NATIONAL

PPCC passes resolution favoring Rahul Gandhi as Congress chief

ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਾਉਣ ਦੇ ਸਬੰਧ 'ਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਰਵਾਇਤੀ ਤੌਰ 'ਤੇ ਪ੍ਰਸਤਾਵ ਪਾਸ

ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਾਉਣ ਦੇ ਸਬੰਧ ‘ਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਰਵਾਇਤੀ ਤੌਰ ‘ਤੇ ਪ੍ਰਸਤਾਵ ਪਾਸ ਕਰ ਦਿੱਤਾ ਗਿਆ, ਜਿਸ ‘ਚ ਕਿਹਾ ਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸ਼੍ਰੀਮਤੀ ਸੋਨੀਆ ਗਾਂਧੀ ਦੀ ਥਾਂ ‘ਤੇ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੌਂਪ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕਈ ਹੋਰ ਸੂਬਿਆਂ ‘ਚ ਵੀ ਸੂਬਾ ਕਾਂਗਰਸ ਕਮੇਟੀਆਂ ਵਲੋਂ ਇਸ ਸਬੰਧੀ ਪ੍ਰਸਤਾਵ ਪਾਸ ਕੀਤੇ ਜਾ ਚੁੱਕੇ ਹਨ। ਇਸ ਪ੍ਰਸਤਾਵ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਰਟੀ ਦੀ ਚੰਡੀਗੜ੍ਹ ‘ਚ ਹੋਈ ਬੈਠਕ ‘ਚ ਪੇਸ਼ ਕੀਤਾ ਗਿਆ। ਪੰਜਾਬ ਦੀਆਂ ਸੰਗਠਨਾਤਮਕ ਚੋਣਾਂ ਕਰਵਾਉਣ ਲਈ ਨਿਯੁਕਤ ਪਾਰਟੀ ਦੀ ਚੋਣ ਅਧਿਕਾਰੀ ਕੁਮਾਰੀ ਸ਼ੈਲਜਾ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰਾਂ ਨੇ ਵੀ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਬਦਲਾਅ ਦੀ ਲਹਿਰ ਚਲ ਪਈ ਹੈ। 2019 ‘ਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ‘ਚ ਪਾਰਟੀ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਮਰੱਥ ਹਨ।

ਇਸ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ‘ਚ ਪਾਰਟੀ ਦੀ ਅਗਵਾਈ ਕਰਨ ਦੇ ਪੂਰੇ ਗੁਣ ਮੌਜੂਦ ਹਨ। ਹੁਣ ਰਾਹੁਲ ਨੂੰ ਪਾਰਟੀ ਪ੍ਰਧਾਨ ਦੀ ਕਮਾਨ ਸੌਂਪ ਦੇਣੀ ਚਾਹੀਦੀ ਹੈ। ਹੁਣ ਕਿਉਂਕਿ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ ਦਾ ਕੰਮ ਆਖਰੀ ਪੜਾਅ ‘ਚ ਪਹੁੰਚ ਚੁੱਕਾ ਹੈ ਅਤੇ ਇਸ ਨੂੰ 31 ਅਕਤੂਬਰ ਤਕ ਸੰਪੰਨ ਕੀਤਾ ਜਾਣਾ ਹੈ, ਜਿਸ ਨੂੰ ਦੇਖਦੇ ਹੋਏ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਪਾਰਟੀ ਰਾਹੁਲ ਗਾਂਧੀ ਨੂੰ ਆਪਣਾ ਰਾਸ਼ਟਰੀ ਪ੍ਰਧਾਨ ਐਲਾਨ ਦੇਵੇਗੀ। 31 ਅਕਤੂਬਰ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਪਾਰਟੀ ਦੀਆਂ ਸੰਗਠਨਾਤਮਕ ਚੋਣਾਂ ਨੂੰ ਸੰਪੰਨ ਕਰ ਲਿਆ ਜਾਵੇਗਾ।

ਰਾਹੁਲ ਗਾਂਧੀ ਵੀ ਹੁਣ ਪਾਰਟੀ ਦੀ ਕਮਾਨ ਸੰਭਾਲਣ ਲਈ ਤਿਆਰ ਬੈਠੇ ਹਨ। ਜਿਸ ਤਰ੍ਹਾਂ ਕਈ ਸੂਬਿਆਂ ਵਲੋਂ ਰਾਹੁਲ ਗਾਂਧੀ ਦੇ ਹੱਕ ‘ਚ ਪ੍ਰਧਾਨ ਬਣਾਉਣ ਦੇ ਸਬੰਧ ‘ਚ ਪ੍ਰਸਤਾਵ ਪਾਸ ਕੀਤੇ ਗਏ ਹਨ ਉਸ ਨੂੰ ਦੇਖਦੇ ਹੋਏ ਇਹ ਤੈਅ ਹੈ ਕਿ ਸੰਗਠਨਾਤਮਕ ਚੋਣਾਂ ਸੰਪੰਨ ਕਰਦੇ ਸਮੇਂ ਰਾਹੁਲ ਨੂੰ ਸਰਵਸੰਮਤੀ ਨਾਲ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਜਾਵੇਗਾ। ਬੈਠਕ ‘ਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਬ੍ਰਹਮ ਮਹਿੰਦਰਾ ਸਮੇਤ ਕਈ ਹੋਰ ਵਿਧਾਇਕਾਂ ਨੇ ਵੀ ਹਿੱਸਾ ਲਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪ੍ਰਮਾਤਮਾ ਨੇ ਚਾਹਿਆ ਤਾਂ 2019 ਵਿਚ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦੇਸ਼ ਵਿਚ ਅਗਲੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਅੱਜ ਰਾਹੁਲ ਨੂੰ ਅਸੀਂ ਸਾਰੇ ਪਾਰਟੀ ਦੀ ਕਮਾਨ ਸੌਂਪਣ ਲਈ ਕਹਿ ਰਹੇ ਹਾਂ ਅਤੇ ਉਹ ਦਿਨ ਦੂਰ ਨਹੀਂ, ਜਦੋਂ ਰਾਹੁਲ ਹੀ ਦੇਸ਼ ਦੀ ਅਗਵਾਈ ਕਰਨਗੇ।

ਉਨ੍ਹਾਂ ਸੋਨੀਆ ਗਾਂਧੀ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 1997 ਵਿਚ ਸੋਨੀਆ ਨੇ ਕੌਮੀ ਪੱਧਰ ‘ਤੇ ਕਾਂਗਰਸ ਦੀ ਕਮਾਨ ਸੰਭਾਲੀ ਸੀ ਅਤੇ 1998 ਵਿਚ ਸੋਨੀਆ ਨੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਸੂਬਾਈ ਅਧਿਕਾਰੀਆਂ ਦੀ ਜੋ ਸੂਚੀ ਸੋਨੀਆ ਨੂੰ ਭੇਜੀ ਸੀ, ਉਸ ‘ਤੇ ਉਨ੍ਹਾਂ ਨੇ ਆਪਣੀ ਮੋਹਰ ਲਾ ਦਿੱਤੀ ਸੀ।

ਇਕ ਸਾਲ ਦੇ ਅੰਦਰ ਹੀ ਸੋਨੀਆ ਨੇ ਉਨ੍ਹਾਂ ਨੂੰ ਸੂਬਾਈ ਕਾਂਗਰਸ ਵਿਚ ਕਈ ਪੱਧਰਾਂ ‘ਤੇ ਤਬਦੀਲੀ ਕਰਨ ਲਈ ਕਿਹਾ ਸੀ। ਖੁਸ਼ੀ ਦੀ ਗੱਲ ਇਹ ਸੀ ਕਿ ਇਕ ਸਾਲ ਦੇ ਅੰਦਰ ਹੀ ਸੋਨੀਆ ਨੂੰ ਪੰਜਾਬ ਕਾਂਗਰਸ ਅਤੇ ਉਸਦੇ ਨੇਤਾਵਾਂ ਬਾਰੇ ਪੂਰੀ ਜਾਣਕਾਰੀ ਮਿਲ ਗਈ ਸੀ।

ਇਸ ਤਰ੍ਹਾਂ ਸੋਨੀਆ ਨੂੰ ਪੂਰੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਕਾਂਗਰਸੀ ਨੇਤਾਵਾਂ ਅਤੇ ਪਾਰਟੀ ਸੰਗਠਨ ਦੀ ਜਾਣਕਾਰੀ ਘੱਟ ਸਮੇਂ ਵਿਚ ਹੀ ਹਾਸਿਲ ਹੋ ਗਈ ਸੀ। ਹੁਣ ਸੋਨੀਆ ਗਾਂਧੀ ਚਾਹੁੰਦੀ ਹੈ ਕਿ ਉਨ੍ਹਾਂ ਨੇ ਪਾਰਟੀ ਦੀ ਕਾਫੀ ਸੇਵਾ ਕਰ ਲਈ ਹੈ, ਇਸ ਲਈ ਪਾਰਟੀ ਦੀ ਕਮਾਨ ਰਾਹੁਲ ਦੇ ਹੱਥਾਂ ਵਿਚ ਸੌਂਪੀ ਜਾਵੇ।

Tags
Show More