Punjab

ਪੁਲਵਾਮਾ ਸ਼ਹੀਦਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12 ਲੱਖ ਰੁਪਏ

ਪੰਜਾਬ ਸਰਕਾਰ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸੂਬਾਈ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦੇਣ ਦਾ ਫੈਸਲਾ,

ਚੰਡੀਗੜ, 15 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਤ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ 12-12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। Pulwama Attack Punjab Govt Give One Job 12 Lakh for Kin Of Martyr

ਇਨਾਂ ਜਵਾਨਾਂ ਦਾ ਭਲਕੇ ਪੂਰੇ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਘਿਨਾਉਣੇ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਪਰਿਵਾਰਾਂ ਨਾਲ ਇੱਕਮੁੱਠਤਾ ਪ੍ਰਗਟ ਕੀਤੀ ਹੈ।

ਪੁਲਵਾਮਾ ਵਿਖੇ ਸੁਰੱਖਿਆ ਫੋਰਸ `ਤੇ ਹੋਏ ਕਾਇਰਤਾ ਪੂਰਨ ਹਮਲੇ ਵਿੱਚ 41 ਜਵਾਨਾਂ ਨੇ ਆਪਣੇ ਪ੍ਰਾਣ ਗਵਾਏ ਹਨ ਜਿਨਾਂ ਵਿੱਚ ਪੰਜਾਬ ਦੇ ਕੁਲਵਿੰਦਰ ਸਿੰਘ ਰੂਪਨਗਰ ਜ਼ਿਲਾ, ਸੁਖਵਿੰਦਰ ਸਿੰਘ ਤਰਨਤਾਰਨ, ਜੈਮਲ ਸਿੰਘ ਮੋਗਾ ਅਤੇ ਮਨਜਿੰਦਰ ਸਿੰਘ ਦੀਨਾ ਨਗਰ (ਗੁਰਦਾਸਪਰ) ਸ਼ਾਮਲ ਹਨ।

ਇਸ ਸੰਕਟ ਦੀ ਘੜੀ ਆਪਣੀ ਸਰਕਾਰ ਵੱਲੋਂ ਦੁਖੀ ਪਰਿਵਾਰਾਂ ਨੂੰ ਪੂਰਾ ਸਮਰਥਣ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰਾਂ ਇਨਾਂ ਪਰਿਵਾਰਾਂ ਦੇ ਨਾਲ ਹਨ।

ਮਾਨਵਤਾ ਵਿਰੁੱਧ ਇਹ ਘਿਨਾਉਣਾ ਅਪਰਾਧ ਕਰਨ ਵਾਲਿਆਂ ਵਿਰੁੱਧ ਸਖਤ ਜਵਾਬੀ ਕਾਰਵਾਈ ਕਰਨ ਲਈ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬਹਾਦਰ ਸਪੂਤਾਂ ਦਾ ਬਲਿਦਾਨ ਅਜਾਈਂ ਨਹੀਂ ਜਾਵੇਗਾ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸੂਬਾਈ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਸ਼ਹੀਦਾਂ ਦੇ ਜੱਦੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਇਨਾਂ ਸ਼ਹੀਦਾਂ ਦੇ ਅੰਤਿਮ ਸੰਸਕਾਰ ਮੌਕੇ `ਗਾਰਡ ਆਫ਼ ਆਨਰ` ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਇਨਾਂ ਸ਼ਹੀਦਾਂ ਵਿੱਚ ਧਰਮਕੋਟ, ਜ਼ਿਲਾ ਮੋਗਾ ਤੋਂ ਐਚ.ਸੀ./ਡੀ.ਵੀ.ਆਰ ਜੈਮਲ ਸਿੰਘ, ਤਹਿਸੀਲ ਪੱਟੀ, ਜ਼ਿਲਾ ਤਰਨ ਤਾਰਨ ਤੋਂ ਸੀ.ਟੀ./ਜੀ.ਡੀ. ਸੁਖਜਿੰਦਰ ਸਿੰਘ, ਦੀਨਾਨਗਰ, ਜ਼ਿਲਾ ਗੁਰਦਾਸਪੁਰ ਤੋਂ ਸੀ.ਟੀ./ਡਬਲਿਊ.ਸੀ. ਮਨਿੰਦਰ ਸਿੰਘ ਅੱਤਰੀ ਅਤੇ ਤਹਿਸੀਲ ਆਨੰਦਪੁਰ ਸਾਹਿਬ, ਜ਼ਿਲਾ ਰੋਪੜ ਤੋਂ ਸੀ.ਟੀ./ਜੀ.ਡੀ. ਕੁਲਵਿੰਦਰ ਸਿੰਘ ਸ਼ਾਮਲ ਹਨ।

 

 

ਕੇਂਦਰ ਸਰਕਾਰ ਸੁਰੱਖਿਆ ਬਲਾਂ `ਤੇ ਹਮਲਿਆਂ ਨੂੰ ਗੰਭੀਰਤਾ ਨਾਲ ਲਵੇ: ਰਾਣਾ ਕੇ.ਪੀ. ਸਿੰਘ

ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਦੇ ਕਾਫ਼ਲੇ `ਤੇ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੇਂਦਰ ਸਰਕਾਰ ਨੂੰ ਆਏ ਦਿਨ ਸੁਰੱਖਿਆ ਬਲਾਂ `ਤੇ ਹੋ ਰਹੇ ਹਮਲਿਆਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚੁੱਪ ਬੈਠਣ ਬਜਾਏ ਹੁਣ ਮੁਲਕ ਦੇ ਦੁਸ਼ਮਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ।

ਇਸ ਹਮਲੇ ਨੂੰ ਬੁਜ਼ਦਿਲਾਨਾ ਕਾਰਵਾਈ ਕਰਾਰ ਦਿੰਦਿਆਂ ਰਾਣਾ ਕੇ.ਪੀ. ਸਿੰਘ ਨੇ ਇਸ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨਾਂ ਕਿਹਾ ਕਿ ਭਾਰਤ ਦੇ ਹੌਸਲੇ ਨੂੰ ਦੇਸ਼ ਵਿਰੋਧੀ ਤਾਕਤਾਂ ਦੀਆਂ ਅਜਿਹੀਆਂ ਕਾਇਰਤਾ ਪੂਰਨ ਹਰਕਤਾਂ ਪਸਤ ਨਹੀਂ ਕਰ ਸਕਦੀਆਂ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਦੇ ਜਵਾਨਾਂ `ਤੇ ਮਾਣ ਹੈ ਅਤੇ ਉਨਾਂ ਵੱਲੋਂ ਦੇਸ਼ ਦੀ ਰੱਖਿਆ ਲਈ ਡੋਲਿਆ ਜਾ ਰਿਹਾ ਖੂਨ ਅਜਾਈਂ ਨਹੀਂ ਜਾਵੇਗਾ। ਅੱਜ ਪੂਰਾ ਮੁਲਕ ਇਨਾਂ ਬਹਾਦਰ ਜਵਾਨਾਂ ਦੀ ਕੁਰਬਾਨੀ ਨੂੰ ਸਿਜਦਾ ਕਰ ਰਿਹਾ ਹੈ।

ਉਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਆਏ ਦਿਨ ਅਤਿਵਾਦੀ ਹਮਲਿਆਂ ਅਤੇ ਸਰਹੱਦਾਂ `ਤੇ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ, ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਰੋਸ ਹੈ। ਇਸ ਲਈ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ।

Tags
Show More

Leave a Reply