DIASPORA

Real Story Behind Fort Lohgarh Banda Singh Bahadur Controversy

ਕਿਲ੍ਹਾ ਲੋਹਗੜ੍ਹ ਸੰਬੰਧੀ ਵਿਵਾਦ

Real Story Behind Fort Lohgarh Banda Singh Bahadur Controversy 

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਹਗੜ੍ਹ ਹਰਿਆਣਾ ਦੇ ਯਮੁਨਾਨਗਰ ਜਿਲ੍ਹੇ ਵਿਚ ਸਢੌਰੇ ਤੋਂ ਲਗਪਗ 20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਨੂੰ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਕਿਹਾ ਜਾਂਦਾ ਹੈ। ਅਖ਼ਬਾਰ-ਇ-ਦਰਬਾਰ-ਇ-ਮੁਅਲਾ (ਬਾਦਸ਼ਾਹ ਨੂੰ ਖ਼ਤ ਰਾਹੀਂ ਭੇਜੀਆਂ ਜਾਣ ਵਾਲੀਆਂ ਖ਼ਬਰਾਂ) ਅਨੁਸਾਰ 14 ਨਵੰਬਰ 1710 ਨੂੰ ਭਗਵਤੀ ਦਾਸ ਹਰਕਾਰੇ ਨੇ ਬਾਦਸ਼ਾਹ ਕੋਲ ਜਿਹੜੀ ਖ਼ਬਰ ਭੇਜੀ ਉਸ ਵਿਚ ਇਸ ਸਥਾਨ ਸੰਬੰਧੀ ਲਿਖਿਆ ਗਿਆ ਸੀ ਕਿ ਬਾਗੀ ਗੁਰੂ (ਬੰਦਾ ਸਿੰਘ) ਦਾਬੜ ਵਿਖੇ ਮੌਜੂਦ ਹੈ ਅਤੇ ਸਿੱਖਾਂ ਨੇ ਇਸ ਅਸਥਾਨ ਦੇ ਨੇੜੇ ਇਕ ਡੂੰਘੀ ਖਾਈ ਪੁੱਟ ਲਈ ਹੈ। ਉਹ ਲੜ੍ਹਨ ਦੀ ਇੱਛਾ ਰੱਖਦੇ ਹਨ। ਇਸੇ ਤਰ੍ਹਾਂ 21 ਨਵੰਬਰ 1710 ਨੂੰ ਹਰਕਾਰੇ ਨੇ ਬਾਦਸ਼ਾਹ ਨੂੰ ਦੱਸਿਆ ਕਿ ਬਾਗੀ ਗੁਰੂ (ਬੰਦਾ ਸਿੰਘ) ਦੇ ਤਿੰਨ ਹਜ਼ਾਰ ਘੋੜ ਸਵਾਰ ਸਢੌਰੇ ਤੋਂ ਦੋ ਕੋਹ ਦੀ ਦੂਰੀ ‘ਤੇ ਦੇ ਦੂਜੇ ਪਾਸੇ ਇਕ ਤਲਾਉ ਦੇ ਕੰਢੇ ‘ਤੇ ਡੇਰਾ ਲਾਈ ਬੈਠੇ ਹਨ। ਇਹ ਰਿਪੋਰਟਾਂ ਬੰਦਾ ਸਿੰਘ ਬਹਾਦਰ ਵਿਰੁੱਧ ਬਾਦਸ਼ਾਹ ਬਹਾਦਰ ਸ਼ਾਹ ਦੀ ਮੁਹਿੰਮ ਸਮੇਂ ਦੀਆਂ ਹਨ। ਇਹਨਾਂ ਦੋਵੇਂ ਖ਼ਬਰਾਂ ਤੋਂ ਬੰਦਾ ਸਿੰਘ ਬਹਾਦਰ ਦੇ ਸਥਾਨ ਅਤੇ ਉਸ ਕੋਲ ਮੌਜੂਦ ਫੌਜਾਂ ਦੀ ਗਿਣਤੀ ਦਾ ਮੋਟਾ ਜਿਹਾ ਅੰਦਾਜ਼ਾ ਲੱਗ ਜਾਂਦਾ ਹੈ।

ਬਾਦਸ਼ਾਹੀ ਮੁਹਿੰਮ ਵਿਚ ਸ਼ਾਮਲ ਲੇਖਕਾਂ ਦੀਆਂ ਫ਼ਾਰਸੀ ਲਿਖਤਾਂ ਦਾ ਬਹੁਤ ਸਾਰੇ ਵਿਦਵਾਨਾਂ ਨੇ ਅਨੁਵਾਦ ਕੀਤਾ ਹੈ ਜਿਨ੍ਹਾਂ ਵਿਚੋਂ ਸਮੇਂ ਦੇ ਹਾਲਾਤਾਂ, ਸਥਾਨਾਂ ਅਤੇ ਘਟਨਾਵਾਂ ਦਾ ਵੇਰਵਾ ਪ੍ਰਾਪਤ ਹੁੰਦਾ ਹੈ। ਇਸ ਸੰਬੰਧੀ ਬੰਦਾ ਸਿੰਘ ਬਹਾਦਰ ਫ਼ਾਰਸੀ ਸਰੋਤ ਸਿਰਲੇਖ ਅਧੀਨ ਪੁਸਤਕ ਮਹੱਤਵਪੂਰਨ ਹੈ। ਪੰਜਾਬੀ ਵਿਚ ਅਨੁਵਾਦਿਤ ਇਸ ਪੁਸਤਕ ਵਿਚ ਬਾਦਸ਼ਾਹ ਦੇ ਨਾਲ ਮੁਹਿੰਮ ‘ਤੇ ਗਏ ਜਾਂ ਸਮਕਾਲੀ ਲੇਖਕਾਂ ਨੇ ਲੋਹਗੜ੍ਹ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਹੈ। ਗ਼ੁਲਾਮ ਮੁਹੀਉਦੀਨ ਫ਼ਤੂਹਾਤਨਾਮਾ-ਏ-ਸਮਦੀ (1722) ਸਿਰਲੇਖ ਅਧੀਨ ਬੰਦਾ ਸਿੰਘ ਬਹਾਦਰ ਦੇ ਲੋਹਗੜ੍ਹ ਵਿਚਲੇ ਟਿਕਾਣੇ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਦੱਸਦਾ ਹੈ ਕਿ ਉਸ ਦੀ ਨਿਗਾਹ ‘ਚ ਪਥਰੀਲੀ ਜ਼ਮੀਨ ਨਾਲੋਂ ਭੀ ਵਧੇਰੇ ਇਕ ਸਖ਼ਤ ਜ਼ਮੀਨ ਹੈ। ਉਸ ਨੇ ਉਥੇ ਇਕ ਪੱਥਰਾਂ ਦੀ ਗੜ੍ਹੀ ਉਸਰਵਾਈ, ਜਿਸ ਦੇ ਬੁਰਜ ਤੇ ਚਾਰ ਦੀਵਾਰੀ ਬਹੁਤ ਮਜ਼ਬੂਤ ਹਨ ਤੇ ਉਸ ਦੇ ਚਾਰ-ਚੁਫੇਰੇ ਇਕ ਡੂੰਘੀ ਖਾਈ ਪੁਟਵਾਈ। ਉਸ ਦਾ ਨਾਮ ਲੋਹਗੜ੍ਹ ਰੱਖਿਆ।

ਇਸੇ ਤਰ੍ਹਾਂ ਕਾਮਰਾਜ ਬਿਨ ਨੈਣਾ ਸਿੰਘ ਆਪਣੀ ਰਚਨਾ ਇਬਰਤਨਾਮਾ (1723 ਈ.) ਵਿਚ ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਵਿਖੇ ਮੋਰਚਾਬੰਦੀ ਦਾ ਜ਼ਿਕਰ ਕਰਦੇ ਹੋਏ ਦੱਸਦਾ ਹੈ ਕਿ ਉਸ ਭੈੜੇ ਅੰਤ ਵਾਲੇ ਕਾਫ਼ਿਰ (ਬੰਦਾ ਸਿੰਘ ਬਹਾਦਰ) ਨੇ ਦੋ ਪਹਾੜਾਂ ਦੇ ਦਰਮਿਆਨ ਆਕਾਸ਼ ਦੇ ਦਬਦਬੇ ਵਾਲੇ ਕਿਲ੍ਹੇ ਜਿਸ ਦੇ ਉਸ ਪਾਸੇ ਲੰਬਾ ਚੌੜਾ ਮੈਦਾਨ ਸੀ, ਆਪਣੇ ਤੇ ਦੂਜੇ ਕਰੀਬੀ ਫ਼ਸਾਦੀਆਂ ਦੇ ਠਹਿਰਨ ਲਈ ਜਗ੍ਹਾ ਬਣਾਈ। ਉਸ ਕਿਲ੍ਹੇ ਦੇ ਸਾਹਮਣੇ ਇਕ ਪੱਕਾ ਬੰਨ੍ਹ ਤਿਆਰ ਕੀਤਾ, ਜਿਸ ਦੀ ਲੰਬਾਈ ਅੱਧਾ ਕੋਹ ਸੀ ਤੇ ਚੌੜ੍ਹਾਈ ਇਕ ਗਜ਼। ਉਸ ਨੂੰ ਉਸ ਨੇ ਮਿੱਟੀ ਤੇ ਲੱਕੜਾਂ ਨਾਲ ਚੰਗੀ ਤਰ੍ਹਾਂ ਬੰਦ ਕਰ ਦਿੱਤਾ।

ਸਿੱਖ ਲਿਖਾਰੀਆਂ ਵਿਚੋਂ ਗਿਆਨੀ ਗਿਆਨ ਸਿੰਘ ਨੇ ਬਹੁਤ ਮਿਹਨਤ ਨਾਲ ਜਗ੍ਹਾ-ਜਗ੍ਹਾ ਘੁੰਮ ਕੇ ਤਵਾਰੀਖ਼ ਗੁਰੂ ਖ਼ਾਲਸਾ ਸਿਰਲੇਖ ਅਧੀਨ ਪੁਸਤਕ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਤੱਥਾਂ ਨੂੰ ਇਕੱਤਰ ਕੀਤਾ ਹੈ। ਲੋਹਗੜ੍ਹ ਸੰਬੰਧੀ ਜਾਣਾਕਰੀ ਦਿੰਦੇ ਹੋਏ ਇਹ ਲਿਖਦੇ ਹਨ ਕਿ ਏਸ ਲੋਹਗੜ੍ਹ ਦੇ ਚੁਫੇਰੇ ਦੀ ਸ਼ਿਕਾਰਗਾਹ ਦਸ-ਦਸ ਪੰਦਰਾਂ-ਪੰਦਰਾਂ ਕੋਹ ਪਹਾੜੀਆਂ ਝਾੜੀਆਂ ਬਹੁਤ ਸਨ, ਸਢੌਰੇ ਵਲੋਂ ਪੰਜ ਛੀ ਕੋਹ ਪਹਾੜ ਵੰਨੀ ਇਕ ਉਚੇ ਟਿੱਬੇ ਪਰ ਪੰਮੂ ਪਿੰਡ ਦੇ ਪਾਸ ਕਿਲ੍ਹਾ ਲੋਹਗੜ੍ਹ ਹੈ ਜੋ ਸ਼ਾਹਜਹਾਂ ਦੇ ਸਮੇਂ ਮੁਖ਼ਲਸ ਖ਼ਾਂ ਸੂਬੇਦਾਰ ਸਰਹੰਦ ਨੇ ਬਣਵਾਇਆ ਸੀ, ਓਸਦੇ ਦੋਹੀਂ ਪਾਸੀਂ ਦੋ ਖੱਡਾਂ ਪਹਾੜੀ ਪਾਣੀ ਦੀਆਂ ਵਗਦੀਆਂ ਰਹਿੰਦੀਆਂ ਹਨ, ਕਿਲ੍ਹੇ ਦੇ ਆਸ ਪਾਸ ਉਚੇ ਪਹਾੜ ਬਹੁਤੇ ਸਨ। ਭਾਵੇਂ ਹੁਣ ਤਾਂ ਓਸ ਕਿਲ੍ਹੇ ਨੂੰ ਲੋਕਾਂ ਨੇ ਖੋਲਾ ਜੇਹਾ ਬੀ ਨਹੀਂ ਛੱਡਿਆ ਸਬ ਮਲਬਾ ਲੈ ਗਏ ਹਨ।

ਡਾ. ਗੰਡਾ ਸਿੰਘ ਨੇ ਬੰਦਾ ਸਿੰਘ ਬਹਾਦਰ ਦੀ ਖੋਜ ਕਰਦਿਆਂ ਲੋਹਗੜ੍ਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੁਖ਼ਲਿਸ-ਗੜ੍ਹ ਦਾ ਕਿਲ੍ਹਾ ਬਾਦਸ਼ਾਹ ਸ਼ਾਹਜਹਾਨ ਦੀ ਆਗਿਆ ਅਨੁਸਾਰ ਮੁਖ਼ਲਿਸ ਖ਼ਾਨ ਨੇ ਬਣਵਾਇਆ ਸੀ ਅਤੇ ਬਾਦਸ਼ਾਹ ਕਦੀ-ਕਦੀ ਇਥੇ ਗਰਮੀਆਂ ਕੱਟਣ ਆ ਜਾਂਦਾ ਸੀ। ਇਹ ਸਢੌਰੇ ਅਤੇ ਨਾਹਣ ਦੇ ਵਿਚਕਾਰ ਆਮੂਵਾਲ ਪਿੰਡ ਦੀ ਹੱਦ ਵਿਚ ਹਿਮਾਲਾ ਪਰਬਤ ਦੀਆਂ ਸਿੱਧੀਆਂ ਚੜ੍ਹਾਈਆਂ ਵਿਚ ਇਕ ਉਚੀ ਠੇਰੀ ਉਤੇ ਖੜ੍ਹਾ ਸੀ ਅਤੇ ਇਥੇ ਜਾਣ ਲਈ ਖੜਬੜ ਟੀਲਿਆਂ ਅਤੇ ਖੱਡਾਂ ਵਿਚ ਦੀ ਲੰਘਣਾ ਪੈਂਦਾ ਸੀ। ਇਸ ਦੇ ਦੋਹੀਂ ਪਾਸੀਂ ਪਾਮੂ ਅਤੇ ਡਸਕੇ ਵਾਲੀਆਂ ਦੋ ਖੱਡਾਂ ਸਨ ਜੋ ਅਸਲ ਵਿਚ ਤਾਂ ਭਾਵੇਂ ਇਕ ਹੀ ਨਦੀ ਸੀ ਪਰ ਕਿਲ੍ਹੇ ਦੀ ਪਹਾੜੀ ਨੂੰ ਕਲਾਵੇ ਵਿਚ ਲੈਣ ਲਈ ਪਾਟ ਗਈ ਹੋਈ ਸੀ। ਜਿਸ ਵੇਲੇ ਬੰਦਾ ਸਿੰਘ ਨੇ ਇਸ ਕਿਲ੍ਹੇ ਉਤੇ ਕਬਜ਼ਾ ਕੀਤਾ ਤਾਂ ਇਹ ਬੜੀ ਟੁੱਟੀ ਭੱਜੀ ਹਾਲਤ ਵਿਚ ਸੀ। ਛੇਤੀ-ਛੇਤੀ ਇਸ ਦੀ ਮੁਰੰਮਤ ਕੀਤੀ ਗਈ ਅਤੇ ਇਸ ਦਾ ਨਾਉਂ ਲੋਹਗੜ੍ਹ ਧਰਿਆ ਗਿਆ।

ਉਕਤ ਵਿਦਵਾਨਾਂ ਦੁਆਰਾ ਪ੍ਰਦਾਨ ਕੀਤੇ ਗਏ ਵੇਰਵੇ ਜਿਸ ਪਹਾੜੀ ਵੱਲ ਇਸ਼ਾਰਾ ਕਰਦੇ ਹਨ ਉਸ ਦੀ ਜੜ੍ਹ ਵਿਚ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਜੀ ਸਸ਼ੋਭਿਤ ਹੈ ਜਿਸ ਦਾ ਪ੍ਰਬੰਧ ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਕੀਤਾ ਜਾਂਦਾ ਹੈ। ਭਾਵੇਂ ਕਿ ਗੁਰਦੁਆਰਾ ਸਾਹਿਬ ਹਰਿਆਣਾ ਰਾਜ ਅਧੀਨ ਆਉਂਦਾ ਹੈ ਪਰ ਇਹ ਪਹਾੜੀ ਹਿਮਾਚਲ ਸਰਕਾਰ ਦੇ ਜੰਗਲਾਤ ਮਹਿਕਮੇ ਨਾਲ ਸੰਬੰਧਿਤ ਹੈ ਜਿਸ ਦੀ ਉਪਰਲੀ ਜਗ੍ਹਾ ਪਾਉਂਟਾ ਸਾਹਿਬ ਟਰੱਸਟ ਅਧੀਨ ਹੈ।

Real Story Behind Fort Lohgarh Banda Singh Bahadur Controversy ਹਰਿਆਣਾ ਰਾਜ ਅਧੀਨ ਪੈਂਦੀ ਜ਼ਮੀਨ ‘ਤੇ ਕੁੱਝ ਦਿਨ ਪਹਿਲਾਂ ਲੋਹਗੜ੍ਹ ਟਰੱਸਟ ਵੱਲੋਂ ਨਦੀ ਦੇ ਕੰਢੇ ‘ਤੇ ਇਕ ਗੁਰਦੁਆਰਾ ਸਾਹਿਬ ਦੀ ਵਿਧੀਵਤ ਉਸਾਰੀ ਦਾ ਕਾਰਜ ਅਰੰਭਿਆ ਗਿਆ ਅਤੇ ਉਸ ਤੋਂ ਦੋ ਦਿਨ ਬਾਅਦ ਨਦੀ ਦੇ ਦੂਜੇ ਕੰਢੇ ‘ਤੇ ਪਹਾੜੀ ਦੇ ਨੇੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਨੂੰ ਸਮਰਪਿਤ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੇ ਗਏ ਇਸ ਸਮਾਗਮ ਵਿਚ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬੁੱਢਾ ਦਲ ਅਤੇ ਹੋਰ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਸੰਗਤ ਨੇ ਹਿੱਸਾ ਲਿਆ।

ਲੋਹਗੜ੍ਹ ਸੰਬੰਧੀ ਵਿਵਾਦ ਉਸ ਸਮੇਂ ਸਾਹਮਣੇ ਆਇਆ ਜਦੋਂ ਲੋਹਗੜ੍ਹ ਟਰਸੱਟ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਯੋਜਨਾ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਇਕ ਡੀ.ਡੀ.ਪੀ.ਉ. ਦੁਆਰਾ ਤਿਆਰ ਕੀਤੀ ਗਈ ਇਕ ਵੀਡਿਉ ਕਲਿਪ ਜਾਰੀ ਕਰ ਦਿੱਤੀ ਗਈ ਜਿਸ ਵਿਚ ਕੁੱਝ ਅਜਿਹੇ ਤੱਥਾਂ ਦਾ ਵਰਨਨ ਕੀਤਾ ਗਿਆ ਜਿਹੜੇ ਸਿੱਖ ਇਤਿਹਾਸ ਦੀਆਂ ਪ੍ਰਮਾਣਿਕ ਖੋਜਾਂ ਤੋਂ ਕੋਹਾਂ ਦੂਰ ਹਨ। ਇਸ ਵੀਡੀਉ ਕਲਿਪ ਵਿਚ 7000 ਏਕੜ ਤੋਂ ਵਧੇਰੇ ਜਗ੍ਹਾ ਵਿਚ ਫੈਲੇ ਹੋਏ ਕਿਲ੍ਹੇ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਸਿੱਖ ਇਤਿਹਾਸ ਨਾਲ ਜੋੜਦੇ ਹੋਏ ਦੱਸਿਆ ਗਿਆ ਹੈ ਕਿ:-

1. ਇਸ ਕਿਲ੍ਹੇ ਦੀ ਨੀਂਹ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਰੱਖੀ ਸੀ ਅਤੇ ਲੱਖੀ ਸ਼ਾਹ ਵਣਜਾਰਾ ਦੁਆਰਾ ਇਹ ਕਾਰਜ ਸੰਪੂਰਨ ਕੀਤਾ ਗਿਆ ਸੀ।
2. ਇਹ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਪਤ ਮਿਸ਼ਨ ਸੀ।
3. ਸੱਤਵੇਂ ਗੁਰੂ ਹਰਿਰਾਇ ਜੀ ਨੇ 13 ਸਾਲ ਇਸ ਕਿਲ੍ਹੇ ਵਿਚ ਨਿਵਾਸ ਕੀਤਾ।
4. ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਇਸ ਅਸਥਾਨ ‘ਤੇ ਹੋਇਆ।
5. ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸਾਲ ਇਥੇ ਬਿਤਾਏ।

ਗੁਰ-ਇਤਿਹਾਸ ਨਾਲ ਸੰਬੰਧਿਤ ਇਤਿਹਾਸ ਦੇ ਇਹ ਉਹ ਪਹਿਲੂ ਹਨ ਜਿਹੜੇ ਸਿੱਖ ਵਿਸ਼ਵਾਸ ਦਾ ਵੀ ਹਿੱਸਾ ਹਨ। ਗੁਰਬਾਣੀ ਅਤੇ ਗੁਰ-ਇਤਿਹਾਸ ਸੰਬੰਧੀ ਜਾਣਕਾਰੀ ਰੱਖਣ ਵਾਲੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਗੁਰੂ ਸਾਹਿਬਾਨ ਨੇ ਜਿਥੇ-ਜਿਥੇ ਯਾਤਰਾਵਾਂ ਕੀਤੀਆਂ, ਉਥੇ ਗੁਰਧਾਮ ਸਸ਼ੋਭਿਤ ਹਨ। ਗੁਰੂ ਹਰਿਗੋਬਿੰਦ ਸਾਹਿਬ ਨੂੰ ਬਾਦਸ਼ਾਹ ਨੇ ਜਦੋਂ ਗਵਾਲੀਅਰ ਦੇ ਕਿਲੇ੍ ਵਿਚ ਕੈਦ ਕਰ ਲਿਆ ਸੀ ਤਾਂ ਸਿੱਖ ਸੰਗਤ ਉਥੇ ਪੁੱਜ ਗਈ ਸੀ ਅਤੇ ਰਾਹ ਵਿਚ ਜਿਥੇ-ਜਿਥੇ ਸਿੱਖ ਸੰਗਤ ਨਿਵਾਸ ਕਰਦੀ ਸੀ, ਉਥੇ ਗੁਰਧਾਮ ਮੌਜੂਦ ਹਨ।

ਭਾਈ ਨੰਦ ਲਾਲ, ਭਾਈ ਮਨੀ ਸਿੰਘ, ਕਵੀ ਸੈਨਾਪਤਿ, ਭਾਈ ਸੁੱਖਾ ਸਿੰਘ ਆਦਿ ਅਨੇਕਾਂ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਮੌਜੂਦ ਸਨ ਜਿਨ੍ਹਾਂ ਦੀਆਂ ਲਿਖਤਾਂ ਵਿਚੋਂ ਗੁਰੂ ਸਾਹਿਬ ਦੀ ਉਸਤਤ, ਉਦੇਸ਼, ਸਿੱਖਿਆਵਾਂ ਅਤੇ ਪਰੰਪਰਾਵਾਂ ਦਾ ਜ਼ਿਕਰ ਮਿਲਦਾ ਹੈ। ਗੁਰ-ਬਿਲਾਸ ਪਾਤਸ਼ਾਹੀ ਦਸਵੀਂ ਵਿਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਅਨੇਕਾਂ ਸਥਾਨਾਂ ਸੰਬੰਧੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਜਿਸ ਵਿਚ ਪਾਉਂਟਾ ਸਾਹਿਬ ਦੇ ਨੇੜੇ ਕਿਸੇ ਕਿਲੇ ਦੀ ਉਸਾਰੀ ਦੀ ਯੋਜਨਾ ਦਾ ਜ਼ਿਕਰ ਨਹੀਂ ਮਿਲਦਾ।

ਸਿੱਖ ਲਿਖਤਾਂ ਵਿਚ ਇਹ ਜ਼ਿਕਰ ਤਾਂ ਮਿਲਦਾ ਹੈ ਕਿ ਗੁਰੂ ਜੀ ਨੇ ਪਾਉਂਟਾ ਸਾਹਿਬ ਨਗਰ ਵਸਾਇਆ ਸੀ ਪਰ ਇਹ ਜਾਣਕਾਰੀ ਨਹੀਂ ਮਿਲਦੀ ਇਥੋਂ ਕੁੱਝ ਦੂਰੀ ‘ਤੇ ਹੀ ਉਸਾਰੇ ਜਾ ਰਹੇ ਕਿਲ੍ਹਾ ਲੋਹਗੜ੍ਹ ਸੰਬੰਧੀ ਗੁਰੂ ਜੀ ਨੂੰ ਕੋਈ ਜਾਣਕਾਰੀ ਸੀ। ਗੁਰੂ ਜੀ ਜਦੋਂ ਪਾਉਂਟਾ ਸਾਹਿਬ ਤੋਂ ਵਾਪਸ ਅਨੰਦਪੁਰ ਸਾਹਿਬ ਵਿਖੇ ਆਏ ਸਨ ਤਾਂ ਉਹਨਾਂ ਨੇ ਇਹਨਾਂ ਪੰਜ ਕਿਲਿਆਂ ਦੀ ਉਸਾਰੀ ਕਰਵਾਈ ਸੀ – ਅਨੰਦਗੜ੍ਹ, ਲੋਹਗੜ੍ਹ, ਫਤੇਗੜ੍ਹ, ਕੇਸਗੜ੍ਹ, ਹੋਲਗੜ੍ਹ। ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਤਨੇ ਵਿਸ਼ਾਲ ਕਿਲ੍ਹੇ ਦੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਅਰੰਭ ਕਰਵਾਈ ਗਈ ਸੀ ਤਾਂ ਉਸ ਦੀ ਜਾਣਕਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਨਹੀਂ ਸੀ? ਯੁੱਧ ਦੀ ਦ੍ਰਿਸ਼ਟੀ ਤੋਂ ਪਾਉਂਟਾ ਸਾਹਿਬ ਦੀਆਂ ਨੇੜਲੀਆਂ ਪਹਾੜੀਆਂ ਅਨੰਦਪੁਰ ਸਾਹਿਬ ਤੋਂ ਵਧੇਰੇ ਸੁਰੱਖਿਅਤ ਸਨ। ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਨੇ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਸੀ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਲਈ ਕਿਹਾ ਸੀ। ਗੁਰੂ ਜੀ ਅਨੰਦਪੁਰ ਸਾਹਿਬ ਵਿਚੋਂ ਨਿਕਲ ਕੇ ਚਮਕੌਰ ਸਾਹਿਬ ਵੱਲ ਚਲੇ ਗਏ ਸਨ, ਇਹ ਵਿਸ਼ਾਲ ਕਿਲ੍ਹਾ ਉਹਨਾਂ ਦੇ ਧਿਆਨ ਵਿਚ ਕਿਉਂ ਨਹੀਂ ਆਇਆ?

ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਜਗ੍ਹਾ-ਜਗ੍ਹਾ ਘੁੰਮ ਕੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਸਥਾਨਕ ਵਿਸ਼ਵਾਸਾਂ ਅਤੇ ਪਰੰਪਰਾਵਾਂ ਨੂੰ ਇਕੱਤਰ ਕੀਤਾ ਹੈ। ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਕਰਤਾਰ ਸਿੰਘ ਕਲਾਸਵਾਲੀਆ, ਗਿਆਨੀ ਠਾਕਰ ਸਿੰਘ ਆਦਿ ਖੋਜੀਆਂ ਨੇ ਗੁਰ-ਇਤਿਹਾਸ ਦੀਆਂ ਘਟਨਾਵਾਂ ਅਤੇ ਗੁਰਧਾਮਾਂ ਸੰਬੰਧੀ ਬਹੁਤ ਵਿਸਤਾਰਿਤ ਅਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਹੈ ਪਰ ਇਹਨਾਂ ਦੀਆਂ ਲਿਖਤਾਂ ਵਿਚੋਂ ਅਜਿਹੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਜਿਸ ਵਿਚ ਲੋਹਗੜ੍ਹ ਦੇ ਗੁਪਤ ਮਿਸ਼ਨ ਸੰਬੰਧੀ ਕੋਈ ਜ਼ਿਕਰ ਹੋਵੇ। ਗਿਆਨੀ ਗਿਆਨ ਸਿੰਘ ਨੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਅਸਥਾਨ, ਸਥਾਨਕ ਮੁਹਾਵਰਿਆਂ, ਸਥਾਨਕ ਵਿਸ਼ਵਾਸਾਂ, ਸਥਾਨਕ ਪਰੰਪਰਾਵਾਂ ਆਦਿ ਦਾ ਜ਼ਿਕਰ ਕੀਤਾ ਹੈ।

Real Story Behind Fort Lohgarh Banda Singh Bahadur Controversy ਗੁਰੂ ਹਰਿਗੋਬਿੰਦ ਸਾਹਿਬ ਸੰਬੰਧੀ ਇਹਨਾਂ ਅਸਥਾਨਾਂ ਦਾ ਵੇਰਵਾ ਗਿਆਨੀ ਜੀ ਨੇ ਦਿੱਤਾ ਹੈ – ਅਕੋਈ, ਅਲੂਣਾ ਈਸੜੂ, ਆਗਰਾ, ਐਬਟਾਬਾਦ, ਅੰਮ੍ਰਿਤਸਰ, ਇਕਲਾਹਾ, ਸਿਧਵਾਂ, ਸਿਧਾਰ, ਸੁਲਤਾਨਪੁਰ, ਸੋਤਰ, ਸੰਘੋਲ, ਸ੍ਰੀ ਨਗਰ, ਹਸਨ ਅਬਦਾਲ, ਹਠੂਰ, ਹਰਿਗੋਬਿੰਦਪੁਰ, ਹਾਫ਼ਜ਼ਾਬਾਦ, ਕਸ਼ਮੀਰ, ਕਮਾਲਪੁਰ, ਕਰਤਾਰਪੁਰ, ਕਾਂਗੜ, ਕੀਰਤਪੁਰ, ਕੁਹਾਲਾ, ਕੁਰਖੇਤ੍ਰ, ਕੈਣ, ਕੋਟੜਾ, ਖਡੂਰ ਸਾਹਿਬ, ਖਮਾਣੋਂ, ਖਾਈ, ਗਰੰਟੀ, ਗਵਾਲੀਅਰ, ਗੜ੍ਹ ਮੁਕਤੇਸ਼ਵਰ, ਗਿਲ, ਗੁਜਰਾਤ, ਗੁਜਰਵਾਲ, ਗੁਮਟਾਲਾ, ਗੋਇੰਦਵਾਲ, ਘਰਾਣੀ, ਘੁਮਾਣ, ਚਪਰਾੜ, ਚਮਕੌਰ, ਚੱਬਾ, ਛਪਾਰ, ਜੀਂਦ (ਪਿੰਡ), ਜ਼ੀਰਾ, ਜੰਡਿਆਲੀ, ਝਬਾਲ, ਡਮਰਾ, ਡਰੌਲੀ, ਡੁਮੇਲੀ, ਡੋਡ ਮਲੂਕਾ, ਢਬਾਲੀ, ਤਰਨਤਾਰਨ, ਤਲਵੰਡੀ, ਥਾਨੇਸਰ, ਦਰਾਜ, ਦੁਰਗਾਪੁਰ, ਧਮਦਾ, ਨਾਨਕਮਤਾ, ਨੋਪੋ, ਪਿਪਲੀ ਸਾਹਿਬ, ਪੱਖੋ, ਬਕਾਲਾ, ਬਲਾਲਾ, ਬਾਰਠ, ਬਾਰਾਂ ਮੂਲਾ, ਬੈਰਾਮ, ਭਕਨਾ ਪਿੰਡ, ਭਦੌੜ, ਭੜਾਨਾ, ਮਹਿਰਾਜ, ਮਜਨੂੰ ਕਾ ਟਿੱਲਾ (ਦਿੱਲੀ), ਮਟਵੀਂ, ਮਦੋ, ਮਨੌਲੀ, ਮਾਹਿਲ, ਮਾੜੀ, ਮੀਰਪੁਰ ਚੌਂਪਕ, ਮੁਜੰਗ, ਮੁਜ਼ੱਫ਼ਰਾਬਾਦ, ਮੰਧਰ, ਮੰਡਾਲੀ (ਮੰਡਯਾਲੀ), ਮੱਲਾ, ਰਾੜਾ, ਰਾਵਲਪਿੰਡੀ, ਰੋਡੇ, ਰੋਪੜ, ਰੂਪਾ (ਭਾਈ), ਲਹਿਰਾ, ਲਾਹੌਰ, ਲੋਪੋ, ਲੰਡੇ, ਵਟਾਲਾ, ਵਡਾਲੀ, ਵੱਡਾ ਘਰ, ਵਜ਼ੀਰਾਬਾਦ ਆਦਿ।

ਉਕਤ ਵੀਡੀਉ ਕਲਿਪ ਵਿਚ ਗੁਰੂ ਹਰਿਰਾਇ ਜੀ ਦੁਆਰਾ 13 ਸਾਲ ਲੋਹਗੜ੍ਹ ਵਿਖੇ ਬਸਰ ਕੀਤੇ ਦੱਸੇ ਜਾਂਦੇ ਹਨ। ਗਿਆਨੀ ਜੀ ਨੇ ਗੁਰੂ ਹਰਿਰਾਇ ਜੀ ਨਾਲ ਸੰਬੰਧਿਤ ਜਿਹੜੇ ਅਸਥਾਨਾਂ ਦਾ ਜ਼ਿਕਰ ਕੀਤਾ ਹੈ ਉਹ ਇਹ ਹਨ – ਅੰਮ੍ਰਿਤਸਰ, ਸਿੰਘਾਂਵਾਲਾ, ਹਕੀਮਪੁਰਾ, ਹਰੀਆਂ ਵੇਲਾਂ, ਕਰਤਾਰਪੁਰ, ਗੋਇੰਦਵਾਲ, ਜ਼ੀਰਾ, ਜੰਡਾਂਵਾਲਾ, ਜੱਸਾ, ਡਰੌਲੀ, ਦੁਸਾਂਝਾ, ਨੂਰਮਹਿਲ, ਪਲਾਹੀ, ਪੁਆਧੜਾ, ਫਰਾਲਾ, ਬਹਿਲੀ, ਬਿੰਝੂਕੇ, ਬੰਬੇਲੀ, ਭੁੰਗਰਨੀ, ਭੂਖੜੀ, ਮਾਛੂਵਾੜਾ, ਮੁਕੰਦਪੁਰ। ਇਨ੍ਹਾਂ ਅਸਥਾਨਾਂ ਵਿਚ ਇਸ ਅਸਥਾਨ ਦਾ ਕੋਈ ਜ਼ਿਕਰ ਨਹੀਂ ਹੈ।

ਇਸੇ ਤਰ੍ਹਾਂ ਗਿਆਨੀ ਜੀ ਨੇ ਗੁਰੂ ਤੇਗ਼ ਬਹਾਦਰ ਜੀ ਦੇ ਇਹਨਾਂ ਚਰਨ ਛੋਹ ਪ੍ਰਾਪਤ ਅਸਥਾਨਾਂ ਦਾ ਜ਼ਿਕਰ ਕੀਤਾ ਹੈ – ਉਗਾਣਾ, ਅਟਾਵਾ, ਅਨੰਦਪੁਰ (ਮਾਖੋਵਾਲ), ਅਯੁੱਧਿਆ, ਅਲੀ ਸ਼ੇਰ, ਆਗਰਾ, ਆਰਾ, ਅੰਮ੍ਰਿਤਸਰ, ਸਮਾਉਂ, ਸਮਾਣਾ, ਸਾਹਿਬ ਗੰਜ, ਸਾਖੀ ਗੋਪਾਲ, ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ), ਸੇਖਾ, ਸੈਫ਼ਾਬਾਦ (ਬਹਾਦਰਗੜ੍ਹ, ਪਟਿਆਲਾ), ਸੋਹੀਵਾਲ, ਸੁਸਰਾਮ, ਸੁਢੈਲ, ਸੂਲੀਸਰ, ਸਿੰਗ੍ਰੇੜੀ, ਹਰਿਦੁਆਰ, ਹੰਢਿਆਇਆ, ਕਹਿਲਗਾਉਂ, ਕਟਕ, ਕਨੌੜ, ਕਬੂਲਪੁਰ, ਕਰਹਾਲੀ, ਕਲੌੜ, ਕਾਸ਼ੀ (ਬਨਾਰਸ), ਕਾਨਪੁਰ, ਕਾਮਰੂਪ, ਕਾਂਚੀ ਪੁਰੀ, ਕੀਰਤਪੁਰ, ਕੁੰਤਲ ਨਗਰ, ਕੈਂਥਲ, ਕੱਟੂ, ਕੱਰ੍ਰਾ, ਖਟਕੜ, ਖਡੂਰ, ਖਰਕ, ਖਯਾਲਾ, ਖਾਨਾ, ਖੀਵਾ, ਗਯਾ, ਗਰਨਾ, ਗੜ੍ਹਗੰਗਾ, ਗਾਗਾ, ਗੁਰਖੰਜਰ ਪੁਰ, ਗੋਇੰਦਵਾਲ, ਗੋਕਲ, ਗੋਬਿੰਦਪੁਰਾ, ਗੰਢੂ, ਘਨੌਲੀ, ਚੀਕਾ, ਛਪਰਾ, ਜਗਨਨਾਥ ਪੁਰੀ (ਉੜੀਸਾ), ਜੀਂਦ, ਟਹਿਲਪੁਰਾ, ਟੇਕ, ਡਿੱਖ, ਢਾਕਾ, ਢਿੱਲਵਾਂ, ਤਰਨਤਾਰਨ ਸਾਹਿਬ, ਥਨੇਸਰ, ਦਮਦਮਾ (ਬ੍ਰਹਮਪੁਤ੍ਰ ਨਦੀ ਦੇ ਕਿਨਾਰੇ ਵਸਿਆ ਹੋਇਆ ਰੰਗਾਮਾਟੀ ਨਗਰ ਦੇ ਲਾਗੇ), ਦਾਦੂ ਮਾਜਰਾ, ਧਮਧਾਣ, ਧਰਮ ਕੋਟ, ਧੋਬੀਆ ਬੰਦਰ, ਨਨਹੇੜੀ, ਨਲਹੱਟੀ, ਨੌਲੱਖਾ, ਪਹੋਆ, ਪਟਨਾ, ਪ੍ਰਾਗਰਾਜ, ਫਰਵਾਹੀ, ਫ਼ਰੁੱਖਾਬਾਦ, ਬਕਸਰ, ਬਕਾਲਾ (ਬਾਬਾ), ਬਨੀ ਬਦਰ, ਬਰ੍ਹਾ, ਬਲੇਉ, ਬਾਰਨਾ, ਬਾਲੇਸ਼੍ਵਰ, ਬ੍ਰਿੰਦਾਬਣ, ਬੱਛੋਆਣਾ, ਭਰਤਗੜ੍ਹ, ਭਾਗਲਪੁਰ, ਭੰਦੇਹਰ, ਭੀਖੀ ਢਾਬ, ਭੁਪਾਲ, ਭੁਵਨੇਸ਼੍ਵਰ, ਮਕਸੂਦਾਬਾਦ (ਮੁਰਸ਼ਦਾਬਾਦ), ਮਕੌਰੜ, ਮਥਰਾ, ਮਦਰਾ ਪੁਰ, ਮਾਈਸਰਖਾਨਾ, ਮਾਣਕਪੁਰ (ਕੜਾ), ਮਾਲ ਦੋ, ਮੇਦਨੀ ਪੁਰ, ਮੁਕਾਰਾਂਪੁਰ, ਮੁੰਘੇਰ, ਮੁਰਾਦਾਬਾਦ, ਮੂਣਕ, ਮੂਲੋਵਾਲ, ਮਿਰਜ਼ਾਪੁਰ, ਮੋਰਭੰਜ, ਮੋਤੀਬਾਗ (ਪਟਿਆਲਾ), ਮੌੜ, ਰਹੇਲਾ, ਰਾਜਮਹਲ, ਰੋਹਤਕ, ਰੋਪੜ, ਲਖਨਊ, ਲਖਨੌਰ (ਅੰਬਾਲਾ), ਲੰਗ, ਲੱਖਣ ਮਾਜਰਾ, ਲੇਲ, ਵੱਲਾ ਆਦਿ। ਭਾਵੇਂ ਕਿ ਗਿਆਨੀ ਜੀ ਦੁਆਰਾ ਪ੍ਰਦਾਨ ਕੀਤੇ ਵੇਰਵਿਆਂ ਵਿਚੋਂ ਕੁੱਝ ਅਸਥਾਨ ਰਹਿ ਗਏ ਹੋਣਗੇ ਪਰ ਹੋਰਨਾਂ ਵਿਦਵਾਨਾਂ ਦੀਆਂ ਲਿਖਤਾਂ ਵਿਚ ਪਾਉਂਟੇ ਨੇੜਲੇ ਲੋਹਗੜ੍ਹ ਦਾ ਜ਼ਿਕਰ ਜਰੂਰ ਮਿਲਣਾ ਚਾਹੀਦਾ ਸੀ ਜਿਹੜਾ ਕਿ ਸੰਭਵ ਨਹੀਂ ਹੋ ਸਕਿਆ।

ਪ੍ਰਾਪਤ ਵੀਡੀਉ ਕਲਿਪ ਵਿਚ ਇਕ ਗੱਲ ਬਹੁਤ ਦ੍ਰਿੜਤਾ ਪੂਰਵਕ ਪ੍ਰਚਾਰੀ ਗਈ ਹੈ ਕਿ ਕਿਲ੍ਹੇ ਦੀ ਉਸਾਰੀ ਗੁਰੂ ਸਾਹਿਬ ਦਾ ਗੁਪਤ ਮਿਸ਼ਨ ਸੀ ਜਿਸ ਨੂੰ ਬਣਾਉਣ ਵਿਚ 80 ਸਾਲ ਦਾ ਸਮਾਂ ਲੱਗਿਆ। ਇਹ ਗੱਲ ਪੂਰੀ ਤਰ੍ਹਾਂ ਸਮਝ ਤੋਂ ਬਾਹਰ ਹੈ ਕਿ ਗੁਰੂ ਸਾਹਿਬ ਦੇ ਇਸ ਗੁਪਤ ਮਿਸ਼ਨ ਦੀ ਜਾਣਕਾਰੀ ਨਾ ਤਾਂ ਸਰਕਾਰ ਨੂੰ ਸੀ ਅਤੇ ਨਾ ਹੀ ਗੁਰੂ ਸਾਹਿਬ ਦੇ ਨਾਲ ਰਹਿਣ ਵਾਲੇ ਸ਼ਰਧਾਲੂ ਸਿੱਖ ਇਸ ਬਾਰੇ ਕੁਝ ਜਾਣਦੇ ਸਨ। ਹੈਰਾਨੀ ਹੈ ਕਿ ਸਰਕਾਰ ਦੇਸ਼ ਦੇ ਹਰ ਕੋਨੇ ਵਿਚ ਹੋਣ ਵਾਲੀ ਛੋਟੀ ਤੋਂ ਛੋਟੀ ਘਟਨਾ ਬਾਰੇ ਜਾਣਕਾਰੀ ਰੱਖਦੀ ਹੈ ਪਰ ਗੁਰੂ ਸਾਹਿਬ ਦੁਆਰਾ ਕੀਤੀ ਗਈ ਇਸ ਵਿਸ਼ਾਲ ਉਸਾਰੀ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਮੌਖਿਕ ਅਤੇ ਲਿਖਤ ਇਤਿਹਾਸ ਦੀਆਂ ਘਟਨਾਵਾਂ ਵਿਚੋਂ ਅਜਿਹੇ ਕਿਸੇ ਤੱਥ ਦੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਕਿ ਗੁਰੂ ਸਾਹਿਬ ਦਾ ਕੋਈ ਗੁਪਤ ਮਿਸ਼ਨ ਸੀ ਜਿਸ ਅਧੀਨ ਉਹਨਾਂ ਨੇ ਇੰਨੇ ਵਿਸ਼ਾਲ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ। ਵੀਡੀਉ ਕਲਿਪ ਬਣਾਉਣ ਵਾਲੇ ਇਹਨਾਂ ਤੱਥਾਂ ਬਾਰੇ ਵੀ ਜਾਣਕਾਰੀ ਦੇਣ ਕਿ ਲੱਖੀ ਸ਼ਾਹ ਵਣਜਾਰੇ ਦੇ ਨਾਲ ਹੋਰ ਕਿਹੜੇ ਸਿੱਖ ਜਾਂ ਸ਼ਰਧਾਲੂ ਮੌਜੂਦ ਸਨ ਜਿਨ੍ਹਾਂ ਨੇ ਇਸ ਨਿਰਮਾਣ ਕਾਰਜ ਵਿਚ ਯੋਗਦਾਨ ਪਾਇਆ ਅਤੇ ਇਸ ਵਿਸ਼ਾਲ ਉਸਾਰੀ ਲਈ ਸਮਾਨ ਕਿਥੋਂ ਅਤੇ ਕਿਵੇਂ ਪ੍ਰਾਪਤ ਕੀਤਾ ਗਿਆ?

Real Story Behind Fort Lohgarh Banda Singh Bahadur Controversy ਹਰਿਆਣਾ ਦੇ ਇਕ ਸਰਕਾਰੀ ਅਫ਼ਸਰ ਵੱਲੋਂ ਸਿੱਖ ਇਤਿਹਾਸ ਨਾਲ ਛੇੜ-ਛਾੜ ਕਰਨ ਵਾਲੀ ਤਿਆਰ ਕੀਤੀ ਗਈ ਇਹ ਵੀਡੀਉ ਕਲਿਪ ਨਵੇਂ ਵਿਵਾਦਾਂ ਨੂੰ ਜਨਮ ਦੇਣ ਵਾਲੀ ਪ੍ਰਤੀਤ ਹੁੰਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਅਕਸਰ ਇਹ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰ ਦਾ ਇਕ ਬਜ਼ੁਰਗ ਉਹਨਾਂ ਸਿੰਘਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਨਾਲ ਫੜ ਕੇ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ। ਇਸ ਕਰ ਕੇ ਉਹ ਬੰਦਾ ਸਿੰਘ ਬਹਾਦਰ ਦੇ ਦਿਵਸ ਮਨਾਉਣ ਅਤੇ ਉਹਨਾਂ ਦੀਆਂ ਯਾਦਗਾਰਾਂ ਸਥਾਪਿਤ ਕਰਨ ਵਿਚ ਵਿਸ਼ੇਸ਼ ਰੁਚੀ ਲੈ ਰਹੇ ਹਨ। ਮੁੱਖ ਮੰਤਰੀ ਦੀ ਇਸ ਆਸਥਾ ਦਾ ਫਾਇਦਾ ਉਠਾ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਇਹ ਯਤਨ ਕਾਮਯਾਬ ਹੋਣਾ ਸੰਭਵ ਨਹੀਂ ਜਾਪਦਾ।

Tags
Show More

Leave a Reply

Your email address will not be published. Required fields are marked *

Close