ਕਾਹੂੰ ਨ ਬਚਾਵਾ॥੪੮॥
ਕਿਉ ਨ ਜਪੋ ਤਾ ਕੋ ਤੁਮ ਭਾਈ॥ ਅੰਤਿ ਕਾਲਿ ਜੋ ਹੋਇ ਸਹਾਈ॥
ਫੋਕਟ ਧਰਮ ਲਖੋ ਕਰ ਭਰਮਾ॥ ਇਨ ਤੇ ਸਰਤ ਨ ਕੋਈ ਕਰਮਾ ॥੪੯॥
ਇਹ ਕਾਰਨਿ ਪ੍ਰਭ ਹਮੈ ਬਨਾਯੋ॥ ਭੇਦੁ ਭਾਖਿ ਇਹ ਲੋਕ ਪਠਾਯੋ ॥
ਜੋ ਤਿਨ ਕਹਾ ਸੁ ਸਭਨ ਉਚਰੋ॥ ਡਿੰਭ ਵਿੰਭ ਕਛੁ ਨੈਕ ਨ ਕਰੋ ॥੫੦॥
ਨ ਜਟਾ ਮੁੰਡਿ ਧਾਰੌ ॥ ਨ ਮੁੰਦ੍ਰਕਾ ਸਵਾਰੌ ॥
ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥੫੧॥
ਨ ਨੈਨੰ ਮਿਚਾਉ ॥ ਨ ਡਿੰਭੰ ਦਿਖਾਉ ॥
ਨ ਕੁਕਰਮੰ ਕਮਾਉ॥ ਨ ਭੇਖੀ ਕਹਾਉ ॥੫੨॥
ਜਨ ਕਛੁ ਕੈ ਨ ਬਿਚਾਰੈ॥ ਸਮਝ ਲੇਹੁ ਸਭ ਜਨ ਮਨ ਮਾਹੀ ॥
ਡਿੰਭਨ ਮੈ ਪਰਮੇਸੁਰ ਨਾਹੀ॥੫੩॥ ਜੇ ਜੇ ਕਰਮ ਕਰਿ ਡਿੰਭ ਦਿਖਾਹੀ ॥
ਤਿਨ ਪਰਲੋਕਨ ਮੋ ਗਤਿ ਨਾਹੀ॥ ਜੀਵਤ ਚਲਤ ਜਗਤ ਕੇ ਕਾਜਾ ॥
ਸ੍ਵਾਂਗ ਦੇਖਿ ਕਰਿ ਪੂਜਤ ਰਾਜਾ॥੫੪॥ ਸੁਆਂਗਨ ਮੈ ਪਰਮੇਸੁਰ ਨਾਹੀ ॥
ਖੋਜਿ ਫਿਰੈ ਸਭ ਹੀ ਕੋ ਕਾਹੀ॥
ਅਪਨੋ ਮਨੁ ਕਰ ਮੋ ਜਿਹ ਆਨਾ॥ ਪਾਰਬ੍ਰਹਮ ਕੋ ਤਿਨੀ ਪਛਾਨਾ ॥੫੫॥

ਬਚਿਤ੍ਰ ਨਾਟਕ ਅ. ੬ ਸ੍ਰੀ ਦਸਮ ਗ੍ਰੰਥ ਸਾਹਿਬ

ਹੁਣ ਸੁਆਲ ਉੱਠਦਾ ਹੈ ਕਿ ਇੰਨੇ ਸਮਰੱਥ ਧਾਰਮਿਕ ਵਿਧਾਨ ਨੂੰ ਤਲਵਾਰ ਦੀ ਜ਼ਰੂਰਤ ਕਿਉਂ ਪਈ ਅਤੇ ਪੰਜ ਕਕਾਰਾਂ ਵਾਲੇ ਖਾਲਸਾ ਰੂਪ ਦੀ ਜ਼ਰੂਰਤ ਕਿਉਂ ਪਈ। ਮੁੱਦਾ ਇਹ ਤਾਂ ਹੈ ਹੀ ਕਿ ਅਕਾਲ ਪੁਰਖ ਦੇ ਇਕਤੱਵ ਸਿਧਾਂਤ ਨੂੰ ਵਿਸਤ੍ਰਿਤ ਰੂਪ ਵਿਚ ਲਾਗੂ ਹੋਏ ਨੂੰ ਵਿਵਹਾਰਿਕ ਰੂਪ ਵਿਚ ਸੰਭਾਲਣਾ ਜ਼ਰੂਰੀ ਸੀ ਕਿ ਸਿਧਾਂਤ ਖਿਲੱਰ ਨਾ ਜਾਏ ਇਸ ਵਾਸਤੇ ਸਿੱਖ ਫਲਸਫੇ ਨੂੰ ਅੰਤਿਮ ਰੂਪ ਵਿਚ ਸਥਾਪਤ ਕਰਨ ਲਈ ਸਭ ਤੋਂ ਪਹਿਲਾਂ ਗੁਰੂ ਸਿੱਖ ਪਰੰਪਰਾ ਵਿਚ ਗੁਰੂ ਸਿਧਾਂਤ ਨੂੰ ਨਾ ਖਿਲੱਰਨਯੋਗ ਬਨਾਉਣ ਲਈ ਗੁਰੂ ਸਿਧਾਂਤ ਦੇ ਅਤਿ ਸੂਖਮ ਰੂਪ; ਸ਼ਬਦ ਰੂਪ ਨੂੰ ਸੰਯੋਜਕ ਤਰੀਕੇ ਨਾਲ ਸਥਾਪਤ ਕਰਨ ਹਿਤ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਦੇ ਰੂਪ ਵਿਚ ਸਥਾਪਤ ਕਰਕੇ ਸ਼ਬਦ ਨੂੰ ਸਿੱਖਾਂ ਦੇ ਸਦੀਵੀ ਗੁਰੂ ਮੰਨਣ ਦਾ ਹੁਕਮ ਕੀਤਾ ਗਿਆ। ਸਿੱਖੀ ਜੀਵਨ ਜਾਚ ਨੂੰ ਸ਼ਬਦ ਅਨੁਸਾਰੀ ਜੀਵਨ ਜਾਚ ਦੇ ਅਨੁਰੂਪ ਕੀਤੇ ਜਾਣ ਲਈ ਜੋ ਨਿਯਮ ਪਰੰਪਰਾ ਵਿਚ ਚਲੇ ਆ ਰਹੇ ਸਨ ਉਨ੍ਹਾਂ ਨੂੰ ਪਰਪੱਕ ਤੌਰ ਤੇ ਵਿਸਥਾਰ ਦਿੰਦੇ ਹੋਏ ਸੰਸਥਾਵਾਂ ਦੇ ਰੂਪ ਵਿਚ ਸਦੀਵੀ ਬਨਾਉਣ ਦੀ ਲੜੀ ਤੋਰੀ। ਸ਼ਬਦ ਦੇ ਨਾਲ ਸ਼ਬਦ ਦੀ ਸੰਗਤ, ਸੰਗਤ ਦੇ ਨਾਲ ਸੰਗਤ ਦੀ ਮਰਿਯਾਦਾ, ਮਰਿਯਾਦਾ ਨਾਲ ਲੰਗਰ ਅਤੇ ਲੰਗਰ ਦੇ ਨਾਲ ਦਸਵੰਧ, ਦਸਵੰਧ ਦੇ ਨਾਲ ਗੁਰੂ ਘਰ ਜਾਂ ਗੁਰਦੁਆਰੇ, ਗੁਰਦੁਆਰੇ ਦੇ ਨਾਲ ਗੁਰਦੁਆਰੇ ਦੀ ਮਰਿਯਾਦਾ ਦੀ ਰੱਖਿਆ ਲਈ  ਘੇਰਾ ਅਤੇ ਉਸ ਘੇਰੇ ਨੂੰ ਤਾਕਤ ਦੇਣ ਲਈ ਤਲਵਾਰ ਆਪਣੇ ਆਪ ਵਿਚ ਇਕ ਬੇਹੱਦ ਜ਼ਰੂਰੀ ਸਾਧਨ ਬਣ ਚੁੱਕਾ ਸੀ।

Illumination Colors From Guru Nanak Dev to Guru Gobind Singhਸਿੱਖ ਖਾਲਸਾ ਉਦੋਂ ਹੋਇਆ ਜਦੋਂ ਉਹ ਕਿਸੇ ਵੀ ਵਿਚੋਲੇ ਨੂੰ ਆਪਣੇ ਅਤੇ ਆਪਣੇ ਇਸ਼ਟ ਵਿਚਾਲਿਉਂ ਕੱਢ ਕੇ ਸਿੱਧਾ ਆਪਣੇ ਇਸ਼ਟ ਨਾਲ ਇਕਮਿਕ ਹੁੰਦਾ ਹੈ। ਇਸ ਮਕਸਦ ਨੂੰ ਹਾਸਿਲ ਕਰਨ ਲਈ ਗੁਰੂ ਪਰੰਪਰਾ ਵਿਚ ਹਰ ਉਸ ਵਿਘਨ ਦਾ ਡੱਟ ਕੇ ਵਿਰੋਧ ਕੀਤਾ ਗਿਆ ਜੋ ਅਕਾਲ ਅਤੇ ਮਨੁੱਖ ਦੇ ਵਿਚਕਾਰ ਆ ਖੜ੍ਹਾ ਹੁੰਦਾ ਹੋਵੇ। ਇਸ ਰੁਕਾਵਟ ਵਿਚ ਉਹ ਸਾਰੇ ਕਿਸਮ ਦੇ ਦੇਵਤੇ, ਅਵਤਾਰ ਜਾਂ ਪੈਗੰਬਰ ਸ਼ਾਮਿਲ ਹਨ ਜਿਨ੍ਹਾਂ ਨੂੰ ਪਰਮਾਤਮਾ ਮੰਨ ਕੇ ਪੂਜਿਆ ਜਾਂਦਾ ਰਿਹਾ ਸੀ। ਪਰ ਗੁਰੂ ਪਰੰਪਰਾ ਜਿਸਦਾ ਸਿਖਰ ਗੁਰੂ ਗੋਬਿੰਦ ਸਿੰਘ ਜੀ ਨੇ ਗੁੰਦਿਆ ਨੇ ਕੇਵਲ ਤੇ ਕੇਵਲ ਅਕਾਲ ਦੀ ਹਸਤੀ ਨੂੰ ਅਤਿੰਮ ਪੂਜਣ ਯੋਗ ਹਸਤੀ ਮੰਨ ਕੇ ਉਸ ਵਿਧਾਨ ਨੂੰ ਲਾਗੂ ਕਰਕੇ ਉਸ ਦੇ ਵਿਰੋਧੀ ਭਾਵਾਂ ਨੂੰ ਪੂਰੀ ਤਰਾਂ ਭਾਰਤੀ ਜੀਵਨ ਜਾਚ ਵਿਚੋਂ ਕੱਢਣ ਦੀ ਕੋਸ਼ਿਸ਼ ਹਿਤ ਨਾ ਕੇਵਲ ਸੰਸਥਾਵਾਂ ਬਣਾਈਆਂ ਬਲਕਿ ਬਹੁਤ ਭਾਰੀ ਮਾਤਰਾ ਵਿਚ ਸਾਹਿਤ ਰਚਨਾ ਕਰ ਕੇ ਹਿੰਦੋਸਤਾਨੀਆਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਖਾਲਸਾ ਹੋਣ ਲਈ ਸੂਖਮ ਆਧਾਰ ਸੀ ਜਿਸਨੂੰ ਅਪਨਾ ਕੇ ਇਕ ਸਿੱਖ ਖਾਲਸਾ ਹੋਣ ਲਈ ਯੋਗ ਹੋ ਸਕਦਾ ਸੀ। ਪਰ ਇਸ ਦੇ ਨਾਲ ਹੀ ਇਥੇ ਇਹ ਸਪੱਸ਼ਟ ਕਰਨਾ ਲਾਜ਼ਮੀ ਹੈ ਕਿ ਧਾਰਮਿਕ ਹੋਣ ਦਾ ਮਤਲਬ ਕੇਵਲ ਇੰਨਾ ਹੀ ਨਹੀਂ ਹੁੰਦਾ ਕਿ ਉਹ ਧਰਮ ਦੇ ਨਿਯਮਾ ਅਨੁਸਾਰ ਚੱ ਕੇ ਇਸ਼ਟ ਭਗਤੀ ਕਰੇ। ਬਲਕਿ ਧਰਮ ਦਾ ਇਕ ਦੂਜਾ ਪਰ ਬਹੁਤ ਜ਼ਰੂਰੀ ਪੱਖ ਇਹ ਵੀ ਹੁੰਦਾ ਹੈ ਕਿ ਧਰਮ ਨੂੰ ਵਿਸਤ੍ਰਿਤ ਹੋਣ ਲਈ, ਫੈਲਣ ਲਈ ਅਤੇ ਸਦੀਵੀ ਤੌਰ ਤੇ ਸ਼ੁੱਧ ਰੂਪ ਰਹਿਣ ਲਈ ਉਸ ਦੀ ਭਾਹਰੀ ਪ੍ਰਭਾਵਾਂ ਅਤੇ ਮਾਰੂ ਖਤਰਿਆਂ ਤੋਂ ਰੱਖਿਆ ਵੀ ਕੀਤੀ ਜਾਵੇ। ਦੂਜਾ ਮੁੱਦਾ ਇਹ ਵੀ ਹੈ ਕਿ ਜੇ ਸਿੱਖ ਜਿੰਦਾ ਰਹਿਣਗੇ ਤਾਂ ਹੀ ਉਹ ਖਾਲਸਾ ਰੂਪ ਬਣ ਕੇ ਸੰਸਾਰ ਵਿਚ ਸਹੀ ਧਾਰਮਿਕ ਸੇਧ ਨੂੰ ਸਾਰਥਕ ਕਰ ਸਕਣਗੇ ਇਸ ਲਈ ਜੀਵਨ ਦੀ ਸੁਰੱਖਿਆ ਉਸ ਵੇਲੇ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਵੇਲੇ ਦੀਆਂ ਰਾਜਨੀਤਿਕ ਪਰਸਥਿਤੀਆਂ ਵਿਚ ਹਿੰਦੋਸਤਾਨੀਆਂ ਦਾ ਆਪਣੇ ਧਰਮ ਨੂੰ ਜੀਉਂਦੇ ਹੋਏ ਜਿੰਦਾ ਰਹਿਣਾ ਹੀ ਇਕ ਬਹੁਤ ਵੱਡਾ ਸੁਆਲ ਸੀ ਇਸ ਕਰਕੇ ਤਲਵਾਰ ਸਿੱਖਾਂ ਨੂੰ ਆਪਣੇ ਅਤੇ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਲਈ ਇਕ ਇਲਾਹੀ ਵਰਦਾਨ ਸੀ। ਸਿੱਖੀ ਦੇ ਪੰਜ ਕਕਾਰ ਉਹ ਉਸ ਵੇਲੇ ਦੀ ਹਕੂਮਤ ਲਈ ਹਰ ਤਰਾਂ ਦੀ ਵੰਗਾਰ ਦਾ ਨਿਸ਼ਾਨ ਬਣ ਕੇ ਇਹ ਸਿੱਧ ਕਰਦੇ ਮਾਲੂਮ ਹੁੰਦੇ ਹਨ ਕਿ ਹਕੂਮਤ ਨਾਲ ਮਿਲਟਰੀ ਟੱਕਰ ਲੈਣ ਤੋਂ ਪਹਿਲਾਂ ਉਸ ਦੀਆਂ ਮਾਰੂ ਤੇ ਵਿਰੋਧੀ ਨੀਤੀਆਂ ਨੂੰ ਸਮਝਣਾ ਤੇ ਉਨ੍ਹਾਂ ਦਾ ਵਿਰੋਧ ਕਰਨ ਲਈ ਪਰਤੱਖ ਰੂਪ ਵਿਚ ਉਜਾਗਰ ਹੋਣਾ ਵੀ ਜ਼ਰੂਰੀ ਹੋ ਜਾਂਦਾ ਹੈ।

ਤਕਰੀਬਨ 220 ਸਾਲ ਦਾ ਸਮਾ ਜਿਸ ਨੂੰ ਖਾਲਸਾ ਦੀ ਬਨਾਵਟ ਦਾ ਸਮਾ ਵੀ ਕਿਹਾ ਜਾ ਸਕਦਾ ਹੈ ਉਹ ਇਸੇ ਸਿਧਾਂਤ ਦੀ ਦੈਵੀ ਗਵਾਹੀ ਹੈ ਕਿ ਅਕਾਲ ਪੁਰਖ ਨੇ ਮਨੁੱਖ ਦੇ ਇਤਿਹਾਸ ਵਿਚ ਦਖਲ ਦੇ ਨਾਲ ਇਹ ਸਥਾਪਤ ਕੀਤਾ ਕਿ ਉਹ ਇਕੋ ਹੈ ਤੇ ਉਸ ਦੀ ਅਰਾਧਨਾ ਜਾਂ ਭਗਤੀ ਕੇਵਲ ਉਸ ਇਕ ਵਿਚ ਮਨ ਦੇ ਟਿਕਾਉ ਨਾਲ ਹੋ ਸਕਣੀ ਸੰਭਵ ਹੁੰਦੀ ਹੈ। ਇਸ ਦਾ ਇਹ ਵੀ ਮਤਲਬ ਨਹੀਂ ਕਢਿਆ ਜਾਣਾ ਚਾਹੀਦਾ ਕਿ ਗੁਰੂ ਨਾਨਕ ਤੋਂ ਪਹਿਲਾਂ ਚੱਲ ਰਹੇ ਧਾਰਮਿਕ ਵਿਧਾਨ ਜਾਂ ਵੱਖ-ਵੱਖ ਪਰੰਪਰਾਵਾਂ ਨੂੰ ਰੱਦ ਸਮਝ ਲਿਆ ਗਿਆ ਬਲਕਿ ਉਨ੍ਹਾਂ ਵਿਚ ਆਈਆਂ ਸਮੇਂ ਦੀਆਂ. ਇਤਿਹਾਸ ਦੀਆਂ ਗਿਰਾਵਟਾ ਅਤੇ ਮਿਲਾਵਟਾ ਦੀ ਦਰੁਸਤੀ ਕੀਤੀ ਗਈ। ਗੁਰੂ ਜੀ ਨੇ ਇਹ ਸਿੱਧ ਕੀਤਾ ਕਿ ਇਕ ਧਾਰਮਿਕ ਪ੍ਰਣਾਲੀ ਤੋਂ ਬਾਅਦ ਪੈਦਾ ਹੋਈ ਪ੍ਰਣਾਲੀ ਇਕ ਦੂਜੇ ਦੀ ਵਿਰੋਧੀ ਨਹੀਂ ਹੁੰਦੀ ਸਗੋਂ ਸਹਾਈ ਹੁੰਦੀ ਹੈ ਪਰ ਸਹੀ ਉਦੇਸ਼ ਦੀ ਸੇਧ ਹਿਤ ਆਈ ਰੁਕਾਵਟ ਨੂੰ ਦੂਰ ਕੀਤਾ ਜਾਂਦਾ ਹੈ। ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਲਗਭਗ ਦੋ ਕੁਸੌ ਸਾਲ ਦਾ ਸਮਾਂ ਹੈ ਜਿਸ ਵਿਚ ਗੁਰੂ ਨਾਨਕ ਦੁਆਰਾ ਚਲਾਇਆ ਇਕਈਸ਼ਵਰੀ ਪੰਥ ਹੈ ਜੋ ਪਹਾੜਾਂ, ਜੰਗਲਾਂ, ਕੰਦਰਾਂ ਦਾ ਜੀਵਨ ਢੰਗ ਨਹੀਂ ਬਲਕਿ ਸਮਾਜ ਦਾ ਅਤੇ ਸਮਾਜ ਵਿਚ ਵਿਚਰਦੇ ਹੋਏ ਕਿਸੇ ਵੀ ਅਣਸੁਖਾਵੇਂ ਹਾਲਾਤ ਲਈ ਪ੍ਰਤੀਕਰਮ ਦਾ ਜੀਵਨ ਢੰਗ ਹੈ। ਇਕ ਚੀਜ਼ ਜੋ ਇਸ ਧਾਰਮਿਕ ਪ੍ਰਣਾਲੀ ਦੀ ਵਿਸ਼ੇਸ਼ ਹੈ ਉਹ ਇਹ ਕਿ ਧਾਰਮਿਕ ਹਾਲਾਤ ਅਤੇ ਉਸ ਹਾਲਾਤ ਲਈ ਪ੍ਰਤੀਕਰਮ ਕਰਨ ਵਾਸਤੇ ਮਨੁੱਖੀ ਤਾਕਤ ਤਿਆਰ ਕਰਨ ਲਈ ਜੋ ਦੈਵੀ ਹੁਕਮ ਦੀ ਪੈਰਵੀ ਕਰਨੀ ਸੀ ਉਹ ਇਕ ਨਹੀਂ ਬਲਕਿ ਦਸ ਗੁਰੂਆਂ ਦੇ ਰੂਪ ਵਿਚ ਸੰਸਾਰ ਵਿਚ ਵਿਚਰੀ ਅਤੇ ਅੰਤਿਮ ਅਤੇ ਸਦੀਵੀ ਰੂਪ ਵਿਚ ਗੁਰੂ ਗ੍ਰੰਥ ਰੂਪ ਵਿਚ ਵਿਚਰ ਰਹੀ ਹੈ। ਕਈ ਤਰਾਂ ਦੇ ਸੁਆਲ ਆ ਖੜ੍ਹੇ ਹੁੰਦੇ ਹਨ ਕਿ ਕੀ ਆਕਾਲ ਪੁਰਖ ਤੋਂ ਨਿਵਾਜਿਆ ਹੋਏ ਵਿਧਾਨ ਨੂੰ ਪੂਰੀ ਤਰਾਂ ਲਾਗੂ ਹੋਣ ਲਈ ਇੰਨੇ ਲੰਬੇ ਸਮੇਂ ਦੀ ਜ਼ਰੂਰਤ ਹੁੰਦੀ ਹੈ? ਸ਼ਾਇਦ ਇਸ ਦਾ ਸਹੀ ਜੁਆਬ ਇਹ ਹੋਵੇਗਾ ਕਿ ਅੱਛਾਈ ਤੇ ਬੁਰਾਈ ਦੀ ਜੰਗ ਹਮੇਸ਼ਾਂ ਚੱਲਦੀ ਰਹਿੰਦੀ ਹੈ। ਉਸ ਵੇਲੇ ਵੀ ਇਕ ਪਾਸੇ ਅਛੱਾਈ ਹੈ ਤੇ ਦੂਜੇ ਪਾਸੇ ਬੁਰਾਈ। ਦੋਨਾਂ ਨੇ ਆਪਣੇ ਆਪ ਨੂੰ ਸਹੀ ਸਥਾਪਤ ਕਰਨਾ ਹੈ ਅਤੇ ਦੋਨਾਂ ਨੇ ਇਕ ਦੂਜੇ ਦੀ ਹਾਰ ਵਿਚੋਂ ਆਪਣੀ ਜਿੱਤ ਕਢਣੀ ਹੈ। ਇਥੇ ਬੁਰਾਈ ਦਾ ਪ੍ਰਤੀਕ ਵਿਦੇਸ਼ੀ ਮੁਗਲ ਹਕੂਮਤ ਹੈ ਤੇ ਅਛਾਈ ਦਾ ਪ੍ਰਤੀਕ ਗੁਰਮਤਿ ਹੈ। ਬੁਰਾਈ ਦਾ ਪ੍ਰਤੀਕ ਮੁਗਲ ਬਾਦਸ਼ਾਹਤ ਕਿਸੇ ਤਰਾਂ ਵੀ ਜਨ ਸਮੂੰਹ ਨੂੰ ਸੁਖੀ ਨਹੀਂ ਰਹਿਣ ਦਿੰਦੀ ਤੇ ਅਛਾਈ ਦਾ ਪ੍ਰਤੀਕ ਗੁਰਮਤਿ ਨੇ ਸਰਬੱਤ ਦੇ ਭਲੇ ਲਈ ਸਭ ਤਰਾਂ ਦੀ ਵਿਵਸਥਾ ਸਥਾਪਤ ਕਰਕੇ ਜਨ ਕਲਿਆਨ ਦਾ ਪੰਥ ਸਥਾਪਤ ਕਰਨਾ ਹੈ।

Illumination Colors From Guru Nanak Dev to Guru Gobind Singhਗੁਰੂ ਨਾਨਕ ਦਾ ਵਿਧਾਨ ਪ੍ਰੇਮਾ ਭਗਤੀ ਤੋਂ ਸ਼ੁਰੂ ਹੋ ਕੇ ਸਮਾਜ ਕਲਿਆਨ ਹਿਤ ਕਿਸੇ ਤੇ ਵੀ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਤੋਂ ਸ਼ੁਰੂ ਹੁੰਦਾ ਹੈ। ਉਹ ਆਵਾਜ਼ ਚਾਹੇ ਆਮ ਮਨੁੱਖ ਵਿਰੁੱਧ ਹੋਵੇ, ਕਿਸੇ ਧਾਰਮਿਕ ਪ੍ਰਬੰਧ ਲਈ ਹੋਏ, ਧਾਰਮਿਕ ਸਖਸ਼ੀਅਤ ਲਈ ਹੋਵੇ ਜਾਂਇਥੋਂ ਤੱਕ ਕਿ ਰਾਜਨੀਤਿਕ ਸ਼ਕਤੀ ਵਿਰੁੱਧ ਹੋਵੇ। ਆਵਾਜ਼ ਉਟਾਉਣਾ ਗੁਰੂ ਜੀ ਨੇ ੳਾਪਣੇ ਧਰਮ ਦਾ ਵਿਵਹਾਰਕ ਹਿੱਸਾ ਬਣਾਇਆ।ਕਿਉਂਕਿ ਅੱਛਾਈ ਅਤੇ ਬੁਰਾਈ ਦੀ ਜੰਗ ਵਿਚ ਪਹਿਲਾ ਕਦਮ ਆਵਾਜ਼ ਉਠਾਉਣ ਦਾ ਹੀ ਹੁੰਦਾ ਹੈ। ਗੁਰੂ ਜੀ ਦਾ ਰਾਹ ਪਰਮਾਤਮਾ ਦਾ ਰਾਹ ਹੈ। ਪਰਮਾਤਮਾ ਆਪ ਮਨੁੱਖੀ ਇਤਿਹਾਸ ਵਿਚ ਬਾਣੀ ਦੇ ਮਾਧਿਅਮ ਰਾਹੀਂ ਆਪਣੇ ਮਕਸਦ ਨੂੰ ਪਰਗਟ ਕਰ ਰਿਹਾ ਤੇ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਜਦੋਂ ਗੁਰੂ ਜੀ ਰਾਹੀਂ ਪਰਮਾਤਮਾ ਇਹ ਕਹਿ ਰਹੇ ਹਨ;

ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰ ਧਰ ਤਲੀ ਗਲੀ ਮੋਰੀ ਆਉ॥
ਇਤੁ ਮਾਰਗ ਪੈਰ ਧਰੀਜੈ
ਸਿਰ ਦੀਜੈ ਕਾਣ ਨ ਕੀਜੈ॥

ਇਹ ਗੁਰੂ ਜੀ ਨੇ ਆਪਣੇ ਕੋਲੋਂ ਨਹੀਂ ਕਿਹਾ ਬਲਕਿ ਇਹ ਇਲਾਹੀ ਫੁਰਮਾਨ ਹੈ ਇਕ ਸਿੱਖ ਨੂੰ। ਬੇਸ਼ੱਕ ਸਿੱਖ ਧਰਮ ਪ੍ਰੇਮ ਦਾ ਧਰਮ ਹੈ, ਧਾਰਮਿਕ ਤਰਤੀਬੀ ਦਾ ਧਰਮ ਹੈ, ਸ਼ਾਤੀ ਦਾ ਧਰਮ ਹੈ। ਪਰ ਇਹ ਪਰਮਾਤਮਾ ਵੱਲ ਜਾਂਦਾ ਪੰਥ(ਰਾਹ) ਹੈ ਜਿਸ ਤੇ ਤੁਰਨ ਤੋਂ ਪਹਿਲਾਂ ਸਿਰ ਮੰਗਿਆ ਗਿਆ ਹੈ। ਬੇਸ਼ੱਕ ਇਹ ਪਰਮਾਤਮਾ ਦੀ ਇਕ ਹਸਤੀ ਵਿਚ ਵਿਸ਼ਵਾਸ, ਉਸ ਇਕ ਦੀ ਸ਼ਬਦ ਮਾਧਿਅਮ ਰਾਹੀਂ ਭਗਤੀ, ਸਰਬੱਤ ਦੇ ਭਲੇ ਦਾ ਜਸ਼ਨ ਮਨਾਉਂਦੀ ਹੋਈ ਸਮਾਜਿਕ ਵਿਵਸਥਾ ਹੈ ਪਰ ਪਰਮਾਤਮਾ ਦੇ ਪ੍ਰੇਮ ਨੂੰ ਨਿਭਾਉਂਦਾ ਹੋਇਆ ਜੀਵਨ ਢੰਗ ਵੀ ਹੈ। ਕਿਉਂਕਿ ਪ੍ਰੇਮ ਦੀ ਖੇਡ ਪਰਮਾਤਮਾ ਨਾਲ ਖੇਡਣੀ ਹੈ ਤੇ ਉਹ ਪਰਮਾਤਮਾ ਉੰਨਾ ਵਿਸ਼ਾਲ ਹੈ ਜਿੰਨਾ ਇਹ ਦਿਸਦਾ ਸੰਸਾਰ। ਉਸ ਸਾਰੇ ਦੇ ਸਾਰੇ ਨੂੰ ਪ੍ਰੇਮ ਕਰਨਾ ਬਣਦਾ ਹੈ। ਨਹੀਂ ਤਾਂ ਪ੍ਰੇਮ ਅਧੂਰਾ ਰਹਿ ਜਾਂਦਾ ਹੈ। ਇਸ ਕਰਕੇ ਪ੍ਰੇਮ ਦੇ ਰਸਤੇ ਵਿਚ ਕੇਵਲ ਵਿਸ਼ਵਾਸ ਤੇ ਭਗਤੀ, ਬਰਾਬਰੀ ਹੀ ਨਹੀਂ ਆਉਂਦੇ ਸਗੋਂ ਬਹੁਤੀ ਵਾਰੀ ਅਣਸੁਖਾਵੇਂ ਹਾਲਾਤ ਵੀ ਬਣਦੇ ਹਨ ਜਿਨ੍ਹਾਂ ਪ੍ਰਤੀਕਰਮ ਕਰਨਾ ਵੀ ਜ਼ਰੂਰੀ ਹੁੰਦਾ ਹੈ। ਜ਼ੁਲਮ ਜਾਂ ਕਿਸੇ ਵੀ ਅਣਸੁਖਾਵੀਂ ਵਿਵਸਥਾ ਲਈ ਆਵਾਜ਼ ਉਠਾਉਣ ਤੋਂ ਲੈ ਕੇ ਤਲਵਾਰ ਉਠਾਉਣ ਤੱਕ ਦੀ ਜਿੰਮੇਦਾਰੀ ਲਈ ਤਿਆਰ ਹੋ ਰਿਹਾ ਮਨੁੱਖ ਗੁਰੂ ਜੀ ਦੀ ਮੰਗ ਹੈ। ਜੋ ਉਸ ਨੂੰ ਪਿਆਰ ਨਹੀਂ ਕਰਦਾ ਉਹ ਸਿਰ ਤਲੀ ਤੇ ਧਰ ਕੇ ਉਸ ਦੇ ਰਾਹ ਤੇ ਨਹੀਨ ਆਵੇਗਾ। ਜੋ ਆਪਣਾ ਸਿਰ ਤਲੀ ਤੇ ਧਰ ਕੇ ਪ੍ਰੇਮ ਗਲੀ ਨਹੀਂ ਆ ਸਕਦਾ ਉਹ ਅੱਗੇ ਚੱਲ ਕੇ ਖਾਲਸਾ ਬਣਨ ਦਾ ਹੱਕਦਾਰ ਨਹੀਂ। ਜੋ ਅਕਾਲ ਪੁਰਖ ਦੇ ਇਲਾਹੀ ਪੰਥ ਦਾ ਰਾਹਗੀਰ ਹੈ ਉਹ ਬਿਨ੍ਹਾਂ ਸ਼ੱਕ ਪ੍ਰੇਮੀ ਹੈ, ਸਮਾਜ ਪ੍ਰਤੀ ਚੇਤੰਨ ਹੈ, ਕਿਸੇ ਤਰਾਂ ਦੇ ਹੋ ਰਹੇ ਜ਼ੁਲਮ ਪ੍ਰਤੀ ਚੇਤੰਨ ਹੈ। ਪਰ ਉਹ ਮੂਕ ਦਰਸ਼ਕ ਬਿਲਕੁਲ ਨਹੀਂ। ਉਹ ਪ੍ਰਤੀਕਰਮੀ ਹੈ। ਪ੍ਰਤੀਕਰਮ ਲਈ ਉਸ ਕੋਲ ਇਕ ਪਹਿਚਾਨ ਹੈ ਜੋ ਮੁਸੀਬਤ ਵਿਚ ਫਸੇ ਲਈ ਸਹੂਲਤ ਦਾ ਕੰਮ ਵੀ ਕਰਦੀ ਹੈ। ਉਸ ਦੀ ਪਹਿਚਾਨ ਭੇਸ ਨਹੀਂ ਬਲਕਿ ਪ੍ਰਤੀਕਰਮ ਕਰਨ ਦਾ ਸਾਧਨ ਹੈ, ਤਲਵਾਰ ਹੈ। ਅਕਾਲ ਪੁਰਖ ਦੀ ਫੌਜ ਉਹੀ ਹੋ ਸਕਦਾ ਹੈ ਜੋ ਬੁਰਾਈ ਦੇ ਵਿਰੁੱਧ ਅਛਾਈ ਦੇ ਹੱਕ ਵਿਚ ਹਥਿਆਰਬੰਦ ਹੋ ਕੇ ਯੁੱਧ ਕਰਨ ਦੇ ਕਾਬਿਲ ਹੋਵੇ। ਉਹ ਬੁਰਾਈ ਕਿਸੇ ਵੀ ਰੂਪ ਵਿਚ ਹੋ ਸਕਦੀ ਹੈ। ਚਾਹੇ ਉਹ ਜਿਸਮਾਨੀ, ਮਾਨਸਿਕ ਜਾਂ ਆਰਥਿਕ ਮੁਸੀਬਤਾਂ ਲਿਆਉਂਦੀ ਹੋਵੇ ਖਾਲਸੇ ਨੇ ਸਭ ਨਾਲ ਲੜ ਕੇ ਸਰਬੱਤ ਦਾ ਭਲਾ ਸਥਾਪਤ ਕਰਨਾ ਹੈ।

Illumination Colors From Guru Nanak Dev to Guru Gobind Singhਖਾਲਸੇ ਦੀ ਤਲਵਾਰ ਨੇ ਬੁਰਾਈ ਖਤਮ ਕਰ ਕੇ ਅੱਛਾਈ ਸਥਾਪਤ ਕਰਨ ਲਈ ਹੀ ਉੱਠਣਾ ਹੈ। ਇਸ ਕਰਕੇ ਇਕ ਸਿੱਖ ਅਥਵਾ ਖਾਲਸਾ ਦੋ ਸਿਰਿਆਂ ਤੋਂ ਰੂਬਰੂ ਹੋਇਆ ਸੰਸਾਰ ਵਿਚ ਵਿਚਰਦਾ ਹੈ। ਇਕ; ਪ੍ਰਭੂ ਪ੍ਰੇਮ ਤੇ ਭਗਤੀ ਦੀ ਨਿਰੋਲਤਾ ਤੇ ਦੂਜਾ ਸਰਬੱਤ ਦੇ ਭਲੇ ਲਈ ਲਗਾਤਾਰ ਪ੍ਰਤੀ ਕਰਮ ਕਰਨ ਲਈ ਯਤਨਸ਼ੀਲ ਰਹਿਣਾ। ਇਹ ਕਿਸੇ ਤਰਾਂ ਵੀ ਜ਼ੁਲਮ ਸਥਾਪਤ ਕਰਨ ਜਾਂ ਜ਼ੁਲਮ ਦਾ ਰਾਹ ਅਪਨਾਉਣ ਦਾ ਮਾਰਗ ਨਹੀਂ ਹੈ । ਸਗੋਂ ਹਰ ਤਰਾਂ ਨਾਲ ਇਹ ਪ੍ਰੇਮ ਅਤੇ ਦਇਆ ਦਾ ਮਾਰਗ ਹੈ। ਪ੍ਰੇਮੀ ਦਾ ਪ੍ਰੇਮ ਜੇ ਸ਼ੁੱਧ ਅਤੇ ਨਿਰੋਲ ਹੈ ਤਾਂ ਉਹ ਆਪਣੇ ਇਸ਼ਟ ਵਿਚ ਸਮਾ ਜਾਣ ਲਈ ਆਪਣੇ ਪ੍ਰੇਮ ਨੂੰ ਬਹੁਤੀਆਂ ਹਸਤੀਆਂ ਵਿਚ ਖਿਲੱਰਨ ਨਹੀਂ ਦਿੰਦਾ। ਇਹੀ ਸਿੰਘ ਦਾ ਵਿਸ਼ਵਾਸ ਹੈ। ਪਰ ਨਾਲ ਹੀ ਉਹ ਸਰਭੱਤ ਦੇ ਭਲੇ ਲਈ ਯਤਨਸ਼ੀਲ ਹੈ ਕਿਉਂਕਿ ਪਰਮਾਤਮਾ ਵੱਲੋਂ ਇਸ ਵਿਸ਼ੇਸ਼ ਮਕਸਦ ਲਈ ਧਰਤੀ ਤੇ ਭੇਜਿਆ ਗਿਆ ਹੈ। ਸਰਬੱਤ ਦੇ ਭਲੇ ਦੇ ਰਾਹ ਵਿਚ ਆਉਂਦੀ ਹਰ ਰੁਕਾਵਟ ਨਾਲ ਸਿੰਘ ਨੇ ਜੂਝਣਾ ਹੈ, ਯੁੱਧ ਵੀ ਕਰਨਾ ਹੈ, ਚਾਹੇ ਉਹ ਜ਼ੁਬਾਨ ਨਾਲ ਹੋਵੇ ਚਾਹੇ ਹਥਿਆਰ ਨਾਲ। ਇਸ ਸਭ ਦਾ ਇਹ ਵੀ ਅਰਥ ਨਹੀਂ ਕਿ ਖਾਲਸਾ ਤਲਵਾਰ ਨਾਲ ਹੀ ਹਰ ਮਸਲੇ ਦਾ ਹੱਲ ਕਰੇ ਬਲਕਿ ਗੁਰੂ ਸਾਹਿਬ ਵੱਲੋਂ ਹੁਕਮ ਹੈ ਕਿ ਜਦੋਂ ਗੱਲਬਾਤ ਰਾਹੀਂ ਸਮੱਸਿਆ ਹੱਲ ਕਰਨ ਦੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਹੀ ਆਖਰੀ ਹੱਲ ਦੇ ਮਾਧਿਅਮ ਵਜੋਂ ਤਲਵਾਰ ਉਠਾਉਣੀ ਚਾਹੀਦੀ ਹੈ।

ਇਤਿਹਾਸ ਵੀ ਇਸ ਦੀ ਹਾਮੀ ਭਰਦਾ ਹੈ ਕਿ ਜਦੋਂ ਹਿੰਦੋਸਤਾਨੀ ਲੋਕਾਂ ਤੇ ਲਗਾਤਾਰ ਜ਼ੁਲਮ ਹੋ ਰਿਹਾ ਸੀ ਤਾਂ ਇਕ ਵੱਡੇ ਦੈਵੀ ਪ੍ਰਤੀਕਰਮ ਵਜੋਂ ਸਿੱਖ ਧਰਮ ਦਾ ਆਰੰਭ ਹੋਇਆ ਸੀ। ਉਸ ਪ੍ਰਤੀਕਰਮ ਨੂੰ ਅੰਜਾਮ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਦੀ ਹਰ ਉਸ ਸ਼ਕਤੀ ਵਿਰੁੱਧ ਆਵਾਜ਼ ਉਠਾਈ ਜੋ ਕਿਸੇ ਤਰਾਂ ਦੇ ਜ਼ੁਲਮ ਨੂੰ ਵਿਵਹਾਰਿਕ ਰੂਪ ਦੇਣ ਲਈ ਜਿੰਮੇਵਾਰ ਸੀ। ਇਸ ਵਿਚ ਬਾਦਸ਼ਾਹ, ਪੰਡਿਤ, ਮੌਲਾਣੇ ਅਤੇ ਉਹ ਸਾਰੇ ਤੱਤ ਸ਼ਾਮਿਲ ਸਨ ਜਿਨ੍ਹਾਂ ਕੋਲ ਕਿਸੇ ਤਰਾਂ ਦੀ ਵੀ ਰਾਜਸੀ, ਧਾਰਮਿਕ ਜਾਂ ਆਰਥਿਕ ਤਾਕਤ ਸੀ। ਇਸ ਕਰਕੇ ਇਹ ਸਥਾਪਤ ਹੋ ਜਾਂਦਾ ਹੈ ਕਿ ਤਕਰੀਬਨ ਦੋ ਸੌ ਉਨਤਾਲੀ ਸਾਲਾਂ ਦੇ ਗੁਰੂ ਕਾਲ ਦੇ ਇਤਿਹਾਸ ਵਿਚ ਜ਼ੁਲਮ ਦੇ ਵਿਰੱਧ ਆਵਾਜ਼ ਉਠਾਉਣ ਤੋਂ ਲੈ ਕੇ ਤਲਵਾਰ ਉਠਾਉਣ ਤੱਕ ਦੀ ਲੰਬੀ ਪ੍ਰਕਿਰਿਆ ਇਕ ਵਿਸ਼ੇਸ਼ ਦੈਵੀ ਮਨੋਰਥ ਨੂੰ ਧਰਤੀ ਤੇ ਸਪੱਸ਼ਟ ਹੁੰਦਾ ਨਜ਼ਰ ਆਉਂਦਾ ਹੈ। ਇਹ ਦਇਆ ਵਿਚੋਂ ਪੈਦਾ ਹੋਇਆ ਖਾਲਸਾਈ ਵਿਧਾਨ ਹੈ ਜਿਸ ਦੇ ਤਹਿਤ ਕਿਸੇ ਤੇ ਵੀ ਜ਼ੁਲਮ ਕਰਮ ਦੀ ਗੁੰਜਾਇਸ਼ ਨਹੀਂ ਬਲਕਿ ਜਿਸ ਤੇ ਜ਼ੁਲਮ ਹੋ ਰਿਹਾ ਹੋਵੇ ਉਸ ਤੇ ਦਇਆ ਨਿਭਾਉਣ ਦਾ ਵਿਧਾਨ ਹੈ ਜਿਸ ਲਈ ਜੇ ਯੁੱਧ ਕਰਨਾ ਪਵੇ, ਜੇ ਸ਼ਹਾਦਤ ਦੇਣੀ ਪਵੇ ਤਾਂ ਵੀ ਮਸਲਾ ਤਾਂ ਹਰ ਹੀਲੇ ਦਇਆ ਸਥਾਪਤ ਕਰਨਾ ਹੈ। ਜ਼ੁਲਮ ਖਤਮ ਕਰਨਾ ਹੈ।

Illumination Colors From Guru Nanak Dev to Guru Gobind Singhਡਾ. ਰਾਜਿੰਦਰ ਕੌਰ ਰੋਹੀ
ਪ੍ਰੋ. ਧਰਮ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ                                                    https://www.facebook.com/rajinderkaur.rohi 

 

Tags
Show More