OPINIONPunjab

SGPC Presidency Necklace of Razer Blades

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ, ਉਸਤਰਿਆਂ ਦੀ ਮਾਲਾ।

SGPC Presidency Necklace of Razer Blades
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੋਰ ਸੰਸਥਾਂ ਹੈ, ਜਿਸ ਨੂੰ ਸਿੱਖ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਇਹ ਬਹੁਤ ਕੁਰਬਾਨੀਆ ਨਾਲ ਹੋਂਦ ਵਿੱਚ ਆਈ ਸੀ ਅਤੇ ਇੱਕ ਸਾਲ ਮਗਰੋ ਇਸ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਵੀ ਜਨਮ ਦਿੱਤਾ ਸੀ। ਉਦੋ ਤੋਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਨੁਮਾਇੰਦਾ ਜਮਾਤ ਸੀ, ਜਿਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਵਾਰਿਆ ਦਾ ਪ੍ਰਬੰਧ ਸੰਭਾਲ ਦੀ ਸੀ ਉਥੇ ਨਾਲ-ਨਾਲ ਪੰਥਕ ਸਿਆਸਤ ਦੀ ਮਦਦ ਵੀ ਕਰਦੀ ਸੀ।ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਲੜ ਕੇ ਗੁਰਦੁਆਰਾ ਪ੍ਰਬੰਧ ਨੂੰ ਚਲਾਉਂਦਾ ਸੀ ਅਤੇ ਅੱਜ ਵੀ ਚਲਾ ਰਿਹਾ ਹੈ। ਹੋਲੀ-ਹੋਲੀ ਸ਼੍ਰੋਮਣੀ ਅਕਾਲੀ ਦਲ ਨੂੰ ਗੰਦੀ ਸਿਆਸਤ ਦਾ ਰੰਗ ਚੜ੍ਹ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਪਰ ਵਾਦੀਆ ਦੇ ਢਹੇ ਚੜ੍ਹਕੇ ਆਪਣੇ ਪੰਥਕ ਵਜੂਦ ਨੂੰ ਸ਼ੰਕਕਾਵਾ ਦੇ ਘੇਰੇ ਵਿੱਚ ਲੈ ਆਂਦਾ, ਜਿਸ ਕਰਕੇ ਅੱਜ ਸਿੱਖਾਂ ਦਾ ਦੋਵਾਂ ਸੰਸਥਾਵਾ ਤੋਂ ਵਿਸ਼ਵਾਸ ਪਤਲਾ ਪੈ ਗਿਆ ਹੈ ਕੋਈ ਵੀ ਦੋਵਾਂ ਜਥੇਬੰਦੀਆ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਜਰ ਨਹੀ ਆ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਥਕ ਦਿੱਖ ਫਿੱਕੀ ਪੈ ਜਾਣ ਕਰਕੇ, ਧਾਰਮਿਕ ਹਲਕਿਆ ਤੋਂ ਪਕੜ ਢਿੱਲੀ ਹੋ ਜਾਣ ਤੋਂ ਬਾਅਦ ਸਿੱਖ, ਸੰਪਦਾਵਾ, ਟਕਸਾਲਾ ਜਾਂ ਸੰਤ ਵਾਦ ਪਰਿਵਾਰ ਵਿੱਚ ਗਰਸਿਆ ਗਿਆ ਹੈ।ਜਿਸ ਨੂੰ ਵੇਖਦਿਆ ਬਿਪਰਵਾਦ ਨੇ ਗੁਰੁ ਨਾਨਕ ਦੇ ਘਰ ਦੇ ਆਲੇ-ਦੁਆਲੇ ਗੈਰ ਸਿੱਖ ਡੇਰਾਵਾਦ ਦਾ ਚੱਕਰਵਿਊ ਬਣਾ ਦਿੱਤਾ ਹੈ। ਜਿਸ ਵਿੱਚ ਸਿੱਖ ਪੰਥ ਬੁਰੀ ਤਰ੍ਹਾਂ ਫਸ ਗਿਆ ਦਿਸ ਰਿਹਾ ਹੈ ਅਤੇ ਨਿਕਲਣ ਦਾ ਕੋਈ ਰਸਤਾ ਨਜਰ ਨਾ ਆਉਂਦਾ ਵੇਖ ਕੇ ਸਿੱਖ ਆਪਸ ਵਿੱਚ ਉਲਝ ਕੇ ਰਿਹਾ ਗਿਆ।

ਗੁਰਦੁਆਰਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਦੀ ਜਿੰਮੇਵਾਰੀ ਹੈ ਅਤੇ ਇਸ ਕਰਕੇ ਹੀ ਸਾਡੇ ਵਡਾਰੂਆ ਨੇ ਅਕਾਲੀ ਦਲ ਦੀ ਲੋੜ ਮਹਿਸੂਸ ਕੀਤੀ ਸੀ ਅਤੇ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਪਰ ਅੱਜ ਅਕਾਲੀ ਦਲ ਆਪਣੀ ਅਕਾਲੀਅਤ ਗੁਆ ਕੇ ਮਹਿਜ ਇੱਕ ਸਿਆਸੀ ਪ੍ਰਾਰਟੀ ਬਣ ਕੇ ਰਿਹਾ ਗਿਆ ਹੈ ਜਦੋਂ ਕਿ ਸਿੱਖ ਅਕਾਲੀਆ ਦੇ ਪੰਥਕ ਸਰੂਪ ਵਿੱਚ ਭਰੋਸਾ ਰਖਦੇ ਹਨ ਅਤੇ ਉਸ ਰੂਪ ਵਿੱਚ ਹੀ ਕਿਸੇ ਨੂੰ ਅਕਾਲੀ ਸਵਿਕਾਰ ਸਕਦੇ ਹਨ। ਲੇਕਿਨ ਅਜੋਕੇ ਅਕਾਲੀ ਦਲ ਨੂੰ ਪੰਥ ਦੇ ਨਾਮ ਤੋਂ ਹੀ ਚਿੜ੍ਹ ਹੋ ਚੁੱਕੀ ਹੈ। ਵੋਟਾ ਦਾ ਯੁਗ ਹੈ, ਸਭ ਨੂੰ ਵੋਟਾ ਚਾਹੀਦੀਆਂ ਹਨ, ਉਹ ਭਾਂਵੇ ਜਮੀਰ ਵੇਚ ਕੇ, ਜਮੀਨ ਵੇਚ ਕੇ, ਧਰਮ ਕਰਮ ਦਾਅ ਉਤੇ ਲੈ ਕੇ ਜਾਂ ਕਿਸੇ ਹੋਰ ਸ਼ਰਤ ਵੀ ਮਿਲਦੀਆ ਹੋਣ, ਇਸ ਕਰਕੇ ਅੱਜ ਅਜੋਕੇ ਸਮੇਂ ਵਿੱਚ ਵਿਚਰ ਰਹੇ ਅਕਾਲੀ ਦਲਾ ਬਾਰੇ ਕੋਈ ਸ਼ੰਕਾ ਨਹੀ, ਭਾਵੇਂ ਉਹ ਬਾਦਲ ਦਲ ਹੈ ਜਾਂ ਕੋਈ ਹੋਰ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਡੇਰਿਆ ਜਾਂ ਗੈਰ ਸਿੱਖ ਡੇਰਿਆ ਦੀਆ ਵੋਟਾ ਨਾਲ ਜੁੜ੍ਹਿਆ ਹੋਇਆ ਅਕਾਲੀ ਦਲ ਹੈ। ਇਥੋਂ ਤੱਕ ਕਿ ਅੱਜ ਹਰ ਇੱਕ ਅਕਾਲੀ ਦਲ ਜਾਂ ਕਿਸੇ ਹੋਰ ਸਿਆਸੀ ਪ੍ਰਾਰਟੀ ਦਾ ਹਰ ਵੱਡਾ ਛੋਟਾ ਆਗੂ ਰਾਧਾ ਸਵਾਮੀ, ਨੂਰ ਮਹਿਲੀਏ ਜਾਂ ਬਲਾਤਕਾਰੀ ਸੋਧਾ ਸਾਦ ਨਾਲ ਜੁੜਿਆ ਹੋਇਆ ਹੈ।ਫਰਕ ਸਿਰਫ ਇਨ੍ਹਾ ਹੀ ਹੈ ਕਿ ਕੁਝ ਸਿਧੇ ਰੂਪ ਵਿੱਚ ਡੇਰੇ ਤੋਂ ਵੋਟਾ ਮੰਗਣ ਜਾਂਦੇ ਹਨ। ਜਿਸ ਦਾ ਪਰਤੱਖ ਸਬੂਤ ਹੈ ਕਿ ਭਾਂਵੇ ਸੋਦਾ ਸਾਧ ਹੋਵੇ ਜਾਂ ਬਾਬਾ ਧੁੰਮਾ ਅਖਬਾਰੀ ਬਿਆਨਾ ਰਾਂਹੀ ਕੁਝ ਪ੍ਰਾਰਟੀਆਂ ਦੀ ਸਿਧੀ ਹਮਾਇਤ ਕਰਦੇ ਹਨ। ਕੁਝ ਹੋਰ ਆਗੁ ਪੰਥਕ ਬਹਾਨੇ ਲੈ ਕੇ ਡੇਰੇਦਾਰਾ ਨੂੰ ਮਿਲਦੇ ਵੀ ਹਨ, ਪਰ ਨਾਲ ਹੀ ਆਪਣੀ ਸਫਾਈ ਦਿੰਦੇ ਹੋਏ ਵੀ ਇਹ ਵੀ ਆਖਦੇ ਹਨ ਕਿ ਸਾਡੀ ਇਨ੍ਹਾ ਲੋਕਾ ਨਾਲ ਕੋਈ ਸਾਂਝ ਨਹੀ ਅਸੀ ਤਾਂ ਸਿਰਫ ਪੰਥਕ ਮਸਲਿਆ ਨੂੰ ਲੈ ਕੇ ਹੀ ਅਜਿਹੇ ਲੋਕਾ ਨੂੰ ਮਿਲਦੇ ਹਾਂ। ਕੁਝ ਅਜਿਹੇ ਵੀ ਹਨ ਜਿਹੜੇ ਨਿਤ ਸਟੇਜਾ ਤੋਂ ਗੁਰੁ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਸੋਦਾਸਾਧ ਜਾਂ ਹੋਰ ਡੇਰੇਦਾਰਾ ਨੂੰ ਰੱਜ ਕੇ ਕੋਸਦੇ ਵੀ ਹਨ, ਪਰ ਵੋਟਾ ਵੇਲੇ ਭਾਂਵੇ ਆਪ ਸਿਧੇ ਤੋਰ ਤੇ ਉਨ੍ਹਾ ਕੋਲੋ ਵੋਟਾ ਮੰਗਣ ਨਹੀ ਜਾਂਦੇ, ਲੇਕਿਨ ਆਪਣੇ ਸਥਾਨਕ ਆਗੂਆ ਨੂੰ ਸੋਦਾਸਾਧ ਦੇ ਭੰਗੀਦਾਸਾ ਕੋਲ ਭੇਜ ਕੇ ਵੋਟਾ ਵੀ ਮੰਗਦੇ ਹਨ। ਉਥੇ ਲੋਕਲ ਪੱਧਰ ਉਤੇ ਸਰਪੰਚੀ ਜਾਂ ਹੋਰ ਕੰਮਾਂ ਵਿੱਚ ਸਹਿਯੋਗ ਦੀਆ ਕਸਮਾਂ ਵੀ ਖਾਦੀਆ ਜਾਂਦੀਆ ਹਨ। ਅਜਿਹਾ ਦਾਸ ਲੇਖਕ ਨੇ ਅੱਖਾ ਸਾਹਮਣੇ ਵੇਖਿਆ ਤੇ ਕੰਨੀ ਸੁਨਿਆ ਹੈ।

SGPC Presidency Necklace of Razer Bladesਅੱਜ ਭਾਈ ਗੋਬਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ ਤਾਂ ਬਹੁਤ ਸਾਰੇ ਲੋਕਾ ਨੂੰ, ਉਸ ਦੀ ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਨੇੜਤਾ ਅਤੇ ਡੇਰਾ ਸਿਰਸਾ ਤੋਂ ਵੋਟਾ ਮੰਗਣ ਜਾਣ ਬਾਅਦ, ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਨੂੰ ਅਧਾਰ ਬਣਾ ਕੇ, ਭਾਈ ਲੋਂਗੋਵਾਲ ਵਿਰੁਧ ਨਿਸ਼ਾਨੇ ਕਸ ਰਹੇ ਹਨ।ਇਸ ਵਿਚ ਕੋਈ ਸ਼ੱਕ ਨਹੀ ਕਿ ਭਾਈ ਲੋਂਗੋਵਾਲ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਸ਼ਗਿਰਦ ਸਨ ਅਤੇ ਅੱਜ ਤੱਕ ਸੰਤ ਲੋਂਗੋਵਾਲ ਦੇ ਹੈਡਕੁਆਟਰ ਗੁਰਦੁਆਰਾ ਕੈਂਬੋਵਾਲ ਦੇ ਮੁੱਖ ਸੇਵਾਦਾਰ ਵੀ ਹਨ, ਤਿੰਨ ਵਾਰ ਐਮ.ਐਲ.ਏ. ਅਤੇ ਇੱਕ ਵਾਰ ਮੰਤਰੀ ਬਣ ਚੁੱਕੇ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਲੋਂਗੋਵਾਲ ਤੋਂ ਮੈਂਬਰ ਜਿੱਤੇ ਹੋਏ ਹਨ। ਉਨ੍ਹਾਂ ਦੀ ਨਿਮਰਤਾ , ਆਮ ਲੋਕਾ ਨਾਲ ਸਦਭਾਵਨਾ ਭਰੀ ਮਿਲਣੀ, ਹਰ ਇੱਕ ਦੇ ਕੰਮ ਆਉਣਾ ਅਤੇ ਦੁਖ-ਸੁੱਖ ਵਿੱਚ ਸ਼ਰੀਕ ਹੋਣ ਦੇ ਗੁਣਾ ਕਰਕੇ, ਆਪਣਾ ਹੀ ਇੱਕ ਵੱਖਰਾ ਪ੍ਰਭਾਵ ਹੈ, ਉਹ ਹਮੇਸ਼ਾ ਤਿੱੱਖੀ ਸਿਆਸ ਤੋਂ ਦੂਰੀ ਬਣਾ ਕੇ ਰਖਦੇ ਹਨ।

ਪਰ ਅੱਜ ਉਹ ਇਸ ਮਹਾਨ ਪੰਥਕ ਰੁਤਬੇ ਦੇ ਮਾਲਕ ਬਣਾਏ ਗਏ ਹਨ ਤਾਂ ਉਨ੍ਹਾਂ ਖਿਲਾਫ ਉਨਤਾਈਆ ਨੂੰ ਲੈ ਕੇ ਬੋਲਣ ਦਾ ਮੋਕਾ ਮਿਲਿਆ ਹੈ।ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬੇਲਾਗ ਅਤੇ ਬੇਦਾਗ ਹੋਣਾ ਜਰੂਰੀ ਹੈ, ਉਸ ਉਤੇ ਕੋਈ ਕਿੰਤੂ-ਪ੍ਰੰਤੂ ਨਹੀ ਹੋਣਾ ਚਾਹੀਦਾ, ਪਰ ਸੰਤ ਚੰਨਣ ਸਿੰਘ ਤੋਂ ਲੈ ਕੇ ਅੱਜ ਤੱਕ ਕੋਈ ਪ੍ਰਧਾਨ ਨਿਰਵਿਵਾਦਤ ਨਹੀ ਆਖਿਆ ਜਾ ਸਕਦਾ। ਭਾਂਵੇ ਕਿ ਸਰਸੇ ਸਾਧ ਤੋਂ ਵੋਟਾ ਮੰਗਣ ਦਾ ਦੋਸ਼, ਸੰਗੀਨ, ਗੰਭੀਰ ਅਤੇ ਤਾਜਾ ਹੈ, ਇਸ ਕਰਕੇ ਭਾਈ ਲੋਂਗੋਵਾਲ ਉਤੇ ਚੁਫੇਰਿਉ ਤੀਰਾਂ ਦੀ ਵਾਛੜ ਹੋ ਰਹੀ ਹੈ। ਮੈਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੀ ਕੋਈ ਤਰਫਦਾਰੀ ਨਹੀ ਕਰਦਾ, ਪਰ ਇੱਕ ਖਿਆਲ ਜਰੂਰ ਆਉਂਦਾ ਹੈ, ਕਿ ਵਿਰੋਧ ਕਰਨ ਵਾਲੇ ਜਾਂ ਵਾਵੇਲਾ ਖੜੇ ਕਰਨ ਵਾਲੇ, ਜਦੋਂ ਮੁਢ ਨੂੰ ਜੜ੍ਹੋ ਪੁਟਣ ਦਾ ਮੋਕਾ ਆਉਂਦਾ ਹੈ, ਉਸ ਵੇਲੇ ਕਿਥੇ ਲੁੱਕ ਜਾਂਦੇ ਹਨ।
ਲੋਂਗੋਵਾਲ ਦਾ ਪ੍ਰਧਾਨ ਬਨਣਾ ਨਾ ਤਾਂ ਕੋਈ ਕ੍ਰਿਸ਼ਮਾ ਹੈ ਅਤੇ ਨਾ ਹੀ ਕੋਈ ਖੈਰਾਤ ਹੈ ਜੋ ਉਸ ਨੂੰ ਮਿਲੀ ਹੈ।ਇਥੇ ਬਾਦਲ ਦਲ ਦੀ ਅੰਦਰਲੀ ਅਤੇ ਖੇਤਰੀ ਸਿਆਸ ਦੀ ਕਰਾਮਾਤ ਹੈ। ਮਾਲਵੇ ਦੇ ਬਾਦਲ ਦਲ ਦੇ ਵੱਡੇ ਆਗੂ ਸ੍ਰ. ਸੁਖਦੇਵ ਸਿੰਘ ਢੀਂਡਸਾ ਹਨ, ਉਹ ਲੰਬਾ ਸਮਾਂ ਬਾਦਲ ਪਰਿਵਾਰ ਲਈ ਮਾਲਵੇ ਵਿੱਚ ਬਰਨਾਲਾ ਪਰਿਵਾਰ ਨਾਲ ਉਲਝ ਕੇ, ਬਾਦਲ ਦਲ ਨੂੰ ਸ਼ਕਤੀ ਦਿੰਦੇ ਰਹੇ ਹਨ। ਭਾਂਵੇ ਕਿ ਉਨ੍ਹਾਂ ਨੂੰ ਕਈ ਵਾਰ ਇਸ ਝਗੜੇ ਵਿੱਚ ਆਪਣੀ ਸਿਆਸੀ ਬਲੀ ਵੀ ਦੇਣੀ ਪਈ। ਇਸ ਲੜਾਈ ਦਾ ਮਾਮਲੇ ਦੀ ਅਕਾਲੀ ਸਿਆਸਤ ਉਤੇ ਵੀ ਬੜ੍ਹਾ ਮਾਰੂ ਅਸਰ ਪਿਆ ਸੀ। ਸ੍ਰ. ਢੀਂਡਸਾ ਦੇ ਲੋਕ ਸਭਾ ਹਲਕੇ ਵਿੱਚ ਇਸ ਦਾ ਜਹਿਰ ਬਹੁਤ ਜਿਆਦਾ, ਸੀ ਜਿਸ ਕਰਕੇ ਕੁਝ ਗਰਮ ਦਲਾਂ ਵਿੱਚੋਂ ਜਾਂ ਕਾਂਗਰਸ ਵਿੱਚੋ ਆਏ ਲੋਕ ਅਕਾਲੀ ਵਰਕਰਾਂ ਦਾ ਹੱਕ ਖੋਹ ਕੇ, ਚੋਧਰੀ ਬਣੇ ਫਿਰਦੇ ਸਨ, ਜਿਸ ਤੋਂ ਟਕਸਾਲੀ ਅਕਾਲੀ ਅਤੇ ਪ੍ਰਾਰਟੀ ਕੇਡਰ ਬਹੁਤ ਨਰਾਜ ਸੀ। ਇਸ ਵਾਰੀ ਸ੍ਰ. ਢੀਂਡਸਾ ਨੇ ਸਥਿਤੀ ਨੂੰ ਅਗਾਊਂ ਸੰਭਾਲਦਿਆ ਸਿਰ ਮਾਲਵੇ ਵਿੱਚ ਅਕਾਲੀ ਸਿਆਸਤ ਨੂੰ ਪੁਨਰ ਸੁਰਜੀਤ ਕਰਨ ਲਈ ਭਾਲੀ ਲੋਂਗੋਵਾਲ ਦੇ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਰੱਖਿਆ ਹੈ। ਤਿੰਨ-ਚਾਰ ਮਹੀਨੇ ਪਹਿਲਾਂ ਕਿਸੇ ਨੇ ਪੋਸ਼ੀਨਗੋਈ ਨਹੀ ਕੀਤੀ ਸੀ ਕਿ ਭਾਈ ਲੋਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਸਕਦੇ ਹਨ। ਇਹ ਤਾਂ ਸ੍ਰ. ਢੀਂਡਸਾ ਨੇ ਮਾਲਵੇ ਦੀ ਅਕਾਲੀ ਸਿਆਸਤ ਨੂੰ ਵੇਖਦਿਆ ਆਪਣਾ ਅਸਲ ਰਸੂਖ ਵਰਤ ਕੇ ਦੋਵਾਂ ਬਾਦਲਾਂ ਤੋਂ ਭਾਈ ਲੋਂਗੋਵਾਲ ਦੇ ਨਾਮ ਉਤੇ ਸਹਿਮਤੀ ਕਰਵਾਈ।

SGPC Presidency Necklace of Razer Bladesਹੁਣ ਰਹੀ ਗੱਲ ਕਿ ਪ੍ਰਧਾਨਗੀ ਤਾਂ ਕਿਸੇ ਬਾਦਲ ਦਲ ਦੇ ਮੈਂਬਰ ਦੇ ਹਿਸੇ ਹੀ ਆਉਣੀ ਸੀ ਅਤੇ ਕਿਹੜਾ ਅਜਿਹਾ ਮੈਂਬਰ ਹੈ, ਜਿਸ ਉਤੇ ਇਹ ਦੋਸ਼ ਨਹੀ ਲਗ ਸਕਦਾ ਕਿ ਉਹ ਸਰਸੇ ਜਾਂ ਕਿਸੇ ਹੋਰ ਡੇਰੇ ਉਤੇ ਵੋਟਾਂ ਮੰਗਣ ਨਹੀ ਗਿਆ, ਜਿਸ ਦਲ ਦਾ ਪ੍ਰਧਾਨ ਸੋਦਾਸਾਧ ਦਾ ਚਹੇਤਾ ਹੋਵੇ, ਬਾਪੂ ਆਸਾ ਰਾਮ, ਆਸ਼ੂ ਤੋਸ਼ ਦਾ ਪੈਰੋਕਾਰ ਹੋਵੇ ਅਤੇ ਆਰ.ਐਸ.ਐਸ. ਜਾਂ ਬੀ.ਜੇ.ਪੀ. ਨਾਲ ਸਿਆਸੀ ਪੀਘਾਂ ਝੂਟਦਾ ਹੋਵੇ, ਉਸ ਪ੍ਰਾਰਟੀ ਦੇ ਕਿਹੜੇ ਆਗੂ ਨੂੰ ਚੰਗਾ ਆਖਿਆ ਜਾ ਸਕਦਾ ਹੈ।ਕੁਝ ਲੋਕੀ ਅੱਜ ਭਾਈ ਲੋਂਗੋਵਾਲ ਜਾਂ ਬਾਦਲ ਦਲ ਖਿਲਾਫ ਇਸ ਚੋਣ ਵਿੱਚ ਝੰਡਾ ਚੁੱਕੀ ਸਨ, ਪਰ ਉਹ ਪਿਛਲੇ 10 ਸਾਲ ਤੋਂ ਬਾਦਲ ਦੀਆ ਜੂਠੀਆਂ ਬੁਰਕੀਆਂ ਖਾਂਦੇ ਰਹੇ ਹਨ। ਉਨ੍ਹਾਂ ਨੂੰ ਪਤਾ ਵੀ ਸੀ ਕਿ ਸਾਡੇ ਕੋਲ ਸਿਰਫ 15 ਵੋਟਾਂ ਹੀ ਹਨ, ਫਿਰ ਮੁਫਤ ਦੇ ਸ਼ਹੀਦ ਬਨਣ ਦਾ ਕੀ ਲਾਭ ਹੋਇਆ। ਮਗਰੋ ਕੰਮਕਾਰ ਕਰਵਾਉਣ ਵਾਸਤੇ ਅੰਤਰਿੰਗ ਕਮੇਟੀ ਦੀ ਮੈਂਬਰੀ ਵੀ ਮੰਗ ਕੇ ਲੈ ਲਈ। ਲੇਕਿਨ ਜਦੋਂ ਜਰਨਲ ਚੋਣਾ ਦਾ ਸਮਾਂ ਆਵੇਗਾ, ਉਦੋਂ ਕੋਈ ਵੀ ਪ੍ਰੋਗਰਾਮ ਨਹੀ ਹੋਵੇਗਾ, ਸਾਰੇ ਪਹਿਲਾਂ ਉਠ ਦਾ ਬੁਲ ਵੇਖਦੇ ਹਨ ਕਿ ਜੇਕਰ ਦਲ ਤੋਂ ਟਿਕਟ ਮਿਲ ਜਾਵੇ ਤਾਂ ਚੰਗਾ ਹੈ, ਪਰ ਜੇ ਟਿਕਟ ਨਹੀ ਮਿਲਦੀ ਤਾਂ ਪੰਥਕ ਫਰੰਟ ਬਣਾ ਲੈਂਦੇ ਹਨ। ਇਸ ਸਮੇਂ ਗੋਬਿੰਦ ਸਿੰਘ ਲੋਂਗੋਵਾਲ ਨੂੰ ਬਣਾਉਣ ਅਤੇ ਨਿੰਦਨ ਵਾਲਿਆਂ ਦੀ ਆਪਣੀ-ਆਪਣੀ ਰਾਜਨੀਤੀ ਹੈ ਕੋਈ ਵੀ ਧਿਰ ਪ੍ਰੰਥ ਪ੍ਰਤੀ ਸੁਹਿਰਦ ਨਹੀ ਹੈ। ਜੇ ਥੋੜਾ ਜਿਹਾ ਵੀ ਪੰਥ ਦਾ ਫਿਕਰ ਹੋਵੇ ਤਾਂ ਹੁਣ ਤੋਂ ਜਰਨਲ ਚੋਣਾ ਦੀ ਤਿਆਰੀ ਕਿਉਂਕਿ ਨਹੀ ਕੀਤੀ ਜਾ ਰਹੀ। ਜਦੋਂ ਗੁਰਦੁਆਰਾ ਚੋਣ ਕਮਿਸ਼ਨ ਚੋਣਾ ਦਾ ਐਲਾਨ ਕਰ ਦਿੰਦਾ ਹੈ ਤਾਂ ਪੰਥਕ ਲੋਕਾ ਦੀ ਨੀਦ ਖੁਲ੍ਹਦੀ ਹੈ ਤੇ ਪੰਥਕ ਫਰੰਟ ਬਣਾਉਣ ਦੀ ਤਿਆਰੀ ਆਰੰਭ ਦੇ ਹਨ, ਪਰ ਖਾਲੇ ਸਾਫ ਕਰਦਿਆਂ ਪਾਣੀ ਦੀ ਵਾਰੀ ਲੰਘਾ ਲੈਂਦੇ ਹਨ।

ਗੋਬਿੰਦ ਸਿੰਘ ਲੋਂਗੋਵਾਲ ਉਤੇ ਕਿੰਤੂ ਕਰਨਾ ਵਾਜਿਬ ਅਤੇ ਜਰੂਰੀ ਵੀ ਹੈ, ਜੋ ਗਲਤੀਆ ਉਨਤਾਈਆਂ ਹਨ, ਉਨ੍ਹਾਂ ਨੂੰ ਉਭਾਰਨਾ ਕੋਈ ਗੁਨਾਹ ਨਹੀ ਪਰ ਇਹ ਕੋਈ ਵੀ ਨਹੀ ਦੱਸ ਸਕਦਾ ਕਿ ਫਲਾਣਾ ਆਗੂ ਦੁੱਧ ਧੋਤਾ ਹੈ, ਭਾਂਵੇ ਉਹ ਬਾਦਲ ਦਲ ਵਿੱਚ ਹੀ ਕਿਉਂ ਨਾ ਹੋਵੇ ਪਰ ਸਾਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਮੰਨਜੂਰ ਹੈ। ਪ੍ਰਧਾਨ ਜਿਹੜਾ ਮਰਜੀ ਬਣ ਜਾਵੇ ਚਲਣੀ ਤਾਂ ਬਾਦਲ ਪਰਿਵਾਰ ਦੀ ਹੈ ਜੋ ਕਹਿਣਗੇ ਉਹ ਹੀ ਹੋਵੇਗਾ ਤੇ ਸਾਰਾ ਬਾਦਲ ਦਲ ਸਰਸੇ ਵਾਲੇ ਦੀ ਸਿੱਧੀ ਹਮਾਇਤ ਲੈਂਦਾ ਤੇ ਦਿੰਦਾ ਹੈ, ਹੁਣ ਵੇਖਣਾ ਤਾਂ ਇਹ ਹੈ ਕਿ ਭਾਈ ਲੋਂਗੋਵਾਲ ਪਹਿਲੇ ਪ੍ਰਧਾਨਾ ਤੋਂ ਵੱਖਰੀ ਕਾਰਗੁਜਾਰੀ ਵਖਾਉਂਦੇ ਹਨ ਜਾ ਯੈਸ ਸਰ ਦੀ ਨੀਤੀ ਉੱਤੇ ਚਲਦੇ ਹਨ। ਇਹ ਪ੍ਰਧਾਨਗੀ ਭਾਈ ਲੋਂਗੋਵਾਲ ਵਾਸਤੇ ਗਲੇ ਵਿੱਚ ਪਿਆ ਹਾਰ ਨਹੀ, ਸਗੋ ਉਸਤਰਿਆਂ ਦੀ ਮਾਲਾ ਹੈ। ਜਦੋਂ ਵੀ ਕਿਸੇ ਪਾਸੇ ਗਰਦਨ ਹਿਲਦੀ ਹੈ ਤਾਂ ਜਖਮ ਮਿਲਣਗੇ, ਸ਼੍ਰੋਮਣੀ ਕਮੇਟੀ ਦਾ ਧੜੇਬਾਜ ਸਟਾਫ ਕਿਸੇ ਦੇ ਪੈਰ ਨਹੀ ਲੱਗਣ ਦਿੰਦਾ, ਸੇਵਾਦਾਰ ਤੋਂ ਮੁੱਖ ਸਕੱਤਰ ਤੱਕ ਸਭ ਸਿਫਾਰਸ਼ੀ ਹਨ। ਬਹੁਤੇ ਚੁਗਲ ਵੀ ਹਨ, ਜਿਹੜੇ ਪਲ-ਪਲ ਦੀ ਖਬਰ ਸਰਕਾਰ, ਸਿਆਸੀ ਲੀਡਰਾਂ, ਪੱਤਰਕਾਂਰਾ ਅਤੇ ਵਿਰੋਧੀ ਖੇਮਿਆ ਨੂੰ ਦਿੰਦੇ ਹਨ। ਭਾਈ ਲੋਂਗੋਵਾਲ ਸਾਹਮਣੇ ਬਾਦਲ ਪਰਿਵਾਰ, ਉਨ੍ਹਾਂ ਨੂੰ ਤਖਤ ਉਤੇ ਬਠਾਉਣ ਵਾਲੇ ਸ੍ਰ. ਢੀਂਡਸਾ, ਆਲੇ-ਦੁਆਲੇ ਮੈਂਬਰ ਦੀ ਵਾੜ, ਜਥੇਦਾਰ, ਆਰ.ਐਸ.ਐਸ., ਸਾਧ ਯੂਨੀਅਨ ਅਤੇ ਵਿਰੋਧੀ ਪੰਥਕ ਧਿਰਾ ਦੇ ਨਾਲ ਕੋਮੀ ਮਸਲੇ ਵੀ ਖੜੇ੍ਹ ਹਨ। ਜਿਨ੍ਹਾ ਵਿੱਚ ਸਭ ਤੋਂ ਪਹਿਲਾ ਮਾਮਲਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦਾ ਹੈ ਕਿ ਇਹ 25 ਦਸੰਬਰ ਜਾ 5 ਜਨਵਰੀ ਨੂੰ ਮਨਾਇਆ ਜਾਵੇ, ਪਿਛਲ਼ੇ ਪ੍ਰਧਾਨਾ ਵੱਲੋਂ ਕੀਤੀ ਬੇਲੋੜੀ ਭਰਤੀ ਦਾ ਮਸਲਾ ਵੀ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁਦੇ ਹਨ ਜਿਹੜੇ ਸਮੁਚੇ ਪੰਥ ਦੀ ਕਿਸਮਤ ਅਤੇ ਭਵਿੱਖ ਨਾਲ ਜੁੜੇ ਹੋਏ ਹਨ, ਉਨ੍ਹਾਂ ਵਿੱਚੋਂ ਰਤਾ ਵੀ ਕੁਤਾਹੀ ਪੰਥ ਦੇ ਰੋਹ ਸਾਹਮਣੇ ਖੜਾ ਕਰ ਸਕਦੀ ਹੈ, ਬਾਦਲ ਪਰਿਵਾਰ ਦੀ ਹੁਕਮ ਅਦੂਲੀ ਅੱਧਵਾਟੇ ਹੀ ਪ੍ਰਧਾਨਗੀ ਦੀ ਗੱਡੀ ਨੂੰ ਪੈਂਚਰ ਕਰ ਸਕਦੀ ਹੈ।ਇਸ ਲਈ ਭਾਈ ਲੋਂਗੋਵਾਲ ਨੂੰ ਹੁਣ ਪਿਛੇ ਜਾਣੇ-ਅਣਜਾਣੇ ਵਿੱਚ ਹੋਈਆ ਗਲਤੀਆ ਦੀ ਗੁਰੁ ਅੱਗੇ ਅਰਦਾਸ ਕਰਕੇ ਅਤੇ ਸੰਗਤ ਤੋਂ ਖੁਲੇਆਮ ਖਿਮਾ ਮੰਗਦਿਆਂ, ਇਸ ਨਵੇਂ ਸਫਰ ਦੀ ਸ਼ੁਰਆਤ ਕਰਨੀ ਚਾਹੀਦੀ ਹੈ। ਆਪਣੇ ਆਕਾਂਵਾ ਨਾਲ ਵੀ ਇੱਕ ਅਜਿਹੀ ਨੀਤੀ ਅਧੀਨ ਫੈਂਸਲਾ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਭਾਈ ਲੋਂਗੋਵਾਲ ਦੀ ਕਾਰਜ ਸ਼ੈਲੀ ਪੰਥ ਦੀ ਮੰਦਹਾਲੀ ਨੂੰ ਰੋਕਣ ਵਿੱਚ ਤਾਂ ਭਾਂਵੇ ਸਹਾਈ ਨਾ ਹੋ ਸਕੇ, ਪਰ ਪੰਥ ਨੂੰ ਹੋਰ ਡੂੰਘੇ ਖਾਰੇ ਸਮੁਦਰ ਵਿੱਚ ਸੁਟਣ ਤੋਂ ਗਰੇਜ ਰੱਖੇ। ਫਿਰ ਤਾਂ ਸਿੱਖ ਸੰਗਤ ਕੋਈ ਅਸੀਸ ਦੇ ਸਕਦੀ ਹੈ ਨਹੀ ਤਾਂ ਫਿਰ ਇਹ ਪ੍ਰਧਾਨਗੀ ਉਸਤਰਿਆਂ ਦੀ ਮਾਲਾ ਹੀ ਹੋਵੇਗੀ। ਗੁਰੂ ਰਾਖਾ॥

ਜੀ ਪੀ ਐਸ ਧਨੌਲਾ, ਸਿੱਖ ਮਾਮਲਿਆਂ ਬਾਰੇ ਡੂੰਘੀ ਜਾਣਕਾਰੀ ਰੱਖਦੇ ਹਨ।

Tags
Show More