NATIONALPunjab

PUNJAB SEAL : ਚੋਣ ਕਮਿਸ਼ਨ ਨੇ ਪੰਜਾਬ ਵਿਚ ਪੂਰੀ ਚੌਕਸੀ ਵਰਤਦਿਆਂ 500 ਕੰਪਨੀਆਂ ਤੈਨਾਤ ਕੀਤੀਆਂ

ONE MINUTE READ

ਚੋਣਾਂ ਤੋਂ ਪਹਿਲਾਂ ਪੰਜਾਬ ਸੀਲ, 500 ਕੰਪਨੀਆਂ ਤਾਇਨਾਤ

VOTE FOR PUNJAB

ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਚੱਪੇ ਚੱਪੇ ਤੇ ਸੁਰੱਖਿਆ ਮੁਲਾਜ਼ਿਮਾਂ ਦੀ ਤਿੱਖੀ ਨਜ਼ਰ

Harish Abrol, p4punjab.com

4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੀਆਂ 500 ਕੰਪਨੀਆਂ ਪੰਜਾਬ ਵਿੱਚ ਤਾਇਨਾਤ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਕੇਂਦਰ ਦੀਆਂ 6 ਸੁਰੱਖਿਆ ਏਜੰਸੀਆਂ ਸੀ.ਆਰ.ਪੀ.ਐਫ., ਬੀ.ਐਸ.ਐਫ., ਸੀ.ਆਈ.ਐਸ.ਐਫ., ਆਈ.ਟੀ.ਬੀ.ਪੀ., ਰੇਲਵੇ ਪ੍ਰੋਟੈਕਸ਼ਨ ਫੋਰਸ ਤੇ ਐਸ.ਐਸ.ਬੀ. (ਸੀਮਾ ਸੁਰੱਖਿਆ ਬਲ) ਤੋਂ ਇਲਾਵਾ 13 ਸੂਬਿਆਂ ਦੀ ਪੁਲਿਸ ਫੋਰਸ ਦੀਆਂ 500 ਕੰਪਨੀਆਂ ਪੰਜਾਬ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਗਿਣਤੀ 50 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ।

ਇਸ ਦੇ ਨਾਲ ਪੰਜਾਬ ਪੁਲਿਸ ਦੀ 70 ਹਜ਼ਾਰ ਤੋਂ ਵੱਧ ਨਫਰੀ ਵੀ ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਜੁਟੀ ਹੋਈ ਹੈ। ਇਸ ਹਿਸਾਬ ਨਾਲ ਇੱਕ ਲੱਖ 20 ਹਜ਼ਾਰ ਦੇ ਕਰੀਬ ਸੁਰੱਖਿਆ ਕਰਮਚਾਰੀ ਪੰਜਾਬ ਵਿੱਚ ਤਾਇਨਾਤ ਹਨ। ਪਿਛਲੀਆਂ ਚੋਣਾਂ ਦੇ ਮੁਕਾਬਲੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਗਿਣਤੀ ਦੁੱਗਣੀ ਕੀਤੀ ਗਈ ਹੈ, ਕਿਉਂਕਿ 2012 ਵਿੱਚ ਕਰੀਬ 220 ਕੰਪਨੀਆਂ ਪੰਜਾਬ ਵਿੱਚ ਤਾਇਨਾਤ ਕੀਤੀਆਂ ਗਈਆਂ ਸਨ।

ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਸਰਹੱਦੀ ਖੇਤਰਾਂ ਤਰਨਤਾਰਨ, ਪਠਾਨਕੋਟ, ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ ਦਿਹਾਤੀ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਵਿਖੇ ਬਾਰਡਰ ਸਕਿਉਰਿਟੀ ਫੋਰਸ ਤਾਇਨਾਤ ਕੀਤੀ ਗਈ ਹੈ। ਅੱਠ ਵਿਧਾਨ ਸਭਾ ਹਲਕਿਆਂ ਵਾਲੇ ਪਟਿਆਲਾ ਜ਼ਿਲ੍ਹੇ ਵਿੱਚ 32 ਤੇ 7 ਵਿਧਾਨ ਸਭਾ ਹਲਕਿਆਂ ਵਾਲੇ ਜ਼ਿਲ੍ਹਾ ਸੰਗਰੂਰ ਵਿੱਚ 24 ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ।

ਬਠਿੰਡਾ ਤੇ ਫਾਜ਼ਿਲਕਾ ਵਰਗੇ ਜ਼ਿਲ੍ਹੇ ਜਿੱਥੇ ਚੋਣ ਮੁਕਾਬਲਾ ਕਾਫੀ ਸਖਤ ਤੇ ਪ੍ਰਚਾਰ ਤਿੱਖਾ ਹੈ। ਉੱਥੇ ਕ੍ਰਮਵਾਰ 24 ਤੇ 21 ਕੇਂਦਰੀ ਸੁਰੱਖਿਆ ਦਸਤੇ ਦਿੱਤੇ ਗਏ ਹਨ। ਪੰਜਾਬ ਨਾਲ ਲਗਦੀਆਂ ਜੰਮੂ-ਕਸ਼ਮੀਰ, ਰਾਜਸਥਾਨ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਨਾਲ ਲੱਗਦੀਆਂ ਸਰਹੱਦਾਂ ‘ਤੇ 109 ਨਾਕੇ ਲਾਏ ਗਏ ਹਨ, ਜਿਨ੍ਹਾਂ ਦਾ ਕੰਟਰੋਲ ਕੇਂਦਰੀ ਬਲਾਂ ਕੋਲ ਹੈ ਤੇ ਇਨ੍ਹਾਂ ‘ਤੇ ਨਜ਼ਰ ਰੱਖਣ ਲਈ ਕਮਿਸ਼ਨ ਨੇ ਸੀ.ਸੀ.ਟੀ.ਵੀ. ਵੀ ਲਾਏ ਹਨ। ਬਾਕੀ ਸਾਰੇ ਜ਼ਿਲ੍ਹਿਆਂ ਨੂੰ 15 ਤੋਂ ਲੈ ਕੇ 19 ਤੱਕ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦਿੱਤੀਆਂ ਗਈਆਂ ਹਨ ਤੇ ਜ਼ਿਲ੍ਹਿਆਂ ਅੰਦਰ ਨਾਕੇ ਲਾਉਣ ਦਾ ਕੰਮ ਜ਼ਿਲ੍ਹਾ ਅਧਿਕਾਰੀਆਂ ‘ਤੇ ਛੱਡਿਆ ਗਿਆ ਹੈ, ਜਿਨ੍ਹਾਂ ਵੱਲੋਂ ਰੋਜ਼ਾਨਾ ਥਾਂ ਬਦਲ ਕੇ ਨਾਕੇ ਲਾਏ ਜਾ ਰਹੇ ਹਨ।

ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਦੂਜੇ ਸੂਬਿਆਂ ਨਾਗਾਲੈਂਡ, ਮਿਜ਼ੋਰਮ, ਤੇਲੰਗਾਨਾ, ਤ੍ਰਿਪੁਰਾ, ਮੇਘਾਲਿਆ, ਸਿੱਕਮ, ਆਂਧਰਾ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵੱਲੋਂ ਵੀ ਪੁਲਿਸ ਫੋਰਸ ਭੇਜੀ ਗਈ ਹੈ। ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਬਾਅਦ ਕੁਝ ਅਹਿਮ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲ ਵੀ ਦੂਜੀ ਫੋਰਸ ਨਾਲ ਤਾਇਨਾਤ ਕੀਤੇ ਗਏ ਹਨ।

ਕਮਿਸ਼ਨ ਦੇ ਇੱਕ ਬੁਲਾਰੇ ਮੁਤਾਬਕ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲਾਂ ਦੀ ਨਫਰੀ 5 ਜਨਵਰੀ ਤੋਂ ਮਿਲਣੀ ਸ਼ੁਰੂ ਹੋ ਗਈ ਸੀ ਤੇ 24 ਜਨਵਰੀ ਤੱਕ ਸਮੁੱਚੀਆਂ 500 ਕੰਪਨੀਆਂ ਪੰਜਾਬ ਪੁੱਜ ਚੁੱਕੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ 1992 ‘ਚ ਹੋਈਆਂ ਚੋਣਾਂ ਦੌਰਾਨ ਇੰਨੇ ਵੱਡੇ ਪੱਧਰ ‘ਤੇ ਤਾਇਨਾਤੀ ਹੋਈ ਸੀ।

Tags
Show More