DIASPORAOPINIONPunjab

Political Wild Conscience HUMAN RIGHTS KILLER

ਮਨੁੱਖ ਦੀ ਪੈਦਾ ਕੀਤੀ ਸਿਆਸਤ ਵਿਚਲੀ ਜੰਗਲੀ ਬਿਰਤੀ ਹੀ ਮਨੁੱਖੀ ਅਧਿਕਾਰਾਂ ਦੀ ਕਾਤਿਲ ਹੈ..!

Political Wild Conscience HUMAN RIGHTS KILLER: ਜਦੋਂ ਤੋਂ ਮਨੁੱਖ ਹੋਂਦ ਵਿਚ ਆਇਆ ਹੈ, ਇਸਦੇ ਮੌਲਿਕ ਅਧਿਕਾਰ ਤਾਂ ਉਦੋਂ ਤੋਂ ਹੀ ਹਨ ਅਤੇ ਕੁਦਰਤ ਨੇ ਖੁਦ ਬਣਾਏ ਹਨ। ਇਹ ਵੱਖਰੀ ਗੱਲ ਹੈ ਕਿ ਉਹਨਾਂ ਅਧਿਕਾਰਾਂ ਦੀ ਸੋਝੀ ਮਨੁੱਖ ਨੂੰ ਬਹੁਤ ਦੇਰ ਬਾਅਦ ਆਈ। ਕੁਝ ਗੱਲਾਂ ਤੋਂ ਹਾਲੇ ਵੀ ਮਨੁੱਖ ਅਣਜਾਣ ਜਾਂ ਮਚਲਾ ਹੈ। ਜਦੋਂ ਕੋਈ ਮਨੁੱਖੀ ਹੱਕਾਂ ਦੀ ਜਾਗਿ੍ਰਤੀ ਜਾਂ ਰਾਖੀ ਦੀ ਗੱਲ ਕਰਦਾ ਹੈ ਤਾਂ ਸਮਾਜ ਵਿਚ ਕੁਝ ਜਾਹਲ ਅਤੇ ਸ਼ਰਾਰਤੀ ਲੋਕ ਉਹਨਾਂ ਬੰਦਿਆਂ ਨੂੰ ਬਦਨਾਮ ਵੀ ਕਰਦੇ ਹਨ ਅਤੇ ਕਈ ਵਾਰ ਮੌਤ ਦੇ ਮੁਕਾਮ ਤੱਕ ਵੀ ਪੁਹੁੰਚਾ ਦਿੰਦੇ ਹਨ। ਅਜਿਹੀਆਂ ਹਜਾਰਾਂ ਨਹੀਂ ਲੱਖਾਂ ਮਿਸਾਲਾਂ ਇਤਿਹਾਸ ਵਿਚ ਦਰਜ ਹਨ। ਪਰ ਮਨੁੱਖੀ ਹੱਕਾਂ ਵਾਸਤੇ ਲੜਣ ਵਾਲੇ ਲੋਕ ਬਹੁਤ ਘੱਟ ਪੈਦਾ ਹੋਏ ਹਨ ਅਤੇ ਉਹਨਾਂ ਵਿਚੋਂ ਮਨੁੱਖੀ ਅਧਿਕਾਰਾਂ ਵਾਸਤੇ ਸ਼ਹਾਦਤਾਂ ਦੇਣ ਵਾਲੇ ਤਾਂ ਗਿਣਤੀ ਦੇ ਹੀ ਸੂਰਬੀਰ ਹੋਏ ਹਨ।

ਮਨੁੱਖ ਦੇ ਸਮੁਚੇ ਹੱਕ ਤਾਂ ਕੁਦਰਤ ਦੀ ਦਾਤ ਹਨ। ਜਿਹਨਾਂ ਦੀ ਅੱਗੇ ਨਿਸ਼ਾਨਦੇਹੀ ਕੀਤੀ ਗਈ ਹੈ। ਇਹਨਾਂ ਵਿਚੋਂ ਕੁਝ ਹੱਕ ਤਾਂ ਮਨੁੱਖ ਦੇ ਨਿੱਜ ਨਾਲ ਸਬੰਧਤ ਹਨ ,ਕੁਝ ਪਰਿਵਾਰ ਨਾਲ ਸਾਂਝੇ ਹਨ। ਪਰ ਇਸ ਤੋਂ ਅੱਗੇ ਕੁਝ ਹੱਕਾਂ ਦਾ ਤਾਲੁਕ ਸਮਾਜ ਨਾਲ ਵੀ ਹੈ। ਪਹਿਲਾਂ ਮਨੁੱਖ ਵੀ ਪਸ਼ੂ ਪੰਛੀਆਂ ਵਾਲੀ ਜਿੰਦਗੀ ਬਸਰ ਕਰਦਾ ਸੀ। ਕੁਦਰਤੀ ਵਰਤਾਰਿਆਂ ਨੇ ਮਨੁੱਖ ਅੰਦਰ ਇਕ ਭੈਅ ਅਤੇ ਜਗਿਆਸਾ ਪੈਦਾ ਕੀਤੀ, ਜਿਸ ਤੋਂ ਸਮਾਜ ਬਣਿਆ,ਧਰਮ ਹੋਂਦ ਵਿਚ ਆਏ। ਧਰਮਾਂ ਅਤੇ ਸਮਾਜ ਨੇ ਆਪਣੇ ਨਿਯਮ ਬਣਾਏ ,ਇਹਨਾਂ ਨਿਯਮਾਂ ਦਾ ਪਾਲਣ ਕਰਦਿਆਂ ਮਨੁੱਖ ਬਹੁਤ ਵਾਰੀ ਜਨੂੰਨ ਦੀ ਹੱਦ ਪਾਰ ਕਰ ਗਿਆ ਜਾਂ ਕੁਝ ਮਨੁਖਾਂ ਵੱਲੋਂ ਬਣਾਏ ਕਿਸੇ ਨਿਯਮ ਨੂੰ, ਕਿਸੇ ਨੇ ਦਲੀਲ ਦੇ ਕੇ ਰੱਦ ਕਰਨ ਦੀ ਗੱਲ ਕੀਤੀ ਜਾਂ ਫਿਰ ਉਸ ਨੇ ਸਮੇਂ ਅਨੁਸਾਰ ਬਦਲਾਓ ਦਾ ਪ੍ਰਸਤਾਵ ਰਖਿਆ, ਤਾਂ ਰੂੜੀਵਾਦੀ ਸੋਚ ਵਿਚ ਗ੍ਰਸੇ ਲੋਕ ਜਾਲਮ ਬਣ ਕੇ, ਉਹਨਾਂ ਨੂੰ ਖਤਮ ਕਰਨ ਉੱਤੇ ਤੁਲ ਗਏ, ਪਰ ਕਦੇ ਕਿਸੇ ਨੇ ਇਕ ਦੂਜੇ ਦੇ ਮੌਲਿਕ ਅਧਿਕਾਰਾਂ, ਧਾਰਮਿਕ,ਸਮਾਜਿਕ ਜਾਂ ਭੂਗੋਲਿਕ ਅਧਿਕਾਰਾਂ ਦਾ ਖਿਆਲ ਨਹੀਂ ਰਖਿਆ। ਉਸ ਨੂੰ ਸਿਰਫ ਆਪਣੇ ਬਣਾਏ ਅਧਿਕਾਰ ਹੀ ਸਹੀ ਲੱਗੇ ਅਤੇ ਉਸ ਨੂੰ ਹੀ ਕੁਦਰਤ ਦੇ ਅਧਿਕਾਰ ਸਮਝਣ ਦੀ ਭੁੱਲ ਕੀਤੀ।

Political Wild Conscience HUMAN RIGHTS KILLERਇਸ ਕਰਕੇ ਹੀ ਕੈਰੋਂ ਪਾਂਡਵ ਦਾ ਯੁੱਧ ਦ੍ਰੋਪਤੀ ਦਾ ਚੀਰ ਹਰਨ ਹੋਣਾ ,ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਕੱਟਣਾ,ਰਾਮ ਦਾ ਬਨਵਾਸ ਜਾਣਾ ਸੀਤਾ ਦਾ ਰਾਵਣ ਵੱਲੋਂ ਅਪਹਰਣ ,ਮਨਸੂਰ ਦਾ ਸੂਲੀ ਚੜਣਾ,ਈਸਾ ਮਸੀਹ ਦਾ ਸਲੀਬ ਉੱਤੇ ਲਟਕਣਾ,ਇਤਿਹਾਸ ਜਾਂ ਮਿਥਿਹਾਸ ਦਾ ਹਿੱਸਾ ਬਣਿਆ। ਗੱਲ ਇਥੇ ਵੀ ਅਧਿਕਾਰਾਂ ਦੇ ਸੋਸ਼ਣ ਦੀ ਹੀ ਸੀ। ਬੇਸ਼ੱਕ ਉਸ ਨੂੰ ਕਿਸੇ ਧਰਮ ਜਾਂ ਜਾਤੀ ਨਾਲ ਜੋੜਿਆ ਜਾਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਜਿਆਦਾ ਪੁਰਾਤਨ ਸਮੇਂ ਦੀ ਦੀਆਂ ਘਟਨਾਵਾਂ ਹੋਣ ਕਰਕੇ ਕਿਸੇ ਨਾ ਕਿਤੇ ਸਰੋਤਾਂ ਦੀ ਘਾਟ ਕਰਕੇ,ਕੁਝ ਮੁਦਿਆਂ ਉੱਤੇ ਮਤਭੇਦ ਹਨ। ਪਰ ਤਾਜਾ ਇਤਿਹਾਸ ਵਿਚ ਜੋ ਕੁਝ ਭਗਤ ਨਾਮਦੇਵ ਜੀ ,ਭਗਤ ਰਵਿਦਾਸ ਜੀ ,ਭਗਤ ਕਬੀਰ ਜੀ ,ਬਾਬਾ ਫ਼ਰੀਦ ਜੀ ਨਾਲ ਵਾਪਰਿਆ ਜਾਂ ਕੁਝ ਵਾਪਰਦਾ ਉਹਨਾਂ ਨੇ ਤੱਕਿਆਂ ਤਾਂ ਉਸ ਨੂੰ ਸ਼ਬਦੀ ਰੂਪ ਦੇ ਦਿੱਤਾ। ਇਸ ਤੋਂ ਬਾਅਦ ਜਗਤ ਦੇ ਕਲਿਆਨ ਵਾਸਤੇ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤਾਂ ਉਹਨਾਂ ਨੇ ਮਨੁੱਖ ਦੇ ਹਰ ਤਰਾਂ ਦੇ ਅਧਿਕਾਰਾਂ ਨੂੰ ਬਚਾਉਣ ਵਾਸਤੇ ਅਮੁਕ ਸੰਘਰਸ਼ ਅਰੰਭਿਆ ,ਆਪਣੇ ਤੋਂ ਪਹਿਲਾਂ ਵਿਚਰ ਚੁੱਕੇ ਉਪਰੋਕਤ ਭਗਤਾਂ ਦੀ ਘਾਲਣਾ ਨੂੰ ਘੋਖਿਆ ਪਰਖਿਆ ਅਤੇ ਉਹਨਾ ਵੱਲੋਂ ਇਕੱਤਰ ਕੀਤੀ ਮਨੁੱਖੀ ਦੁਖੜਿਆਂ ਦੀ ਦਾਸਤਾਨ ਨੂੰ ਗੁਰਬਾਣੀ ਦਾ ਰੂਪ ਦਿੱਤਾ। ਪਰ ਬਾਬੇ ਨਾਨਕ ਨੇ ਕੇਵਲ ਗੁਰਬਾਣੀ ਲਿਖਣ ਤੱਕ ਆਪਣੇ ਆਪ ਨੂੰ ਸੀਮਤ ਨਾ ਰਖਿਆ, ਸਗੋਂ ਉਸ ਬਾਣੀ ਵਰਗਾ ਬਣਕੇ ਭਾਵ ਕਥਨੀ ਅਤੇ ਕਰਨੀ ਦੇ ਸੁਮੇਲ ਨੂੰ ਅਮਲੀ ਜਾਮਾ ਪਹਿਨਾਉਂਦਿਆਂ, ਬਾਬਰ ਨੂੰ ਸਿਰਫ ਜਾਬਰ ਕਿਹਾ ਹੀ ਨਹੀਂ, ਸਗੋਂ ਉਸ ਦੀ ਜੇਲ੍ਹ ਵਿਚ ਕੈਦ ਹੋ ਕੇ, ਸਾਨੂੰ ਮਨੁੱਖੀ ਅਧਿਕਾਰਾਂ ਦੀ ਸਮਾਲਤੀ ਵਾਸਤੇ ਲੜਣ ਦੀ ਜਾਚ ਸਿਖਾ ਦਿੱਤੀ।

Political Wild Conscience HUMAN RIGHTS KILLERਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਨੂੰ ਕਿਸੇ ਉੱਤੇ ਠੋਸਿਆ ਨਹੀਂ  ਸਗੋਂ ਉਸ ਨੂੰ ਕਿਸੇ ਵੀ ਧਰਮ ,ਸਮਾਜ ਜਾਂ ਜਾਤੀ ਦਾ ਹਿੱਸਾ ਹੁੰਦਿਆਂ,ਆਪਣੀ ਸੋਚ ਵਿਚ ਸੁਧਾਰ ਕਰਕੇ ਜੀਓ ਅਤੇ ਜਿਊਣ ਦਿਓ ਦੇ ਸਿਧਾਂਤ ਦਾ ਪਾਂਧੀ ਬਣਦਿਆਂ,ਕਾਦਰ ਦੀ ਰਜਾ ਵਿਚ ਜੀਵਨ ਬਸਰ ਕਰਨ ਦਾ ਉਪਦੇਸ਼ ਕੀਤਾ। ਪਰ ਫਿਰ ਵੀ ਜੰਗਲੀ ਬਿਰਤੀ ਰਾਜਿਆਂ ਨੇ ਗੁਰੂ ਨਾਨਕ ਦੇ ਘਰ ਨਾਲ ਬੇਲੋੜੀ ਦੁਸ਼ਮਣੀ ਕਮਾਈ। ਭਾਵੇ ਉਹ ਮੁਗਲ ਬਾਦਸ਼ਾਹੀਆਂ ਸਨ ਜਾਂ ਬਾਈਧਾਰਾਂ ਦੇ ਹਿੰਦੂ ਰਾਜੇ ਸਨ ਜਾਂ ਅੰਗਰੇਜ ਹਕੂਮਤ ਸੀ ਤੇ ਭਾਵੇਂ ਅੱਜ ਦਾ ਭਾਰਤੀ ਨਿਜ਼ਾਮ ਹੀ ਕਿਉਂ ਨਾ ਹੋਵੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ, ਹਰ ਗੁਰੂ ਸਹਿਬਾਨ ਨੂੰ ਹਕੂਮਤ ਨੇ ਸਿਰਫ ਇਸ ਕਰਕੇ ਹੀ ਆਪਣਾ ਨਿਸ਼ਾਨਾ ਬਣਾਇਆ ਕਿ ਗੁਰੂ ਸਹਿਬਾਨ ਬਰਾਬਰੀ ਦੀ ਗੱਲ ਕਰਦੇ ਹਨ। ਅਜਾਦੀ ਨਾਲ ਜਿਉਣ,ਬਰਾਬਰੀ ਦੀ ਹੱਕ ਰੱਖਣ ਦੀ ਜੰਗ ਲੜਦਿਆਂ,ਕਦੇ ਤੱਤੀ ਤਵੀ ਦਾ ਸੇਕ, ਕਦੇ ਚਾਂਦਨੀ ਚੌਂਕ ਵਿਚ ਸਿਰ ਦੇ ਕੇ ਸ਼ਹਾਦਤ ਦੇਣੀ ਪਈ ,ਅਖੀਰ ਸਾਰਾ ਸਰਬੰਸ ਹੀ ਲੇਖੇ ਦਿੱਤਾ ਤਾਂ ਕਿ ਕਾਦਰ ਦੀ ਬਣਾਈ ਕੁਦਰਤ ਵਿਚ ਕੋਈ ਮਨੁੱਖ ਜਲੀਲ ਨਾ ਹੋਵੇ।ਗੁਰੂ ਕਾਲ ਤੋਂ ਪਿੱਛੋਂ ਵੀ ਗੁਰੂ ਨਾਨਕ ਦੇ ਘਰ ਨਾਲ ਹਕੂਮਤਾਂ ਦੁਸ਼ਮਣੀ ਤੋਂ ਬਾਜ ਨਹੀਂ ਆਈਆਂ। ਗੁਰੂ ਦੇ ਸਿਖਾਂ ਨਾਲ ਵੀ ਅਜਿਹਾ ਕੁਝ ਹੀ ਹੁੰਦਾ ਆਇਆ ਅਤੇ ਅੱਜ ਵੀ ਹੋ ਰਿਹਾ ਹੈ।

ਪਿਛਲੇ ਰਾਜ ਪ੍ਰਬੰਧ ਨੂੰ ਤਾਂ ਜੰਗਲੀ ਰਾਜ, ਇਕ ਪੁਰਖੀ ਰਾਜ,ਧਾਰਮਿਕ ਕੱਟੜਪੁਣੇ ਦਾ ਰਾਜ ਜਾਂ ਅਨਪੜ੍ਹ ਲੋਕਾਂ ਦਾ ਰਾਜ ਪ੍ਰਬੰਧ ਆਖਕੇ ਕੁਝ ਖਹਿੜਾ ਛੁਡਵਾਉਣ ਦਾ ਯਤਨ ਕੀਤਾ ਜਾਂਦਾ ਹੈ ਪਰ ਅੰਗਰੇਜਾਂ ਸਭ ਤੋਂ ਵੱਧ ਪੜ੍ਹੇ ਲਿਖੇ ਸਨ, ਉਹਨਾਂ ਨੇ ਵੀ ਭਾਰਤੀਆਂ ਅਤੇ ਖਾਸ ਕਰਕੇ ਸਿਖਾਂ ਨਾਲ ਜੋ ਕੀਤਾ ,ਨਨਕਾਣਾ ਸਾਹਿਬ ,ਪੰਜਾਂ ਸਾਹਿਬ ,ਗੁਰੂ ਕਾ ਬਾਗ ,ਜਲਿਆਂਵਾਲਾ ਬਾਗ,ਬਜਬਜ ਦਾ ਘਾਟ ਕਾਮਾਗਾਟਾ ਮਾਰੂ ,ਆਦਿਕ ਸਾਕੇ ਅੰਗਰੇਜ ਦੇ ਜ਼ੁਲਮ ਦੀ ਗਵਾਹੀ ਦਿੰਦੇ ਹਨ। ਇਹ ਸਾਰੇ ਸਾਕੇ ਨਹਿਰੂ ਗਾਂਧੀ ਪਟੇਲ ਨੇ ਵੇਖੇ ਵੀ ਸਨ ਜਾਂ ਤਾਜੇ ਤਾਜੇ ਸੁਣੇ ਵੀ ਸਨ। ਪਰ ਭਾਰਤੀ ਦੀ ਅਜਾਦੀ ਤੋਂ ਬਾਅਦ ਨਹਿਰੂ ਗਾਂਧੀ ਅਤੇ ਪਟੇਲ ਨੇ ਇਹਨਾਂ ਸਾਕਿਆਂ ਤੋਂ ਸਬਕ ਸਿੱਖ ਕੇ ,ਜ਼ੁਲਮ ਤੋਂ ਤੋਬਾ ਕਰਨ ਦੀ ਥਾਂ,ਅੰਗਰੇਜ ਅਤੇ ਮੁਗਲ ਦੋਹਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਆਪਣਾ ਏਜੰਡਾ ਹੀ ਬਣਾ ਲਿਆ। ਜੋ ਕੁਝ ਅੰਗਰੇਜ ਭਾਰਤੀਆਂ ਅਤੇ ਖਾਸ ਕਰਕੇ ਸਿਖਾਂ ਉੱਤੇ ਜ਼ੁਲਮ ਕਰਦੇ ਰਹੇ। ਉਸ ਤੋਂ ਵੀ ਵਧੇਰੇ ਜ਼ੁਲਮ ਇਹਨਾਂ ਭਾਰਤੀ ਸਾਸ਼ਕਾਂ ਨੇ ਭਾਰਤੀ ਘੱਟ ਗਿਣਤੀਆਂ ਉੱਤੇ ਕਰਨਾ ਆਰੰਭ ਦਿੱਤਾ।

ਅੰਗਰੇਜ ਨੇ ਤਾਂ ਅੱਜ ਆਪਣੇ ਰਾਜ ਵਿਚ ਜਾਤ ਪਾਤ ਉੱਚ ਨੀਚ ,ਨਸਲੀ ਵਿਤਕਰਿਆਂ ਨੂੰ ਵਿਰਾਮ ਦੇਕੇ ਲੋਕਾਂ ਨੂੰ ਅਜਾਦੀ ਦੇ ਦਿੱਤੀ ਹੈ। ਪਰ ਇਹਨਾਂ ਕਾਲੇ ਅੰਗਰੇਜਾਂ ਨੇ ਭਾਰਤ ਨੂੰ ਭਗਵਾ ਬਣਾਉਣ ਵਾਸਤੇ ਬਾਕੀ ਘੱਟ ਗਿਣਤੀਆਂ, ਦਲਿਤਾਂ ਅਤੇ ਖਾਸ ਕਰਕੇ ਸਿਖਾਂ ਦੀ ਨਸਲੀ ਸਫਾਈ ਸ਼ੁਰੂ ਕੀਤੀ ਹੋਈ ਹੈ। ਅਜਾਦ ਭਾਰਤ ਵਿਚ ਜੇ ਸਿਖਾਂ ਨੇ ਪੰਜਾਬ ਵਿਚ ਆਪਣੇ ਹੱਕ ਮੰਗੇ ਤਾਂ ਉਹਨਾਂ ਦੇ ਮੌਲਿਕ ਅਧਿਕਾਰਾਂ ਨੂੰ ਵੀ ਕੁਚਲ ਦਿੱਤਾ ਗਿਆ। ਸ਼ਰੇਆਮ ਵਰਦੀਧਾਰੀ ਪੁਲਿਸ ਨੇ ਹਜਾਰਾਂ ਸਿੱਖ ਬੱਚਿਆਂ ਨੂੰ ਅੱਤਵਾਦੀ ਆਖ ਆਖਕੇ,ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।

Political Wild Conscience HUMAN RIGHTS KILLERਜੇ ਇੱਕ ਕਾਨੂੰਨਦਾਨ ਭਾਈ ਜਸਵੰਤ ਸਿੰਘ ਖਾਲੜਾ ਨੇ ਖਾਖੀ ਕਫ਼ਨ ਹੇਠ ਛੁਪਾਈਆਂ,ਪੰਝੀ ਹਜਾਰ ਬੇਗੁਨਾਹ ਸਿੱਖ ਗਭਰੂਆਂ ਦੀਆਂ ਲਾਸ਼ਾਂ ਤੋਂ ਪਰਦਾਚੁੱਕਣ ਦਾ ਯਤਨ ਕੀਤਾ ਤਾਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਸ਼ ਬਣਾ ਦਿੱਤਾ ਗਿਆ। ਦੋ ਹੋਰ ਕਾਨੂੰਨਦਾਨ ਸ. ਸੁਖਵਿਦਰ ਸਿੰਘ ਭੱਟੀ ਪਿੰਡ ਬਡਬਰ ਅਤੇ ਭਾਈ ਕੁਲਵੰਤ ਸਿੰਘ ਰੋਪੜ ਵੀ ਆਪਣੀ ਪਤਨੀ ਅਤੇ ਇਕ ਸਾਲ ਦੇ ਬਚੇ ਸਮੇਤ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦੀ ਲੜਾਈ ਲੜਦੇ ਹੋਏ,ਭਾਰਤੀ ਪੁਲਿਸ ਨੇ ਕਿਧਰੇ ਖਪਾ ਦਿੱਤੇ।

ਸ਼ਹੀਦ ਭਾਈ ਖਾਲੜਾ ਦੀ ਗੱਲ ਉੱਤੇ ਤਾਂ ਕਿਸੇ ਨੂੰ ਸ਼ਾਇਦ ਇਸ ਕਰਕੇ ਯਕੀਨ ਨਾ ਆਵੇ ਕਿ ਉਹ ਸਿੱਖ ਹੋ ਕੇ ਸਿਖਾਂ ਦੀ ਗੱਲ ਕਰਦੇ ਹੋਣਗੇ। ਪਰ ਅੱਜ ਤਾਂ ਯੂ.ਐਨ.ਓ. ਨੇ ਵੀ 8572 ਬੇਗੁਨਾਹਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲੇ ਦਿੱਲੀ ਸਮੇਤ ਸਾਰੇ ਭਾਰਤ ਵਿਚ ਨਵੰਬਰ 1984 ਨੂੰ ਮਾਰੇ ਗਏ ਸਿਖਾਂ ਦਾ ਸਚ ਸਾਹਮਣੇ ਆਇਆ ਤਾਂ ਭਾਰਤੀ ਨਿਜ਼ਾਮ ਨੂੰ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਚੱਪਣੀ ਵਿਚ ਨੱਕ ਡਬੋ ਕੇ ਮਰਨ ਵਾਲੀ ਹਾਲਤ ਦਾ ਸਾਹਮਣਾ ਕਰਨਾ ਪਵੇਗਾ।

Political Wild Conscience HUMAN RIGHTS KILLERਇਸ ਤੋਂ ਇਲਾਵਾ ਜੇ ਕਰ ਦਰਬਾਰ ਸਾਹਿਬ ਉੱਤੇ ਜੂਨ 1984 ਦੇ ਭਾਰਤੀ ਫੌਜੀ ਹਮਲੇ ਤੋਂ ਲੈ ਕੇ,ਅੱਜ ਤੱਕ ਸਿਖਾਂ ਉੱਤੇ ਹੋਏ ਜ਼ੁਲਮ ਅਤੇ ਹੋਰ ਘੱਟ ਗਿਣਤੀਆਂ ਜਿਵੇ ਮੁਸਲਮਾਨਾਂ ਉੱਤੇ ਵਡੋਦਰਾ ਜਾਂ ਈਸਾਈਆਂ ,ਦਲਿਤਾਂ ਅਤੇ ਬੋਧੀਆਂ ਉੱਤੇ ਹੋਏ ਜ਼ੁਲਮਾਂ ਦੀ,ਯੂ.ਐਨ.ਓ. ਦੀ ਨਿਗਰਾਨੀ ਥੱਲੇ ਐਮਨੈਸਟੀ ਇੰਟ੍ਰਨੈਸ਼ਨਲ ਅਤੇ ਰੈਡ ਕਰਾਸ ਜਾਂ ਹੋਰ ਮਨੁੱਖੀ ਅਧਿਕਾਰ ਜਥੇਬੰਦੀਆਂ ਪੜਤਾਲ ਕਰਨ ਤਾਂ ਭਾਰਤ ਦਾ ਭਗਵਾਂ ਨਿਜ਼ਾਮ,ਹੁਣ ਤੱਕ ਦੇ ਦੁਨੀਆਂ ਦੇ ਇਤਿਹਾਸ ਵਿਚ ਪਹਿਲੇ ਨੰਬਰ ਉੱਤੇ ਜਾਲਮਾਂ ਦੀ ਸੂਚੀ ਵਿਚ ਦਰਜ ਹੋਵੇਗਾ ਅਤੇ ਤਿਰੰਗੇ ਹੇਠ ਛੁਪਿਆ ਅਖੌਤੀ ਲੋਕਤੰਤਰ ਅਤੇ ਧਰਮ ਨਿਰਪੱਖ ਰਾਜ ਦਾ ਠੀਕਰਾ ਚੌਰਾਹੇ ਵਿਚ ਫੁੱਟ ਜਾਵੇਗਾ।

Political Wild Conscience HUMAN RIGHTS KILLERਅੱਜ ਮਨੁੱਖੀ ਅਧਿਕਾਰ ਦਿਵਸ ਸੰਸਾਰ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਇਸ ਸਮੇਂ ਸਭ ਤੋਂ ਵੱਧ ਪੀੜਤ ਸਿੱਖ ਕੌਮ ਹੀ ਹੈ। ਜਿਸ ਦੇ ਮਨੁੱਖੀ ਅਧਿਕਾਰਾਂ ਦਾ ਸੋਸ਼ਣ ਹਰ ਜਗ੍ਹਾ ਅੱਜ ਵੀ ਖੁੱਲ੍ਹੇਆਮ ਹੋ ਰਿਹਾ ਹੈ। ਭਾਰਤ ਦੀ ਗੱਲ ਛੱਡੋ ਪੰਜਾਬ ਵਿਚ ਜਿਥੇ ਰਾਜ ਕੋਈ ਪਾਰਟੀ ਕਰੇ ਪਰ ਮੁਖ ਮੰਤਰੀ ਅਤੇ ਮੰਤਰੀ ਬਹੁਗਿਣਤੀ ਸਿੱਖ ਹੀ ਹੁੰਦੇ ਹਨ। ਅੱਜ ਵੀ ਜੱਗੀ ਜੌਹਲ ਵਰਗੇ ,ਬਹੁਗਿਣਤੀ ਨਾਲ ਸਬੰਧਤ ਲੋਕਾਂ ਦੇ ਕਤਲਾਂ ਵਿਚ,ਸ਼ਾਮਲ ਕਰਕੇ ਉਹਨਾਂ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਪੰਜਾਬ ਵਿਚ ਭਰੂਣ ਹੱਤਿਆ, ਜਿਸ ਬਾਰੇ ਸਰਵੇਖਣ ਵਿਚ ਆਇਆ ਹੈ ਕਿ ਅਜਿਹਾ ਖਾਸ ਕਰਕੇ ਸਿਖਾਂ ਵਿਚ ਜਿਆਦਾ ਰੁਝਾਨ ਹੈ, ਇਹ ਵੀ ਤਾਂ ਮਨੁੱਖੀ ਅਧਿਕਾਰਾਂ ਦੀ ਹੱਤਿਆ ਹੈ। ਪੰਜਾਬ ਵਿਚ ਬੀਤੇ ਦੀ ਗੱਲ ਕਰੀਏ ਜਾਂ ਵਰਤਮਾਨ ਦੀ, ਸਰਕਾਰ ਤਾਂ ਸਿੱਖ ਹੀ ਚਲਾਉਂਦੇ ਹਨ। ਅਫਸਰ ਬਹੁਗਿਣਤੀ ਸਿੱਖ ਹੀ ਹਨ। ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਗੁਰੂ ਨਾਨਕ ਦੇ ਪੈਰੋਕਾਰ ਅਖਵਾਉਣ ਵਾਲੇ ਸਿੱਖ ਵੀ ਮਨੁੱਖੀ ਅਧਿਕਾਰਾਂ ਦੇ ਕਤਲ ਵਿਚ ਭਾਈਵਾਲ ਹਨ। ਪੰਜਾਬ ਵਿਚ ਮਰਨ ਵਾਲੇ ਸਾਰੇ ਨੌਜਵਾਨ ਸਿੱਖ ਸਨ ਅਤੇ ਮਾਰਨ ਵਾਲਿਆਂ ਵਿਚ ਵੀ ਪੰਜਾਹ ਫੀ ਸਦੀ ਤੋਂ ਵਧੇਰੇ ਅਫਸਰ ਸਿੱਖ ਹੀ ਸਨ। ਪਰ ਅਜਿਹਾ ਕਰਨ ਵਾਲਿਆਂ ਨੂੰ ਗੁਰੂ ਨਾਨਕ ਦੇ ਸਿੱਖ ਤਸਲੀਮ ਨਹੀਂ ਕੀਤਾ ਜਾ ਸਕਦਾ ਨਾ ਹੀ ਅਜਿਹੇ ਰਾਜ ਕਰਨ ਵਾਲਿਆਂ ਨੂੰ, ਜਿਹਨਾਂ ਵਿਚ ਸ.ਬਾਦਲ ਵਰਗੇ ਰਾਜ ਕਰਨ ਵਾਲੇ ਲੋਕ ਸ਼ਾਮਲ ਹਨ ,ਨੂੰ ਵੀ ਗੁਰੂ ਨਾਨਕ ਦੇ ਸਿੱਖ ਨਹੀਂ ਕਿਹਾ ਜਾ ਸਕਦਾ। ਇਹਨਾਂ ਨੂੰ ਰਾਜ ਸ਼ਕਤੀ ਦੇ ਭੁੱਖੇ ਅਤੇ ਭੇਖੀ ਪਖੰਡੀ ਜਾਂ ਬਹਿਰੂਪੀਏ ਸਿੱਖ ਕਿਹਾ ਜਾ ਸਕਦਾ ਹੈ। ਜਿਹੜੇ ਬਾਬੇ ਨਾਨਕ ਦੇ ਪੈਰੋਕਾਰ ਅਖਵਾਉਣ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦਾ ਸੋਸ਼ਣ ਵੀ ਕਰਦੇ ਹੋਣ। ਇਸ ਵਾਸਤੇ ਹੁਣ ਤਾਂ ਇਹੋ ਆਖਣਾ ਹੀ ਠੀਕ ਹੈ ਕਿ ਮਨੁੱਖ ਦੀ ਪੈਦਾ ਕੀਤੀ ਸਿਆਸਤ ਵਿਚਲੀ ਜੰਗਲੀ ਬਿਰਤੀ ਹੀ ਮਨੁੱਖੀ ਅਧਿਕਾਰਾਂ ਦੀ ਕਾਤਲ ਹੈ।

ਗੁਰੂ ਰਾਖਾ।

ਲ਼ੇਖਕ ਆਪਣੇ ਵਿਚਾਰਾਂ ਲਈ ਖ਼ੁਦ ਜ਼ਿਮੇਵਾਰ ਹੈ।

Tags
Show More