OPINION

LIFE AND PERSONALITY: NINTH MASTER GURU TEG BAHADUR SAHIB

ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਅਤੇ ਸ਼ਖ਼ਸੀਅਤ: ਗਿਆਨੀ ਗਿਆਨ ਸਿੰਘ ਰਚਿਤ ‘ਤਵਾਰੀਖ਼ ਗੁਰੂ ਖ਼ਾਲਸਾ’ ਵਿਚ

 

 

ਦੁਨੀਆ ਦੇ ਇਤਿਹਾਸ ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਖ਼ਸੀਅਤ ਲਾਸਾਨੀ ਹੈ। ਸਿੱਖ ਧਰਮ ਅਧਿਐਨ ਦੇ ਸਰੋਤਾਂ ਵਿਚ ਉਹਨਾਂ ਨੂੰ ‘ਜਗਤ ਦੀ ਚਾਦਰ’ ਮੰਨਿਆ ਜਾਂਦਾ ਹੈ। ਭਾਰਤ ਨਿਵਾਸੀ ਸਤਿਕਾਰ ਸਹਿਤ ‘ਹਿੰਦ ਦੀ ਚਾਦਰ’ ਵਜੋਂ ਉਹਨਾਂ ਨੂੰ ਯਾਦ ਕਰਦੇ ਹਨ। ਸੇਵਾ, ਸਿਮਰਨ, ਭਗਤੀ ਅਤੇ ਪਰਉਪਕਾਰ ਦੇ ਮਾਰਗ ‘ਤੇ ਚੱਲਦੇ ਹੋਏ ਉਹਨਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਹਨ ਜਿਨ੍ਹਾਂ ਦੀ ਮਿਸਾਲ ਦੁਨੀਆ ਵਿਚ ਹੋਰ ਕਿਤੇ ਦਿਖਾਈ ਨਹੀਂ ਦਿੰਦੀ। ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭੇ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਹਨਾਂ ਨੇ ਭਾਰਤ ਦੇ ਹੋਰਨਾਂ ਹਿੱਸਿਆਂ ਦੀ ਯਾਤਰਾ ਕੀਤੀ ਅਤੇ ਅਖੀਰ ਉਸੇ ਮਿਸ਼ਨ ਦੀ ਪੂਰਤੀ ਹਿਤ ਦਿੱਲੀ ਦੇ ਚਾਂਦਨੀ ਚੌਕ ਵਿਖੇ ਉਹਨਾਂ ਨੇ ਆਪਣਾ ਸੀਸ ਦੇ ਦਿੱਤਾ। ਉਹਨਾਂ ਦੀ ਸ਼ਹਾਦਤ ਦਾ ਵਰਨਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ:

LIFE AND PERSONALITY: NINTH MASTER GURU TEG BAHADUR SAHIBਬਚਿਤ੍ਰ ਨਾਟਕ, ਅਧਿਆਇ 5.13

ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਆਪਣੇ ਅਸੂਲਾਂ ਤੇ ਚੱਲਣ ਦਾ ਪ੍ਰਣ ਨਿਭਾਇਆ ਅਤੇ ਨਾਲ ਹੀ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਕਿ ਜੇਕਰ ਧਰਮ ਦੀ ਭਾਵਨਾ ਨੂੰ ਜੀਵਨ ਵਿਚ ਦ੍ਰਿੜਤਾ ਪੂਰਵਕ ਧਾਰਨ ਕਰ ਲਿਆ ਜਾਵੇ ਤਾਂ ਜਬਰ ਅਤੇ ਜ਼ੁਲਮ ਦਾ ਮਾਰਗ ਧਾਰਨ ਕਰਨ ਵਾਲੇ ਕਦੇ ਵੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕਦੇ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਮਾਨਵਤਾ ਦੀ ਭਲਾਈ ਦੇ ਕਾਰਜਾਂ ਵਿਚ ਲੱਗੇ ਹੋਏ ਲੋਕਾਂ ਨੂੰ ਇਕ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ ਕਿ ਸ਼ੁਭ ਕਾਰਜਾਂ ਦੀ ਇੱਛਾ ਰੱਖਣ ਵਾਲਿਆਂ ਨੂੰ ਪ੍ਰਭੂ ਭਗਤੀ ਅਤੇ ਆਪਾ ਕੁਰਬਾਨ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ ਤਾਂ ਹੀ ਅਨਿਆਂ ਅਤੇ ਅੱਤਿਆਚਾਰ ਵਿਰੁੱਧ ਦ੍ਰਿੜਤਾ ਪੂਰਵਕ ਕਾਰਜਾਂ ਵਿਚ ਸਫ਼ੳਮਪ;ਲਤਾ ਪ੍ਰਾਪਤ ਹੋ ਸਕਦੀ ਹੈ। ਗੁਰੂ ਸਾਹਿਬ ਦੀ ਸ਼ਹਾਦਤ ਨੇ ਦੁਨੀਆ ਦੇ ਹਰ ਕੋਨੇ ਵਿਚ ਵੱਸੇ ਹੋਏ ਮਨੁੱਖੀ ਸਮਾਜ ਨੂੰ ਆਪਣੇ ਵੱਲ ਕੇਂਦਰਿਤ ਕੀਤਾ ਹੈ। ਗੁਰੂ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਿੱਖ ਅਤੇ ਗੈਰ-ਸਿੱਖ ਲਿਖਾਰੀਆਂ ਨੇ ਬਹੁਤ ਕੁੱਝ ਲਿਖਿਆ ਹੈ ਪਰ ਇਥੇ ਗਿਆਨੀ ਗਿਆਨ ਸਿੰਘ ਜੀ ਦੁਆਰਾ ਪੇਸ਼ ਕੀਤੀ ਉਹਨਾਂ ਦੀ ਸ਼ਖ਼ਸੀਅਤ ਬਾਰੇ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ।

ਗਿਆਨੀ ਗਿਆਨ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਖ਼ਸੀਅਤ ਦਾ ਵਰਨਨ ਬਹੁਤ ਹੀ ਵਿਸਤਾਰ ਨਾਲ ਕੀਤਾ ਹੈ। ਉਹ ਦੱਸਦਾ ਹੈ ਕਿ ਬਚਪਨ ਤੋਂ ਹੀ ਗੁਰੂ ਜੀ ਨਿਰਲੇਪ ਬਿਰਤੀ ਦੇ ਧਾਰਨੀ ਸਨ। ਗੁਰੂ-ਘਰ ਦੀ ਸਿੱਖਿਆ ਦਾ ਉਹਨਾਂ ਤੇ ਬਹੁਤ ਪ੍ਰਭਾਵ ਸੀ। ਉਹ ਜਿਹੜਾ ਵੀ ਕਾਰਜ ਕਰਦੇ ਸਨ ਉਸ ਵਿਚੋਂ ‘ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ’ ਵਾਲੀ ਗੁਰਮਤਿ ਵਿਚਾਰਧਾਰਾ ਦਾ ਪ੍ਰਗਟਾਵਾ ਹੁੰਦਾ ਸੀ। ਉਹਨਾਂ ਦੀ ਸ਼ਖ਼ਸੀਅਤ ਦੇ ਇਸ ਪੱਖ ਬਾਰੇ ਲੇਖਕ ਦੱਸਦਾ ਹੈ ਕਿ ਗੁਰੂ ਜੀ ਨੂੰ “ਖਾਨ, ਪਾਨ, ਪਹਿਰਾਨ, ਮਾਨ ਦਾ ਜ਼ਰਾ ਭੀ ਕਦੇ ਖ਼ਿਆਲ ਨਹੀਂ ਸੀ ਫੁਰਿਆ। ਸੇਵਕ ਦਸ-ਦਸ ਵਾਰੀ ਆਖਦੇ ਤੇ ਪ੍ਰਸ਼ਾਦ ਅੱਗੇ ਲਿਆ ਕੇ ਰੱਖਦੇ ਤਦ ਛੱਕਦੇ, ਨਹੀਂ ਤਾਂ ਪ੍ਰਭੂ ਦੇ ਪ੍ਰੇਮ ਵਿਚ ਹੀ ਮਸਤ ਬੈਠੇ ਰਹਿੰਦੇ, ਦੁਨੀਆਦਾਰੀ ਸੰਸਾਰ ਦੇ ਕਾਰ ਵਿਹਾਰ ਕਦੇ ਫੁਰੇ ਹੀ ਨਹੀਂ ਸੇ।…ਖਾਣਾ, ਬੋਲਣਾ, ਸੌਣਾ ਬਹੁਤ ਥੋੜਾ ਕਰ ਰੱਖਿਆ ਸੀ। ਸੀਤ, ਗਰਮੀ, ਦੁੱਖ, ਸੁੱਖ, ਭੁੱਖ, ਤ੍ਰਿਖਾ ਕਦੇ ਨਹੀਂ ਮੰਨੀ ਸੀ। ਮਾਇਕ ਪਦਾਰਥ ਕੋਈ ਕਿਸੇ ਪ੍ਰਕਾਰ ਦਾ ਏਨ੍ਹਾਂ ਨੂੰ ਨਹੀਂ ਭਾਉਂਦਾ ਸੀ। ਏਸੇ ਤਰਾਂ ਬਹੁਤੇ ਵਰ੍ਹੇ ਓਨ੍ਹਾਂ ਇਕ ਰਸ ਤਯਾਗ ਵੈਰਾਗ ਵਿਚ ਗੁਜਾਰੇ।” ਮਾਇਆ ਤੋਂ ਨਿਰਲੇਪ ਰਹਿੰਦੇ ਹੋਏ ਨਿਰਭਉ ਅਤੇ ਨਿਰਵੈਰ ਜੀਵਨਜਾਚ ਗੁਰੂ ਜੀ ਦੇ ਜੀਵਨ ਦਾ ਅੰਗ ਸੀ। ਏਸੇ ਕਰਕੇ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਨੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ ਸੀ ਅਤੇ ਬਾਬਾ ਬਕਾਲਾ ਵਿਖੇ ਬਹੁਤ ਸਾਰੇ ਅਖੌਤੀ ਗੁਰੂ ਸਾਹਮਣੇ ਆਏ ਸਨ ਤਾਂ ਉਹ ਬਗੈਰ ਕਿਸੇ ਨਾਲ ਵੈਰ-ਵਿਰੋਧ ਪ੍ਰਗਟ ਕੀਤੇ ਸ਼ਾਂਤ ਚਿੱਤ ਗਿਆਨ-ਧਿਆਨ ਵਿਚ ਲੱਗੇ ਰਹੇ ਸਨ। ਜਦੋਂ ਸਹਿਜ ਸੁਭਾਅ ਹੀ ਉਹਨਾਂ ਗਿਆਨ ਦਾ ਪ੍ਰਗਟਾਵਾ ਕੀਤਾ ਤਾਂ ਗੁਰੂ ਦੀ ਭਾਲ ਵਿਚ ਲੱਗੇ ਹੋਏ ਭਾਈ ਮੱਖਣ ਸ਼ਾਹ ਨੇ ਸੱਚੇ ਗੁਰੂ ਦੇ ਲੱਭ ਜਾਣ ਦਾ ਐਲਾਨ ਕਰ ਦਿੱਤਾ ਸੀ। ਭਾਵੇਂ ਕਿ ਸਭ ਅਖੌਤੀ ਗੁਰੂ ਉਥੋਂ ਛੇਤੀ ਹੀ ਚਲੇ ਗਏ ਸਨ ਪਰ ਧੀਰ ਮੱਲ ਅਤੇ ਉਸ ਦੇ ਸਾਥੀਆਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਸੀ। ਗੁਰੂ ਜੀ ਦੇ ਸੁਭਾਅ ਨੂੰ ਜਾਣਦੇ ਹੋਏ ਉਨ੍ਹਾਂ ਨੇ ਤਾਕਤ ਦੇ ਬਲ ਨਾਲ ਗੁਰੂ ਜੀ ਨੂੰ ਮਾਰਨ ਅਤੇ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਿਹੜਾ ਕਿ ਭਾਈ ਮੱਖਣਸ਼ਾਹ ਲੁਬਾਣੇ ਅਤੇ ਹੋਰਨਾਂ ਸਿੱਖਾਂ ਨੇ ਸਫ਼ੳਮਪ;ਲ ਨਾ ਹੋਣ ਦਿੱਤਾ। ਇਸ ਘਟਨਾ ਬਾਰੇ ਲੇਖਕ ਦੱਸਦਾ ਹੈ ਕਿ “ਸ਼ੀਹੇਂ ਦੁਸ਼ਟ ਨੇ ਓਸ ਨਿਰਵੈਰ, ਸਤਪੁਰਖ, ਬ੍ਰਹਮ ਗਯਾਨੀ, ਦਯਾ ਸਾਗਰ ਸੱਚੇ ਸਤਿਗੁਰੂ ਉਤੇ ਬੰਦੂਕ ਚਲਾਈ ਜੋ ਮੱਥੇ ਦੇ ਪਾਸ ਜ਼ਰਾ ਕੁ ਨਿਸ਼ਾਨ ਕਰਕੇ ਗੋਲੀ ਕੰਧ ਵਿਚ ਜਾ ਧੱਸੀ। ਤਦ ਭੀ ਸ਼ਾਂਤੀ ਦੇ ਭੰਡਾਰ ਸੱਤ ਧਰਮ ਦੇ ਰੱਖਯਕ ਗੁਰੂ ਜੀ ਨੇ ਕੌੜਾ ਬਚਨ ਨਾ ਕੀਤਾ। ਬੰਦੂਕ ਚਲੀ ਦੇ ਮਗਰੋਂ ਮਾਤਾ ਨਾਨਕੀ ਜੀ ਨੂੰ ਖ਼ਬਰ ਹੋਈ ਓਨਾਂ ਸ਼ੀਂਹੇਂ ਨੂੰ ਵੇਖ ਕੇ ਰੌਲਾ ਪਾਇਆ ਤਾਂ ਹੋਰ ਸਿੱਖ ਆਏ ਤੇ ਲੁਟੇਰੇ ਲੋਕ ਪਦਾਰਥ ਲੁੱਟ ਕੇ ਧੀਰਮੱਲ ਸਮੇਤ ਰਾਹ ਪਏ, ਮੱਖਣਸ਼ਾਹ ਜੋ ਪਿੰਡੋਂ ਬਾਹਰ ਉਤਰਿਆ ਹੋਯਾ ਸੀ ਏਹ ਖ਼ਬਰ ਸੁਣ ਕੇ ਆਪਣੇ ਆਦਮੀ ਤੇ ਸਿੱਖਾਂ ਨੂੰ ਲੈ ਕੇ ਝੱਟ ਝੜ੍ਹ ਬੈਠਾ। ਧੀਰਮੱਲ ਨੂੰ ਦੌੜ ਕੇ ਜਾ ਰੋਕਿਆ, ਮਾਮੇ ਕ੍ਰਿਪਾਲ ਚੰਦ, ਗੁਰਦਿੱਤੇ, ਲਾਲਚੰਦ, ਮੱਖਣਸ਼ਾਹ ਆਦਿਕ ਗੁਰੂ ਕੇ ਬਹਾਦਰਾਂ ਨੇ ਤੀਰਾਂ ਗੋਲੀਆਂ ਦੀ ਅਜੇਹੀ ਬਰਖਾ ਕੀਤੀ ਜੋ ਧੀਰਮੱਲ ਸਹਿ ਨਾ ਸਕਿਆ, ਘੋੜਾ ਭਜਾ ਕੇ ਨਿਕਲ ਗਿਆ। ਭਲਾ ਫੇਰ ਸਰਦਾਰ ਬਿਨਾ ਕੌਣ ਲੜੇ, ਓਸਦੇ ਆਦਮੀ ਨੱਠ ਗਏ। ਗੁਰੂ ਕੇ ਸਿੱਖ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਸਾਮਾਨ ਓਨ੍ਹਾਂ ਦਾ ਧੂਹ ਲਿਆਏ, ਪਰ ਜਦ ਗੁਰੂ ਤੇਗ਼ ਬਹਾਦਰ ਜੀ ਨੇ ਏਹ ਸੁਣਿਆ ਤਾਂ ਓਨਾਂ ਨੇ ਮੱਖਣਸ਼ਾਹ ਤੇ ਕ੍ਰਿਪਾਲ ਚੰਦ ਨੂੰ ਕਹਿ ਕੇ ਧੀਰਮੱਲ ਦਾ ਸਭ ਸਾਮਾਨ ਮੁੜਾ ਦਿੱਤਾ।” ਲੁੱਟ ਖਸੁੱਟ ਨਾ ਕਰਨਾ ਅਤੇ ਨਾ ਹੀ ਸਿੱਖਾਂ ਨੂੰ ਇਸ ਦੀ ਆਗਿਆ ਦੇਣੀ ਗੁਰੂ ਜੀ ਦੀ ਸ਼ਖ਼ਸੀਅਤ ਵਿਚੋਂ ਧਰਮੀ ਅਤੇ ਨਿਆਂਸ਼ੀਲਤਾ ਦੇ ਗੁਣਾਂ ਦਾ ਪ੍ਰਗਟਾਵਾ ਕਰਦੀ ਹੈ।

ਜਦੋਂ ਸਮਾਜ ਵਿਚ ਲੁੱਟ ਖਸੁੱਟ ਅਤੇ ਧੱਕੇਸ਼ਾਹੀ ਦਾ ਬੋਲਬਾਲਾ ਹੋਵੇ ਤਾਂ ਆਮ ਲੋਕ ਵੀ ਉਸੇ ਵਹਿਣ ਵਿਚ ਵਹਿੰਦੇ ਤੁਰੇ ਜਾਂਦੇ ਹਨ ਪਰ ਅਜਿਹੇ ਸਮੇਂ ਜੇਕਰ ਕੋਈ ਧਰਮ ਅਤੇ ਨਿਆਂ ਦੀ ਗੱਲ ਕਰੇ ਤਾਂ ਉਸ ਦੀ ਗੱਲ ਬਹੁਤ ਹੀ ਵਿਲੱਖਣ ਲੱਗਦੀ ਹੈ। ਕੁੱਝ ਲੋਕ ਅਜਿਹੇ ਵਿਅਕਤੀਆਂ ਨੂੰ ਤਤਕਾਲੀ ਸਮਾਜ ਦੇ ਯੋਗ ਨਹੀਂ ਸਮਝਦੇ, ਕੁੱਝ ਉਹਨਾਂ ਤੋਂ ਪਾਸਾ ਵੱਟ ਲੈਂਦੇ ਹਨ ਅਤੇ ਕੁੱਝ ਉਹਨਾਂ ਦਾ ਵਿਰੋਧ ਕਰਨ ਲੱਗ ਪੈਂਦੇ ਹਨ। ਨਿਸ਼ਚਿਤ ਤੌਰ ਤੇ ਸਮਾਜ ਵਿਚ ਵੱਡੀ ਗਿਣਤੀ ਵਿਚ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਲੁੱਟ ਖਸੁੱਟ ਅਤੇ ਧੱਕੇਸ਼ਾਹੀ ਨਾਲੋਂ ਸ਼ਾਂਤੀ ਨਾਲ ਜੀਵਨ ਬਸਰ ਕਰਨਾ ਚਾਹੁੰਦੇ ਹਨ। ਉਹਨਾਂ ਲਈ ਮਿਹਨਤ ਅਤੇ ਇਮਾਨਦਾਰੀ ਦੀ ਕਿਰਤ ਨਾਲ ਕੀਤੀ ਹੋਈ ਥੋੜ੍ਹੀ ਕਮਾਈ ਹੀ ਵਧੇਰੇ ਸੁੱਖਦਾਈ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਲੁੱਟ ਖਸੁੱਟ ਵਾਲੀ ਕਿਰਤ ਕਮਾਈ ਦਾ ਵਿਰੋਧ ਕੀਤਾ ਤਾਂ ਉਹਨਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਸੱਜਣ ਠੱਗ ਸਮੇਤ ਬਹੁਤ ਸਾਰੇ ਲੋਕ ਉਹਨਾਂ ਦੇ ਪੈਰੋਕਾਰ ਬਣ ਗਏ ਸਨ। ਗੁਰੂ ਜੀ ਦੇ ਉੱਤਰਾਧਿਕਾਰੀਆਂ ਨੇ ਏਸੇ ਭਾਵਨਾ ਦਾ ਪ੍ਰਗਟਾਵਾ ਕੀਤਾ ਸੀ। ਏਸੇ ਕਰਕੇ ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਉਕਤ ਘਟਨਾ ਵਾਪਰੀ ਤਾਂ ਉਹਨਾਂ ਦੀ ਸ਼ਖ਼ਸੀਅਤ ਵਿਚ ਪ੍ਰਗਟ ਹੋਏ ਨਿਆਂਸ਼ੀਲਤਾ ਦੇ ਗੁਣ ਕਾਰਨ ਬਹੁਤ ਸਾਰੇ ਲੋਕ ਉਹਨਾਂ ਦੇ ਪੈਰੋਕਾਰ ਬਣ ਗਏ ਸਨ ਜਿਨ੍ਹਾਂ ਦਾ ਵਰਨਨ ਕਰਦੇ ਹੋਏ ਲੇਖਕ ਦੱਸਦਾ ਹੈ ਕਿ ਇਸ ਘਟਨਾ ਨਾਲ “ਗੁਰੂ ਸਾਹਿਬ ਦੀ ਮਹਿਮਾ ਜਗਤ ਵਿਚ ਚੰਨ ਦੀ ਚਾਨਣੀ ਵਾਂਙੂੰ ਬੜੀ ਛੇਤੀ ਪ੍ਰਕਾਸ਼ ਹੋ ਗਈ, ਜਿਸ ਕਰਕੇ ਦੂਰੋਂ ਦੂਰੋਂ ਸੰਗਤਾਂ ਗੁਰੂ ਦੇ ਦਰਸ਼ਨਾਂ ਨੂੰ ਉਮਡ ਉਮਡ ਕੇ ਮੇਘਾਂ ਦੀ ਤਰਾਂ ਆਉਣ ਲੱਗੀਆਂ। ਜੇਠ ਹਾੜ ਦੀ ਤਿਹਾਈ ਤੇ ਤਪੀ ਹੋਈ ਧਰਤੀ ਵਾਙੂੰ ਸੰਗਤ ਦੇ ਤਨ ਮਨ ਵਿਚ ਗੁਰੂ ਜੀ ਦੇ ਅੰਮ੍ਰਿਤ ਉਪਦੇਸ਼ ਦੀ ਬਰਖਾ ਨੇ, ਜੋ ਉਨ੍ਹਾਂ ਦੇ ਸ਼ਬਦਾਂ ਸਲੋਕਾਂ ਤੋਂ ਸਿਧ ਹੈ, ਠੰਡ ਪਾ ਦਿੱਤੀ।”

ਸਤਿ, ਸੰਤੋਖ, ਦਯਾ, ਖਿਮਾ, ਨਿਮਰਤਾ, ਸੇਵਾ, ਸੰਜਮ, ਅਤੇ ਪਰਉਪਕਾਰ ਧਰਮ ਦੇ ਅੰਗ ਮੰਨੇ ਗਏ ਹਨ ਅਤੇ ਜਿਹੜਾ ਮਨੁੱਖ ਨਿਰਭਉ ਅਤੇ ਨਿਰਵੈਰ ਰਹਿ ਕੇ ਇਨ੍ਹਾਂ ਗੁਣਾਂ ਨੂੰ ਧਾਰਨ ਕਰਦਾ ਹੈ ਉਹੀ ਧਰਮੀ ਮੰਨਿਆ ਜਾਂਦਾ ਹੈ। ਧਰਮੀ ਪੁਰਖ ਹਰ ਹਾਲਾਤ ਵਿਚ ਧਰਮ ਦੇ ਇਨ੍ਹਾਂ ਗੁਣਾਂ ਦਾ ਪਾਲਣ ਕਰਦਾ ਹੈ। ਅਤਿ ਸੰਕਟ ਦੀ ਸਥਿਤੀ ਵਿਚ ਇਨ੍ਹਾਂ ਗੁਣਾਂ ਦਾ ਪਾਲਣ ਕਰਨਾ ਕਈ ਵਾਰ ਬਹੁਤ ਔਖਾ ਕਾਰਜ ਹੋ ਜਾਂਦਾ ਹੈ ਅਤੇ ਅਜਿਹੇ ਸਮੇਂ ਬਹੁਤ ਸਾਰੇ ਧਰਮੀ ਕਹੇ ਜਾਂਦੇ ਵਿਅਕਤੀ ਡੋਲ ਵੀ ਜਾਂਦੇ ਹਨ। ਪਰ ਜਿਹੜੇ ਮਨੁੱਖ ਸੰਕਟ ਦੇ ਸਮੇਂ ਨੈਤਿਕ ਆਦਰਸ਼ਾਂ ਦਾ ਪਾਲਣ ਕਰਦੇ ਹਨ ਉਹ ਸਮਾਜ ਵਿਚ ਚਾਨਣ ਮੁਨਾਰੇ ਦਾ ਰੂਪ ਧਾਰਨ ਕਰ ਜਾਂਦੇ ਹਨ। ਗੁਰੂ ਤੇਗ਼ ਬਹਾਦਰ ਧਰਮ ਦੇ ਉਕਤ ਗੁਣਾਂ ਦੀ ਮੂਰਤ ਸਨ। ਉਹਨਾਂ ਦਾ ਸਾਰਾ ਜੀਵਨ ਨਿਰਭਉ ਅਤੇ ਨਿਰਵੈਰ ਰਹਿਣ ਦਾ ਸੰਦੇਸ਼ ਦਿੰਦਾ ਹੈ। ਇਸ ਸੰਦੇਸ਼ ਦਾ ਪ੍ਰਗਟਾਵਾ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਹੈ – ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਨਿਰਭਉ ਅਤੇ ਨਿਰਵੈਰ ਰਹਿ ਕੇ ਉਹਨਾਂ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਅਨੁਸਾਰ ਸਮੂਹ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਗਲ ਲਾਇਆ ਅਤੇ ਜਦੋਂ ਕਿਸੇ ਧਰਮ ਦੇ ਪੈਰੋਕਾਰ ਤੇ ਸੰਕਟ ਆਇਆ ਤਾਂ ਉਸ ਸਮੇਂ ਉਸ ਦਾ ਮਾਰਗ ਦਰਸ਼ਨ ਕੀਤਾ। ਉਹਨਾਂ ਦੇ ਜੀਵਨ ਵਿਚ ਇਕ ਅਜਿਹਾ ਸਮਾਂ ਵੀ ਆਇਆ ਜਦੋਂ ਉਹਨਾਂ ਨੂੰ ਧਰਮ ਦੀ ਭਾਵਨਾ ਨੂੰ ਬਚਾਉਣ ਲਈ ਆਪ ਬਲਿਦਾਨ ਵੀ ਦੇਣਾ ਪੈ ਗਿਆ। ਉਹਨਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਪਰ ਧਰਮ ਦੇ ਗੁਣਾਂ ਨੂੰ ਆਪਣੇ ਜੀਵਨ ਵਿਚ ਹਮੇਸ਼ਾਂ ਉਜਾਗਰ ਕਰੀ ਰੱਖਿਆ। ਉਹਨਾਂ ਦੇ ਸਮੇਂ ਭਾਰਤ ਤੇ ਮੁਗ਼ਲਾਂ ਦਾ ਰਾਜ ਸੀ ਅਤੇ ਬਾਬਰ ਦੀ ਛੇਵੀਂ ਪੀੜ੍ਹੀ ਵਿਚੋਂ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਬਾਦਸ਼ਾਹ ਬਣਦੇ ਹੀ ਉਸ ਨੇ ਭਾਰਤ ਵਿਖੇ ਵੱਸਦੇ ਵੱਖ-ਵੱਖ ਵਿਸ਼ਵਾਸਾਂ ਅਤੇ ਧਰਮਾਂ ਦੇ ਲੋਕਾਂ ਨੂੰ ਇਕ-ਮਜ਼ਹਬੀ ਰਾਜ ਦਾ ਹਿੱਸਾ ਬਣਾਉਣ ਦਾ ਯਤਨ ਅਰੰਭ ਕਰ ਦਿੱਤਾ ਸੀ ਅਤੇ ਸਮੇਂ ਦੇ ਗੇੜ ਨਾਲ ਇਸ ਵਿਚ ਤੇਜੀ ਆ ਗਈ ਸੀ। ਲੇਖਕ ਦੱਸਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਭਾਰਤ ਤੇ ਮੁਹੰਮਦੀ ਰਾਜ ਦਾ ਝੰਡਾ ਝੁਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਸ ਨੇ ਅਜਿਹੀ ਵਿਉਂਤ ਬਣਾਈ ਕਿ ਦੂਜੇ ਧਰਮਾਂ ਨੂੰ ਮੰਨਣ ਵਾਲੇ ਜਾਂ ਤਾਂ ਇਸਲਾਮ ਕਬੂਲ ਕਰ ਲੈਣ ਨਹੀਂ ਤਾਂ ਸਾਰੀ ਉਮਰ ਮੁਸਲਮਾਨਾਂ ਦੀ ਗੁਲਾਮੀ ਕਰਨ ਲਈ ਤਿਆਰ ਰਹਿਣ। ਬਾਦਸ਼ਾਹ ਦੀ ਨੀਤੀ ਦੇ ਪੰਜ ਹਿੱਸਿਆਂ ਦਾ ਵਰਨਨ ਕਰਦੇ ਹੋਏ ਲੇਖਕ ਦੱਸਦਾ ਹੈ:

  1. ਸਿਵਲ ਅਤੇ ਫ਼ੌਜੀ ਕੰਮਾਂ ਵਿਚ ਬਿਨਾਂ ਮੁਸਲਮਾਨ ਦੇ ਔਹਦਾ ਕੋਈ ਕਿਸੇ ਨੂੰ ਨਾ ਦਿੱਤਾ ਜਾਵੇ।
  2. ਨੰਬਰਦਾਰੀ ਤੇ ਜ਼ਿੰਮੀਦਾਰੀ ਮੁਸਲਮਾਨਾਂ ਬਿਨਾਂ ਹੋਰ ਕਿਸੇ ਪਾਸ ਨਾ ਰਹੇ।
  3. ਜ਼ਜ਼ੀਆ ਲਾ ਦਿੱਤਾ ਗਿਆ।
  4. ਹਿੰਦੂਆਂ ਦਾ ਸ਼ਾਸਤ੍ਰੀ ਪੜ੍ਹਨਾ, ਪੂਜਾ ਪਾਠ ਕਰਨਾ, ਤੀਰਥ ਯਾਤ੍ਰਾ ਆਦਿਕ ਸਭ ਧਰਮ ਬੰਦ ਕੀਤੇ ਗਏ।
  5. ਜੇਹੜੇ ਏਹਨਾਂ ਜੁਗਤਾਂ ਨਾਲ ਤੁਰਕ ਨਹੀਂ ਹੋਏ ਓਨ੍ਹਾਂ ਨੂੰ ਹੁਣ ਜ਼ੋਰ ਨਾਲ ਮੁਹੰਮਦੀ ਕਰਨ ਦਾ ਹੁਕਮ ਚਾੜ੍ਹ ਦਿੱਤਾ ਗਿਆ।

LIFE AND PERSONALITY: NINTH MASTER GURU TEG BAHADUR SAHIBਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਪੂਰੇ ਭਾਰਤ ਵਿਚ ਗੈਰ-ਮੁਸਲਮਾਨਾਂ ਤੇ ਜਬਰ ਅਤੇ ਜ਼ੁਲਮ ਦੀ ਹਨੇਰੀ ਚੱਲ ਪਈ ਸੀ। ਮੌਤ ਤੋਂ ਡਰਦੇ ਪਿੰਡਾਂ ਦੇ ਪਿੰਡ ਮੁਸਲਮਾਨ ਹੋ ਗਏ ਸਨ ਅਤੇ ਜਿਨ੍ਹਾਂ ਨੇ ਆਪਣੇ ਧਰਮ ਵਿਚ ਦ੍ਰਿੜ ਰਹਿਣ ਦਾ ਨਿਸਚਾ ਕੀਤਾ ਹੋਇਆ ਸੀ ਉਹ ਆਪਣੇ ਬਚਾਉ ਲਈ ਥਾਂ-ਥਾਂ ਜਾ ਕੇ ਸਹਾਇਤਾ ਲਈ ਤਰਲੇ ਕਰ ਰਹੇ ਸਨ। ਧਰਮ ਅਸਥਾਨਾਂ ਤੇ ਜਾ ਕੇ ਪੂਜਾ-ਅਰਚਨਾ ਕਰ ਰਹੇ ਸਨ ਤਾਂ ਕਿ ਅਜਿਹੀ ਕਰਾਮਾਤ ਹੋ ਜਾਵੇ ਕਿ ਧਰਮ-ਪਰਿਵਰਤਨ ਤੋਂ ਬੱਚ ਸਕਣ। ਕਸ਼ਮੀਰ ਦੇ ਵਿਸ਼ਵਾਸੀ ਪੰਡਿਤਾਂ ਨੇ ਇਸ ਕਾਰਜ ਲਈ ਅਮਰਨਾਥ ਜਾ ਕੇ ਮੰਦਰ ਵਿਚ ਯੱਗ-ਹਵਨ ਕਰਨੇ ਅਰੰਭ ਕਰ ਦਿੱਤੇ ਪਰ ਕੋਈ ਸ਼ਕਤੀ ਪ੍ਰਗਟ ਨਾ ਹੋਈ। ਅਖੀਰ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਪੰਜ ਕੁ ਸੌ ਬ੍ਰਾਹਮਣਾਂ ਦਾ ਇਕ ਜਥਾ ਅਨੰਦਪੁਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਆ ਹਾਜ਼ਰ ਹੋਇਆ ਅਤੇ ਬਚਾਉ ਲਈ ਬੇਨਤੀ ਕੀਤੀ। ਗੁਰੂ ਸਾਹਿਬ ਉਨ੍ਹਾਂ ਦੇ ਬਚਾਉ ਲਈ ਸੋਚ ਰਹੇ ਸਨ ਕਿ ਉਹਨਾਂ ਦਾ ਸਪੁੱਤਰ ਬਾਲਕ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਆ ਹਾਜ਼ਰ ਹੋਇਆ ਅਤੇ ਸੋਚ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਦੱਸਿਆ ਕਿ ਇਨ੍ਹਾਂ ਫ਼ਰਿਆਦੀ ਬ੍ਰਾਹਮਣਾਂ ਦਾ ਜਬਰੀ ਧਰਮ-ਪਰਿਵਰਤਨ ਕੀਤਾ ਜਾ ਰਿਹਾ ਹੈ ਅਤੇ ਕਿਸੇ ਸਤਿ-ਪੁਰਖ ਦੇ ਬਲਿਦਾਨ ਨਾਲ ਹੀ ਇਸ ਜ਼ੁਲਮ ਨੂੰ ਰੋਕਿਆ ਜਾ ਸਕਦਾ ਹੈ। ਬਾਲਕ ਨੇ ਕਿਹਾ ਕਿ ਆਪ ਤੋਂ ਅਧਿਕ ਹੋਰ ਕੋਣ ਧਰਮਾਤਮਾ ਅਤੇ ਸਤਿ-ਪੁਰਖ ਹੋ ਸਕਦਾ ਹੈ। ਇਸ ਘਟਨਾ ਨੂੰ ਬਾਲਕ ਗੋਬਿੰਦ ਰਾਇ ਦੀ ਪ੍ਰੀਖਿਆ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਲੇਖਕ ਦੱਸਦਾ ਹੈ ਕਿ “ਗੁਰੂ ਜੀ ਨੇ ਆਪਣੇ ਸਪੁੱਤ੍ਰ ਨੂੰ ਸਰਬ ਪ੍ਰਕਾਰ ਲਾਇਕ ਤੇ ਸਮ੍ਰੱਥ ਪ੍ਰਭੂ ਦੀ ਭਾਵੀ ਉਤੇ ਦ੍ਰਿੜ ਭਰੋਸਾ ਰੱਖਣ ਵਾਲਾ ਪੂਰਾ ਪੁਰਖ ਵੇਖ ਕੇ ਵੱਡੀ ਖ਼ੁਸ਼ੀ ਨਾਲ ਬ੍ਰਾਹਮਣਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾਉ, ਔਰੰਗੇ ਪਾਸ ਏਸ ਤਰ੍ਹਾਂ ਦੀ ਅਰਜ਼ੀ ਦਿਓ ਕਿ ਸਾਡੇ ਗੁਰੂ, ਪੀਰ ਛਤ੍ਰੀ ਕੁਲ ਵਿਚ ਜੋ ਤੇਗ਼ ਬਹਾਦਰ ਜੀ ਹਨ, ਜੇਕਰ ਬਾਦਸ਼ਾਹ ਓਨ੍ਹਾਂ ਨੂੰ ਮੁਹੰਮਦੀ ਬਣਾ ਲਏ ਤਾਂ ਫੇਰ ਅਸੀਂ ਸਭ ਆਪੇ ਦੀਨ ਮੁਹੰਮਦੀ ਕਬੂਲ ਕਰ ਲਵਾਂਗੇ ਤੇ ਜੇ ਨਾ ਹੋਏ ਤਾਂ ਸਾਨੂੰ ਭੀ ਮਾਫ਼ੀ ਬਖ਼ਸ਼ੋ। ਉਹਨਾਂ ਲੋਕਾਂ ਨੇ ਬਹੁਤ ਸ਼ਿਤਾਬੀ ਪੰਜਾਬ ਦੇ ਹਾਕਮ ਜ਼ਾਲਮ ਖ਼ਾਂ ਪਾਸ ਅਰਜ਼ੀ ਦਿਵਾ ਦਿੱਤੀ।” ਜਦੋਂ ਇਹ ਅਰਜ਼ੀ ਹਾਕਮਾਂ ਤੱਕ ਪੁੱਜੀ ਤਾਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਹੋ ਗਿਆ। ਗੁਰੂ ਜੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਮ ਲੋਕਾਂ ਦੇ ਮਨਾਂ ਵਿਚ ਜਬਰ ਅਤੇ ਜ਼ੁਲਮ ਪ੍ਰਤੀ ਦ੍ਰਿੜਤਾ ਪੈਦਾ ਕਰਨਾ ਚਾਹੁੰਦੇ ਸਨ ਅਤੇ ਇਸ ਕਾਰਜ ਲਈ ਉਹ ਮਾਲਵੇ ਦੇ ਇਲਾਕੇ ਵਿਚ ਚਲੇ ਗਏ। ਬਹੁਤ ਸਾਰੇ ਅਸਥਾਨਾਂ ਦੀ ਯਾਤਰਾ ਕਰਕੇ ਲੋਕਾਂ ਨੂੰ ਧਰਮ ਵਿਚ ਦ੍ਰਿੜ ਰਹਿਣ ਦਾ ਉਪਦੇਸ਼ ਕਰਦੇ ਹੋਏ ਗੁਰੂ ਜੀ ਆਗਰੇ ਚਲੇ ਗਏ। ਲੇਖਕ ਗੁਰੂ ਜੀ ਦੇ ਉਥੇ ਜਾਣ ਦਾ ਵਿਸ਼ੇਸ਼ ਕਾਰਨ ਦੱਸਦਾ ਹੋਇਆ ਕਹਿੰਦਾ ਹੈ ਕਿ ਸ਼ਰਧਾ ਵਿਚ ਰਮੀ ਹੋਈ ਇਕ ਮਾਤਾ ਭਾਗੋ ਨੇ ਬਹੁਤ ਹੀ ਪ੍ਰੇਮ ਨਾਲ ਇਕ ਥਾਨ ਬੁਣਿਆ ਹੋਇਆ ਸੀ ਅਤੇ ਉਹ ਆਪ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਉਹ ਥਾਨ ਭੇਟ ਕਰਨਾ ਚਾਹੁੰਦੀ ਸੀ। ਇਸ ਮਾਤਾ ਦੀ ਯਾਦ ਵਿਚ ਇਕ ਗੁਰਦੁਆਰਾ ਮਾਈਥਾਨ ਆਗਰੇ ਵਿਚ ਪ੍ਰਸਿੱਧ ਹੈ। ਉਥੇ ਜਾਣ ਦਾ ਦੂਜਾ ਵਿਸ਼ੇਸ਼ ਕਾਰਨ ਲੇਖਕ ਇਹ ਦੱਸਦਾ ਹੈ ਕਿ ਹਕੂਮਤ ਨੇ ਗੁਰੂ ਜੀ ਨੂੰ ਫੜ੍ਹਨ ਲਈ ਇਕ ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਅਤੇ ਉਥੇ ਰਹਿਣ ਵਾਲਾ ਇਕ ਬਜ਼ੁਰਗ ਸੱਯਦ ਹਸਨ ਅਲੀ ਇਹ ਇਨਾਮ ਲੈਣ ਦਾ ਇੱਛੁਕ ਸੀ ਤਾਂ ਕਿ ਉਸ ਦਾ ਬੁਢੇਪਾ ਚੰਗੀ ਤਰ੍ਹਾਂ ਗੁਜ਼ਰ ਜਾਵੇ। ਕੁੱਝ ਸਮਾਂ ਪਹਿਲਾਂ ਇਸ ਨਗਰ ਵਿਚ ਜਾ ਕੇ ਗੁਰਦਵਾਰਾ ਮਾਈਥਾਨ, ਹਾਥੀਘਾਟ, ਦਮਦਮਾ ਸਾਹਿਬ ਅਤੇ ਗੁਰੂ ਕਾ ਤਾਲ ਆਦਿ ਅਸਥਾਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਅਤੇ ਪਤਾ ਲੱਗਿਆ ਕਿ ਉਥੋਂ ਦੀ ਸਥਾਨਕ ਪਰੰਪਰਾ ਵਿਚ ਉਕਤ ਸਾਖੀਆਂ ਅੱਜ ਵੀ ਪ੍ਰਚੱਲਿਤ ਹਨ। ਲੇਖਕ ਗੁਰੂ ਜੀ ਦਾ ਆਗਰੇ ਤੋਂ ਗ੍ਰਿਫ਼ਤਾਰ ਹੋਣਾ ਦੱਸਦਾ ਹੈ ਪਰ ਭੱਟ ਵਹੀਆਂ ਰੋਪੜ ਤੋਂ ਗੁਰੂ ਜੀ ਦਾ ਗ੍ਰਿਫ਼ਤਾਰ ਹੋਣਾ ਦੱਸਦੀਆਂ ਹਨ।

ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ। ਇਸ ਮੌਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਵੀ ਉਹਨਾਂ ਦੇ ਨਾਲ ਸਨ। ਦਿੱਲੀ ਵਿਖੇ ਗੁਰੂ ਜੀ ਸਮੇਤ ਸਮੂਹ ਸਿੱਖਾਂ ਨੂੰ ਧਰਮ ਡੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਹਕੂਮਤ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੀ। ਪਹਿਲਾਂ ਸਿੱਖਾਂ ਨੂੰ ਅਤੇ ਫਿਰ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸਭ ਨੇ ਸ਼ਹੀਦ ਹੋਣਾ ਪ੍ਰਵਾਨ ਕੀਤਾ ਪਰ ਧਰਮ ਦੀ ਭਾਵਨਾ ਅਤੇ ਦ੍ਰਿੜਤਾ ਨੂੰ ਕਾਇਮ ਰੱਖਿਆ। ਕੈਦ ਸਮੇਂ ਗੁਰੂ ਜੀ ਨੂੰ ਦਰੋਗੇ ਅਬਦੁੱਲੇ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਗੁਰੂ ਜੀ ਅਤੇ ਗੁਰਸਿੱਖਾਂ ਦੀ ਸ਼ਹਾਦਤ ਤੋਂ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਦਿਨ ਤੋਂ ਬਾਅਦ ਉਹ ਨੌਕਰੀ ਛੱਡ ਕੇ ਅਨੰਦਪੁਰ ਆ ਗਿਆ। ਲੇਖਕ ਉਸ ਦੀ ਹੋਣੀ ਦਾ ਜ਼ਿਕਰ ਕਰਦੇ ਹੋਏ ਦੱਸਦਾ ਹੈ ਕਿ “ਅਬਦੁੱਲਾ ਦਰੋਗੇ ਨੂੰ ਗੁਰੂ ਜੀ ਦੇ ਬਚਨਾਂ ਦਾ ਅਜੇਹਾ ਅਸਰ ਹੋਯਾ ਕਿ ਨੌਵੇਂ ਗੁਰੂ ਜੀ ਦੇ ਚੋਲਾ ਛੱਡਣ ਪਿੱਛੋਂ ਆਪਣੇ ਸਾਥੀ ਸਿਪਾਹੀਆਂ ਸਮੇਤ ਗੁਰੂ ਜੀ ਦੇ ਸ਼ਸ਼ਤ੍ਰ, ਬਸਤ੍ਰ, ਅੰਗੂਠੀ ਆਦਿਕ ਜੋ ਮੋਹਰ ਵਾਲੀ ਸੀ, ਲੈ ਕੇ ਦਸਮ ਗੁਰੂ ਜੀ ਪਾਸ ਅਨੰਦਪੁਰ ਆ ਰਿਹਾ, ਧਰਮ ਦੀ ਕ੍ਰਿਤ ਹਕੀਮੀ ਕਰਕੇ ਸਾਰੀ ਉਮਰ ਗੁਰੂ ਜੀ ਦੀ ਸੇਵਾ ਕੀਤੀ। ਫੇਰ ਉਸ ਦਾ ਬੇਟਾ ਗੁਲਾਮ ਅੱਬਾਸ ਨਵਾਬ ਕਪੂਰ ਸਿੰਘ ਪਾਸ ਖ਼ਾਲਸੇ ਦੇ ਦਲ ਵਿਚ ਹਿਕਮਤ ਕਰਦਾ ਰਿਹਾ। ਉਸ ਦਾ ਪੜੋਤ੍ਰਾ ਹਕੀਮ ਸੈਦ ਮੁਹੰਮਦ ਖ਼ਾਂ ਹੁਣ ਕਸਬੇ ਖਰੜ ਜ਼ਿਲੇ ਅੰਬਾਲੇ ਵਿਚ ਹੈ। ਬਾਕੀ ਦਰੋਗੇ ਦੇ ਨਾਲ ਆਏ ਮੇਮੂ ਖ਼ਾਂ, ਮੈਦ ਖ਼ਾਂ ਆਦਿਕ ਗੁਰੂ ਜੀ ਦੇ ਨੌਕਰ ਰਸਾਲਦਾਰ ਬਨੇ ਰਹੇ।”

LIFE AND PERSONALITY: NINTH MASTER GURU TEG BAHADUR SAHIBਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਮਨੁੱਖੀ ਸੰਵੇਦਨਾ ਰੱਖਣ ਵਾਲੇ ਹਰ ਧਰਮ, ਮਜ਼ਹਬ, ਕੌਮ, ਦੇਸ ਆਦਿ ਦੇ ਬਸ਼ਿੰਦੇ ਦੇ ਮਨ ਤੇ ਗਹਿਰਾ ਪ੍ਰਭਾਵ ਪਾਇਆ ਹੈ। ਉਹਨਾਂ ਦੀ ਸ਼ਹਾਦਤ ਦਾ ਪ੍ਰਭਾਵ ਮੌਜੂਦਾ ਸਮੇਂ ਵਿਚ ਵੀ ਬਹੁਤ ਗਹਿਨ ਰੂਪ ਵਿਚ ਲੋਕ ਮਨਾਂ ਤੇ ਉੱਕਰਿਆ ਹੋਇਆ ਹੈ। ਧਰਮ ਦੀ ਅਜ਼ਾਦੀ ਲਈ ਹੋਈ ਗੁਰੂ ਜੀ ਦੀ ਸ਼ਹਾਦਤ ਨੂੰ ਪੜ੍ਹਨ-ਲਿਖਣ ਵਾਲੇ ਹਰ ਇਕ ਪ੍ਰਾਣੀ ਦੇ ਮਨ ਵਿਚ ਗੁਰੂ ਜੀ ਪ੍ਰਤੀ ਧਾਰਮਿਕ ਦ੍ਰਿੜਤਾ, ਨਿਸ਼ਠਾ, ਸ਼ਰਧਾ, ਨਿਰਭਉਤਾ ਅਤੇ ਨਿਰਵੈਰਤਾ ਵਾਲੀ ਭਾਵਨਾ ਪੈਦਾ ਹੁੰਦੀ ਹੈ। ਲੇਖਕ ਆਪਣੀ ਸੰਵੇਦਨਾ ਨੂੰ ਪ੍ਰਗਟ ਕਰਦੇ ਹੋਏ ਕਹਿੰਦਾ ਹੈ, “ਜਦ ਐਸ ਵੇਲੇ ਭੀ ਔਰੰਗੇ ਦੇ ਜ਼ੁਲਮ ਤੇ ਹਿੰਦੂਆਂ ਦੇ ਕਲੇਸ਼ ਸਾਨੂੰ ਯਾਦ ਆਉਂਦੇ ਹਨ ਤਾਂ ਨੇਤ੍ਰ ਡਬ ਡਬਾ ਕੇ ਅੱਥਰੂ ਸੁੱਟ ਦਿੰਦੇ ਹਨ। ਕੰਠ ਰੁਦਨ ਨਾਲ ਰੁਕ ਜਾਂਦਾ ਹੈ, ਹੱਥ ਕੰਬਦੇ ਲਿਖ ਨਹੀਂ ਸਕਦੇ, ਕਲਮ ਚੱਲਦੀ ਨਹੀਂ, ਜ਼ਬਾਨ ਹਿਲਦੀ ਨਹੀਂ, ਛਾਤੀ ਫਟਕਦੀ ਹੈ, ਰੂਹ ਘੱਟਦੀ ਹੈ, ਹਿਰਦਾ ਦਲੀਲ ਨਹੀਂ ਦਿੰਦਾ ਤਾਂ ਓਸ ਵੇਲੇ ਦੇ ਇਤਿਹਾਸ ਕਰਤਾ ਕੀਕੂੰ ਓਸ ਦੇ ਅਤੁਲ ਜ਼ੁਲਮ ਲਿਖ ਸਕਦੇ? ਤਾਂ ਹੀ ਓਨ੍ਹਾਂ ਤੋਂ ਉਤਨੇ ਨਹੀਂ ਲਿਖੇ ਗਏ ਜਿਤਨੇ ਜ਼ੁਲਮ ਓਨ ਕੀਤੇ ਸੇ।”

ਪ੍ਰਚਾਰ ਯਾਤਰਾਵਾਂ ਅਤੇ ਸਿੱਖਿਆਵਾਂ – ਗੁਰੂ ਜੀ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਰੱਥ, ਡੋਲਾ, ਗੱਡੀ, ਊਠ, ਘੋੜੇ, ਬੈਲਾਂ ਆਦਿ ਸਾਧਨਾਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਅਨੇਕਾਂ ਅਸਥਾਨਾਂ ਦੀ ਯਾਤਰਾ ਕੀਤੀ ਸੀ। ਲੇਖਕ ਨੇ ਗੁਰੂ ਸਾਹਿਬ ਦੇ ਜਿਹੜੇ ਚਰਨ ਛੋਹ ਪ੍ਰਾਪਤ ਅਸਥਾਨਾਂ ਦਾ ਜ਼ਿਕਰ ਕੀਤਾ ਹੈ ਉਹ ਪ੍ਰਮੁਖ ਤੌਰ ਤੇ ਇਸ ਪ੍ਰਕਾਰ ਹਨ – ਉਗਾਣਾ, ਅਟਾਵਾ, ਅਨੰਦਪੁਰ (ਮਾਖੋਵਾਲ), ਅਯੁੱਧਿਆ, ਅਲੀ ਸ਼ੇਰ, ਆਗਰਾ, ਆਰਾ, ਅੰਮ੍ਰਿਤਸਰ, ਸਮਾਉਂ, ਸਮਾਣਾ, ਸਾਹਿਬ ਗੰਜ, ਸਾਖੀ ਗੋਪਾਲ, ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ), ਸੇਖਾ, ਸੈਫ਼ਾਬਾਦ (ਬਹਾਦਰਗੜ੍ਹ, ਪਟਿਆਲਾ), ਸੋਹੀਵਾਲ, ਸੁਸਰਾਮ, ਸੁਢੈਲ, ਸੂਲੀਸਰ, ਸਿੰਗ੍ਰੇੜੀ, ਹਰਿਦੁਆਰ, ਹੰਢਿਆਇਆ, ਕਹਿਲਗਾਉਂ, ਕਟਕ, ਕਨੌੜ, ਕਬੂਲਪੁਰ, ਕਰਹਾਲੀ, ਕਲੌੜ, ਕਾਸ਼ੀ (ਬਨਾਰਸ), ਕਾਨਪੁਰ, ਕਾਮਰੂਪ, ਕਾਂਚੀ ਪੁਰੀ, ਕੀਰਤਪੁਰ, ਕੁੰਤਲ ਨਗਰ, ਕੈਂਥਲ, ਕੱਟੂ, ਕੱਰ੍ਰਾ, ਖਟਕੜ, ਖਡੂਰ, ਖਰਕ, ਖਯਾਲਾ, ਖਾਨਾ, ਖੀਵਾ, ਗਯਾ, ਗਰਨਾ, ਗੜ੍ਹਗੰਗਾ, ਗਾਗਾ, ਗੁਰਖੰਜਰ ਪੁਰ, ਗੋਇੰਦਵਾਲ, ਗੋਕਲ, ਗੋਬਿੰਦਪੁਰਾ, ਗੰਢੂ, ਘਨੌਲੀ, ਚੀਕਾ, ਛਪਰਾ, ਜਗਨਨਾਥ ਪੁਰੀ (ਉੜੀਸਾ), ਜੀਂਦ, ਟਹਿਲਪੁਰਾ, ਟੇਕ, ਡਿੱਖ, ਢਾਕਾ, ਢਿੱਲਵਾਂ, ਤਰਨਤਾਰਨ ਸਾਹਿਬ, ਥਨੇਸਰ, ਦਮਦਮਾ (ਬ੍ਰਹਮਪੁਤ੍ਰ ਨਦੀ ਦੇ ਕਿਨਾਰੇ ਵਸਿਆ ਹੋਇਆ ਰੰਗਾਮਾਟੀ ਨਗਰ ਦੇ ਲਾਗੇ), ਦਾਦੂ ਮਾਜਰਾ, ਧਮਧਾਣ, ਧਰਮ ਕੋਟ, ਧੋਬੀਆ ਬੰਦਰ, ਨਨਹੇੜੀ, ਨਲਹੱਟੀ, ਨੌਲੱਖਾ, ਪਹੋਆ, ਪਟਨਾ, ਪ੍ਰਾਗਰਾਜ, ਫਰਵਾਹੀ, ਫ਼ੳਮਪ;ਰੁੱਖਾਬਾਦ, ਬਕਸਰ, ਬਕਾਲਾ (ਬਾਬਾ), ਬਨੀ ਬਦਰ, ਬਰ੍ਹਾ, ਬਲੇਉ, ਬਾਰਨਾ, ਬਾਲੇਸ਼੍ਵਰ, ਬ੍ਰਿੰਦਾਬਣ, ਬੱਛੋਆਣਾ, ਭਰਤਗੜ੍ਹ, ਭਾਗਲਪੁਰ, ਭੰਦੇਹਰ, ਭੀਖੀ ਢਾਬ, ਭੁਪਾਲ, ਭੁਵਨੇਸ਼੍ਵਰ, ਮਕਸੂਦਾਬਾਦ (ਮੁਰਸ਼ਦਾਬਾਦ), ਮਕੌਰੜ, ਮਥਰਾ, ਮਦਰਾ ਪੁਰ, ਮਾਈਸਰਖਾਨਾ, ਮਾਣਕਪੁਰ (ਕੜਾ), ਮਾਲ ਦੋ, ਮੇਦਨੀ ਪੁਰ, ਮੁਕਾਰਾਂਪੁਰ, ਮੁੰਘੇਰ, ਮੁਰਾਦਾਬਾਦ, ਮੂਣਕ, ਮੂਲੋਵਾਲ, ਮਿਰਜ਼ਾਪੁਰ, ਮੋਰਭੰਜ, ਮੋਤੀਬਾਗ (ਪਟਿਆਲਾ), ਮੌੜ, ਰਹੇਲਾ, ਰਾਜਮਹਲ, ਰੋਹਤਕ, ਰੋਪੜ, ਲਖਨਊ, ਲਖਨੌਰ (ਅੰਬਾਲਾ), ਲੰਗ, ਲੱਖਣ ਮਾਜਰਾ, ਲੇਲ, ਵੱਲਾ, ਗੁਰੂ ਜੀ ਜਿਥੇ ਵੀ ਦੀਵਾਨ ਲਾਉਂਦੇ ਉਥੇ ਸੰਗਤ ਆ ਜੁੜਦੀ। ਦੂਰੋਂ-ਨੇੜਿਉਂ ਹਾਜ਼ਰ ਹੁੰਦੀ ਸੰਗਤ ਨੂੰ ਸਦਾ ਸੁਖੀ ਅਤੇ ਪਰਮਾਰਥ ਦੇ ਮਾਰਗ ਤੇ ਚੱਲਣ ਦਾ ਮੰਤਰ ਦ੍ਰਿੜ ਕਰਾਉਂਦੇ ਹੋਏ ਉਪਦੇਸ਼ ਕਰਦੇ, “ਮਨੁੱਖਾ ਜਨਮ ਅਮੋਲਕ ਰਤਨ ਵਾਂਗੂ ਦੁਰਲੱਭ ਹੈ, ਏਸ ਨੂੰ ਵਿਸ਼ੇ ਵਿਕਾਰਾਂ ਵਿਚ ਨਹੀਂ ਗਵਾਣਾ ਚਾਹੀਏ। ਸ੍ਵਾਸ ਸ੍ਵਾਸ ਵਾਹਿਗੁਰੂ ਦਾ ਸਿਮਰਨ, ਸੰਤ ਸੇਵਾ ਈਸ਼੍ਵਰ ਦੀ ਭਗਤੀ ਕਰਦੇ ਹੋਏ ਧਰਮ ਦੀ ਕ੍ਰਿਤ ਕਰਕੇ ਖਾਣੀ, ਈਸ਼੍ਵਰ ਦੀ ਰਜ਼ਾ ਵਿਚ ਪ੍ਰਸੰਨ ਰਹਿਣਾ ਏਹੋ ਮਨੁੱਖ ਦੇਹ ਦਾ ਧਰਮ ਹੈ। ਐਸੇ ਆਚਰਨ ਰੱਖਣ ਵਾਲੇ ਪੁਰਸ਼ ਸੰਸਾਰ ਦੇ ਸੰਪੂਰਨ ਸੁੱਖ ਭੋਗ ਕੇ ਅੰਤ ਨੂੰ ਸੱਚਖੰਡ ਦੇ ਨਿਵਾਸੀ ਹੁੰਦੇ ਹਨ।” ਨਸ਼ਿਆਂ ਦੇ ਖਿਲਾਫ਼ ਗੁਰੂ ਜੀ ਨੇ ਬਹੁਤ ਪ੍ਰਚਾਰ ਅਤੇ ਕਾਰਜ ਕੀਤਾ। ਉਨ੍ਹਾਂ ਦਿਨਾਂ ਵਿਚ ਮਾਲਵੇ ਦੇ ਲੋਕਾਂ ਵਿਚ ਤੰਮਾਕੂ ਖਾਣ ਅਤੇ ਪੀਣ ਦੀ ਆਦਤ ਆਮ ਸੀ। ਗੁਰੂ ਜੀ ਜਾਣਦੇ ਸਨ ਕਿ ਇਹ ਜਗਤ-ਜੂਠ ਸਮਾਜ ਨੂੰ ਨਰਕ ਬਣਾ ਦੇਵੇਗੀ। ਬਾਰਨੇ ਪਿੰਡ ਦੀ ਇਕ ਘਟਨਾ ਤੋਂ ਪਤਾ ਲੱਗਦਾ ਹੈ ਕਿ ਤੰਮਾਕੂ ਵਰਗੀ ਗੰਦੀ ਸ਼ੈਅ ਤੋਂ ਗੁਰੂ ਜੀ ਨੇ ਲੋਕਾਂ ਦਾ ਖਹਿੜਾ ਕਿਵੇਂ ਛੁਡਾਇਆ ਸੀ, ਜਿਸ ਦੇ ਕਿ ਲੋਕ ਹੁਣ ਫਿਰ ਆਦੀ ਹੁੰਦੇ ਜਾ ਰਹੇ ਹਨ। ਲੇਖਕ ਦੱਸਦਾ ਹੈ ਕਿ ਉਸ ਪਿੰਡ ਵਿਚ ਗੁਰੂ ਜੀ ਗਏ ਤਾਂ ਇਕ ਜੱਟ ਸਿੱਖ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਨੇ ਉਸ ਨੂੰ ਸਮਝਾਉਂਦੇ ਅਤੇ ਉਪਦੇਸ਼ ਦਿੰਦੇ ਹੋਏ ਕਿਹਾ, “ਗੰਦਾ ਧੂੰਆਂ ਨਾ ਘੁਟਣਾ ਸਗੋਂ ਧੂਮ੍ਰ ਪਾਨ ਕਰਨ ਵਾਲੇ ਬਿਪ੍ਰ ਨੂੰ ਦਾਨ ਭੀ ਨਹੀਂ ਦੇਣਾ, ਕਿਉਂ ਜੋ ਉਸ ਨੂੰ ਦਾਨ ਦੇਣ ਵਾਲਾ ਨਰਕ ਵਿਚ ਜਾਂਦਾ ਹੈ ਤੇ ਉਹ ਬਿਪ੍ਰ ਗ੍ਰਾਮ ਦਾ ਸੂਕਰ ਹੁੰਦਾ ਹੈ। ਏਸ ਗੰਦੇ ਧੂੰਏਂ ਤੋਂ ਕੋਈ ਧਰਮਾਤਮਾ ਹੀ ਬਚਣਗੇ, ਬਾਕੀ ਬਹੁਤ ਲੋਕ ਭ੍ਰਿਸ਼ਟ ਹੋ ਜਾਣਗੇ। ਜੇ ਤੇਰੀ ਸੰਤਨ ਨਾ ਪੀਏਗੀ ਤਾਂ ਸਰਬ ਪ੍ਰਕਾਰ ਸੁਖ ਸੰਪਤੀ ਭੋਗੇਗੀ, ਜੇ ਤੰਮਾਕੂ ਵਰਤੇਗੀ ਤਾਂ ਕੰਗਾਲ ਹੋ ਜਾਊ।”

LIFE AND PERSONALITY: NINTH MASTER GURU TEG BAHADUR SAHIBਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਪ੍ਰਚਾਰਕ ਉਦਾਸੀਆਂ ਦੌਰਾਨ ਉਨ੍ਹਾਂ ਸਿੱਖਾਂ ਨੂੰ ਪ੍ਰਚਾਰ ਦਾ ਕੰਮ ਸੌਂਪਿਆ ਸੀ ਜਿਹੜੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣੇ ਸਨ। ਗੁਰੂ ਸਾਹਿਬ ਨੇ ਉਸ ਸਿੱਖ ਨੂੰ ਪ੍ਰਚਾਰ ਦੀ ਸੇਵਾ ਸੌਂਪੀ ਸੀ ਜਿਨ੍ਹਾਂ ਨੇ ਗੁਰਮਤਿ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਪਰਉਪਕਾਰ ਹਿਤ ਨਿਸ਼ਕਾਮ ਸੇਵਾ ਦਾ ਕਾਰਜ ਕੀਤਾ ਸੀ। ਭਾਈ ਲਹਿਣਾ, ਬਾਬਾ ਅਮਰਦਾਸ ਅਤੇ ਭਾਈ ਜੇਠਾ ਜੀ ਨੇ ਗੁਰਮਤਿ ਗਿਆਨ ਅਤੇ ਸੇਵਾ ਵਿਚ ਅਜਿਹਾ ਮੁਕਾਮ ਹਾਸਲ ਕਰ ਲਿਆ ਸੀ ਕਿ ਉਹ ਗੁਰਗੱਦੀ ਦੇ ਅਧਿਕਾਰੀ ਬਣ ਗਏ ਸਨ। ਜਿਹੜੇ ਸਿੱਖਾਂ ਨੇ ਗੁਰਮਤਿ ਗਿਆਨ ਅਤੇ ਗੁਰਮਤਿ ਅਨੁਸਾਰ ਸੇਵਾ ਦੇ ਕਾਰਜ ਨੂੰ ਬਾਖੂਬੀ ਨਿਭਾਇਆ ਸੀ ਗੁਰੂ ਸਾਹਿਬਾਨ ਨੇ ਉਨ੍ਹਾਂ ਗੁਰਸਿੱਖਾਂ ਨੂੰ ਗੁਰਮਤਿ ਪ੍ਰਚਾਰ ਦੀ ਸੇਵਾ ਸੌਂਪ ਦਿੱਤੀ ਸੀ। ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਅਤੇ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਰਾਹੀਂ ਸਿੱਖੀ ਦੇ ਮਿਸ਼ਨ ਨੂੰ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚਾਇਆ ਸੀ ਅਤੇ ਉਨ੍ਹਾਂ ਇਲਾਕਿਆਂ ਵਿਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੱਗੇ ਸਿੱਖੀ ਦੇ ਬੂਟੇ ਨੂੰ ਗੁਰਮਤਿ ਦੇ ਕੇਂਦਰੀ ਧੁਰੇ ਨਾਲ ਜੋੜਨ ਦਾ ਕਾਰਜ ਕੀਤਾ ਸੀ। ਗੁਰੂ ਤੇਗ਼ ਬਹਾਦਰ ਜੀ ਨੇ ਸਿੱਖੀ ਦ੍ਰਿੜ ਕਰਾਉਣ ਹਿਤ ਉਕਤ ਗੁਰੂ ਸਾਹਿਬਾਨ ਦੀ ਵਿਧੀ ਨੂੰ ਅੱਗੇ ਤੋਰਿਆ ਸੀ। ਗੁਰੂ ਜੀ ਨੇ ਬਹੁਤ ਸਾਰੇ ਅਜਿਹੇ ਇਲਾਕਿਆਂ ਦੀ ਯਾਤਰਾ ਕੀਤੀ ਸੀ ਜਿਥੇ ਲੋਕ ਪਸੂਆਂ ਵਾਂਗ ਵਿਚਾਰ ਅਤੇ ਵਿਹਾਰ ਕਰਦੇ ਸਨ। ਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਅਜਿਹੇ ਲੋਕਾਂ ਦੇ ਮਨ ਵਿਚ ਕੋਮਲਤਾ, ਨਿਮਰਤਾ, ਪ੍ਰੇਮ, ਸੇਵਾ, ਪਰਉਪਕਾਰ, ਪ੍ਰਭੂ ਭਗਤੀ ਆਦਿ ਗੁਣਾਂ ਨੂੰ ਉਜਾਗਰ ਕੀਤਾ ਸੀ। ਇਨ੍ਹਾਂ ਦੇ ਜੀਵਨ ਵਿਚ ਆਇਆ ਅਜਿਹਾ ਬਦਲਾਉ ਨਿਰੰਤਰ ਕਾਇਮ ਰਹੇ ਇਸ ਲਈ ਗੁਰੂ ਜੀ ਉਥੇ ਇਕ ਪ੍ਰਚਾਰਕ ਨਿਯੁਕਤ ਕਰ ਦਿੰਦੇ ਸਨ। ਭਾਈ ਨੰਦ ਲਾਲ ਸੋਹਣੂ ਦੇ ਪੁੱਤਰ ਭਾਈ ਮੀਂਹੇ ਦੀ ਮਿਸਾਲ ਸਾਡੇ ਸਾਹਮਣੇ ਹੈ ਜਿਸ ਨੇ ਮਾਲਵੇ ਦੀ ਯਾਤਰਾ ਦੌਰਾਨ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ। ਗੁਰੂ ਜੀ ਨੇ ਉਸ ਦੀ ਸੇਵਾ ਤੋਂ ਖ਼ੁਸ਼ ਹੋ ਕੇ ਉਸ ਨੂੰ ਮਸੰਦ ਦੀ ਉਪਾਧੀ ਬਖ਼ਸ਼ਦੇ ਹੋਏ ਗੁਰਮਤਿ ਦੀ ਸੇਵਾ ਕਰਨ ਦਾ ਆਦੇਸ਼ ਕੀਤਾ। ਲੇਖਕ ਦੱਸਦਾ ਹੈ ਕਿ ਗੁਰੂ ਜੀ ਤੋਂ ਮਸੰਦੀ ਪ੍ਰਾਪਤ ਕਰਕੇ ਉਹ ਪੂਰਬ ਵੱਲ ਚਲਾ ਗਿਆ ਅਤੇ ਉਸ ਨੇ ਸਿੱਖੀ ਪ੍ਰਚਾਰ ਵਿਚ ਵੱਡਾ ਯੋਗਦਾਨ ਪਾਇਆ, “ਹੁਣ ਤੱਕ ਮੁਰਾਦਾਬਾਦ, ਲਖਨਊ ਬਾਰਾਬੰਕੀ, ਨਵਾਬ ਗੰਜ ਆਦਿ ਪ੍ਰਗਣਿਆਂ ਵਿਚ ਮੇਹਾਂ ਸਾਹਿਬ ਦੇ ਉਪਦੇਸ਼ੀ ਗੁਰੂ ਜੀ ਦੇ ਸਿੱਖ ਉਜਾਗਰ ਹਨ। ਉਸ ਦੇ ਪਿੱਛੋਂ ਓਸਦੇ ਚੇਲੇ ਲਖਮੀਰ ਤੇ ਮਗਨੀ ਰਾਮ ਆਦਿਕ ਕਈ ਜਪੀ ਤਪੀ ਹੋਏ, ਜਿਨ੍ਹਾਂ ਨੇ ਰਾਜਾ ਪਰਜਾ ਨੂੰ ਚਿਤਾ ਕੇ ਗੁਰੂ ਜੀ ਦੀ ਸਿੱਖੀ ਬਹੁਤ ਫੈਲਾਈ।”

ਲੇਖਕ ਗੁਰੂ ਜੀ ਨੂੰ ਆਪਣੇ ਇਸ਼ਟ ਵਜੋਂ ਪੇਸ਼ ਕਰਦਾ ਹੈ। ਲੇਖਕ ਦੀ ਦ੍ਰਿਸ਼ਟੀ ਵਿਚ ਗੁਰੂ ਜੀ ਮਨੁੱਖੀ ਜਾਮੇ ਵਿਚ ਪ੍ਰਭੂ-ਜੋਤ ਹਨ, ਸਮੂਹ ਦੁਨਿਆਵੀ ਅਤੇ ਦੈਵੀ ਸ਼ਕਤੀਆਂ ਉਨ੍ਹਾਂ ਅੱਗੇ ਸਿਰ ਝੁਕਾਉਂਦੀਆਂ ਹਨ। ਕਿੰਨਰ, ਜੱਛ, ਭੂਤ, ਪ੍ਰੇਤ, ਪਿਸਾਚ, ਦੇਉ ਆਦਿ ਅਜਿਹੀਆਂ ਨਕਾਰਾਤਮਕ ਸ਼ਕਤੀਆਂ ਮੰਨੀਆਂ ਗਈਆਂ ਹਨ ਜਿਨ੍ਹਾਂ ਦੇ ਹੁਕਮ ਦੀ ਉਲੰਘਣਾ ਕਰਨ ਦੀ ਕਿਸੇ ਵਿਚ ਹਿੰਮਤ ਨਹੀਂ। ਏਹ ਸ਼ਕਤੀਆਂ ਗਲਤੀ ਕਰਨ ਤੇ ਕਿਸੇ ਵੀ ਮਨੁੱਖ ਨੂੰ ਨਹੀਂ ਬਖ਼ਸ਼ਦੀਆਂ ਅਤੇ ਜੇ ਉਨ੍ਹਾਂ ਦਾ ਕਰੋਧ ਪ੍ਰਚੰਡ ਰੂਪ ਧਾਰਨ ਕਰ ਜਾਵੇ ਤਾਂ ਸੋਕਾ ਪੈ ਸਕਦਾ ਹੈ, ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ, ਉਹ ਮਨੁੱਖਾਂ ਦੀ ਜਾਨ ਲੈ ਸਕਦੀਆਂ ਹਨ, ਬੱਚੇ ਨਹੀਂ ਜੰਮਣ ਦਿੰਦੀਆਂ, ਪਸ਼ੂਆਂ ਨੂੰ ਬੀਮਾਰੀ ਪੈ ਸਕਦੀ ਹੈ ਜਾਂ ਉਨ੍ਹਾਂ ਦਾ ਦੁੱਧ ਬੰਦ ਹੋ ਸਕਦਾ ਹੈ ਆਦਿ। ਉਹ ਪਿੰਡਾਂ ਦੇ ਪਿੰਡ ਤਬਾਹ ਕਰ ਸਕਦੀਆਂ ਹਨ, ਕੋਈ ਮਨੁੱਖੀ ਹਸਤੀ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕਦੀ। ਲੇਖਕ ਗੁਰੂ ਨੂੰ ਇਨ੍ਹਾਂ ਸਾਰੀਆਂ ਸ਼ਕਤੀਆਂ ਤੋਂ ਉਪਰ ਮੰਨਦਾ ਹੋਇਆ ਕਹਿੰਦਾ ਹੈ ਕਿ ਜਿਥੇ ਗੁਰੂ ਦਾ ਅਸਥਾਨ ਹੋਵੇ ਉਥੇ ਇਨ੍ਹਾਂ ਦੀ ਹਾਲਤ ਭਿੱਜੀ ਬਿੱਲੀ ਦੀ ਤਰ੍ਹਾਂ ਹੁੰਦੀ ਹੈ। ਇਕ ਪਿੰਡ ਦੀ ਘਟਨਾ ਦਾ ਵਰਨਨ ਕਰਦੇ ਹੋਏ ਲੇਖਕ ਦੱਸਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਜਦੋਂ ਮੌੜੀ ਪਿੰਡ ਇਕ ਜੰਡ ਹੇਠ ਜਾ ਉਤਰੇ ਤਾਂ ਲੋਕਾਂ ਨੇ ਕਿਹਾ “ਏਸ ਜੰਡ ਵਿਚ ਭੂਤ, ਪ੍ਰੇਤ, ਪਿਸਾਚ ਰਹਿੰਦੇ ਹਨ, ਆਪ ਏਥੇ ਨਾ ਉਤਰੋ, ਕਿਉਂ ਜੋ ਓਨ੍ਹਾਂ ਨੇ ਏਥੇ ਉਤਰਨ ਵਾਲੇ ਅਨੇਕਾਂ ਪੁਰਸ਼ ਮਾਰ ਛੱਡੇ ਹਨ। ਤੁਹਾਡੇ ਵਾਂਗੂੰ ਇਕ ਸੰਨਯਾਸੀ ਮਹੰਤ ਜਮਾਤ ਲੈ ਕੇ ਏਥੇ ਆ ਉਤਰਿਆ ਸੀ, ਰਾਤ ਨੂੰ ਐਡੇ ਡਰੇ ਕਿ ਸਭੈ ਡੇਰਾ ਡੰਡਾ ਛੱਡ ਕੇ ਨੱਠ ਗਏ। ਓਨ੍ਹਾਂ ਵਿਚੋਂ ਕਈ ਡਰਦੇ ਮਾਰੇ ਦਹਿਲ ਕੇ ਮਰ ਗਏ। ਏਸੇ ਤਰ੍ਹਾਂ ਮੁਸਲਮਾਨਾਂ ਦਾ ਇਕ ਪੀਰ ਸੱਯਦ ਆਯਾ, ਓਹ ਆਖੇ ਮੈਂ ਏਨ੍ਹਾਂ ਨੂੰ ਏਥੋਂ ਕੱਢ ਕੇ ਜਾਵਾਂਗਾ, ਓੜਕ ਆਪ ਹੀ ਜਾਨ ਦੇ ਕੇ ਗਿਆ। ਏਹ ਬਾਤਾਂ ਸੁਣ ਗੁਰੂ ਜੀ ਬੋਲੇ, ਓਨ੍ਹਾਂ ਪ੍ਰੇਤਾਂ ਦੇ ਭਲੇ ਵਾਸਤੇ ਕਰਤਾਰ ਸਾਨੂੰ ਏਥੇ ਲਿਆਯਾ ਹੈ। ਓਸ ਜੰਡ ਹੇਠ ਤੰਬੂ ਤਣਵਾਕੇ ਗੁਰੂ ਜੀ ਬਿਰਾਜ ਰਹੇ, ਅੱਧੀ ਰਾਤ ਹੋਈ ਤਾਂ ਓਹੀ ਪਿਸਾਚ ਤੇ ਦੇਉ ਦੋਵੇਂ ਗੁਰੂ ਜੀ ਅੱਗੇ ਹੱਥ ਜੋੜ ਕੇ ਆ ਖਲੋਤੇ। ਗੁਰੂ ਜੀ ਦੇ ਹੁਕਮ ਨਾਲ ਓਹ ਅਗਲੇ ਦਿਨ ਸਰਹੰਦ ਵਲ ਚਲੇ ਗਏ।” ਏਸੇ ਤਰ੍ਹਾਂ ਦੀ ਇਕ ਹੋਰ ਘਟਨਾ ਦਾ ਜ਼ਿਕਰ ਲੇਖਕ ਗੁਰੂ ਜੀ ਦੀ ਆਗਰੇ ਵਿਖੇ ਹੋਈ ਗ੍ਰਿਫ਼ਤਾਰੀ ਸਮੇਂ ਕਰਦਾ ਹੈ। ਉਹ ਦੱਸਦਾ ਹੈ ਕਿ ਹਾਕਮਾਂ ਨੇ ਗੁਰੂ ਜੀ ਨੂੰ ਇਕ ਐਸੀ ਹਵੇਲੀ ਵਿਚ ਰੱਖਿਆ ਜਿਥੇ ਭੂਤਾਂ, ਪ੍ਰੇਤਾਂ ਦਾ ਵਾਸਾ ਮੰਨਿਆ ਜਾਂਦਾ ਸੀ ਅਤੇ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਹ ਰਾਤ ਸਮੇਂ ਮਨੁੱਖਾਂ ਦੀ ਜਾਨ ਲੈ ਲੈਂਦੇ ਹਨ। ਜਦੋਂ ਗੁਰੂ ਜੀ ਨੂੰ ਉਸ ਹਵੇਲੀ ਵਿਚ ਕੈਦ ਕੀਤਾ ਗਿਆ ਤਾਂ ਰਾਤ ਸਮੇਂ “ਇਕ ਦੇਉ ਨੇ ਗੁਰੂ ਜੀ ਦੇ ਚਰਨਾਂ ਪੁਰ ਮੱਥਾ ਟੇਕਿਆ। ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈਂ ਤੇ ਏਹ ਪ੍ਰੇਤ ਜੋਨੀ ਕਿਸ ਕਰਕੇ ਪਾਈ ਹੈ? ਓਨ ਬੇਨਤੀ ਕੀਤੀ ਮੈਂ ਅਨੇਕ ਭੂਤਾਂ, ਪ੍ਰੇਤਾਂ, ਖਵੀਸਾਂ ਦਾ ਸਰਦਾਰ ਦੇਉ ਹਾਂ।…ਅਸੀਂ ਦੂਜਿਆਂ ਨੂੰ ਮਾਰ ਸਕਦੇ ਹਾਂ ਜਿਵਾ ਨਹੀਂ ਸਕਦੇ। ਆਪਣੇ ਪ੍ਰੇਤਾਂ ਦੇ ਬਾਦਸ਼ਾਹ ਦੇ ਹੁਕਮ ਨਾਲ ਏਥੇ ਰਹਿੰਦੇ ਹਾਂ, ਜਿਸ ਨੂੰ ਬਾਦਸ਼ਾਹ ਮਾਰਣ ਲਈ ਯਾ ਕੁਛ ਮਨਾਉਣ ਲਈ ਏਥੇ ਭੇਜਦਾ ਹੈ ਓਹੋ ਕੰਮ ਅਸੀਂ ਕਰ ਛੱਡਦੇ ਹਾਂ। ਹੁਣ ਤੁਹਾਡੇ ਅਤੇ ਏਨ੍ਹਾਂ ਸਿੱਖਾਂ ਦੇ ਦਰਸ਼ਨ ਕਰਕੇ ਸਾਨੂੰ ਠੰਢ ਪੈ ਗਈ ਹੈ, ਨਹੀਂ ਤਾਂ ਬੜੇ ਦੁਖੀ ਸਾਂ।…ਫੇਰ ਓਨ ਬਹੁਤ ਦੀਨ ਹੋ ਕੇ ਪ੍ਰਾਰਥਨਾਂ ਕੀਤੀ ਕਿ ਅੱਜ ਤੁਸੀਂ ਸਾਡੇ ਵੱਸਣ ਦੇ ਘਰ ਸਾਡੇ ਪਰਾਹੁਣੇ ਹੋ, ਹੁਕਮ ਦਿਓ ਤਾਂ ਕੁਛ ਲਿਆਈਏ? ਏਤਨਾਂ ਕਹਿ ਕੇ ਆਪ ਚਲਾ ਗਿਆ, ਪਲ ਕੁ ਵਿਚ ਸੰਗਤਰੇ, ਤਰਬੂਜ਼, ਬਦਾਮ, ਅੰਗੂਰ, ਅਨਾਰ, ਸੇਉ, ਛੁਹਾਰੇ, ਮੇਵਾ ਪਿਸਤਾ, ਮਿਸਰੀ, ਆਦਿਕ ਮਿੱਠੇ ਖੱਟੇ ਅਨੇਕ ਪ੍ਰਕਾਰ ਦੇ ਸ੍ਵਾਦੀਕ ਪਦਾਰਥ ਗੁਰੂ ਜੀ ਅੱਗੇ ਲਿਆ ਰੱਖੇ। ਗੁਰੂ ਜੀ ਨੇ ਉਸਦੀ ਬੇਨਤੀ ਮੰਨ ਕੇ ਆਪ ਭੀ ਸਭ ਭਾਂਤ ਦੇ ਮੇਵੇ ਛਕੇ ਤੇ ਸਿੱਖਾਂ ਨੂੰ ਭੀ ਛਕਾਏ। ਗੁਰੂ ਜੀ ਦਾ ਸੀਤ ਪ੍ਰਸਾਦ ਗੁਰੂ ਜੀ ਦੇ ਹੁਕਮ ਨਾਲ ਜਦ ਪ੍ਰੇਤ ਨੇ ਪਰਵਾਰ ਸਮੇਤ ਛਕਿਆ ਤਾਂ ਓਹ ਪ੍ਰੇਤ ਦੇਹ ਤਿਆਗ ਕੇ ਦੇਵਤਾ ਬਣ ਗੁਰੂ ਜੀ ਦਾ ਜੈਕਾਰ ਕਰਦੇ ਦੇਵ ਲੋਕ ਨੂੰ ਚਲੇ ਗਏ।” ਲੇਖਕ ਗੁਰੂ ਦੀ ਅਧਿਆਤਿਮਕ ਸ਼ਕਤੀ ਨੂੰ ਸਭ ਸ਼ਕਤੀਆਂ ਤੋਂ ਉਪਰ ਦੱਸਣਾ ਚਾਹੁੰਦਾ ਹੈ ਪਰ ਨਾਲ ਹੀ ਉਹ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਸੱਚਾ ਗੁਰੂ ਨਾ ਤਾਂ ਇਨ੍ਹਾਂ ਸ਼ਕਤੀਆਂ ਦਾ ਦਿਖਾਵਾ ਕਰ ਕੇ ਲੋਕਾਂ ਨੂੰ ਡਰਾਉਂਦਾ ਹੈ ਅਤੇ ਨਾਂ ਹੀ ਉਹ ਪ੍ਰਭੂ ਦੇ ਭਾਣੇ ਤੋਂ ਬਾਹਰ ਜਾਂਦਾ ਹੈ। ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਗੁਰੂ ਕਈ ਪ੍ਰਕਾਰ ਦੇ ਕੌਤਕ ਕਰਦਾ ਹੈ ਜਿਹੜੇ ਕਈ ਵਾਰ ਆਮ ਲੋਕਾਂ ਦੀ ਸਮਝ ਤੋਂ ਪਰੇ ਹੁੰਦੇ ਹਨ। ਗੁਰੂ ਆਮ ਮਨੁੱਖ ਨੂੰ ਦੈਵੀ ਗੁਣਾਂ ਵਾਲਾ (ਪਰਉਪਕਾਰੀ) ਮਨੁੱਖ ਬਣਾਉਣ ਦੇ ਸਮਰੱਥ ਹੁੰਦਾ ਹੈ।

LIFE AND PERSONALITY: NINTH MASTER GURU TEG BAHADUR SAHIBਗੁਰੂ ਜੀ ਦੇ ਸਮੇਂ ਦੇ ਪ੍ਰਮੁਖ ਸਿੱਖ – ਊਦਾ (ਰਠੋੜ), ਊਦਾ (ਦਿਲਵਾਲੀ ਸਿੱਖ) ਸਯਾਮ ਦਾਸ, ਸਾਹਿਬ ਚੰਦ, ਸਾਧੂ (ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਸਾਥੀ), ਸਾਧੂ ਮੁਲਤਾਨੀ, ਸੈਫ਼ ਅਲੀ ਖ਼ਾਂ, ਸੰਗਤੀਆ, ਸੱਦਾ ਮੁਲਤਾਨੀ, ਸੁਖਾਨੰਦ, ਸੁੱਚਾ, ਹਰਜਸ ਰਾਇ (ਲਾਹੌਰ ਦਾ ਸੁਭਿਖਿਆ ਖੱਤ੍ਰੀ), ਹਜ਼ੂਰੀ ਸਿੰਘ ਬਹਿਲ (ਕਲਕੱਤੇ ਦਾ ਹਾਕਮ), ਕਰੀਮ ਬਖ਼ਸ਼ (ਪਟਨਾ), ਕ੍ਰਿਪਾਲ ਚੰਦ (ਮਾਮਾ), ਗੜ੍ਹੀਆ, ਗੁਰਦਿੱਤਾ, ਗੁਰੀਆ (ਸ਼ਾਹਪੁਰੀਆ), ਗੁਲਬਰਾਇ, ਗੁਰਸਰਨ, ਗੁਰਬਖ਼ਸ਼, ਗੁਰਬਖ਼ਸ਼ (ਮੁਨਸ਼ੀ), ਗੋਂਦਾ, ਘਨਸਯਾਮ, ਚਰਨ ਦਾਸ (ਸਾਧੂ), ਜਗਤ ਸੇਠ (ਪਟਨਾ), ਜਵਾਹਰ ਮੱਲ ਅਰੋੜਾ (ਦਿਲਵਾਲੀ ਸਿੱਖ), ਜੇਠਾ (ਅੰਬਾਲੇ ਦੇ ਪ੍ਰਗਣੇ ਦਾ ਮਸੰਦ), ਜੈਤਾ (ਭਾਈ ਜੀਵਨ ਸਿੰਘ), ਜੀਤ ਮੱਲ, ਤਖਤਾ ਬਖਤਾ (ਪੋਠੋਹਾਰੀ), ਦਯਾਲਾ (ਭਾਈ), ਦਵਾਰਕਾ ਦਾਸ (ਬਾਵਾ), ਦੇਸ ਰਾਜ, ਦਿਆਲਾ (ਵਜ਼ੀਰਾਬਾਦੀਆ), ਦੀਪ ਚੰਦ (ਗੁਰਦਾਸਪੁਰੀਆ), ਦੱਗਾ, ਧੰਮਾ (ਚੌਧਰੀ), ਨਿਧਾ ਪਸ਼ੌਰੀ, ਨੰਦ ਚੰਦ ਸੰਘਾ, ਨੱਥਾ ਸ਼ਾਹ (ਅਲਮਸਤ ਦਾ ਚੇਲਾ), ਨੱਥੂ ਰਬਾਬੀ, ਪਹਿਲੂ, ਪਰਣ ਪਾਲ (ਅਸਾਮ ਦੇ ਇਕ ਪ੍ਰਦੇਸ ਦਾ ਰਾਜਾ), ਪੀਰ ਮੁਹੰਮਦ (ਗੁਰੂ ਗੋਬਿੰਦ ਸਿੰਘ ਜੀ ਨੂੰ ਫ਼ੳਮਪ;ਾਰਸੀ ਪੜ੍ਹਾਉਣ ਵਾਲਾ ਉਸਤਾਦ, ਕਾਜ਼ੀ), ਫਤੇ ਚੰਦ ਮੈਣੀ (ਰਾਜਾ), ਫੇਰੂ (ਨੱਕੇ ਦਾ ਮਸੰਦ), ਬਹਿਲੋ ਕੇ, ਬਖ਼ਤ ਮੱਲ, ਬੁਲਾਕੀ ਦਾਸ, ਬਿਸ਼ਨ ਸਿੰਘ ਜੋਧਪੁਰੀਆ (ਰਾਜਾ), ਬ੍ਰਜ ਸਿੰਘ (ਸ਼ਸਤ੍ਰ ਵਿਦਿਆ ਸਿਖਾਉਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਰਾਜਪੂਤ ਉਸਤਾਦ), ਭਾਗੂ, ਭਾਗੋ (ਇਸ ਦੀ ਸੇਵਾ ਕਰਕੇ ਆਗਰੇ ਵਿਖੇ ਗੁਰਦੁਆਰਾ ਮਾਈਥਾਨ ਸਸ਼ੋਭਿਤ ਹੈ), ਮਤੀ ਰਾਮ (ਦੀਵਾਨ), ਮਨੀਆ (ਭਾਈ ਮਨੀ ਸਿੰਘ), ਮਲੂਕਾ, ਮਾਈਆਂ, ਮੀਂਹਾ, ਮੁਹੰਮਦ ਬਖ਼ਸ਼, ਮੁਗਲੂ, ਮੱਖਣਸ਼ਾਹ, ਰਹੀਮ ਬਖ਼ਸ਼ (ਪਟਨਾ), ਰਾਜਾਰਾਮ (ਅਸਾਮ ਦੇ ਇਕ ਪ੍ਰਦੇਸ ਦਾ ਰਾਜਾ) ਰਾਮਾ ਸੰਧੂ, ਰੂਪ ਚੰਦ (ਮਾਲਵੇ ਵਿਚ ਸਿੱਖੀ ਦਾ ਇਕ ਪ੍ਰਚਾਰਕ), ਰੂਪਾ (ਕੱਰ੍ਰੇ ਦਾ ਮਸੰਦ), ਲਾਲਚੰਦ, ਲੱਖੀ ਸ਼ਾਹ ਵਣਜਾਰਾ।

ਲੋਕਾਂ ਨੂੰ ਕੋਈ ਗੱਲ ਸਮਝਾਉਣ ਲਈ ਸਥਾਨਕ ਬੋਲੀ ਅਤੇ ਟੋਟਕੇ ਰੂਪੀ ਮੁਹਾਵਰੇ ਬਹੁਤ ਹੀ ਕਾਰਗਾਰ ਸਾਬਤ ਹੁੰਦੇ ਹਨ। ਲੇਖਕ ਦੱਸਦਾ ਹੈ ਕਿ ਗੁਰੂ ਜੀ ਨੇ ਆਮ ਲੋਕਾਂ ਦੀ ਨਬਜ਼ ਨੂੰ ਪਛਾਣ ਕੇ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਆਪਣੀਆਂ ਪ੍ਰਚਾਰ ਉਦਾਸੀਆਂ ਦੌਰਾਨ ਬਾਣੀ ਦੇ ਨਾਲ-ਨਾਲ ਮੁਹਾਵਰਿਆਂ ਦੀ ਵਰਤੋਂ ਵੀ ਕੀਤੀ ਹੈ। ਜਿਹੜੇ ਮੁਹਾਵਰੇ ਪ੍ਰਮੁਖ ਤੌਰ ਤੇ ਦੇਖਣ ਨੂੰ ਮਿਲਦੇ ਹਨ, ਇਸ ਪ੍ਰਕਾਰ ਹਨ – ਕਾਠ ਦੀਆਂ ਬਿੱਲੀਆਂ ਤਾਂ ਬਣੇ ਪਰ ਮਿਆਉਂ ਕੌਣ ਕਰੇ; ਮਾਈਆਂ ਗੁਰੂ ਰਜਾਈਆਂ ਭਗਤੀ ਲਾਈਆਂ; ਇਆਣਾ ਗੱਲ ਕਰੇ ਸਿਆਣਾ ਕਿਆਸ ਕਰੇ; ਜੋ ਕਰੇਗਾ ਸੋ ਭਰੇਗਾ; ਜਵੰਦੇ ਅਕਲ ਦੇ ਅੰਧੇ ਏਨਾਂ ਦਾ ਬਾਈਆ ਤੇਈਆ ਹੋਸੀ ਥੇਹੀਆ ਥੇਹੀਆ; ਮੰਗਤਿਆਂ ਤੋਂ ਮੰਗਣਾ ਲਾਨਤੀਆਂ ਦਾ ਕੰਮ; ਸੰਤ ਨਦੀ ਅਰ ਮੇਘੁਲਾ ਚਲੈਂ ਭੁਯੰਗਮ ਚਾਲ। ਰਜਬ ਜਹਿਂ ਜਹਿਂ ਪਗ ਧਰੇ ਤਹਿ ਤਹਿ ਕਰੇ ਨਿਹਾਲ; ਜੋਗਾ ਰਲੇ ਅਲੀ ਸ਼ੇਰੇ। ਧੀਆਂ ਦੇ ਬਣਜਾਰੇ ਹੇਰੇ; ਜਿਸਨੂੰ ਸੁਣ ਗੁਰ ਉਚਰਯੋ ਵਾਕਾ। ਮਮ ਸਿਖੀ ਕਾ ਕੋਠਾ ਢਾਕਾ; ਜੰਗਲ ਗੁਰੂ ਕਾ ਮੰਗਲ; ਛੁਰੀ-ਕਕੜੀ ਤੇ ਘੜੇ-ਵੱਟੇ ਵਾਲਾ ਜੋੜ; ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ।

LIFE AND PERSONALITY: NINTH MASTER GURU TEG BAHADUR SAHIBਗਿਆਨੀ ਗਿਆਨ ਸਿੰਘ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਖ਼ਸੀਅਤ ਨੂੰ ਉਜਾਗਰ ਕਰਨ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਵੇਂ ਕਿ ਬਹੁਤ ਸਾਰੇ ਸਮਕਾਲੀ ਇਤਿਹਾਸਕਾਰਾਂ ਅਤੇ ਆਧੁਨਿਕ ਖੋਜਾਂ ਨੇ ਗੁਰੂ ਤੇਗ਼ ਬਹਾਦਰ ਜੀ ਸੰਬੰਧੀ ਨਵੀਂ ਦ੍ਰਿਸ਼ਟੀ ਤੋਂ ਬਹੁਤ ਸਾਰਾ ਕਾਰਜ ਕੀਤਾ ਹੈ ਪਰ ਇਥੇ ਧਿਆਨਯੋਗ ਨੁਕਤਾ ਇਹ ਹੈ ਕਿ ਸਮਕਾਲੀ ਇਤਿਹਾਸਕਾਰ ਅਤੇ ਲੇਖਕ ਸਮਕਾਲੀ ਬਾਦਸ਼ਾਹਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਸਨ ਅਤੇ ਉਹਨਾਂ ਨੇ ਬਹੁਤ ਸਾਰੇ ਤੱਥਾਂ ਨੂੰ ਛੁਪਾਉਣ ਜਾਂ ਉਨ੍ਹਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਕਾਰਜ ਕੀਤਾ ਹੈ। ਲੋਕ ਮਨਾਂ ਤੇ ਗੁਰੂ ਜੀ ਦਾ ਜੋ ਪ੍ਰਭਾਵ ਸੀ ਉਸ ਨੂੰ ਨਿਰਪੱਖ ਤਰੀਕੇ ਨਾਲ ਪੇਸ਼ ਕੀਤਾ ਜਾਣਾ ਜ਼ਰੂਰੀ ਸੀ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਗਿਆਨੀ ਜੀ ਦੀ ਖੋਜ ਬਹੁਤ ਹੀ ਸਾਰਥਿਕ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਗੁਰੂ ਜੀ ਸੰਬੰਧੀ ਬਹੁਤ ਹੀ ਮਹੱਤਵਪੂਰਨ ਤੱਥ ਇਕੱਤਰ ਕਰਕੇ ਪਾਠਕਾਂ ਤੱਕ ਪਹੁੰਚਾਏ ਹਨ। ਗੁਰੂ ਤੇਗ਼ ਬਹਾਦਰ ਜੀ ਸੰਬੰਧੀ ਉਨ੍ਹਾਂ ਦੀ ਖੋਜ ਤੇ ਵਿਚਾਰ ਹੋ ਸਕਦਾ ਹੈ ਪਰ ਦੀਰਘ ਖੋਜ ਅਤੇ ਘੁੰਮ-ਫਿਰ ਕੇ ਉਨ੍ਹਾਂ ਨੇ ਗੁਰੂ ਜੀ ਸੰਬੰਧੀ ਜਿਹੜੀ ਖੋਜ ਕੀਤੀ ਹੈ ਉਹ ਨਿਸ਼ਚਿਤ ਤੌਰ ਤੇ ਸ਼ਲਾਘਾਯੋਗ ਹੈ ਜਿਹੜੀ ਮੌਜੂਦਾ ਪੀੜ੍ਹੀ ਨੂੰ ਗੁਰ-ਇਤਿਹਾਸ ਨਾਲ ਜੋੜ੍ਹਨ ਦਾ ਕਾਰਜ ਕਰਦੀ ਹੈ।

 ਡਾ. ਪਰਮਵੀਰ ਸਿੰਘ,                                                                                                                                                                                                                     ਸਿੱਖ ਵਿਸ਼ਵਕੋਸ਼ ਵਿਭਾਗ,                                                                                                                                                                                                                     ਪੰਜਾਬੀ ਯੂਨੀਵਰਸਿਟੀ, ਪਟਿਆਲਾ,                                                                                                                                                   paramvirsingh68@gmail.com

Tags
Show More

Leave a Reply

Your email address will not be published. Required fields are marked *

Close