NATIONAL

SHASHI KAPOOR Last Farewell With Government Honors

ਸਰਕਾਰੀ ਸਨਮਾਨਾਂ ਨਾਲ ਸ਼ਸ਼ੀ ਕਪੂਰ ਨੂੰ ਅੰਤਿਮ ਵਿਦਾਈ

SHASHI KAPOOR Last Farewell With Government Honors: ਦਿੱਗਜ ਫ਼ਿਲਮ ਅਦਾਕਾਰ ਸ਼ਸ਼ੀ ਕਪੂਰ ਦਾ ਬੀਤੇ ਕੱਲ੍ਹ ਸਵਰਗਵਾਸ ਹੋ ਗਿਆ ਸੀ। ਇਹ ਖ਼ਬਰ ਸੁਣਦਿਆਂ ਹੀ ਫ਼ਿਲਮ ਜਗਤ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਸ਼ੀ ਕਪੂਰ 79 ਸਾਲ ਦੇ ਸਨ ਤੇ ਪਿਛਲੇ ਕਈ ਸਾਲਾਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਬੀਤੇ ਕੱਲ੍ਹ ਸ਼ਾਮ ਤਕਰੀਬਨ ਸਵਾ ਪੰਜ ਵਜੇ ਉਨ੍ਹਾਂ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਪਣੇ ਆਖ਼ਰੀ ਸਾਹ ਲਏ।

ਸ਼ਸ਼ੀ ਕਪੂਰ ਦੀ ਮ੍ਰਿਤਕ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਗਿਆ ਤੇ ਵਿਦਾਈ ਦਿੱਤੀ ਗਈ। ਪੁਲਿਸ ਨੇ ਸ਼ਸ਼ੀ ਕਪੂਰ ਨੂੰ ਸਰਕਾਰੀ ਰਿਵਾਇਤ ਮੁਤਾਬਕ ਸਲਾਮੀ ਵੀ ਦਿੱਤੀ। ਕਪੂਰ ਖ਼ਾਨਦਾਨ ਤੋਂ ਇਲਾਵਾ ਕਈ ਵੱਡੇ ਫ਼ਿਲਮ ਸਿਤਾਰਿਆਂ ਨੇ ਸ਼ਸ਼ੀ ਕਪੂਰ ਦੇ ਅੰਤਰਮ ਸੰਸਕਾਰ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਰਿਸ਼ੀ ਕਪੂਰ, ਰਣਧੀਰ ਕਪੂਰ ਤੋਂ ਇਲਾਵਾ ਆਪਣੀ ਪਤਨੀ ਰਤਨਾ ਸ਼ਾਹ ਸਮੇਤ ਨਸੀਰੂਦੀਨ ਸ਼ਾਹ ਦੇ ਨਾਲ-ਨਾਲ ਅਮਿਤਾਭ ਬੱਚਨ, ਸੰਜੇ ਦੱਤ, ਅਨਿਲ ਕਪੂਰ ਵਰਗੇ ਕਈ ਵੱਡੇ ਤੇ ਨਾਮਵਰ ਸਿਤਾਰੇ ਵੀ ਮੌਜੂਦ ਸਨ।

ਦੱਸ ਦੇਈਏ ਕਿ ਮੁੰਬਈ ਵਿੱਚ ਬੀਤੇ ਕੱਲ੍ਹ ਤੋਂ ਲਗਾਤਾਰ ਭਾਰੀ ਵਰਖਾ ਹੋ ਰਹੀ ਹੈ ਤੇ ‘ਓਖੀ’ ਤੂਫਾਨ ਵੀ ਇੱਥੇ ਦਸਤਕ ਦੇ ਚੁੱਕਿਆ ਹੈ। ਇਸੇ ਦੌਰਾਨ ਸ਼ਸ਼ੀ ਕਪੂਰ ਦਾ ਅੰਤਮ ਸੰਸਕਾਰ ਕੀਤਾ ਗਿਆ। ਸ਼ਸ਼ੀ ਕਪੂਰ ਦੀ ਮ੍ਰਿਤਕ ਦੇਹ ਨੂੰ ਪ੍ਰਿਥਵੀ ਹਾਊਸ ਵਿੱਚ ਸ਼ਰਧਾਂਜਲੀਆਂ ਲਈ ਰੱਖਿਆ ਗਿਆ। ਇੱਥੇ ਬੀਤੀ ਰਾਤ 8 ਵਜੇ ਤੋਂ ਸਵਰਗੀ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਰਾਜ ਕਪੂਰ ਦੀ ਪਤਨੀ ਕ੍ਰਿਸ਼ਣਾ ਰਾਜ ਕਪੂਰ, ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਤੋਂ ਇਲਾਵਾ ਕਰਿਸ਼ਮਾ ਕਪੂਰ, ਕਰੀਨਾ ਕਪੂਰ, ਸੈਫ ਅਲੀ ਖ਼ਾਨ, ਬਬੀਤਾ ਕਪੂਰ ਤੇ ਹੋਰ ਵੀ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

SHASHI KAPOOR Last Farewell With Government Honors:ਸ਼ਸ਼ੀ ਕਪੂਰ ਦੇ ਜੀਵਨ ਦੀ ਇੱਕ ਝਲਕ-

ਹਿੰਦੀ ਫ਼ਿਲਮ ਤੇ ਨਾਟ ਜਗਤ ਦੇ ਸ਼ੁਰੂਆਤੀ ਸਟਾਰ ਪ੍ਰਿਥਵੀਰਾਜ ਕਪੂਰ ਦੇ ਘਰ 18 ਮਾਰਚ, 1938 ਨੂੰ ਸ਼ਸ਼ੀ ਕਪੂਰ ਦਾ ਜਨਮ ਹੋਇਆ। ਉਨ੍ਹਾਂ 4 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਵੱਲੋਂ ਨਿਰਮਿਤ ਨਾਟਕਾਂ ਰਾਹੀਂ ਥੀਏਟਰ ਦੀ ਦੁਨੀਆ ਵਿੱਚ ਕਦਮ ਰੱਖੇ। ਇੱਥੋਂ ਅਦਾਕਾਰੀ ਦੀ ਜਾਚ ਸਿੱਖ ਕਰਕੇ ਸ਼ਸ਼ੀ ਕਪੂਰ 70 ਤੇ 80ਵੇਂ ਦਹਾਕੇ ਵਿੱਚ ਇੱਕ ਰੁਮਾਂਟਿਕ ਹੀਰੋ ਵਜੋਂ ਮਸ਼ਹੂਰ ਹੋਏ।

ਸ਼ਸ਼ੀ ਕਪੂਰ ਭਾਰਤੀ ਫ਼ਿਲਮ ਜਗਤ ਨੂੰ ਆਧੁਨਿਕਤਾ ਦੀਆਂ ਬਰੂਹਾਂ ਤਕ ਲਿਜਾਣ ਵਾਲੇ ਸਵਰਗਵਾਸੀ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਪ੍ਰਿਥਵੀਰਾਜ ਕਪੂਰ ਦੇ ਸਭ ਤੋਂ ਛੋਟੇ ਪੁੱਤਰ ਸਨ। ਭਾਰਤੀ ਤੇ ਹਿੰਦੀ ਸਿਨੇਮਾ ਨੂੰ ਵਿਦੇਸ਼ਾਂ ਤਕ ਪਹੁੰਚਾਉਣ ਵਾਲੇ ਰਾਜ ਕਪੂਰ ਤੇ ਸ਼ੰਮੀ ਕਪੂਰ ਉਨ੍ਹਾਂ ਦੇ ਵੱਡੇ ਭਾਈ ਸਨ।

SHASHI KAPOOR Last Farewell With Government Honors:ਐਂਗਲੋ-ਇੰਡੀਅਨ ਨਾਟ ਕਲਾਕਾਰ ਜੈਨੀਫਰ ਕਿੰਡੇਲ ਨਾਲ ਵਿਆਹ ਕਰਨ ਤੋਂ ਬਾਅਦ ਸ਼ਸ਼ੀ ਕਪੂਰ ਦੇ ਤਿੰਨ ਬੱਚੇ- ਕੁਨਾਲ ਕਪੂਰ, ਕਰਨ ਤੇ ਸੰਜਨਾ ਕਪੂਰ ਹੋਏ। ਸ਼ਸ਼ੀ ਕਪੂਰ ਨੇ 1961 ਵਿੱਚ ਯਸ਼ ਚੋਪੜਾ ਦੀ ਫ਼ਿਲਮ ਧਰਮਪੁੱਤਰ ਤੋਂ ਫ਼ਿਲਮ ਜਗਤ ਵਿੱਚ ਬਤੌਰ ਨਾਇਕ ਕਦਮ ਰੱਖਿਆ। ਉਨ੍ਹਾਂ ਦੀਵਾਰ, ਸੱਤਿਅਮ ਸ਼ਿਵਮ ਸੁੰਦਰਮ, ਨਮਕ ਹਲਾਲ, ਤ੍ਰਿਸ਼ੂਲ, ਸੁਹਾਗ, ਜਬ-ਜਬ ਫੂਲ ਖਿਲੇ ਵਰਗੀਆਂ ਕਈ ਹਿੱਟ ਫ਼ਿਲਮਾਂ ਸਮੇਤ 150 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਸ਼ਸ਼ੀ ਕਪੂਰ ਨੇ ‘The Householder’, ‘Shakespeare-Wallah’, ‘A Matter of Innocence’, ‘Bombay Talkie’ ਤੇ ‘Jinnah’ ਸਮੇਤ ਤਕਰੀਬਨ 12 ਅੰਗਰੇਜ਼ੀ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ।

ਸਾਲ 2011 ਵਿੱਚ ਸ਼ਸ਼ੀ ਕਪੂਰ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ। ਸਾਲ 2015 ਵਿੱਚ ਉਨ੍ਹਾਂ ਨੂੰ 2014 ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ 2010 ਵਿੱਚ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਫ਼ਿਲਮ ਫੇਅਰ ਲਾਈਫ਼ ਐਵਾਰਡ ਤੇ ਤਿੰਨ ਫ਼ਿਲਮਾਂ ਲਈ ਕੌਮੀ ਪੁਰਸਕਾਰ ਸਮੇਤ ਹੋਰ ਵੀ ਕਈ ਸਨਮਾਨ ਦਿੱਤੇ ਗਏ ਸਨ।

 

Tags
Show More