OPINIONPunjab

Supreme Sacrifice of Guru Gobind Singh Four Sons

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਖਸੀਅਤ ਅਤੇ ਸ਼ਹਾਦਤ। ਪੱਤਾ ਪੱਤਾ ਪੰਜਾਬ ਵਲੋਂ ਆਪਣੇ ਪਾਠਕਾਂ ਲਈ ਸ਼ਹੀਦੀ ਦਿਨ ਤੇ ਵਿਸ਼ੇਸ਼ ਖੋਜ ਭਰਪੂਰ ਸਮੱਗਰੀ ਪੇਸ਼ ਕੀਤੀ ਗਈ ਹੈ

Supreme Sacrifice of Guru Gobind Singh Four Sons: ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਖਸੀਅਤ ਅਤੇ ਸ਼ਹਾਦਤ। ਪੱਤਾ ਪੱਤਾ ਪੰਜਾਬ ਵਲੋਂ ਆਪਣੇ ਪਾਠਕਾਂ  ਲਈ ਸ਼ਹੀਦੀ ਦਿਨ ਤੇ ਵਿਸ਼ੇਸ਼ ਖੋਜ ਭਰਪੂਰ ਸਮੱਗਰੀ ਪੇਸ਼ ਕੀਤੀ ਗਈ ਹੈ ।                                           

ਸਾਹਿਬਜ਼ਾਦਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜੋ ਬਾਦਸ਼ਾਹ ਦੇ ਪੁੱਤਰ ਜਾਂ ਰਾਜਕੁਮਾਰ ਲਈ ਵਰਤਿਆ ਜਾਂਦਾ ਸੀ। ਸਿੱਖ ਧਰਮ ਵਿਚ ਇਹ ਸ਼ਬਦ ਗੁਰੂ ਪੁਤਰਾਂ ਨੂੰ ਸਤਿਕਾਰ ਸਹਿਤ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ, ਕਿ ਕੀ ਸਮੂਹ ਗੁਰੂ-ਪੁੱਤਰਾਂ ਨੂੰ ਸਾਹਿਬਜ਼ਾਦੇ ਕਿਹਾ ਜਾ ਸਕਦਾ ਹੈ? ਇਸਦਾ ਜੁਆਬ ਹੈ – ਨਹੀਂ। ਜਿਹੜੇ ਗੁਰੂ-ਪੁੱਤਰਾਂ ਨੇ ਗੁਰੂ ਘਰ ਦੀ ਮਰਯਾਦਾ ਅਤੇ ਪਰੰਪਰਾ ਦਾ ਪਾਲਣ ਨਹੀਂ ਕੀਤਾ, ਉਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਆਪ ਹੀ ਮੂੰਹ ਨਹੀਂ ਲਾਇਆ। ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨਾਲ ਜੁੜ ਕੇ ਅਜਿਹਾ ਪ੍ਰਚਲਿਤ ਹੋਇਆ ਹੈ ਕਿ ਕੇਵਲ ਉਨ੍ਹਾਂ ਨੂੰ ਹੀ ਆਮ ਤੌਰ ਤੇ ਇਸ ਲਕਬ ਨਾਲ ਸੰਬੋਧਨ ਕੀਤਾ ਜਾਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ – ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ। ਇਨ੍ਹਾਂ ਚਾਰੇ ਸਾਹਿਬਜ਼ਾਦਿਆਂ ਨੇ ਆਪਣੇ ਜੀਵਨ ਵਿਚ ਅਜਿਹੇ ਕਾਰਨਾਮੇ ਕੀਤੇ ਕਿ ਇਨ੍ਹਾਂ ਨੂੰ ਸਮੇਂ ਤੇ ਸਥਾਨ ਵਿਚ ਸੰਕੁਚਿਤ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਦੇ ਕਾਰਨਾਮੇ ਦੁਨਿਆਵੀ ਇਤਿਹਾਸ ਵਿਚ ਪੈੜਾਂ ਛਡਦੇ ਹੋਏ ਇਨ੍ਹਾਂ ਨੂੰ ਸਦੀਵੀ ਤੌਰ ‘ਤੇ ਅਮਰ ਕਰ ਗਏ। ਚਾਰੇ ਸਾਹਿਬਜ਼ਾਦਿਆਂ ਨੂੰ ਧਰਮ ਵਿਚ ਦ੍ਰਿੜ ਰਹਿਣ ਦੀ ਜਿਹੜੀ ਸਿੱਖਿਆ ਦਿੱਤੀ ਗਈ ਸੀ, ਸਭਨਾਂ ਨੇ ਉਸ ਦਾ ਆਪੋ-ਆਪਣੇ ਤਰੀਕੇ ਨਾਲ ਦ੍ਰਿੜਤਾ ਪੂਰਬਕ ਪਾਲਣ ਕੀਤਾ। ਇਨ੍ਹਾਂ ਨੇ ਕਦੇ ਕਿਸੇ ਨੂੰ ਸਿੱਖਿਆਦਾਇਕ ਵਚਨ ਨਹੀਂ ਬੋਲੇ ਸਨ ਪਰ ਇਹਨਾਂ ਨੇ ਜਿਹੜੇ ਕਾਰਜ ਕੀਤੇ ਉਨ੍ਹਾਂ ਤੋਂ ਸਮੁੱਚਾ ਮਾਨਵੀ ਸਮਾਜ ਸਿੱਖਿਆ ਅਤੇ ਪ੍ਰੇਰਨਾ ਗ੍ਰਹਿਣ ਕਰਦਾ ਹੈ; ਭਾਵ ਇਨ੍ਹਾਂ ਦੀ ਕਰਨੀ ਹੀ ਕਥਨ ਦਾ ਰੂਪ ਧਾਰਨ ਕਰ ਗਈ ਸੀ। ਅਮਲ ਦੀ ਇਸ ਸਿੱਖਿਆ ਵਿਚ ਵੱਡੇ ਸਾਹਿਬਜ਼ਾਦਿਆਂ ਨੇ ਧਰਮ ਦੀ ਖ਼ਾਤਰ ਰਣ ਖੇਤਰ ਵਿਚ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਪ੍ਰਤੀ ਦ੍ਰਿੜਤਾ ਦਿਖਾਉਂਦਿਆਂ ਸ਼ਹੀਦੀ ਦੇ ਦਿੱਤੀ ਸੀ ਪਰ ਇਹਨਾਂ ਨੇ ਜ਼ੁਲਮ ਅਤੇ ਜ਼ਾਲਮ ਦੀ ਈਨ ਨਾ ਮੰਨੀ।

ਵੱਡੇ ਸਾਹਿਬਜ਼ਾਦੇ

ਗੁਰੂ ਨਾਨਕ ਦੇਵ ਜੀ ਨੇ ਇਕ ਸੰਘਰਸ਼ਸ਼ੀਲ ਸਮਾਜ ਦੀ ਸਿਰਜਣਾ ਕੀਤੀ ਸੀ। ਇਹਨਾਂ ਦੀ ਸਿੱਖਿਆ ਦਾ ਪ੍ਰਸਾਰ ਕਰਦੇੇ ਹੋਏ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਥਿਆਰਬੰਦ ਯੁੱਧ ਦੀ ਸ਼ੁਰੂਆਤ ਕੀਤੀ ਜਿਹੜੀ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਚੰਡ ਰੂਪ ਧਾਰਨ ਕਰ ਗਈ ਸੀ। ਨਿਸ਼ਚਿਤ ਤੌਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖਾਂ ਦੇ ਦਿਲਾਂ ਵਿਚ ਜੰਗਾਂ-ਯੁੱਧਾਂ ਲਈ ਜੂਝਣ ਦੀ ਪ੍ਰੇਰਨਾ ਅਤੇ ਇਸ ਦੇ ਅਭਿਆਸ ਵਿਚ ਤੀਬਰਤਾ ਆਈ ਸੀ। ਉਸ ਸਮੇਂ ਵਰਤੋਂ ਵਿਚ ਆ ਰਹੇ ਹਥਿਆਰ ਇਕੱਤਰ ਕੀਤੇ ਜਾਣ ਲੱਗੇ, ਅਭਿਆਸ ਲਈ ਫ਼ੌਜੀ ਖੇਡਾਂ ਕੀਤੀਆਂ ਜਾਣ ਲੱਗੀਆਂ, ਗਤਕੇ ਦੀ ਸਿੱਖਿਆ ਸਿੱਖ ਜੀਵਨਜਾਚ ਦਾ ਅੰਗ ਬਣੀ ਜਿਹੜੀ ਕਿ ਪਿੱਛੋਂ ਜਾ ਕੇ ਖ਼ਾਲਸਈ ਸ਼ਸਤਰ ਵਿਦਿਆ ਦਾ ਮੂਲ ਆਧਾਰ ਬਣੀ। ਸਰੀਰਕ ਬਲ ਪੈਦਾ ਕਰਨ ਲਈ ਅਖ਼ਾੜੇ ਕਾਇਮ ਕੀਤੇ ਗਏ। ਸ਼ਿਕਾਰ ਖ਼ੇਡਣ ਦੀ ਰੁਚੀ ਅਤੇ ਪ੍ਰੇਰਨਾ ਪੈਦਾ ਕੀਤੀ ਗਈ। ਨਗਾਰੇ ਨੂੰ ਸਿੱਖ ਜੀਵਨਜਾਚ ਦਾ ਅੰਗ ਬਣਾ ਕੇ ਸ਼ਾਹੀ ਫ਼ੌਜੀ ਪਰੰਪਰਾਵਾਂ ਦਾ ਆਰੰਭ ਕੀਤਾ ਗਿਆ।

Supreme Sacrifice of Guru Gobind Singh Four Sonsਅਜਿਹੇ ਮੌਕੇ ਸਾਹਿਬਜ਼ਾਦੇ ਕਿਵੇਂ ਅਲੱਗ ਰਹਿ ਸਕਦੇ ਸਨ? ਸਾਹਿਬਜ਼ਾਦਿਆਂ ਨੇ ਆਪ ਅਜਿਹੇ ਅਭਿਆਸਾਂ ਵਿਚ ਰੁਚੀ ਦਿਖਾਈ ਤਾਂ ਉਨ੍ਹਾਂ ਦੀ ਇਸ ਰੁਚੀ ਨੂੰ ਹੋਰ ਵਧੇਰੇ ਸੁਚਾਰੂ ਰੂਪ ਵਿਚ ਪ੍ਰਫੁਲਿਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ-ਅੰਦਾਜ਼ੀ, ਘੋੜ-ਸਵਾਰੀ ਆਦਿ ਵੱਖ-ਵੱਖ ਖੇਤਰਾਂ ਦੇ ਮਾਹਿਰ ਉਸਤਾਦਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ। ਸ਼ਮਸ਼ੇਰ ਸਿੰਘ ਅਸ਼ੋਕ ਦੱਸਦਾ ਹੈ ਕਿ “ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਜੋ ਉਸ ਸਮੇਂ ਜਵਾਨੀ ਦੀ ਦਹਿਲੀਜ ਤੇ ਪੈਰ ਰੱਖ ਰਹੇ ਸਨ, ਨੇ 13-14 ਸਾਲ ਦੀ ਉਮਰ ਤੋਂ ਹੀ ਸ਼ਸਤ੍ਰ-ਅਸਤ੍ਰ ਚਲਾਉਣ ਵਿਚ ਮੁਹਾਰਤ ਹਾਸਿਲ ਕਰ ਲਈ ਸੀ। ਸਹਿਜੇ-ਸਹਿਜੇ ਉਹ ਗੁਰੂ-ਪਿਤਾ ਨਾਲ ਸ਼ਾਮਲ ਹੋ ਕੇ ਆਜ਼ਾਦੀ ਦੇ ਜੰਗਾਂ-ਯੁੱਧਾਂ ਵਿਚ ਪੂਰਾ-ਪੂਰਾ ਹਿੱਸਾ ਲੈਣ ਲੱਗੇ।”1

1687 ਈਸਵੀ ਵਿਚ ਪਾਉਂਟਾ ਸਾਹਿਬ ਵਿਖੇ ਜਨਮੇ ਸਾਹਿਬਜ਼ਾਦਾ ਅਜੀਤ ਸਿੰਘ ਉਮਰ ਵਿਚ ਸਭ ਤੋਂ ਵੱਡੇ ਸਨ। ਫ਼ੌਜੀ ਜੰਗਾਂ-ਯੁੱਧਾਂ ਦਾ ਅਭਿਆਸ ਕਰਨ ਦੇ ਨਾਲ-ਨਾਲ ਆਪ ਜੀ ਅਨੰਦਪੁਰ ਸਾਹਿਬ ਪਾਸ ਹੋਈਆਂ ਛੋਟੀਆਂ-ਵੱਡੀਆਂ ਲੜਾਈਆਂ ਵਿਚ ਹਿੱਸਾ ਲੈਣ ਲੱਗੇ। ਸੰਮਤ 1756 (1699 ਈ.) ਵਿਚ “ਪੋਠੋਹਾਰ ਸੇ ਆਇ ਰਹੀ ਸਿੱਖ ਸੰਗਤ ਕੋ ਜੇਠ ਸੁਦੀ ਪੰਚਮੀ ਕੇ ਦਿਹੁੰ ਨੂਹ ਗਾਉਂ ਕੇ ਰੰਘੜਾਂ ਲੁਟ ਲੀਆ, ਸੰਗਤ ਅਨੰਦਪੁਰ ਗੁਰ ਦਰਬਾਰ ਮੇਂ ਫਰਿਆਦੀ ਹੋਈ। ਸਤਿਗੁਰਾਂ ਸਾਰੀ ਬਾਰਤਾ ਸੁਨ ਅਗਲੇ ਦਿਵਸ ਸਾਹਿਬਜ਼ਾਦਾ ਅਜੀਤ ਸਿੰਘ ਕੀ ਜਥੇਦਾਰੀ ਨੀਚੇ ਉਦੈ ਸਿੰਘ ਆਦਿ ਸੌ ਸਿੰਘਾਂ ਕੋ ਰਵਾਨਾ ਕੀਆ, ਇਨ੍ਹਾਂ ਰਮਾਂ-ਰਮੀਂ ਜਾਇ ਨੂੰਹ ਗਾਉਂ ਵਾਲੋਂ ਕੀ ਚੰਗੀ ਖੁੰਬ ਠੱਪੀ। ਇਨ ਕੇ ਆਗੂ ਕੇਸੋਰਾਮ ਰੰਘੜ ਕੋ ਪਕੜ ਅਨੰਦਪੁਰ ਮੇਂ ਲੈ ਆਂਦਾ। ਗੁਰੂ ਜੀ ਨੇ ਇਸੇ ਭੂਲ ਮਾਨਨੇ ਸੇ ਛੋਰ ਦੀਆ।”2 ਇਸੇ ਤਰ੍ਹਾਂ ਹੀ ਇਕ ਹੋਰ ਲੜਾਈ ਵਿਚ ਜਦੋਂ ਪਹਾੜੀ ਰਾਜਿਆਂ ਨੇ ਇਕ ਵਾਰ ਜਮਤੁਲਾ ਗੁਜਰ ਦੀ ਸਹਾਇਤਾ ਨਾਲ ਅਨੰਦਪੁਰ ਤੇ ਹਮਲਾ ਕੀਤਾ, ਤਾਂ ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਨੇ ਇਸ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ ਅਤੇ ਜਮਤੁਲਾ ਗੁਜਰ ਨੂੰ ਮਾਰ ਦਿੱਤਾ। ਇਸ ਯੁੱਧ ਵਿਚ ਇਕ ਹਿੱਸੇ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਦੇ ਹੱਥ ਸੀ ਜਿਸ ਨੇ ਚਾਰ ਹਜ਼ਾਰ ਮਲਵਈ ਸਿੰਘਾਂ ਦੀ ਸਹਾਇਤਾ ਨਾਲ ਜ਼ੋਰਦਾਰ ਹਮਲਾ ਕੀਤਾ ਤਾਂ “ਪਹਾੜੀਆਂ ਦੇ ਛੱਕੇ ਛੁਡਾ ਦਿਤੇ, ਲਹੂ ਦੇ ਪਰਨਾਲੇ ਵਗ ਤੁਰੇ, ਲੋਥਾਂ ਦੇ ਢੇਰ ਲੱਗ ਗਏ।”3 ਇਨ੍ਹਾਂ ਜੰਗਾਂ-ਯੁੱਧਾਂ ਦੇ ਅਭਿਆਸ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਦੇ ਮਨ ਵਿਚ ਦੁਸ਼ਮਣ ਨਾਲ ਲੜ੍ਹਨ ਦੀ ਦ੍ਰਿੜਤਾ ਪੈਦਾ ਹੋਈ ਅਤੇ ਮਨ ਵਿਚ ਇਕ ਜੁਝਾਰੂ ਜਰਨੈਲ ਦੇ ਗੁਣਾਂ ਦਾ ਵਿਕਾਸ ਹੋਇਆ।

ਅਨੰਦਪੁਰ ਸਾਹਿਬ ਵਿਖੇ ਗੁਰਬਾਣੀ ਅਧਿਐਨ ਅਤੇ ਸ਼ਸਤਰ ਵਿੱਦਿਆ ਦਾ ਅਭਿਆਸ ਸਿੱਖਾਂ ਦੀ ਜੀਵਨਜਾਚ ਦਾ ਅਟੁੱਟ ਅੰਗ ਸਨ। ਗੁਰਬਾਣੀ ਦਾ ਅਧਿਐਨ ਗੁਰਮਤਿ ਦੀ ਸਿੱਖਿਆ ਪ੍ਰਪੱਕ ਕਰਦੀ ਅਤੇ ਸ਼ਸਤਰ ਵਿਦਿਆ ਗੁਰਮਤਿ ਦੀ ਸਿੱਖਿਆ ਤੇ ਦ੍ਰਿੜਤਾ ਪੂਰਬਕ ਪਹਿਰਾ ਦੇਣ ਦੀ ਪ੍ਰੇਰਨਾ ਪੈਦਾ ਕਰਦੀ ਹੈ। ਯੁੱਧ-ਨੀਤੀ ਦਾ ਅਭਿਆਸ ਧਾਰਮਿਕ ਕਦਰਾਂ-ਕੀਮਤਾਂ ਨੂੰ ਦ੍ਰਿੜ ਕਰਾਉਣ ਅਤੇ ਇਨ੍ਹਾਂ ਨੂੰ ਬਚਾਉਣ ਲਈ ਕੀਤਾ ਜਾਂਦਾ ਹੈ। “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਦੀ ਸਿੱਖਿਆ ਨੂੰ ਅਮਲੀ ਜਾਮਾ ਪਹਿਨਾਉਣ ਦੀ ਤਿਆਰੀ ਹੋ ਰਹੀ ਸੀ। ਵਡੇਰਿਆਂ ਦੁਆਰਾ ਦਿਖਾਈ ਨਿਡਰਤਾ ਅਤੇ ਕੁਰਬਾਨੀ ਦੀ ਪ੍ਰੇਰਨਾ ਖੂਨ ਵਿਚ ਰਚੀ-ਮਿਚੀ ਹੋਈ ਸੀ, ਇਸ ਨੂੰ ਉਜਾਗਰ ਕਰਨ ਦੀ ਲੋੜ ਸੀ । ਸਾਹਿਬਜ਼ਾਦਿਆਂ ਨੂੰ ਅਜਿਹੀ ਸਿੱਖਿਆ ਅਤੇ ਪੇ੍ਰਰਨਾ ਵਿਚ ਦ੍ਰਿੜ ਕਰਾਉਣ ਲਈ ਗੁਰਬਾਣੀ ਅਧਿਐਨ ਅਤੇ ਯੁੱਧ-ਕਲਾ ਦਾ ਅਭਿਆਸ ਇਕੱਠੇ ਤੌਰ ਤੇ ਕਰਵਾਏ ਜਾ ਰਹੇ ਸਨ। ਬਾਣੀ ਤੇ ਬਾਣੇ ਦੀ ਰੱਖਿਆ ਲਈ ਪ੍ਰਪੱਕ ਕੀਤੇ ਜਾ ਰਹੇ ਧਰਮ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਨੂੰ “ਸਿੱਖ ਗੁਰੂਆਂ ਦੀਆਂ ਕੁਰਬਾਨੀਆਂ, ਸਿੱਖ ਧਰਮ ਦੇ ਸਿਮਰਨ, ਪਿਆਰ, ਸੰਤੋਖ, ਦਇਆ, ਤਿਆਗ ਤੇ ਕੁਰਬਾਨੀ ਦੇ ਗੁਣਾਂ ਬਾਰੇ ਕਹਾਣੀਆਂ ਸੁਣਾ ਕੇ ਤੇ ਗੁਰਬਾਣੀ ਕੰਠ ਕਰਵਾ ਕੇ ਦੂਰ ਅੰਦੇਸ਼ ਧਰਮੀ ਤੇ ਨਿਰਭੈ ਯੋਧੇ ਵਜੋਂ ਤਿਆਰ ਕੀਤਾ। ਇਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਇਕ ਬਹੁਤ ਹੀ ਦੂਰ ਅੰਦੇਸ਼ ਗੁਣਵਾਨ, ਦਇਆਵਾਨ, ਸੰਤੋਖੀ ਤੇ ਬਹਾਦਰ ਜਰਨੈਲ ਬਣ ਗਏ।”4

ਸਾਹਿਬਜ਼ਾਦਾ ਅਜੀਤ ਸਿੰਘ ਵਿਚ ਅਜਿਹੇ ਗੁਣਾਂ ਦੇ ਹੋਏ ਵਿਕਾਸ ਨੂੰ ਮੁੱਖ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਰਾਖੀ ਲਈ ਜਰਨੈਲ ਦੇ ਰੂਪ ਵਿਚ ਜ਼ਾਲਮ ਨੂੰ ਸੋਧਣ ਲਈ ਭੇਜਦੇ ਸਨ। ਆਮ ਲੋਕਾਂ ਨੂੰ ਵੀ ਇਹ ਵਿਸ਼ਵਾਸ ਪ੍ਰਪੱਕ ਹੋ ਗਿਆ ਸੀ ਕਿ ਸਮੇਂ ਦੀ ਹਕੂਮਤ ਦੇ ਜ਼ਾਬਰ ਹਾਕਮਾਂ ਤੋਂ ਇਨਸਾਫ਼ ਮਿਲਣ ਦੀ ਕੋਈ ਆਸ ਬਾਕੀ ਨਹੀਂ ਪਰ ਗੁਰੂ-ਘਰ ਕੀਤੀ ਫ਼ਰਿਆਦ ਕਦੇ ਖਾਲੀ ਨਹੀਂ ਜਾਂਦੀ। ਜ਼ਾਲਮ ਹਾਕਮਾਂ ਬਾਰੇ ਜਦੋਂ ਵੀ ਕੋਈ ਫ਼ਰਿਆਦੀ ਗੁਰੂ ਦਰਬਾਰ ਆਉਂਦਾ ਤਾਂ ਗੁਰੂ ਜੀ ਉਸ ਨੂੰ ਯਥਾ ਯੋਗ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਦੇ ਸਨ। ਇਸੇ ਤਰ੍ਹਾਂ ਇਕ ਵਾਰ ਹੁਸ਼ਿਆਰਪੁਰ ਰਹਿਣ ਵਾਲੇ ਦੇਵਦਾਸ ਨਾਮਕ ਸਾਰਸੁਤ ਬ੍ਰਾਹਮਣ ਨੇ ਆ ਕੇ ਫ਼ਰਿਆਦ ਕੀਤੀ ਕਿ ਮੈਂ ਆਪਣਾ ਮੁਕਲਾਵਾ ਲੈ ਕੇ ਆਉਂਦੇ ਹੋਏ ਜਦੋਂ ਬਸੀ ਪਿੰਡ ਕੋਲੋਂ ਲੰਘਿਆ ਤਾਂ ਉਥੇ ਦੇ ਸਰਦਾਰ ਜਾਬਰ ਖਾਂ ਪਠਾਣ ਨੇ ਜ਼ਬਰਦਸਤੀ ਮੇਰੀ ਪਤਨੀ ਦਾ ਡੋਲ੍ਹਾ ਮੈਥੋਂ ਖੋਹ ਲਿਆ ਅਤੇ ਪਿੰਡ ਦੇ ਹਾਕਮਾਂ ਚੌਧਰੀਆਂ ਪਾਸ ਫ਼ਰਿਆਦ ਕਰਨ ਤੇ ਵੀ ਕੋਈ ਸਹਾਇਤਾ ਨਹੀਂ ਮਿਲੀ।

Supreme Sacrifice of Guru Gobind Singh Four Sonsਹੁਣ ਮੈਂ ਤੁਹਾਡੇ ਕੋਲ ਸਹਾਇਤਾ ਲਈ ਬੇਨਤੀ ਲੈ ਹਾਜ਼ਰ ਹੋਇਆ ਹਾਂ, “ਏਸ ਹਾਲ ਤੇ ਬ੍ਰਾਹਮਨ ਦੀ ਦੀਨ ਪੁਕਾਰ ਸੁਣ ਕੇ ਧਰਮ ਧੁਰੰਧਰ ਸ੍ਰੀ ਕਲਗੀਧਰ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਦੋ ਸੌ ਘੋੜ ਸਵਾਰ ਦੇ ਕੇ ਬਿਪ੍ਰ ਦੇ ਨਾਲ ਤੋਰ, ਹੁਕਮ ਦਿੱਤਾ ਕਿ ਜਾਬਰ ਖਾਂ ਸਮੇਤ ਏਸ ਬ੍ਰਾਹਮਣ ਦੀ ਇਸਤ੍ਰੀ ਨੂੰ ਮੇਰੇ ਪਾਸ ਲੈ ਆਉ। ਜੇ ਕੋਈ ਮੁਕਾਬਲਾ ਕਰੇ ਤਾਂ ਸ਼ਮਸ਼ੀਰ ਚਮਕਾਉ। ਸਾਹਿਬਜ਼ਾਦੇ ਨੇ ਆਗਯਾ ਮੰਨ ਕੇ ਦਰਯਾਉਂ ਪਾਰ ਹੋ, ਦਿਨ ਚੜ੍ਹਦੇ ਤੋਂ ਪਹਿਲੇ ਹੀ ਸੁੱਤੇ ਪਏ ਪਠਾਣ ਜਾ ਦਬਾਏ, ਬਹੁਤੇ ਤਾਂ ਡਰਦੇ ਨੱਠ ਗਏ, ਤੇ ਕਈ ਪਠਾਣਾਂ ਨੂੰ ਮਾਰ ਜ਼ਖਮੀ ਕਰ ਲੁਟ-ਕੁਟ ਜਾਬਰ ਖਾਂ ਨੂੰ ਬ੍ਰਾਹਮਣੀ ਸਮੇਤ ਫੜ ਕੇ ਅਨੰਦਪੁਰ ਲੈ ਆਂਦਾ। ਨਯਾਇਕਾਰੀ ਗੁਰੂ ਜੀ ਨੇ ਬ੍ਰਾਹਮਣੀ ਬ੍ਰਾਹਮਣ ਨੂੰ ਦੇ ਕੇ ਉਸ ਦੇ ਭਾਈਚਾਰੇ ਵਿਚ ਮਿਲਾਈ ਤੇ ਜਾਬਰ ਖਾਂ ਨੂੰ ਥੋਥੇ ਤੀਰਾਂ ਦੀ ਮਾਰ ਨਾਲ ਮਰਵਾ ਸਿਟਿਆ।”5 ਅਨੰਦਪੁਰ ਸਾਹਿਬ ਵਿਖੇ ਅਰੰਭ ਹੋਏ ਜੰਗਾਂ-ਯੁੱਧਾਂ ਨੇ ਸਿੱਖਾਂ ਨੂੰ ਚੇਤੰਨ ਕਰ ਦਿੱਤਾ ਸੀ ਕਿ ਆਉਣ ਵਾਲਾ ਸਮਾਂ ਕੰਡਿਆਲੇ ਮਾਰਗ ਵੱਲ ਜਾ ਰਿਹਾ ਹੈ।

ਬੇਈਮਾਨੀ ਅਤੇ ਜ਼ੁਲਮ ਦੇ ਰਾਜ ਵਿਚ ਸੱਚਾਈ ਦੇ ਮਾਰਗ ‘ਤੇ ਤੁਰਨ ਵਾਲਿਆਂ ਨੂੰ ਅਖ਼ੀਰ ਇਹ ਮਾਰਗ ਧਾਰਨ ਕਰਨਾ ਪੈਂਦਾ ਹੈ। ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸ਼ਹਾਦਤਾਂ ਨਾਲ ਸਿੱਖ ਜੀਵਨਜਾਚ ਵਿਚ ਨਵਾਂ ਮੋੜ ਆਇਆ ਸੀ, ਜਿਵੇਂ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿਚ ਪੈਦਾ ਹੋਈ ਉਦਾਸੀ ਨੂੰ ਦੂਰ ਕਰਨ ਲਈ ਗੁਰੂ ਹਰਗੋਬਿੰਦ ਜੀ ਨੇ ਹਥਿਆਰਬੰਦ ਸੰਘਰਸ਼ ਆਰੰਭ ਕੀਤਾ ਸੀ ਉਸੇ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨਾਲ ਸਿੱਖਾਂ ਵਿਚ ਪੈਦਾ ਹੋਈ ਉਦਾਸੀ ਤੇ ਬੇਚੈਨੀ ਨੂੰ ਚੜ੍ਹਦੀਕਲਾ ਵਿਚ ਬਦਲਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਿਹੜੀ ਕਿ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰਚੰਡ ਸੰਘਰਸ਼ ਦੀ ਸ਼ੁਰੂਆਤ ਸੀ। ਇਸ ਸੰਘਰਸ਼ ਵਿਚ ਜਿੱਥੇ ਗੁਰੂ ਸਾਹਿਬ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਸੀ ਉੱਥੇ ਆਪਣੇ ਸਾਹਿਬਜ਼ਾਦਿਆਂ ਵਿਚ ਨਿਰਭੈਤਾ ਦੇ ਅਜਿਹੇ ਗੁਣ ਉਜਾਗਰ ਕਰ ਦਿੱਤੇ ਕਿ ਜਰਨੈਲਾਂ ਵਾਂਗ ਹਰ ਮੁਹਿੰਮ ਦੀ ਅਗਵਾਈ ਕਰਦੇ ਹੋਏ ਉਹ ਜਾਲਮਾਂ ਦੇ ਮੂੰਹ ਮੋੜਨ ਲਈ ਰਣ ਭੂਮੀ ਵਿਚ ਜੂਝਣ ਲੱਗੇ ਸਨ। ਅਨੰਦਪੁਰ ਦੇ ਇਕ ਯੁੱਧ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਦੁਆਰਾ ਕੀਤੀ ਅਗਵਾਈ ਦਾ ਵਰਨਨ ਕਰਦੇ ਹੋਏ ਕਵਿ ਸੈਨਾਪਤਿ ਲਿਖਦਾ ਹੈ:

ਤਬ ਹੀ ਬਚਨ ਪਾਇ ਚੜ੍ਹਿਓ ਨਗਾਰਾ ਬਜਾਇ,
ਸੁਆਰ ਭਯੋ ਜੀਤ ਸਿੰਘ ਜੁਧ ਕੇ ਕਰਨ ਕੋ।
ਸਿੰਘਨ ਕੋ ਸਾਥ ਲੀਏ ਮੁਹਰੇ ਨਿਸ਼ਾਨ ਦੀਏ,
ਬਾਂਧਿਓ ਹੈ ਖੜਗ ਸੀਸ ਦੂਤ ਕੇ ਧਰਨ ਕੋ।6

ਛੋਟੀ ਉਮਰੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਦੁਆਰਾ ਜੰਗਾਂ-ਯੁੱਧਾਂ ਵਿਚ ਹਿੱਸਾ ਲੈਣਾ ਅਤੇ ਸੂਰਬੀਰਤਾ ਦੇ ਜੌਹਰ ਦਿਖਾਉਣਾ ਹਰ ਆਮ-ਖ਼ਾਸ ਅਤੇ ਦੁਸ਼ਮਣ ਦੇ ਜਰਨੈਲਾਂ ਨੂੰ ਪ੍ਰਭਾਵਤ ਕਰ ਰਿਹਾ ਸੀ। ਸਾਹਿਬਜ਼ਾਦਾ ਇੰਨੀ ਬਹਾਦਰੀ ਅਤੇ ਫ਼ੁਰਤੀ ਨਾਲ ਜੂਝਦਾ ਹੋਇਆ ਜੰਗ ਦੇ ਮੈਦਾਨ ਵਿਚ ਪ੍ਰਵੇਸ਼ ਕਰਦਾ ਕਿ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਜਾਂਦਾ ਸੀ। ਅਨੰਦਪੁਰ ਸਾਹਿਬ ਦੇ ਇਕ ਯੁੱਧ ਦਾ ਵਰਨਨ ਕਰਦੇ ਹੋਏ ਕਵੀ ਸੈਨਾਪਤਿ ਦੱਸਦਾ ਹੈ:
ਰਾਜਨ ਕੀ ਸੁਧਿ ਬੁਧਿ ਗਈ ਭਯੋ ਜੁਧ ਜਬ ਜੋਰ।
ਲਰਤ ਸਿੰਘ ਰਣਜੀਤ ਤਹ ਫਉਜ ਦਈ ਸਬ ਮੋਰ।7

ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ ਹੋਣ ਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸਮੇਤ ਚਾਲੀ ਕੁ ਸਿੰਘ ਗੁਰੂ ਗੋਬਿੰਦ ਸਿੰਘ ਜੀ ਨਾਲ ਰਹਿ ਗਏ ਸਨ। ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਮੇਤ ਗੰਗੂ ਬ੍ਰਾਹਮਣ ਨਾਲ ਕਿਸੇ ਪਾਸੇ ਵਿਛੜ ਕੇ ਚਲੇ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਪਿਛੇ ਆ ਰਹੀ ਭਾਰੀ ਮੁਗ਼ਲ ਫ਼ੌਜ ਤੋਂ ਤੇਜੀ ਨਾਲ ਅੱਗੇ ਵੱਧਦੇ ਹੋਏ ਚਮਕੌਰ ਵਿਖੇ ਇਕ ਪੁਰਾਣੀ ਹਵੇਲੀ ਵਿਚ ਸ਼ਰਨ ਲੈ ਲਈ ਸੀ। ਇਸ ਹਵੇਲੀ ਨੂੰ ਗੜ੍ਹੀ ਵੀ ਕਿਹਾ ਜਾਂਦਾ ਹੈ। ਇਸ ਗੜ੍ਹੀ ਦਾ ਮਾਲਕ ਜਗਤ ਸਿੰਘ ਸੀ ਜਿਹੜਾ ਕਿ ਆਲੇ-ਦੁਆਲੇ ਦੇ 65 ਪਿੰਡਾਂ ਦਾ ਟਿੱਕਾ (ਮਾਲਕ) ਸੀ।8 ਗੁਰੂ ਸਾਹਿਬ ਨੇ ਆਪਣੇ ਕੁਝ ਸਿੰਘ ਉਸ ਕੋਲ ਭੇਜੇ ਤਾਂ ਕਿ ਉਸ ਦੀ ਗੜ੍ਹੀ ਵਿਚ ਨਿਵਾਸ ਕੀਤਾ ਜਾ ਸਕੇ। ਉਸ ਨੇ ਗੁਰੂ ਜੀ ਦੇ ਸਿੰਘਾਂ ਨੂੰ ਗੜ੍ਹੀ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ੳਸ ਦੇ ਸਕੇ ਭਰਾ ਰੂਪ ਚੰਦ ਨੇ, ਜੋ ਕਿ ਗੜ੍ਹੀ ਦੇ ਅੱਧ ਦਾ ਮਾਲਕ ਸੀ, ਨੇ ਗੁਰੂ ਸਾਹਿਬ ਨੂੰ ਗੜ੍ਹੀ ਵਿਖੇ ਨਿਵਾਸ ਕਰਨ ਦੀ ਇਜਾਜ਼ਤ ਦੇ ਦਿਤੀ ਸੀ।9

ਇਸ ਦੇ ਅੰਦਰ ਪ੍ਰਵੇਸ਼ ਕਰਦੇ ਹੀ ਸਿੰਘਾਂ ਨੇ ਜਿਹੜੇ ਜਰੂਰੀ ਪ੍ਰਬੰਧ ਕੀਤੇ ਉਨ੍ਹਾਂ ਦਾ ਵਰਨਨ ਕਰਦੇ ਹੋਏ ਸ੍ਵਰੂਪ ਸਿੰਘ ਕੌਸ਼ਿਸ਼ ਦਸਦਾ ਹੈ ਕਿ “ਗੜ੍ਹੀ ਕੀ ਚਵ੍ਹੀਂ ਪਾਸੀ ਦੀਵਾਰਾਂ ਗੈਲ ਆਠ-ਆਠ ਸਿੰਘ ਵੰਡ ਕੇ ਭਾਈ ਮਦਨ ਸਿੰਘ ਤੇ ਕਾਠ ਸਿੰਘ ਕੋ ਦਰਵਾਜ਼ੇ ‘ਤੇ ਖਲਾ ਕੀਆ। ਭਾਈ ਧਰਮ ਸਿੰਘ ਤੇ ਆਲਮ ਸਿੰਘ ਕੋ ਚ੍ਹਵਾਂ ਪਾਸਿਆਂ ਦੀ ਤਕੜਾਈ ਕੇ ਲੀਏ ਮੁਕਰਰ ਕੀਆ। ਭਾਈ ਦਯਾ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਤੇ ਹਿੰਮਤ ਸਿੰਘ ਅਤੇ ਦੋਵੇਂ ਸਾਹਿਬਜ਼ਾਦੇ ਆਪਣੇ ਪਾਸ ਰਾਖੇ। ਬਾਹਰੋਂ ਆਈ ਤੁਰਕ ਫ਼ੌਜ ਨੇ ਇੱਕੇ ਵਾਰੀ ਹਮਲਾ ਕਰ ਦੀਆ, ਕਾਈ ਦਕੀਕਾ ਬਾਕੀ ਨਾ ਰਹਾ, ਆਗੇ ਸੇ ਗੁਰੂ ਜੀ ਦਾ ਹੁਕਮ ਪਾਇ ਗੜ੍ਹੀ ਸੇ ਸਿੱਖਾਂ ਨੇ ਇਕੇ ਵਾਰੀ ਉਹ ਤੀਰ ਵਰਖਾ ਕੀ ਕਿ ਵਧੀ ਆ ਰਹੀ ਤੁਰਕ ਫ਼ੌਜ ਕੋ ਠੱਲ੍ਹਾ ਪਾਇ ਦੀਆ। ਸਤਿਗੁਰਾਂ ਕੇ ਤੀਰਾਂ ਨੇ ਇਕੇ ਵਾਰੀ ਕਾਲੀ-ਬੋਲੀ ਅੰਧੇਰੀ ਲਾਇ ਦਈ। ਜਿਸੇ ਤੀਰ ਵੱਜਾ ਉਹ ਪਾਰ ਬੋਲਿਆ, ਮੁੜ ਪਾਣੀ ਨਹੀਂ ਮਾਂਗਾ।”10

ਸਾਹਿਬਜ਼ਾਦਿਆਂ ਨੇ ਕਦੇ ਵੀ ਗੁਰੂ-ਪੁੱਤਰ ਹੋਣ ਦਾ ਮਾਣ ਨਹੀਂ ਸੀ ਕੀਤਾ ਅਤੇ ਨਾ ਹੀ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਖ਼ਾਲਸਾ ਪੰਥ ਤੋਂ ਵੱਖ ਕਰ ਕੇ ਦੇਖਣ ਦੀ ਕੋਸ਼ਿਸ਼ ਕੀਤੀ ਸੀ। ਸਮੁੱਚੇ ਖ਼ਾਲਸਾ ਪੰਥ ਨੂੰ ਗੁਰੂ ਜੀ ਆਪਣੇ ਪੰਜਵੇਂ ਪੁੱਤਰ ਵਜੋਂ ਮਾਨਤਾ ਦਿੰਦੇ ਸਨ। ਸਾਹਿਬਜ਼ਾਦੇ ਹਮੇਸ਼ਾਂ ਹੀ ਇਕ ਸੰਤ-ਸਿਪਾਹੀ ਵਾਂਗ ਆਪਣੇ ਪਿਤਾ-ਗੁਰੂ ਦੀ ਕਮਾਨ ਹੇਠ ਕਾਰਜ ਕਰਨ ਨੂੰ ਤਰਜੀਹ ਦਿੰਦੇ ਸਨ। ਚਮਕੌਰ ਸਾਹਿਬ ਵਿਖੇ ਯੁੱਧ ਆਰੰਭ ਹੋਇਆ ਤਾਂ ਸਿੰਘਾਂ ਨੇ ਜ਼ੋਰਦਾਰ ਹੱਲਾ ਕਰ ਕੇ ਇਕ ਵਾਰ ਮੁਗ਼ਲਾਂ ਨੂੰ ਪਿੱਛੇ ਧੱਕ ਦਿੱਤਾ ਸੀ। ਜੋ ਵੀ ਮੁਗ਼ਲ ਫੌਜ ਦਾ ਸਿਪਾਹੀ ਜਾਂ ਜਰਨੈਲ ਗੜ੍ਹੀ ਦੇ ਨੇੜੇ ਆਉਣ ਦੀ ਹਿੰਮਤ ਕਰਦਾ ਤਾਂ ਉਸ ਦੀ ਲਾਸ਼ ਚੁਕਣੀ ਵੀ ਔਖੀ ਹੋ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਇਸੇ ਸਮੇਂ ਦੌਰਾਨ ਮੁਗ਼ਲ ਫ਼ੌਜ ਦਾ ਇਕ ਦੂਤ ਗੁਰੂ ਜੀ ਦੀ ਆਗਿਆ ਨਾਲ ਗੜ੍ਹੀ ਦੇ ਅੰਦਰ ਆਇਆ ਅਤੇ ਕਹਿਣ ਲੱਗਾ ਕਿ ਹੁਣ ਹੋਰ ਕੋਈ ਰਾਹ ਬਾਕੀ ਨਹੀਂ, ਤੁਸੀਂ ਹਥਿਆਰ ਸੁੱਟ ਦੇਵੋ। ਇਹ ਸੁਣ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਕ੍ਰਿਪਾਨ ਕੱਢ ਲਈ ਤੇ ਲਲਕਾਰ ਕੇ ਕਿਹਾ, “ਜੇ ਤੂੰ ਕੋਈ ਅਪਮਾਨ ਵਾਲਾ ਲਫ਼ਜ਼ ਮੂੰਹੋਂ ਕਢਿਆ ਤਾਂ ਇਹ ਕ੍ਰਿਪਾਨ ਹੋਵੇਗੀ ਤੇਰਾ ਸਿਰ ਹੋਵੇਗਾ ; ਮੈਂ ਤੂਨੂੰ ਇੱਥੇ ਹੀ ਟੁਕੜੇ-ਟੁਕੜੇ ਕਰ ਕੇ ਰੱਖ ਦਿਆਂਗਾ।”11

ਚਮਕੌਰ ਦੇ ਯੁੱਧ ਦੀ ਰਣਨੀਤੀ ਇਸ ਤਰ੍ਹਾਂ ਕੀਤੀ ਗਈ ਕਿ ਆਪਣੇ ਘੱਟ ਤੋਂ ਘੱਟ ਨੁਕਸਾਨ ਨਾਲ ਦੁਸ਼ਮਣ ਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ। ਗੜ੍ਹੀ ਦੇ ਬਾਹਰਲੇ ਦਰਵਾਜ਼ਿਉਂ ਪੰਜ-ਪੰਜ ਸਿੰਘ ਨਿਕਲਦੇ ਅਤੇ ਜੋ ਸਾਹਮਣੇ ਆਉਂਦਾ ਉਸ ਨਾਲ ਜੂਝਦੇ ਹੋਏ ਸ਼ਹੀਦ ਹੋ ਜਾਂਦੇ ਸਨ। ਗੜ੍ਹੀ ਦੇ ਅੰਦਰੋਂ ਬਾਹਰ ਆ ਕੇ ਜੂਝਣ ਵਾਲੇ ਯੋਧਿਆਂ ਅਤੇ ਮੁਗ਼ਲ ਫ਼ੌਜਾਂ ਵਿਚਕਾਰ ਵੱਡਾ ਅੰਤਰ ਇਹ ਸੀ ਕਿ ਸਿੰਘ ਆਪਣੇ ਧਰਮ ਅਤੇ ਗੁਰੂ ਲਈ ਬਿਨ੍ਹਾਂ ਕਿਸੇ ਲੋਭ ਤੋਂ ਯੁੱਧ ਕਰ ਰਹੇ ਸਨ ਅਤੇ ਮੁਗ਼ਲ ਫ਼ੌਜੀ ਆਪਣੀ ਤਨਖ਼ਾਹ ਅਤੇ ਹੋਰ ਇਨਾਮ ਹਾਸਲ ਕਰਨ ਲਈ ਸਿੰਘਾਂ ਨਾਲ ਦੋ-ਦੋ ਹੱਥ ਕਰ ਰਹੇ ਸਨ। ਮੌਤ ਦਾ ਭੈਅ ਮਨ ਵਿਚ ਨਾ ਹੋਣ ਕਰ ਕੇ ਗੁਰੂ ਦੇ ਸਿੰਘ ਜਿਧਰ ਵੀ ਮੂੰਹ ਕਰਦੇ, ਵੈਰੀ ਦਲ ਦੀਆਂ ਫ਼ੌਜਾਂ ਦੇ ਬਹੁਤ ਸਾਰੇ ਸਿਪਾਹੀ ਮਾਰ ਦਿੰਦੇ ਅਤੇ ਆਪ ਵੀ ਸ਼ਹੀਦ ਹੋ ਜਾਂਦੇ ਸਨ। ਗਿਣਤੀ ਵਿਚ ਥੋੜੇ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਦੀ ਹਜ਼ੂਰੀ ਅਤੇ ਪ੍ਰੇਮ ਨੇ ਸਾਹਿਬਜ਼ਾਦਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਿਆ ਹੋਇਆ ਸੀ। ਜਬਰ ਅਤੇ ਜ਼ੁਲਮ ਵਿਰੁੱਧ ਲੜਨ ਦੀ ਜੋ ਚਿਣਗ਼ ਅਨੰਦਪੁਰ ਦੇ ਢਾਡੀ ਦਰਬਾਰਾਂ ਨੇ ਪੈਦਾ ਕੀਤੀ ਸੀ, ਉਸ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਵਕਤ ਆ ਗਿਆ ਸੀ। ਇਸੇ ਦ੍ਰਿੜਤਾ ਅਤੇ ਨਿਸ਼ਠਾ ਨੂੰ ਮੁੱਖ ਰਖਦੇ ਹੋਏ ਪੰਜ-ਪੰਜ ਸਿੰਘ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ।

ਇਨ੍ਹਾਂ ਸਿੰਘਾਂ ਦੀ ਦਲੇਰੀ ਤੋਂ ਮੁਗ਼ਲ ਸੈਨਿਕ ਇੰਨੇ ਭੈ ਮਹਿਸੂਸ ਕਰ ਰਹੇ ਸਨ ਕਿ ਲੱਖਾਂ ਦੀ ਗਿਣਤੀ ਵਿਚ ਹੋਣ ਦੇ ਬਾਵਜੂਦ ਵੀ ਮੁਠੀ ਭਰ ਸਿੰਘਾਂ ਨੂੰ ਕਾਬੂ ਕਰਨ ਲਈ ਗੜ੍ਹੀ ਤੱਕ ਪਹੁੰਚਣ ਵਿਚ ਅਸਫ਼ਲ ਸਿੱਧ ਹੋ ਰਹੇ ਸਨ। ਮੁਗ਼ਲ ਫ਼ੌਜ ਲਈ ਇਹ ਦੰਦਾਂ ਨਾਲ ਲੋਹਾ ਚਬਾਉਣ ਵਾਲੀ ਗੱਲ ਸੀ। ਜਿਹੜੇ ਮੁਗ਼ਲ ਫ਼ੌਜ ਦੇ ਸਰਦਾਰ ਜਾਂ ਸਿਪਾਹੀ ਗੜ੍ਹੀ ਦੇ ਬਾਹਰ ਵਾਲੇ ਪਾਸਿਉਂ ਪਉੜੀ ਲਾ ਕੇ ਚੜ੍ਹਨ ਦਾ ਯਤਨ ਕਰ ਰਹੇ ਸਨ, ਉਨ੍ਹਾਂ ਨੂੰ ਗੜ੍ਹੀ ਉਤਲੇ ਸਿੰਘਾਂ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਗੜ੍ਹੀ ਦੀ ਉਤਲੇ ਪਾਸਿਉਂ ਰਾਖੀ ਗੁਰੂ ਗੋਬਿੰਦ ਸਿੰਘ ਜੀ ਆਪ ਵੀ ਕਰ ਰਹੇ ਸਨ। ਇਸ ਦਾ ਜ਼ਿਕਰ ਉਹ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿਚ ਵੀ ਕਰਦੇ ਹਨ। ਗੁਰੂ ਜੀ ਨੇ ਕੇਵਲ ਉਹਨਾਂ ਮੁਗ਼ਲ ਜਰਨੈਲਾਂ ਦਾ ਵਰਨਨ ਕੀਤਾ ਹੈ ਜਿਹੜੇ ਗੜ੍ਹੀ ਦੇ ਨੇੜੇ ਆਉਣ ਜਾਂ ਪਉੜੀ ਲਾ ਕੇ ਗੜ੍ਹੀ ਦੇ ਅੰਦਰ ਪਰਵੇਸ਼ ਕਰਨ ਦਾ ਯਤਨ ਕਰਦੇ ਹੋਏ ਗੁਰੂ ਸਾਹਿਬ ਹੱਥੋਂ ਮੌਤ ਦੇ ਘਾਟ ਉਤਾਰ ਦਿਤੇ ਗਏ, ਜਿਵੇਂ ਨਾਹਰ ਖਾਂ ਆਦਿ। ਇਸ ਤੋਂ ਇਲਾਵਾ ਗੁਰੂ ਜੀ ਨੇ ਉਸ ਜਰਨੈਲ ਦਾ ਜ਼ਿਕਰ ਵੀ ਕੀਤਾ ਹੈ ਜਿਹੜਾ ਗੜ੍ਹੀ ਦੇ ਉਹਲੇ ਲੁਕ ਗਿਆ ਪਰ ਲੜਨ ਲਈ ਸਾਹਮਣੇ ਨਹੀਂ ਆਇਆ, ਜਿਵੇਂ ਖ਼ਿਜ਼ਰ ਖਾਂ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਰੀ ਮੁਗ਼ਲ ਫ਼ੌਜ ਸਿਰਲੱਥ ਸੂਰਮਿਆਂ ਦੇ ਸਾਹਮਣੇ ਆਉਣ ਤੋਂ ਡਰ ਰਹੀ ਸੀ। ਇਸ ਯੁੱਧ ਵਿਚ ਕਿੰਨੇ ਮੁਗਲ ਸੈਨਿਕ ਮਾਰੇ ਗਏ, ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਕੇਵਲ ਇਨ੍ਹਾਂ ਹੀ ਕਿਹਾ ਗਿਆ ਕਿ ਯੁੱਧ ਦੇ ਮੈਦਾਨ ਵਿਚ ਲਾਸ਼ਾਂ ਖਿਦੋ (ਸਿਰ) ਤੇ ਖੂੰਡੀਆਂ (ਲੱਤਾਂ, ਬਾਹਾਂ) ਵਾਂਗ ਖਿਲਰੀਆਂ ਪਈਆਂ ਸਨ:

ਸਰੋ ਪਾਇ ਅੰਬੋਹ ਚੰਦਾ ਸ਼ੁਦਹ।
ਕਿ ਮੈਦਾਂ ਪੁਰ ਅਜ਼ ਗਇਓ ਚੌਗਾਂ ਸ਼ੁਦਹ॥੩੮॥12

ਜਿਸ ਵੀ ਜਰਨੈਲ ਨੂੰ ਗੁਰੂ ਜੀ ਨੇ ਤੀਰ ਮਾਰਿਆ, ਉਹ ਮੁੜ ਇਸ ਧਰਤੀ ਦਾ ਬਸ਼ਿੰਦਾ ਨਾ ਰਿਹਾ ਅਤੇ ਉਸ ਦੀ ਫ਼ੌਜ ਪਿਛਾਂਹ ਵੱਲ ਨੱਸ ਗਈ। ਪਰ ਚਾਲੀ ਕੁ ਸੂਰਬੀਰ ਕਿੰਨਾ ਚਿਰ ਲੱਖਾਂ ਦੀ ਗਿਣਤੀ ਨਾਲ ਲੜ ਸਕਦੇ ਸਨ? ਜਿਹੜੇ ਵੀ ਪੰਜ ਸਿੰਘ ਗੜ੍ਹੀ ਚੋਂ ਬਾਹਰ ਨਿਕਲਦੇ, ਉਹ ਸ਼ਹਾਦਤ ਪਾ ਜਾਂਦੇ। ਇਸ ਤਰ੍ਹਾਂ ਗੜ੍ਹੀ ਅੰਦਰ ਸਿੰਘਾਂ ਦੀ ਗਿਣਤੀ ਨਾ-ਮਾਤਰ ਹੀ ਰਹਿ ਗਈ।

ਯੁੱਧ ਦੇ ਜ਼ੋਰ ਨੇ ਜਿੱਥੇ ਸਿੰਘਾਂ ਨੂੰ ਕੁਰਬਾਨੀ ਲਈ ਪ੍ਰੇਰਿਤ ਕੀਤਾ ਹੋਇਆ ਸੀ, ਉੱਥੇ ਸਾਹਿਬਜ਼ਾਦਾ ਅਜੀਤ ਸਿੰਘ ਅੰਦਰ ਛੁਪਿਆ ਜਰਨੈਲ ਦੁਨੀਆਂ ਸਾਹਮਣੇ ਆ ਕੇ ਦੁਸ਼ਮਣ ਨਾਲ ਲੋਹਾ ਲੈਣ ਲਈ ਤਤਪਰ ਹੋ ਰਿਹਾ ਸੀ। ਦੁਪਹਿਰ ਤੱਕ ਗੜ੍ਹੀ ਦੇ ਉਪਰ ਵਾਲੇ ਪਾਸਿਉਂ ਮੁਗ਼ਲਾਂ ਦੀਆਂ ਫ਼ੌਜਾਂ ਨੂੰ ਤੀਰਾਂ ਨਾਲ ਲਲਕਾਰਨ ਵਾਲਾ ਸਾਹਿਬਜ਼ਾਦਾ ਗੜ੍ਹੀ ਦੇ ਬਾਹਰ ਆ ਕੇ ਦੋ-ਦੋ ਹੱਥ ਕਰਨ ਲਈ ਉਤਾਵਲਾ ਹੋ ਰਿਹਾ ਸੀ। ਗੁਰੂ ਜੀ ਨੇ ਸਾਹਿਬਜ਼ਾਦਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ:

ਹੇ ਸੁਤ ਤੁਮ ਹਮ ਕੋ ਹੋ ਪਿਯਾਰੇ।
ਤੁਰਕ ਨਾਸ ਹਿਤ ਤੁਮ ਤਨ ਧਾਰੇ।
ਜੇ ਅਪਨੇ ਸਿਰ ਰਨ ਮੇਂ ਲਾਗੇ।
ਤਾ ਕਰ ਨਾਸ ਮਲੇਛ ਸੁਭਾਗੇ।
ਤਾ ਤੇ ਯਾ ਸਮ ਸਮਾ ਨ ਕੋਈ।
ਤੁਮ ਦੋਨਹੁ ਸੰਘਰ ਭਲ ਜੋਈ।13

ਗੁਰੂ ਜੀ ਦੇ ਸ਼ਬਦਾਂ ਨੇ ਸਾਹਿਬਜ਼ਾਦਿਆਂ ਦੇ ਮਨ ਵਿਚ ਭਰਪੂਰ ਜੋਸ਼ ਪੈਦਾ ਕਰ ਦਿੱਤਾ ਸੀ। ਸਿੰਘਾਂ ਦੀ ਕੁਰਬਾਨੀ ਅਤੇ ਘਟ ਰਹੀ ਗਿਣਤੀ ਨੂੰ ਸਾਹਮਣੇ ਰੱਖਦੇ ਹੋਏ ਸਭ ਤੋਂ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਤੋਂ ਆਹਮੋ-ਸਾਹਮਣੇ ਦੇ ਯੁੱਧ ਲਈ ਗੜ੍ਹੀ ਤੋਂ ਬਾਹਰ ਜਾਣ ਦੀ ਆਗਿਆ ਮੰਗੀ:
ਬਿਨਉ ਕਰੀ ਕਰਿ ਜੋਰਿ ਕੈ ਖੁਸ਼ੀ ਕਰਉ ਕਰਤਾਰ।
ਕਰਉ ਬੀਰ ਸੰਗ੍ਰਾਮ ਮੈ ਦੇਖਉ ਆਪਿ ਨਿਹਾਰਿ।14

Supreme Sacrifice of Guru Gobind Singh Four Sonsਗੁਰੂ ਗੋਬਿੰਦ ਸਿੰਘ ਜੀ ਤੋਂ ਅਸ਼ੀਰਵਾਦ ਲੈ ਕੇ ਸਾਹਿਬਜ਼ਾਦਾ ਸਾਥੀ ਸਿੰਘਾਂ ਨਾਲ ਮੈਦਾਨ-ਇ-ਜੰਗ ਵਿਚ ਆ ਗਿਆ। ਇਹ ਇਕ ਅਸਾਵੀਂ ਜੰਗ ਸੀ ਜਿਸ ਵਿਚ ਧਰਮ ਦਾ ਜੋਸ਼ ਵੈਰੀਆਂ ਦੇ ਟਿੱਡੀ ਦਲ ਨਾਲ ਲੋਹਾ ਲੈ ਰਿਹਾ ਸੀ। ਗੜ੍ਹੀ ਦੇ ਉਪਰੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਮੈਦਾਨ ਵਿਚ ਦੂਰ ਉੱਚੇ ਸਥਾਨ ਤੇ ਖੜੇ ਵਜੀਦ ਖਾਂ ਅਤੇ ਜ਼ਬਰਦਸਤ ਖਾਂ ਵੀ ਇਸ ਯੁੱਧ ਨੂੰ ਵੇਖ ਰਹੇ ਸਨ। ਸਾਹਿਬਜ਼ਾਦੇ ਨੇ ਬਾਹਰ ਆਉਂਦੇ ਹੀ ਇਕ ਜ਼ੋਰਦਾਰ ਹੱਲਾ ਬੋਲਿਆ ਜਿਸ ਕਾਰਣ ਦੁਸ਼ਮਣ ਪਿਛੇ ਨੂੰ ਹਟਣ ਲਈ ਮਜਬੂਰ ਹੋ ਗਿਆ। ਸਿੰਘਾਂ ਅਤੇ ਸਾਹਿਬਜ਼ਾਦੇ ਦਾ ਜੋਸ਼ ਦੇਖ ਕੇ ਮੁਗ਼ਲ ਫ਼ੌਜਾਂ ਹੈਰਾਨ ਹੋ ਰਹੀਆਂ ਸਨ, ਕਿਉਂਕਿ ਇਨ੍ਹਾਂ ਦੇ “ਹੱਥ ਅਉਂ ਚਲਦੇ ਸੇ ਜਾਣੋ ਕੇਲਿਆਂ ਦੇ ਬਣ ਨੂੰ ਬਾਢੀ ਵੱਢ ਰਹੇ ਹਨ, ਤਾਰ ਵਾਂਙੂੰ ਤਲਵਾਰ ਫਿਰ ਰਹੀ ਸੀ, ਜਿਸ ਤੇਜ਼ੀ ਨੂੰ ਵੇਖ ਕੇ ਚੁਫੇਰਯੋਂ ਵਾਹ-ਵਾਹ ਦੀ ਅਵਾਜ, ਮਾਰੂ ਬਾਜੇ ਦੀ ਗਾਜ, ਤਲਵਾਰਾਂ ਦੀ ਚਮਕ, ਬਿਜਲੀ ਦੀ ਚਮਕ, ਜੋਧਰਾਂ ਦੀ ਭਾਬਕ ਅਜਬ ਤਮਾਸ਼ਾ ਦਿਖਾ ਰਹੀ ਸੀ, ਸੂਰਬੀਰ ਜਯੋਂ ਜਯੋਂ ਜ਼ਖਮ ਦਾ ਸ੍ਵਾਦ ਚਖਦੇ ਸੇ ਤਯੋਂ-ਤਯੋਂ ਅਗੇ ਨੂੰ ਵਧਦੇ ਸੇ। ਓੜਕ ਜਦ ਆਪ ਤੋਂ ਚੌਗੁਣਿਆਂ ਨੂੰ ਖਪਾ ਕੇ, ਜ਼ਰਾ-ਜ਼ਰਾ ਹੋ, ਖੇਤ ਵਿਚ ਲਹੂ ਤੇ ਮਿੱਝ ਦੇ ਬਿਛੋਣੇ ਪੁਰ ਲੋਥਾਂ ਦੇ ਸਿਰਾਣੇ ਲਗਾ ਕੇ ਸ੍ਰੀ ਅਜੀਤ ਸਿੰਘ ਨੇ ਪੈਰ ਪਸਾਰ, ਅਜੇਹੀ ਗੂੜੀ ਨਿੰਦ੍ਰਾ ਲੀਤੀ ਜੋ ਪਾਸਾ ਨਾ ਪਰਤਿਆ।”15 ਰੱਜੀ-ਪੁਜੀ ਤੇ ਤਾਜਾ ਦਮ ਫ਼ੌਜ ਨਾਲ ਭੁਖੇ ਭਾਣੇ ਸਿੰਘਾਂ ਅਤੇ ਸਾਹਿਬਜ਼ਾਦੇ ਦੇ ਸੂਰਬੀਰਾਂ ਵਾਂਗ ਸ਼ਹੀਦ ਹੋਣ ਤੇ ਗੁਰੂ ਜੀ ਦੇ ਮਨੋਭਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਜੋਗੀ ਅਲ੍ਹਾ ਯਾਰ ਖਾਂ ਕਹਿੰਦਾ ਹੈ:

ਸ਼ਹਜ਼ਾਦ:- ੲੈ-ਜ਼ੀ-ਜਾਹ ਨੇ ਭਾਗੜ ਸੀ ਮਚਾ ਦੀ।
ਯਿਹ ਫੌੌਜ ਭਗਾ ਦੀ, ਕਭੀ ਉਹ ਫੌਜ ਭਗਾ ਦੀ।
ਬੜ੍ਹ ਚੜ੍ਹ ਕੇ ਤਵਕੁਅ ਸੇ ਸ਼ੁਜਾਅਤ ਜੁ ਦਿਖਾ ਦੀ।
ਸਤਿਗੁਰ ਨੇ ਵਹੀਂ ਕਿਲਾਅ ਸੇ ਬੇਟੇ ਕੋ ਨਿਦਾ ਦੀ ।
ਸ਼ਾਬਾਸ਼ ਪਿਸਰ ਖ਼ੂਬ ਦਲੇਰੀ ਸੇ ਲੜੇ ਹੋ।
ਹਾਂ, ਕਯੋਂ ਨ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ।16

ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੜ੍ਹੀ ਉਤੋਂ ਸ਼ਹੀਦ ਹੁੰਦਾ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਦੁਸ਼ਮਣ ਨਾਲ ਲੋਹਾ ਲੈਣ ਲਈ ਉਤਸੁਕ ਹੋਣ ਲੱਗਾ। ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਰਣ-ਤੱਤੇ ਵਿਚ ਜਾਣ ਦੀ ਆਗਿਆ ਮੰਗੀ। ਆਪਣੇ ਵੱਡੇ ਸਪੁਤਰ ਦੇ ਵਿਛੜਨ ਤੇ ਗੁਰੂ ਜੀ ਦੇ ਮਨ ਵਿਚ ਪਲ ਭਰ ਵੀ ਜੁਝਾਰ ਸਿੰਘ ਲਈ ਮੋਹ ਨਹੀਂ ਜਾਗਿਆ, ਬਲਕਿ ਯੁੱਧ ਵਿਚ ਜਾਣ ਦੀ ਆਗਿਆ ਦਿੰਦੇ ਹੋਏ ਕਿਹਾ, “ਮੇਰੇ ਪੁਤਰ ਅਸੀਂ ਇਸ ਸੰਸਾਰ ਦੇ ਵਾਸੀ ਨਹੀਂ ਹਾਂ। ਸਾਡੇ ਵਡੇ ਵਡੇਰੇ ਅਕਾਲ ਪੁਰਖ ਦੀ ਹਜ਼ੂਰੀ ਵਿਚ ਰਹਿ ਰਹੇ ਹਨ। ਤੁਸੀਂ ਵੀ ੳੱੁਥੇ ਜਾ ਕੇ ਮੇਰੀ ਇੰਤਜ਼ਾਰ ਕਰਨਾ।”17 ਕੁਝ ਸਿੰਘਾਂ ਨੂੰ ਨਾਲ ਲੈ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਯੁੱਧ ਦੇ ਮੈਦਾਨ ਵਿਚ ਆ ਗਿਆ। ਪੰਦਰਾਂ ਸਾਲ ਦੀ ਉਮਰ ਦਾ ਬੱਚਾ ਭਾਵੇਂ ਪ੍ਰੋੜ ਤੇ ਸਿੱਖਿਅਤ ਜਰਨੈਲਾਂ ਵਾਲੇ ਦਾਉ-ਪੇਚ ਨਹੀਂ ਸੀ ਜਾਣਦਾ, ਪਰ ਉਸ ਲਈ ਵੱਡੇ ਭਰਾ ਦੀ ਅੱਖਾਂ ਸਾਹਮਣੇ ਹੋਈ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਦਿਤਾ ਅਸ਼ੀਰਵਾਦ ਹੀ ਦੁਸ਼ਮਣ ਨਾਲ ਲੋਹਾ ਲੈਣ ਲਈ ਕਾਫ਼ੀ ਸੀ। ਸਾਹਿਬਜ਼ਾਦਾ ਜੁਝਾਰ ਸਿੰਘ ਧਰਮ ਦੇ ਜੋਸ਼ ਅਧੀਨ ਮੁਗ਼ਲਾਂ ਦੀ ਫ਼ੌਜ ਵਿਚ ਜਾ ਵੜਿਆ। ਉਨ੍ਹਾਂ ਦੇ ਕਈ ਸਿਪਾਹੀ ਮਾਰ ਦਿਤੇ ਅਤੇ ਉਨ੍ਹਾਂ ਵਿਚ ਭਾਜੜ ਪਾ ਦਿੱਤੀ। ਮੁਗ਼ਲ ਫ਼ੌਜ ਦੇ ਸਿੱਖਿਅਤ ਸਿਪਾਹੀਆਂ ਅਤੇ ਜਰਨੈਲਾਂ ਨੂੰ ਸ਼ਾਇਦ ਇਸ ਗੱਲ ਦੀ ਆਸ ਨਹੀਂ ਸੀ ਕਿ ਉਮਰ ਪੱਖੋਂ ਦਿਖਣ ਵਾਲਾ ਬੱਚਾ ਇਤਨ੍ਹੀ ਫੁਰਤੀ ਤੇ ਨਿਡਰਤਾ ਨਾਲ ਉਨ੍ਹਾਂ ਦੇ ਮੁਕਾਬਲੇ ਲਈ ਆ ਖੜ੍ਹਾ ਹੋਵੇਗਾ। ਆਪਣੀ ਸਮਰੱਥਾ ਤੋਂ ਬਾਹਰ ਹੋ ਕੇ ਲੜਦੇ ਹੋਏ ਸਾਹਿਬਜ਼ਾਦੇ ਨੇ ਕਈ ਸੈਨਿਕ ਮਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ:
ਕਈ ਤੁਰਕਨ ਮਾਰ ਤਿਹ ਸ੍ਰੀ ਜੁਝਾਰ ਸਿੰਘ ਸ਼ਹੀਦੀ ਲੀਨ।18

ਸਾਹਿਬਜ਼ਾਦਿਆਂ ਸਮੇਤ ਬਹਤੁ ਸਾਰੇ ਸਿੰਘਾਂ ਦੇ ਸ਼ਹੀਦ ਹੁੰਦੇ-ਹੁੰਦੇ ਸ਼ਾਮ ਪੈ ਗਈ ਅਤੇ ਯੁੱਧ ਵਿਰਾਮ ਹੋ ਗਿਆ, ਪਰ ਗੜ੍ਹੀ ਨੂੰ ਘੇਰਾ ਜਾਰੀ ਰਿਹਾ। ਨਾ ਕੋਈ ਗੜ੍ਹੀ ਦੇ ਅੰਦਰ ਦਾਖ਼ਲ ਹੋਣ ਦੀ ਹਿੰਮਤ ਕਰ ਸਕਦਾ ਸੀ ਅਤੇ ਨਾ ਕੋਈ ਇਸ ਵਿਚੋਂ ਬਾਹਰ ਆ ਸਕਦਾ ਸੀ। ਅੱਤ ਦੀ ਸਰਦੀ ਹੋਣ ਦੇ ਬਾਵਜੂਦ ਵੀ ਮੁਗ਼ਲ ਫ਼ੌਜ ਨੇ ਘੇਰਾ ਪੀਡਾ ਕੀਤਾ ਹੋਇਆ ਸੀ। ਅੰਦਰ ਬਚੇ ਹੋਏ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡ ਕੇ ਚਲੇ ਜਾਣ ਦਾ ਹੁਕਮ ਸੁਣਾ ਦਿਤਾ। ਰਾਤ ਸਮੇਂ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਤਿੰਨ ਹੋਰ ਸਿੰਘ ਗੜ੍ਹੀ ਛੱਡ ਗਏ ਅਤੇ ਇਕ ਵਿਸ਼ੇਸ਼ ਦਿਸ਼ਾ ਵੱਲ ਅੱਗੇ ਜਾ ਕੇ ਮਿਲਣ ਦੀ ਯੋਜਨਾ ਬਣਾਈ। ਬਾਕੀ ਬਚੇ ਦੋ ਸਿੰਘਾਂ ਵਿਚੋਂ ਇਕ ਨੂੰ ਗੁਰੂ ਸਾਹਿਬ ਨੇ ਆਪਣੀ ਕਲਗੀ ਅਤੇ ਹੋਰ ਬਸਤਰ ਪਹਿਨਾ ਦਿੱਤੇ ਤਾਂ ਕਿ ਮੁਗ਼ਲ ਫੌਜ ਦਾ ਧਿਆਨ ਗੜ੍ਹੀ ਦੇ ਕੇਵਲ ਇਕ ਪਾਸੇ ਲੱਗਾ ਰਹੇ। ਅਗਲੇ ਦਿਨ ਗੜ੍ਹੀ ਵਿਚ ਪ੍ਰਵੇਸ਼ ਕੀਤੀ ਮੁਗ਼ਲ ਫ਼ੌਜ ਨਾਲ ਜੂਝਦੇ ਹੋਏ ਦੋਵੇਂ ਸਿੰਘ ਵੀ ਸ਼ਹੀਦੀ ਪਾ ਗਏ।
ਛੋਟੇ ਸਾਹਿਬਜ਼ਾਦੇ

ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਸਰਸਾ ਨਦੀ ਪਾਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਰਹਿ ਗਏ ਸਨ, ਜਿਨ੍ਹਾਂ ਨੂੰ ਲੈ ਕੇ ਉਹ ਆਪਣੇ ਪਿੰਡ ਸਹੇੜੀ ਆ ਗਿਆ ਸੀ।ਪਿੰਡ ਪਹੁੰਚ ਕੇ ਉਸ ਦੇ ਮਨ ਵਿਚ ਲਾਲਚ ਆ ਗਿਆ। ਪਹਿਲਾਂ ਉਸਨੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੁਰਾ ਲਈ ਫਿਰ ਮਾਤਾ ਜੀ ਦੇ ਪੁਛਣ ਤੇ ਇਤਰਾਜ਼ ਕਰਦੇ ਹੋਏ ਉਨ੍ਹਾਂ ਨੂੰ ਮੁਰਿੰਡੇ ਦੇ ਹਾਕਮ ਜਾਨੀ ਖਾਂ ਮਾਨੀ ਖਾਂ, ਕੌਲ ਮੁਖ਼ਬਰੀ ਕਰਕੇ ਫੜਵਾ ਦਿਤਾ ਸੀ ਤਾਂ ਕਿ ਹੋਰ ਇਨਾਮ ਹਾਸਲ ਕੀਤਾ ਜਾ ਸਕੇ। ਕਿਹਾ ਜਾਂਦਾ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਹੇੜੀ ਤੋਂ ਮੁਰਿੰਡੇ ਲਿਆਉਣ ਵਿਚ ਪਰੇਸ਼ਾਨੀ ਹੋ ਰਹੀ ਸੀ ਕਿਉਂਕਿ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ। ਗੁਰੂ-ਪਰਿਵਾਰ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ “ਸੰਤ ਬਾਬਾ ਅਜੀਤ ਸਿੰਘ ਨਥਮਲਪੁਰ ਵਾਲਿਆਂ ਦੇ ਬਜ਼ੁਰਗਾਂ ਵਲੋਂ ਰੱਥ ਸ਼ਿੰਗਾਰ ਕੇ ਮਾਤਾ ਜੀ ਅਤੇ ਬੱਚਿਆਂ ਨੂੰ ਮੋਰਿੰਡਾ ਤੱਕ ਪੁੱਜਦਾ ਕੀਤਾ ਗਿਆ ਸੀ। ਜਿਥੋਂ ਇਹ ਰੱਥ ਮਾਤਾ ਜੀ ਅਤੇ ਬੱਚਿਆਂ ਨੂੰ ਲੈ ਕੇ ਚੱਲਿਆ ਉਸੇ ਥਾਂ ਤੇ ਸਸ਼ੋਭਿਤ ਹੈ ਗੁਰਦੁਆਰਾ ਰੱਥ ਸਾਹਿਬ।”19 ਜਿਵੇਂ-ਕਿਵੇਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਪਹੁੰਚਾਇਆ ਗਿਆ। ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਠੰਡੇ ਬੁਰਜ ਵਿਚ ਕੈਦ ਕਰ ਕੇ ਸੁੱਚਾ ਨੰਦ ਦੇ ਹਵਾਲੇ ਕਰ ਦਿਤਾ ਗਿਆ ਸੀ। ਵਜ਼ੀਰ ਖ਼ਾਨ ਲਈ ਇਹ ਇਕ ਵੱਡੀ ਖ਼ਬਰ ਸੀ, ਜਿਸ ਨੂੰ ਸੁਣ ਕੇ ਉਹ ਬੇਹੱਦ ਖੁਸ਼ ਹੋਇਆ, ਕਿਉਂਕਿ ਗੁਰੂ ਸਾਹਿਬ ਦੇ ਬਚ ਨਿਕਲਣ ਕਾਰਨ ਚਮਕੌਰ ਦੇ ਯੁੱਧ ਵਿਚ ਉਸਨੂੰ ਨਮੋਸ਼ੀ ਹੱਥ ਲੱਗੀ ਸੀ।

ਬੱਚਿਆਂ ਨੂੰ ਨਵਾਬ ਵਜ਼ੀਰ ਖ਼ਾਨ ਦੀ ਕਚਿਹਰੀ ਵਿਚ ਪੇਸ਼ ਕੀਤਾ ਗਿਆ। ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਕੇਵਲ ਸਾਹਿਬਜ਼ਾਦਿਆਂ ਨੂੰ ਹੀ ਨਵਾਬ ਸਾਹਮਣੇ ਕਿਉਂ ਪੇਸ਼ ਕੀਤਾ ਜਾਂਦਾ ਰਿਹਾ? ਕਿਸੇ ਇਤਿਹਾਸਕ ਸਰੋਤ ਤੋਂ ਇਹ ਗੱਲ ਸਾਹਮਣੇ ਨਹੀਂ ਆਈ ਕਿ ਕਦੇ ਮਾਤਾ ਗੁਜਰੀ ਜੀ ਨੂੰ ਵੀ ਨਵਾਬ ਸਾਹਮਣੇ ਪੇਸ਼ ਕੀਤਾ ਗਿਆ ਹੋਵੇ। ਇੰਝ ਪ੍ਰਤੀਤ ਹੁੰਦਾ ਹੈ ਕਿ ਹਾਕਮ ਇਹ ਸਮਝਦਾ ਹੋਵੇ ਕਿ ਮਾਤਾ ਜੀ ਗੁਰਬਾਣੀ ਅਭਿਆਸ ਅਤੇ ਗੁਰਮਤਿ ਪਰੰਪਰਾ ਅਤੇ ਸੰਸਕਾਰਾਂ ਵਿਚ ਪੂਰਨ ਤੌਰ ਤੇ ਦ੍ਰਿੜ ਹਨ ਅਤੇ ਉਹ ਸੂਖਮ ਤੋਂ ਸੂਖਮ ਗੱਲ ਨੂੰ ਸਮਝਣ ਅਤੇ ਸਮਝਾਉਣ ਵਿਚ ਸਮਰੱਥ ਹਨ, ਉਨ੍ਹਾਂ ਨੂੰ ਝੁਕਾਉਣਾ ਅਤੇ ਇਸਲਾਮ ਦੇ ਘੇਰੇ ਵਿਚ ਲਿਆਉਣਾ ਅਸੰਭਵ ਹੈ। ਦੂਜੇ ਪਾਸੇ ਸਾਹਿਬਜ਼ਾਦੇ ਛੋਟੀ ਉਮਰ ਵਿਚ ਹੋਣ ਕਰਕੇ ਉਨ੍ਹਾਂ ਦਾ ਮਨ ਅਜੇ ਨਵੇਂ ਵਿਚਾਰ ਗ੍ਰਹਿਣ ਕਰਨ ਦੇ ਸਮਰੱਥ ਹੈ ਅਤੇ ਜੇਕਰ ਉਨ੍ਹਾਂ ਨੂੰ ਡਰਾ ਕੇ ਜਾਂ ਲਾਲਚ ਅਧੀਨ ਇਸਲਾਮ ਵੱਲ ਪ੍ਰੇਰਿਆ ਜਾਵੇ ਤਾਂ ਸਫ਼ਲਤਾ ਹੱਥ ਲੱਗ ਸਕਦੀ ਹੈ। ਮੁਸਲਮਾਨ ਹਾਕਮ ਨੂੰ ਸ਼ਾਇਦ ਇਹ ਗੱਲ ਵਧੇਰੇ ਟੂੰਬਦੀ ਹੋਵੇ ਕਿ ਕਿਸੇ ਨੂੰ ਮਾਰਨ ਨਾਲੋਂ ਇਸਲਾਮ ਵਿਚ ਲਿਆਉਣਾ ਵੱਡੀ ਸਫ਼ਲਤਾ ਹੈ। ਅਜਿਹਾ ਹੀ ਯਤਨ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਪਹਿਲਾਂ ਦਿੱਲੀ ਦੇ ਹਾਕਮ ਕਰ ਚੁਕੇ ਸਨ। ਜਦੋਂ ਸਾਹਿਬਜ਼ਾਦਿਆਂ ਨੂੰ ਨਵਾਬ ਦੀ ਕਚਹਿਰੀ ਵਿਚ ਪੇਸ਼ ਕਰਨ ਲਈ ਲਿਜਾਇਆ ਜਾਣ ਲੱਗਾ ਤਾਂ ਮਾਤਾ ਗੁਜਰੀ ਜੀ ਦੀ ਮਾਨਸਿਕ ਅਵਸਥਾ ਦਾ ਜ਼ਿਕਰ ਕਰਦੇ ਹੋਈ ਜੋਗੀ ਅਲ੍ਹਾ ਯਾਰ ਖਾਂ ਲਿਖਦਾ ਹੈ:

ਜਾਨੈ ਸੇ ਪਹਲੇ ਆਉ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਿਆਰੇ ਸਰੋਂ ਪੈ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ।
ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਨਾ ਤੋ ਲੂੰ।
ਰੋ ਰੋ ਕੇ ਮਾਤਾ ਗੁਜਰੀ ਨੇ ਆਰਾਤਸਾ ਕੀਆ।
ਤੀਰੋ ਕਮਾਂ ਸੇ ਤੇਰਾ ਪੈਰਾਸਤਾ ਕੀਆ।20

ਵਜ਼ੀਰ ਖ਼ਾਨ ਦੀ ਕਚਿਹਰੀ ਵਿਚ ਪੇਸ਼ ਕਰਨ ਸਮੇਂ ਅਤੇ ਪੇਸ਼ੀ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਝੁਕਾਉਣ ਦੇ ਕਈ ਯਤਨ ਕੀਤੇ ਗਏ। ਜਿਵੇਂ ਦਰਬਾਰ ਵਿਚ ਪੇਸ਼ ਹੋਣ ਤੋਂ ਪਹਿਲਾਂ ਸਭ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਤਾਂ ਕਿ ਸਾਹਿਬਜ਼ਾਦਿਆਂ ਨੂੰ ਝੁਕ ਕੇ ਅੰਦਰ ਜਾਣਾ ਪਾਵੇ। ਪਰ ਸਾਹਿਬਜ਼ਾਦੇ ਪਹਿਲਾਂ ਪੈਰ ਅੰਦਰ ਕਰਦੇ ਫਿਰ ਸਿਰ। ਇਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਝੁਕਾਉਣ ਦਾ ਇਹ ਤਰੀਕਾ ਨਿਸਫ਼ਲ ਹੋ ਗਿਆ। ਦਰਬਾਰ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿਤੇ ਜਾਂਦੇ, ਪਰ ਉਹ ਅਡੋਲ, ਸ਼ਾਂਤ ਚਿੱਤ ਅਤੇ ਦ੍ਰਿੜਤਾ ਪੂਰਵਕ ਹਰ ਸਵਾਲ ਦਾ ਅਜਿਹਾ ਜੁਆਬ ਦਿੰਦੇ ਕਿ ਸੁਣਨ ਵਾਲੇ ਹੈਰਾਨ ਰਹਿ ਜਾਂਦੇ। ਇਕ ਵਾਰ ਜਦੋਂ “ਨਵਾਬ ਦੇ ਦਰਬਾਰ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਦੁਨਿਆਵੀ ਐਸ਼ੋ-ਇਸ਼ਰਤ ਦੇ ਲਾਲਚ ਦਿੱਤੇ ਗਏ ਤਾਂ ਫਤਹਿ ਸਿੰਘ ਨੇ ਜੁਆਬ ਦਿਤਾ, ‘‘ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਪੁੱਤਰ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਦੇ ਪੋਤੇ ਹਾਂ। ਸਰੀਰਕ ਭੋਗ ਤੇ ਵਿਲਾਸ ਕੁੱਤੇ, ਬਿਲੀਆਂ ਲਈ ਹਨ, ਸਾਡੇ ਲਈ ਤਾਂ ਮੌਤ ਪਵਿਤਰ ਹੈ।”21

ਸਾਹਿਬਜ਼ਾਦਿਆਂ ਨੂੰ ਰੋਜ਼ ਨਵਾਬ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਂਦਾ ਸੀ। ਨਵਾਬ ਕੋਲ ਹਾਜ਼ਰ ਹੋਣ ਤੋਂ ਪਹਿਲਾਂ ਮਾਤਾ ਗੁਜਰੀ ਜੀ ਉਨ੍ਹਾਂ ਨੂੰ ਧਰਮ ਵਿਚ ਪੱਕੇ ਰਹਿਣ ਦੀ ਸਿੱਖਿਆ ਦਿੰਦੇ ਸਨ। ਮਾਤਾ ਜੀ ਦੁਆਰਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਪ੍ਰਤੀ ਪੈਦਾ ਕੀਤੀ ਚੇਤੰਨਤਾ ਸਾਹਿਬਜ਼ਾਦਿਆਂ ਨੂੰ ਸਿੱਖੀ ਆਨ-ਸ਼ਾਨ ਪ੍ਰਤੀ ਦ੍ਰਿੜ ਰਹਿਣ ਲਈ ਪ੍ਰਪੱਕ ਕਰਦੀ ਸੀ। ਮਾਤਾ ਜੀ ਅਕਾਲ ਪੁਰਖ ਦੇ ਹਮੇਸ਼ਾਂ ਅੰਗ-ਸੰਗ ਹੋਣ ਦੀ ਸਿੱਖਿਆ ਦ੍ਰਿੜ ਕਰਾਉਂਦੇ ਸਨ। ਅਕਾਲ ਪੁਰਖ ਦੇ ਜਾਪ ਵਾਲੇ ਗੁਣਾਂ ਨਾਲ ਉਨ੍ਹਾਂ ਦੇ ਮਨ ਵਿਚ “ਨਿਰਭਉ ਜਪੈ ਸਗਲ ਭਉ ਮਿਟੈ” ਦਾ ਗੁਣ ਸੰਚਾਰਿਤ ਸੀ। ਠੰਡ ਦੇ ਦਿਨਾਂ ਵਿਚ ਸਰਦੀ ਦੂਰ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਸੀ ਸਿਵਾਏ ਏਸ ਦੇ ਕਿ ਮਾਤਾ ਗੁਜਰੀ ਸਾਹਿਬਜ਼ਾਦਿਆਂ ਨੂੰ ਬੁੱਕਲ ਵਿਚ ਲੈ ਕੇ ਨਿੱਘ ਪੈਦਾ ਕਰਨ ਦਾ ਯਤਨ ਕਰਦੇ ਅਤੇ ਨਾਲ-ਨਾਲ ਸੂਬੇ ਦੀ ਕਚਹਿਰੀ ਵਿਚ ਹੁੰਦੇ ਵਾਰਤਾਲਾਪ ਬਾਰੇ ਸਾਹਿਬਜ਼ਾਦਿਆਂ ਨੂੰ ਸੱਚ ਦੇ ਹੱਕ ਵਿਚ ਡਟੇ ਰਹਿਣ ਦੀ ਪ੍ਰੇਰਣਾ ਕਰਦੇ ਸਨ। ਇੱਥੇ ਲੰਗਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਅਕਾਲ ਪੁਰਖ ਦੇ ਆਸਰੇ ਹੀ ਅੱਤ ਦੀ ਸਰਦੀ ਵਿਚ ਭੁੱਖੇ ਭਾਣੇ ਸਮਾਂ ਗੁਜ਼ਾਰਨਾ ਪੈ ਰਿਹਾ ਸੀ। ਕਿਹਾ ਜਾਂਦਾ ਹੈ ਕਿ ਸਰਹਿੰਦ ਵਿਖੇ ਮੋਤੀ ਰਾਮ22 ਮਹਿਰਾ ਨਾਂ ਦਾ ਇਕ ਸ਼ਰਧਾਲੂ ਹਕੂਮਤ ਤੋਂ ਲੁਕ-ਛਿਪ ਕੇ ਗੁਰੂ-ਪਰਿਵਾਰ ਦੀ ਦੁੱਧ ਨਾਲ ਸੇਵਾ ਕਰਿਆ ਕਰਦਾ ਸੀ, ਜਿਸ ਦਾ ਹਰਜਾਨਾ ਉਸਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ ਸੀ।

ਚਮਕੌਰ ਦੇ ਯੁੱਧ ਤੋਂ ਵਾਪਸ ਪਰਤਦੇ ਹੋਏ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖ਼ਾਨ ਨਵਾਬ ਵਜ਼ੀਰ ਖ਼ਾਨ ਪਾਸ ਸਰਹਿੰਦ ਆਇਆ ਹੋਇਆ ਸੀ। ਨਵਾਬ ਮਲੇਰਕੋਟਲਾ ਦਾ ਭਰਾ ਨਾਹਰ ਖਾਂ ਅਤੇ ਭਾਣਜਾ ਖ਼ਿਜ਼ਰ ਖਾਂ ਚਮਕੌਰ ਵਿਖੇ ਗੁਰੂ ਜੀ ਵਿਰੁੱਧ ਲੜਦੇ ਹੋਏ ਮਾਰੇ ਗਏ ਸਨ। ਉਸਦੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਸੀ। ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਦੀ ਹਰ ਗੱਲ ਦਾ ਜੁਆਬ ਪੂਰਨ ਦ੍ਰਿੜਤਾ ਅਤੇ ਸਾਹਸ ਨਾਲ ਦੇ ਰਹੇ ਸਨ। ਸਾਹਿਬਜ਼ਾਦਿਆਂ ਨੂੰ ਝੁਕਦਾ ਨਾ ਵੇਖ ਨਵਾਬ ਵਜ਼ੀਰ ਖ਼ਾਨ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਆਪਣੇ ਭਰਾ ਅਤੇ ਭਾਣਜੇ ਦੀ ਮੌਤ ਦਾ ਬਦਲਾ ਲੈਣ ਲਈ ਉਕਸਾਇਆ ਪਰ ਨਵਾਬ ਮਲੇਰਕੋਟਲਾ ਨੇ ਸ਼ੀਰ-ਖੋਰ ਬੱਚਿਆਂ ਨੂੰ ਮਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਉਸਨੂੰ ਇਹ ਅਨਿਆਂਪੂਰਨ ਕਾਰਜ ਲਗਦਾ ਸੀ। ਨਵਾਬ ਮਲੇਰਕੋਟਲਾ ਨੇ ਕਿਹਾ:

ਸ਼ੇਰ ਮੁਹੰਮਦ ਨਹਿ ਗਨੀ ਬੋਲਯੋ ਸੀਸ ਹਿਲਾਇ।
ਹਮ ਮਾਰੈਂ ਸ਼ੀਰ ਖੋਰਿਆਂ ਜਗ ਮੈਂ ਔਜਸ ਆਇ।23

ਸ਼ੇਰ ਮੁਹੰਮਦ ਖ਼ਾਨ ਦੇ ਲਫ਼ਜ਼ਾਂ ਦਾ ਵਿਸਤਾਰ ਕਰਦੇ ਹੋਏ ਜੋਗੀ ਅੱਲਾ ਯਾਰ ਖਾਂ ਲਿਖਦਾ ਹੈ:

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖੁਦਾ ਐਸੇ ਪਾਪ ਸੇ।24

ਸਾਹਿਬਜ਼ਾਦਿਆਂ ਨੂੰ ਝੁਕਦਾ ਨਾ ਵੇਖ ਮੁਗ਼ਲ ਹਕੂਮਤ ਸ਼ਰਮਿੰਦਾ ਹੋ ਰਹੀ ਸੀ। ਉਨ੍ਹਾਂ ਨੂੰ ਝੁਕਾਉਣ ਅਤੇ ਇਸਲਾਮ ਦੇ ਘੇਰੇ ਵਿਚ ਲਿਆਉਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਸਨ। ਇਕ ਵਾਰ ਤਾਂ ਸਾਹਿਬਜ਼ਾਦਿਆਂ ਨੂੰ ਇਥੋਂ ਤੱਕ ਆਖ ਦਿੱਤਾ ਗਿਆ ਕਿ ਉਨ੍ਹਾਂ ਦੇ ਪਿਤਾ ਨੂੰ ਚਮਕੌਰ ਵਿਖੇ ਮਾਰ ਦਿਤਾ ਗਿਆ ਹੈ25, ਹੁਣ ਉਹ ਇਕੱਲੇ ਰਹਿ ਗਏ ਹਨ। ਬੱਚਿਆਂ ਦਾ ਮਨੋਬਲ ਡੇਗਣ ਵਿਚ ਮਾਨਸਿਕ ਪੀੜਾ ਪਹੁੰਚਾਉਣ ਦਾ ਇਹ ਇਕ ਕੋਝਾ ਯਤਨ ਸੀ, ਜੋ ਉਨ੍ਹਾਂ ਨੂੰ ਨਾ ਡੁਲਾ ਸਕਿਆ। ਸਾਹਿਬਜ਼ਾਦਿਆਂ ਨੇ ਦ੍ਰਿੜਤਾ ਪੂਰਵਕ ਜਵਾਬ ਦਿੱਤਾ ਕਿ ਸਾਡੇ ਪਿਤਾ ਨੂੰ ਕੋਈ ਨਹੀਂ ਮਾਰ ਸਕਦਾ।26 ਜਦੋਂ ਸਾਹਿਬਜ਼ਾਦਿਆਂ ਨੂੰ ਵਾਰ-ਵਾਰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਸਪਸ਼ਟ ਇਨਕਾਰ ਕਰਦੇ ਹੋਏ ਸੱਚੇ ਸਿੱਖ ਆਦਰਸ਼ ਦਾ ਵਿਸਤਾਰ ਕਰਦੇ ਹੋਏ ਕਿਹਾ:

ਹਮਰੇ ਬੰਸ ਰੀਤਿ ਇਮ ਆਈ।
ਸੀਸ ਦੇਤਿ ਪਰ ਧਰਮ ਨ ਜਾਈ।27

ਅਖ਼ੀਰ ਕੋਈ ਚਾਰਾ ਚਲਦਾ ਨਾ ਵੇਖ ਕਾਜ਼ੀ ਪਾਸੋਂ ਬੱਚਿਆਂ ਨੂੰ ਸ਼ਹੀਦ ਕਰਨ ਲਈ ਫ਼ਤਵਾ ਮੰਗਿਆ ਤਾਂ ਕਾਜ਼ੀ ਨੇ ਇਹ ਆਖ ਕੇ ਫ਼ਤਵਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਸਲਾਮ ਵਿਚ ਸ਼ੀਰ ਖੋਰ ਬੱਚਿਆਂ ਨੂੰ ਮਾਰਨਾ ਸਹੀ ਨਹੀਂ ਹੈ। ਕੋਲ ਖੜੇ ਸੁੱਚਾਨੰਦ ਨੇ ਕਿਹਾ ਕਿ ਇਹ ਸੱਪ ਦੇ ਬੱਚੇ ਹਨ, ਇਨ੍ਹਾਂ ਨੂੰ ਇੱਥੇ ਹੀ ਕੁਚਲ ਦੇਣਾ ਚਾਹੀਦਾ ਹੈ। ਜਿਸ ਕਾਰਜ ਲਈ ਸ਼ੇਰ ਮੁਹੰਮਦ ਖ਼ਾਨ ਨੇ ਜੁਆਬ ਦੇ ਦਿੱਤਾ, ਕਾਜ਼ੀ ਨੇ ਇਨਕਾਰ ਕਰ ਦਿੱਤਾ, ਉਸ ਨੂੰ ਸੁੱਚਾਨੰਦ ਨੇ ਨੇਪਰੇ ਚਾੜ੍ਹਨ ਦਾ ਯਤਨ ਕੀਤਾ ਜਿਸ ਵਿਚ ਉਹ ਸਫ਼ਲ ਹੋ ਗਿਆ। ਸੁੱਚਾਨੰਦ ਦੇ ਉਕਸਾਉਣ ਤੇ ਨਵਾਬ ਨੇ ਬੱਚਿਆਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਜੇ ਤੁਹਾਨੂੰ ਆਜ਼ਾਦ ਕਰ ਦੇਈਏ ਤਾਂ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਜਾਵਬ ਦਿੱਤਾ, “ ਅਸੀਂ ਆਪਣੇ ਸਿੱਖਾਂ ਨੂੰ ਇਕੱਠੇ ਕਰਕੇ ਉਨ੍ਹਾਂ ਨੂੰ ਸ਼ਸਤਰਾਂ ਨਾਲ ਸਨਦ ਬਧ ਕਰਾਂਗੇ, ਤੁਹਾਡੇ ਨਾਲ ਲੜਾਈ ਕਰਕੇ ਤੁਹਾਨੂੰ ਖਤਮ ਕਰਾਂਗੇ।” ਗਵਰਨਰ ਨੇ ਆਖਿਆ – ਜੇ ਤੁਹਾਨੂੰ ਲੜਾਈ ਵਿਚ ਹਾਰ ਹੋ ਜਾਏ, ਫੇਰ ਤੁਸੀਂ ਕੀ ਕਰੋਗੇ? ਗੁਰੂ ਪੁੱਤਰਾਂ ਨੇ ਫੇਰ ਉਤਰ ਦਿੱਤਾ “ਅਸੀਂ ਫੇਰ ਫ਼ੌਜਾਂ ਇਕਤਰ ਕਰਕੇ ਜੰਗ ਕਰਾਂਗੇ। ਜਾਂ ਤੁਹਾਨੂੰ ਮਾਰ ਕੇ ਸਾਹ ਲਵਾਂਗੇ ਜਾਂ ਆਪ ਲੜ ਕੇ ਸ਼ਹੀਦ ਹੋ ਜਾਵਾਂਗੇ।”28 ਇਹ ਸਾਹਿਬਜ਼ਾਦਿਆਂ ਦੇ ਮਨ ਵਿਚ ਮਾਤਾ ਗੁਜਰੀ ਜੀ ਦੁਆਰਾ ਸੰਚਾਰਿਤ ਜੋਸ਼, ਨਿਰਭੈਤਾ ਅਤੇ ਚੜ੍ਹਦੀਕਲਾ ਦਾ ਪ੍ਰਗਟਾਵਾ ਸੀ ਜਿਸ ਨੇ ਭਰੀ ਕਚਹਿਰੀ ਵਿਚ ਮੁਗ਼ਲ ਸਰਦਾਰਾਂ ਨੂੰ ਤਰਕਹੀਨ, ਉਤੇਜਤ, ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਸੀ।

ਸੁੱਚਾ ਨੰਦ ਆਪਣੀ ਚਾਲ ਵਿਚ ਸਫ਼ਲ ਰਿਹਾ ਅਤੇ ਨਵਾਬ ਵਜ਼ੀਰ ਖ਼ਾਨ ਨੇ ਬੱਚਿਆਂ ਲਈ ਮੌਤ ਦਾ ਫ਼ਤਵਾ ਇਹ ਕਹਿ ਕੇ ਕਾਜ਼ੀ ਤੋਂ ਹਾਸਲ ਕਰ ਲਿਆ ਕਿ ਇਹ ਸ਼ੀਰ ਖੋਰ ਬੱਚੇ ਹਕੂਮਤ ਦੇ ਬਾਗ਼ੀ ਹਨ ਅਤੇ ਇਨ੍ਹਾਂ ਲਈ ਮੌਤ ਦੀ ਸਜ਼ਾ ਹੀ ਵਾਜਬ ਹੈ। ਜਦੋਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਇਕ ਪਾਸੇ ਬੱਚਿਆਂ ਨੂੰ ਮਾਰ ਦੇਣ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਅਤੇ ਦੂਜੇ ਪਾਸੇ ਇਸ ਅਮਲ ਨੂੰ ਰੁਕਵਾਉਣ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ ਜਿਸ ਦੇ ਕੁਝ ਅੰਸ਼ ਇੱਥੇ ਦਰਸਾਏ ਜਾ ਰਹੇ ਹਨ:

ਜਾਨ ਕੁਰਬਾਨ ਕਰਨ ਵਾਲੇ ਇਸ ਸ਼ੁਭ ਚਿੰਤਕ ਦੇ ਦਿਮਾਗ ਵਿਚ ਇਹ ਖਿਆਲ ਆ ਰਿਹਾ ਹੈ ਕਿ ਇਹ ਗੱਲ ਬਾਦਸ਼ਾਹਤ ਤੇ ਜ਼ਰੂਰੀ ਨਿਯਮਾਂ ਦੇ ਅਨੁਕੂਲ ਨਹੀਂ ਹੈ ਕਿ ਸਾਰੀ ਕੌਮ ਦੀ ਸਰਕਸ਼ੀ ਤੇ ਨਾਫ਼ਰਮਾਨੀ ਦਾ ਬਦਲਾ ਦੋ ਨਿਆਣੇ ਬੱਚਿਆਂ ਤੋਂ ਲਿਆ ਜਾਵੇ ਜਿਹੜੇ ਨਿਆਣੀ ਉਮਰ ਦੇ ਹੋਣ ਸਦਕਾ ਹਰ ਤਰ੍ਹਾਂ ਨਾਲ ਮਾਸੂਮ ਹਨ ਅਤੇ ਮੁਕਾਬਲੇ ਦੀ ਤਾਬ ਝੱਲਣੋਂ ਅਸਮਰਥ ਹਨ। ਇਹੋ ਜਿਹੀ ਕਾਰਵਾਈ ਪ੍ਰਤੱਖ ਤੌਰ ਤੇ ਸ਼ਰ੍ਹਾ ਦੇ ਅਸੂਲਾਂ ਦੇ ਉਲਟ ਤੇ ਇਸਲਾਮ ਦੇ ਮੋਢੀ ਹਜ਼ਰਤ ਮੁਹੰਮਦ ਸਾਹਿਬ ਦੇ ਨਿਯਮਾਂ ਦੇ ਖਿਲਾਫ਼ ਵਿਖਾਈ ਦਿੰਦੀ ਹੈ।… ਜੇ ਬਾਦਸ਼ਾਹੀ ਖ਼ਿਆਲ ਵਿਚ ਹਕੂਮਤ ਦੀ ਬਿਹਤਰੀ ਇਸੇ ਗੱਲ ਵਿੱਚ ਹੈ ਕਿ ਗੁਰੂ ਗੋਬਿੰਦ ਸਿੰੰਘ ਦੇ ਬੇਟਿਆਂ ਨੂੰ ਸ਼ਹਾਦਤ ਕਰਨ ਤੋਂ ਰੋਕਿਆ ਜਾਵੇ ਤਾਂ ਇਹ ਚੰਗਾ ਹੋਵੇਗਾ ਕਿ ਉਨ੍ਹਾਂ ਨੂੰ ਦਿੱਲੀ ਰਾਜਧਾਨੀ ਵਿਚ ਡੱਕ ਦਿੱਤਾ ਜਾਵੇ, ਤਾ ਕਿ ਉਹ ਸੁਧਰ ਜਾਣ ਤੇ ਤਾਬੇਦਾਰ ਬਣ ਜਾਣ ਜਾਂ ਉਨ੍ਹਾਂ ਨੂੰ ਜਾਨ ਕੁਰਬਾਨ ਕਰਨ ਵਾਲੇ ਇਸ ਸੇਵਕ ਦੇ ਸਪੁਰਦ ਕਰ ਦਿੱਤਾ ਜਾਵੇ, ਤਾ ਕਿ ਉਹ ਹਰ ਪ੍ਰਕਾਰ ਨਾਲ ਉਨ੍ਹਾਂ ਦੀ ਕਾਰਵਾਈ ਤੇ ਨਿਗਾਹ ਰੱਖੇ ਅਤੇ ਉਨ੍ਹਾਂ ਦੇ ਦਿਮਾਗਾਂ ਵਿਚ ਬਗ਼ਾਵਤ ਦਾ ਖਿਆਲ ਨਾ ਆਉਣ ਦੇਵੇ।29

ਇਸ ਚਿੱਠੀ ਉਤੇ ਬਾਦਸ਼ਾਹ ਨੇ ਕੀ ਫੈਸਲਾ ਕੀਤਾ, ਇਸ ਬਾਰੇ ਤਾਂ ਕੁਝ ਪਤਾ ਨਹੀਂ ਲਗਦਾ ਪਰ ਨਵਾਬ ਵਜ਼ੀਰ ਖ਼ਾਨ ਨੇ ਕਾਜ਼ੀ ਤੋਂ ਲਏ ਫ਼ਤਵੇ ਅਨੁਸਾਰ ਬੱਚਿਆਂ ਨੂੰ ਨੀਹਾਂ ਵਿਚ ਚਿਣਨ ਦਾ ਹੁਕਮ ਸੁਣਾ ਦਿੱਤਾ। ਬੱਚਿਆਂ ਨੂੰ ਨੀਹਾਂ ਵਿਚ ਚਿਣਨ ਦੀ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਦੀਵਾਰ ਬੱਚਿਆਂ ਦੇ ਲੱਕ ਤੱਕ ਆਈ ਤਾਂ ਉਨ੍ਹਾਂ ਨੂੰ ਵਾਰ-ਵਾਰ ਕਿਹਾ ਗਿਆ ਕਿ ਜੇਕਰ ਇਸਲਾਮ ਕਬੂਲ ਕਰ ਲਉ ਤਾਂ ਜਾਨ ਬਖ਼ਸ਼ੀ ਹੋ ਸਕਦੀ ਹੈ। ਬੱਚਿਆਂ ਨੇ ਆਪਣੇ ਦਾਦੇ ਗੁਰੂ ਤੇਗ਼ ਬਹਾਦਰ ਜੀ ਵਾਂਗ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਅਣਖ ਤੇ ਸਵੈਮਾਨ ਦੇ ਮਾਰਗ ਤੇ ਚੱਲਣ ਨੂੰ ਤਰਜੀਹ ਦਿੰਦੇ ਹੋਏ ਮੌਤ ਕਬੂਲ ਕਰਨ ਦੇ ਇਰਾਦੇ ਨਾਲ ਹਕੂਮਤ ਦੀ ਪੇਸ਼ਕਸ਼ ਰੱਦ ਕਰ ਦਿੱਤੀ। ਜਦੋਂ ਦੀਵਾਰ ਬੱਚਿਆਂ ਦੀ ਗਰਦਨ ਤੱਕ ਆਈ ਤਾਂ ਉਹ ਬੇਹੋਸ਼ ਹੋ ਕੇ ਡਿਗ ਪਏ ਅਤੇ ਕੰਧ ਢਹਿ ਗਈ। ਪਰੰਪਰਾ ਵਿਚ ਇਹ ਗੱਲ ਪ੍ਰਪੱਕ ਹੋ ਗਈ ਕਿ ਬੱਚਿਆਂ ਨੇ ਨੀਹਾਂ ਵਿਚ ਹੀ ਸ਼ਹੀਦੀ ਪਾਈ ਹੈ ਪਰ ਕੁੱਝ ਇਤਿਹਾਸਿਕ ਖੋਜਾਂ ਦੱਸਦੀਆਂ ਹਨ ਕਿ ਨੀਹਾਂ ਵਿਚ ਹੀ “ਸਾਹਿਬਜ਼ਾਦਿਆਂ ਦੇ ਸੁਆਸ ਦੇਣ ਵਾਲੀ ਗੱਲ ਪਿਛੋਂ ਦੀ ਬਣੀ ਹੋਈ ਹੈ ਅਤੇ ਇਸ ਦਾ ਪਹਿਲੀ ਵਾਰੀ ਜ਼ਿਕਰ ਪਟਿਆਲਾ ਦੇ ਵੀਰ ਸਿੰਘ ਨੇ 1827 ਈ. ਵਿਚ ਆਪਣੀ ਪੁਸਤਕ ‘ਸਿੰਘ ਸਾਗਰ’ ਵਿਚ ਕੀਤਾ ਸੀ।”30

ਕਿਹਾ ਜਾਂਦਾ ਹੈ ਕਿ ਜਦੋਂ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿਗ ਪਏ ਤਾਂ ਰਾਤ ਸਮੇਂ ਉਨ੍ਹਾਂ ਨੂੰ ਫਿਰ ਮਾਤਾ ਗੁਜਰੀ ਜੀ ਕੋਲ ਭੇਜ ਦਿੱਤਾ ਅਤੇ ਹੋਸ਼ ਆਉਣ ਤੇ ਉਨ੍ਹਾਂ ਸਾਰੀ ਵਾਰਤਾ ਮਾਤਾ ਜੀ ਨੂੰ ਸੁਣਾਈ। ਮਾਤਾ ਜੀ ਨੇ ਬੱਚਿਆਂ ਨੂੰ ਗਲ ਨਾਲ ਲਾਇਆ ਅਤੇ ਆਪਣੇ ਵਡੇਰਿਆਂ ਦੇ ਮਾਰਗ ਤੇ ਪ੍ਰਪੱਕ ਰਹਿਣ ਦੀ ਪ੍ਰੇਰਣਾ ਦਿੱਤੀ। ਬੱਚਿਆਂ ਨੂੰ ਅਗਲੇ ਦਿਨ ਫਿਰ ਨਵਾਬ ਵਜ਼ੀਰ ਖ਼ਾਨ ਦੀ ਕਚਹਿਰੀ ਵਿਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਦੁਆਰਾ ਇਨਕਾਰ ਕਰਨ ਤੇ ਉਨ੍ਹਾਂ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਬੱਚਿਆਂ ਨੂੰ ਜ਼ਿਬਹ ਕਰਕੇ ਸ਼ਹੀਦ ਕਰਨ ਦਾ ਕੰਮ ਦੋ ਜਲਾਦਾਂ ਸਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਕੀਤਾ ਸੀ ਜੋ “ਕਿਸੇ ਮੁਕੱਦਮੇ ਵਿਚ ਫਸੇ ਹੋਏ ਸਨ। ਉਨ੍ਹਾਂ ਉਠ ਕੇ ਅਰਜ਼ ਕੀਤੀ, ਸਰਕਾਰ! ਜੇਕਰ ਸਾਡਾ ਜੁਰਮ ਮਾਫ਼ ਕਰ ਦਿੱਤਾ ਜਾਵੇ ਤਾਂ ਅਸੀਂ ਇਹ ਕੰਮ ਕਰਨ ਵਾਸਤੇ ਤਿਆਰ ਹਾਂ। ਉਨ੍ਹਾਂ ਦੀ ਇਹ ਬੇਨਤੀ ਮੰਨ ਲਈ ਗਈ।”31 ਸਾਹਿਬਜ਼ਾਦਿਆਂ ਨੂੰ ਜ਼ਿਬਾਹ ਕਰਕੇ ਸ਼ਹੀਦ ਕਰਨ ਦੇ ਪ੍ਰਸੰਗ ਵੱਖ-ਵੱਖ ਇਤਿਹਾਸਕ ਸਰੋਤਾਂ ਚੋਂ ਮਿਲ ਜਾਂਦੇ ਹਨ।32 ਮਾਤਾ ਗੁਜਰੀ ਜੀ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਗੁਰਪੁਰੀ ਜਾ ਬਿਰਾਜੇ।

ਗੁਰੂ ਗੋਬਿੰਦ ਸਿੰਘ ਜੀ ਚਮਕੌਰ ਤੋਂ ਨਿਕਲ ਕੇ ਲੰਮੇ ਜੱਟਪੁਰੇ ਜਾਂ ਪਹੁੰਚੇ, ਜਿੱਥੇ ਉਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਿਲੀ। ਲੰਮੇ ਜੱਟਪੁਰੇ ਗੁਰੂ ਜੀ ਨੂੰ ਮਿਲਣ ਲਈ ਰਾਇਕੋਟ ਦਾ ਰਾਇ ਕੱਲਾ ਵੀ ਆਇਆ ਹੋਇਆ ਸੀ। ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਕਿਸੇ ਨੇ ਆ ਸੁਣਾਈ ਤਾਂ ਇਸ ਘਟਨਾ ਦੀ ਵਿਸਤ੍ਰਿਤ ਜਾਣਕਾਰੀ ਹਾਸਲ ਕਰਨ ਲਈ ਗੁਰੂ ਜੀ ਦੀ ਆਗਿਆ ਨਾਲ ਰਾਇ ਕੱਲੇ੍ਹ ਨੇ ਆਪਣੇ ਇਕ ਖਾਸ ਆਦਮੀ ਨੂਰਾ ਮਾਹੀ ਨੂੰ ਘੋੜਾ ਦੇ ਕੇ ਸਰਹਿੰਦ ਭੇਜਿਆ। ਇਸ ਨੇ ਦੀਵਾਨ ਟੋਡਰ ਮੱਲ33 ਨਾਲ ਮੁਲਾਕਾਤ ਕੀਤੀ, ਜਿਸਨੇ ਗੁਰੂ ਸਾਹਿਬ ਦੀ ਮਾਤਾ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਬਹੁਤ ਮਹਿੰਗੇ ਭਾਅ ਜ਼ਮੀਨ ਖਰੀਦ ਕੇ ਕੀਤਾ ਸੀ। ਉਸ ਪਾਸੋਂ ਜਾਣਕਾਰੀ ਹਾਸਲ ਕਰਕੇ ਨੂਰਾ ਵਾਪਸ ਲੰਮੇ ਜੱਟਪੁਰੇ ਗੁਰੂ ਜੀ ਕੋਲ ਪਹੁੰਚਿਆ ਅਤੇ ਸਾਰੀ ਗੱਲ ਵਿਸਥਾਰ ਸਹਿਤ ਦੱਸਦੇ ਹੋਏ ਕਿਹਾ, “ਮੁਰੰਡੇ ਵਾਲਿਆਂ ਮਾਤਾ ਜੀ ਦੇ ਦੂੰਹ ਸਾਹਿਬਜ਼ਾਦਿਆਂ ਕੋ ਠੰਡੇ ਬੁਰਜ ਮੇਂ ਬੰਦ ਕਰ ਕੇ ਦੁਹਾਂ ਸਾਹਿਬਜ਼ਾਦਿਆਂ ਕੋ ਦੀਵਾਨ ਸੁੱਚਾ ਨੰਦ ਦੇ ਹਵਾਲੇ ਕਰ ਦੀਆ। ਇਨ ਸਾਹਿਬਜ਼ਾਦਿਆਂ ਕੋ ਚਾਰ ਦਿਹੁੰ ਘਨਾ ਕਸ਼ਟ ਦੇ ਕੇ ਪਾਂਚਮੇ ਦਿਨ ਪੋਖ ਮਾਸੇ ਤੇਰਾਂ, ਸੋਮਵਾਰ ਕੇ ਦਿਵਸ ਸੂਬਾ ਸਰਹੰਦ ਦੇ ਹੁਕਮ ਸੇ ਨੀਹਾਂ ਮੇਂ ਚਿਨ ਕੇ ਸ਼ਹੀਦ ਕਰ ਦੀਆ।”34

Supreme Sacrifice of Guru Gobind Singh Four Sonsਨੂਰੇ ਮਾਹੀ ਦੁਆਰਾ ਸੁਣਾਈ ਇਹ ਘਟਨਾ ਹਾਜ਼ਰ ਸੰਗਤ ਲਈ ਬਹੁਤ ਦੁਖਦਾਈ ਸੀ। ਗੁਰੂ ਜੀ ਨੇ ਕਿਹਾ ‘ਨਹੀਂ ਨਹੀਂ ਮੇਰੇ ਪੁੱਤਰ ਮਰੇ ਨਹੀਂ, ਉਨ੍ਹਾਂ ਨੇ ਆਪਣੇ ਧਰਮ ਦਾ ਸੌਦਾ ਨਹੀਂ ਕੀਤਾ। ਉਹ ਸਦਾ ਸੁਰਜੀਤ ਹਨ। ਇਹ ਸਰਹੰਦ ਹੀ ਹੈ ਜਿਸਨੂੰ ਮਰਨਾ ਪਵੇਗਾ’। ਇਹ ਕਹਿ ਕੇ ਉਨ੍ਹਾਂ ਨੇ ਆਪਣੇ ਤੀਰ ਨਾਲ ਇਕ ਝਾੜੀ ਨੂੰ ਉਖਾੜ ਦਿੱਤਾ ਅਤੇ ਕਿਹਾ, ਵੈਰੀ ਨੂੰ ਇਸ ਤਰ੍ਹਾਂ ਜੜ੍ਹ ਤੋਂ ਪੁੱਟ ਦਿੱਤਾ ਜਾਵੇਗਾ।”35  ਦੀਨੇ ਕਾਂਗੜ ਵਿਖੇ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਇਕ ਚਿੱਠੀ ਲਿਖੀ, ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਗੁਰੂ ਜੀ ਦੀ ਇਹ ਚਿੱਠੀ ਲੈ ਕੇ ਦੱਖਣ ਵਿਚ ਬਾਦਸ਼ਾਹ ਔਰੰਗਜ਼ੇਬ ਵੱਲ ਗਏ। ਬਾਦਸ਼ਾਹ ਨੂੰ ਲਿਖੀ ਇਸ ਚਿੱਠੀ ਵਿਚ ਗੁਰੂ ਜੀ ਨੇ ਚਾਰ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਹੈ:

ਚਿਹਾ ਸ਼ੂਦ ਕਿ ਚੂੰ ਬੱਚਗ਼ਾਂ ਕੁਸ਼ਤਹ ਚਾਰ।
ਕਿ ਬਾਕੀ ਬਿਮਾਂਦਾ ਸਤ ਪੇਚੀਦਹ ਮਾਰ।36

ਧਰਮ ਅਤੇ ਨੈਤਿਕਤਾ ਦਾ ਮਾਰਗ ਦਰਸ਼ਨ ਕਰਨ ਵਾਲਾ ਇਹ ਪੱਤਰ ਸਾਹਿਬਜ਼ਾਦਿਆਂ ਨੂੰ ਧਰਮ ਦੀ ਰਾਖੀ ਲਈ ਸ਼ਹੀਦ ਹੋਣਾ ਪ੍ਰਵਾਨ ਕਰਦਾ ਹੈ। ਧਰਮ ਦਾ ਜੋ ਮਾਰਗ ਵੱਡੇ-ਵਡੇਰਿਆਂ ਨੇ ਦਿਖਾਇਆ ਸੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਜਿੱਥੇ ਧਰਮ ਦੇ ਮਾਰਗ ਦਾ ਸਿਰ ਉੱਚਾ ਕੀਤਾ, ਉੱਥੇ ਮਾਰਗ ਤੇ ਚੱਲਣ ਦਾ ਪ੍ਰਣ ਕਰਨ ਵਾਲਿਆਂ ਲਈ ਪ੍ਰੇਰਣਾ ਵੀ ਉਜਾਗਰ ਕੀਤੀ। ਦੀਨੇ ਕਾਂਗੜ ਤੋਂ ਮੁਕਤਸਰ ਹੁੰਦੇ ਹੋਏ ਗੁਰੂ ਜੀ ਤਲਵੰਡੀ ਪਹੁੰਚੇ ਤਾਂ ਦੂਰੋਂ-ਨੇੜਿਉਂ ਸਿੱਖ ਸੰਗਤ ਹੰੁਮ-ਹੰਮਾ ਕੇ ਪਹੁੰਚਣ ਲੱਗੀਆਂ। ਇੱਥੇ ਹੀ ਫੂਲ ਪਿੰਡ ਦੇ ਚੌਧਰੀ ਰਾਮਾ ਤੇ ਤਿਲੋਕਾ ਗੁਰੂ ਜੀ ਦੇ ਦਰਸ਼ਨ ਕਰਨ ਆਏ ਅਤੇ ਚਮਕੌਰ ਦਾ ਹਾਲ ਦੱਸਦੇ ਹੋਏ ਕਿਹਾ, “ਅਸਾਂ ਤੀਜੇ ਦਿਹੁੰ ਚੌਧਰੀ ਬੁਧੀ ਚੰਦ ਕੋ ਗੈਲ ਲੈ ਕੇ ਦੂੰਹਾਂ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੱਖਾਂ ਕੀਆਂ ਲਾਸ਼ਾਂ ਇਕੱਤਰ ਕਰਕੇ ਸਸਕਾਰ ਕਰ ਦੀਆ ਸੀ।”37 ਭਾਈ ਮਨੀ ਸਿੰਘ ਜੀ ਨਾਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਦਮਦਮੇ ਗੁਰੂ ਦਰਸ਼ਨਾਂ ਨੂੰ ਆਈਆਂ ਤਾਂ ਸਾਹਿਬਜ਼ਾਦਿਆਂ ਬਾਰੇ ਪੁਛਿਆ। ਗੁਰੂ ਜੀ ਨੇ ਮਾਤਾਵਾਂ ਨੂੰ ਧਰਵਾਸ ਦਿੰਦੇ ਹੋਏ ਕਿਹਾ:

ਇਨ ਸਿਖਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ।38

ਤਲਵੰਡੀ ਸਾਬੋ ਤੋਂ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਚਲੇ ਗਏ, ਜਿੱਥੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਸਿੰਘ ਸਜਾ ਕੇ ਖ਼ਾਲਸਾ ਜਥੇਬੰਦੀ ਦਾ ਆਗੂ ਥਾਪ ਕੇ ਜ਼ੁਲਮ ਦਾ ਨਾਸ਼ ਕਰਨ ਲਈ ਪੰਜਾਬ ਵੱਲ ਭੇਜਿਆ ਸੀ। ਗੁਰੂ ਜੀ ਦੇ ਅਸ਼ੀਰਵਾਦ ਸਦਕਾ ਉਸਨੇ ਛੇਤੀ ਹੀ ਖ਼ਾਲਸਾ ਫ਼ੌਜਾਂ ਤਿਆਰ ਕਰਕੇ ਸਮਾਣਾ ਅਤੇ ਸਢੌਰਾ ਵਿਖੇ ਜ਼ਾਲਮਾਂ ਨੂੰ ਸੋਧ ਕੇ ਜਦੋਂ ਸਰਹਿੰਦ ਵੱਲ ਵਧਿਆ ਤਾਂ ਸਿੱਖਾਂ ਨੇ ਭਰਪੂਰ ਹੁੰਗਾਰੇ ਨਾਲ ਉਸਦਾ ਸਾਥ ਦਿੱਤਾ ਸੀ। ਸਰਹਿੰਦ ਦੇ ਯੁੱਧ ਵਿਚ ਸ਼ਾਮਲ ਹੋਣਾ ਸਿੱਖ ਆਪਣਾ ਧਾਰਮਿਕ ਫਰਜ਼ ਸਮਝ ਰਹੇ ਸਨ ਕਿਉਂਕਿ ਇੱਥੋਂ ਦੇ ਨਵਾਬ ਨੇ ਇਸੇ ਸਥਾਨ ਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਜਿਸ-ਜਿਸ ਜ਼ਾਲਮ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਿਚ ਭੂਮਿਕਾ ਨਿਭਾਈ ਸੀ, ਉਸ ਨੂੰ ਚੁਣ-ਚੁਣ ਕੇ ਮਾਰਿਆ ਗਿਆ। ਜ਼ੁਲਮ ਦੇ ਇਸ ਯੁੱਧ ਵਿਚ ਨਿਸ਼ਾਨਾ ਜ਼ਾਲਮ ਨੂੰ ਸੋਧਣ ਦਾ ਸੀ, ਹਿੰਦੂ-ਮੁਸਲਮਾਨ ਦਾ ਨਹੀਂ ਸੀ।

ਇਸ ਲਈ ਵਜ਼ੀਰ ਖ਼ਾਨ ਅਤੇ ਸੁੱਚਾ ਨੰਦ ਨੂੰ ਇਕੋ ਜਿਹੇ ਦਿਨ ਦੇਖਣ ਲਈ ਮਜ਼ਬੂਰ ਹੋਣਾ ਪਿਆ ਸੀ। ਡਾ. ਗੰਡਾ ਸਿੰਘ, ਮੁਹੰਮਦ ਕਾਸਿਮ ਦੀ ਕ੍ਰਿਤ ਇਬਰਤਨਾਮੇ ਦੇ ਹਵਾਲੇ ਨਾਲ, ਲਿਖਦੇ ਹਨ ਕਿ, “ਖਾਸ ਕਰਕੇ ਵਜ਼ੀਰ ਖ਼ਾਨ ਦੇ ਪੇਸ਼ਕਾਰ ਸੁੱਚਾ ਨੰਦ ਦੀ ਹਵੇਲੀ ਅਤੇ ਮਾਲ ਦੌਲਤ ਜਿਵੇਂ ਇਸੇ ਦਿਨ ਲਈ ਹੀ ਬਣੇ ਅਤੇ ਜਮਾਂ ਕੀਤੇ ਹੋਏ ਸਨ ਕਿ ਸੁਰਗਾਂ ਵਰਗੇ ਮਹੱਲ ਕਾਵਾਂ ਦੇ ਅੱਡੇ ਬਣਨ। ਧੰਨ ਹੈ ਉਹ ਰੱਬ ਕਿ ਜਿਸ ਸੱਚੇ ਅਦਾਲਤੀ ਦੀ ਦਰਗਾਹ ਵਿਚੋਂ ਬਲ ਲੈ ਕੇ ਨਿਰਬਲ ਕੀੜੀ ਮਨੁੱਖਾਂ ਦੇ ਦੋਖੀ ਸੱਪ ਨੂੰ ਇਕ ਨਿੱਕਾ ਜਿਹਾ ਕਮਜ਼ੋਰ ਮੱਛਰ ਖੂੰਖਾਰ ਹਾਥੀ ਨੂੰ ਮਾਰ ਦੇਣ ਦਾ ਕਾਰਣ ਬਣ ਜਾਂਦੇ ਹਨ। ਮੈਂ ਆਲੇ ਦੁਆਲੇ ਦੇ ਭਰੋਸੇ ਯੋਗ ਲੋਕਾਂ ਤੋਂ ਸੁਣਿਆ ਹੈ ਕਿ ਸ਼ਹੀਦ (ਨਵਾਬ ਵਜ਼ੀਰ) ਖ਼ਾਨ ਦੀ ਹਕੂਮਤ ਦੇ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈਂ (ਸੁੱਚਾ ਨੰਦ) ਨੇ ਗਰੀਬਾਂ ਉਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ ਕਿ ਜਿਸ ਦਾ ਫ਼ਲ ਇਸ ਨੂੰ ਪ੍ਰਾਪਤ ਹੋਇਆ।”39

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਜ਼ੁਲਮ ਖਿਲਾਫ ਲੜ੍ਹਨ ਵਾਲਿਆਂ ਦੇ ਮਨਾਂ ਵਿਚ ਇਕ ਨਵੀਂ ਰੂਹ ਫੂਕ ਦਿਤੀ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਚਾਰ ਸਾਲਾ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਸੀ। ਇੰਨ੍ਹਾ ਸ਼ਹਾਦਤਾਂ ਨੇ ਜ਼ੁਲਮ ਖਿਲਾਫ਼ ਜੂਝਣ ਵਾਲੇ ਸਿੰਘਾਂ ਦੀਆਂ ਸਿੰਘਣੀਆਂ ਦੇ ਮਨ ਵਿਚ ਧਰਮ ਪ੍ਰਤੀ ਇੰਨੀ ਦ੍ਰਿੜਤਾ ਪ੍ਰਦਾਨ ਕਰ ਦਿੱਤੀ ਸੀ ਕਿ ਸਮਾਂ ਆਉਣ ਤੇ ਉਹ ਆਪਣੇ ਛੋਟੇ-ਛੋਟੇ ਦੁੱਧ ਚੁੰਘਦੇ ਬੱਚਿਆਂ ਨੂੰ ਜ਼ਾਲਮਾਂ ਦੁਆਰਾ ਸ਼ਹੀਦ ਕਰਨ ਤੇ ਉਨ੍ਹਾਂ ਨੂੰ ਝੋਲੀ ਪਾਉਣ ਵਿਚ ਸਮਰੱਥ ਹੋ ਸਕੀਆਂ ਸਨ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਕਈ ਨਵੇਂ ਕੀਰਤੀਮਾਨ ਸਥਾਪਤ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ‘ਪਹਿਲਾ ਮਰਣੁ ਕਬੂਲਿ’ ਦੀ ਆਵਾਜ਼ ਬੁਲੰਦ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਇਕਸੁਰਤਾ ਕਾਇਮ ਕੀਤੀ ਸੀ।

ਜਬਰੀ ਧਰਮ ਪਰਿਵਰਤਨ ਦੇ ਵਿਰੋਧ ਵਿਚ ਦਾਦੇ ਗੁਰੂ ਤੇਗ਼ ਬਹਾਦਰ ਦੁਆਰਾ ਆਪਣੀਆਂ ਧਾਰਮਕ ਕਦਰਾਂ-ਕੀਮਤਾਂ ਦੀ ਰਾਖੀ ਲਈ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ ਸੀ। ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਬਰ ’ਤੇ ਜ਼ੁਲਮ ਖਿਲਾਫ਼ ਪੈਦਾ ਕੀਤੀ ਲਲਕਾਰ ਦੇ ਪਦ-ਚਿੰਨ੍ਹਾਂ ਤੇ ਚਲਦੇ ਹੋਏ ਸਾਹਿਬਜ਼ਾਦਿਆਂ ਨੇ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਵਿਰੋਧਾਤਮਕ ਫ਼ਾਸਲਾ ਖ਼ਤਮ ਕਰ ਦਿੱਤਾ ਸੀ। ਸ਼ਹਾਦਤਾਂ ਨੇ ਸਾਹਿਬਜ਼ਾਦਿਆਂ ਅੰਦਰ ਛੁਪੇ ਹੋਏ ਪ੍ਰਭੂ-ਬੰਦਗੀ, ਧਰਮ-ਪ੍ਰੇਮ, ਜੁਝਾਰੂ ਜਰਨੈਲ, ਸਿਦਕੀ-ਸਿੰਘ, ਅਣਖੀ ਯੋਧੇ ਆਦਿ ਗੁਣਾਂ ਨੂੰ ਉਜਾਗਰ ਕੀਤਾ ਜੋ ਕਿ ਗੁਰੂ ਪਰੰਪਰਾ ਦੀਆਂ ਕਥਾਵਾਂ ਸੁਣਾ-ਸੁਣਾ ਕੇ ਦਾਦੀ ਮਾਤਾ ਗੂਜਰੀ ਜੀ ਨੇ ਸੰਚਾਰਿਤ ਕੀਤੇ ਸਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸ਼ਖਸੀਅਤ ਜਿੱਥੇ ਨੌਜਵਾਨ ਪੀੜ੍ਹੀ ਨੂੰ ਧਰਮ ਪ੍ਰਤੀ ਦ੍ਰਿੜਤਾ ਅਤੇ ਵਚਨਬੱਧਤਾ ਦਾ ਪ੍ਰਗਟਾਵਾ ਕਰਦੀ ਹੈ, ਉੱਥੇ ਜਬਰ ਅਤੇ ਜ਼ੁਲਮ ਖਿਲਾਫ਼ ਡਟ ਕੇ ਖੜੇ ਹੋਣ ਲਈ ਚਾਨਣ ਮੁਨਾਰੇ ਦਾ ਕਾਰਜ ਵੀ ਕਰਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਕੌਮ ਦੀਆਂ ਨੀਹਾਂ ਨੂੰ ਮਜਬੂਤੀ ਪ੍ਰਦਾਨ ਕਰਨ ਦਾ ਕਾਰਜ ਕੀਤਾ ਜਿਸ ਦਾ ਪ੍ਰਗਟਾਵਾ ਕਰਦੇ ਹੋਏ ਮੈਥਿਲੀ ਸ਼ਰਨ ਗੁਪਤ ਕਹਿੰਦਾ ਹੈ:

ਜਿਸ ਕੁਲ ਜਾਤਿ ਦੇਸ਼ ਕੇ ਬੱਚੇ ਦੇ ਸਕਤੇ ਹੈਂ ਯੋਂ ਬਲਿਦਾਨ,
ਉਸ ਕਾ ਵਰਤਮਾਨ ਕੁਛ ਭੀ ਹੋ ਪਰ ਭਵਿਸ਼ਯ ਹੈ ਮਹਾ ਮਹਾਨ।40

ਹਵਾਲੇ ਅਤੇ ਟਿਪਣੀਆਂ

1. ਸ਼ਮਸ਼ੇਰ ਸਿੰਘ ਅਸ਼ੋਕ, ਸ੍ਰੀ ਦਸਮੇਸ਼ ਜੀ ਦੇ ਚਾਰ ਸਾਹਿਬਜ਼ਾਦੇ, ਚਾਰ ਸਾਹਿਬਜ਼ਾਦੇ, ਸੰਪਾਦਕ ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘਾ, ਪੰਨਾ 13.
2. ਸ੍ਵਰੂਪ ਸਿੰਘ ਕੌਸ਼ਿਸ਼, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 130.
3. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 920.
4. ਇਕਬਾਲ ਸਿੰਘ, ਲਲਕਾਰਦੇ ਸਾਹਿਬਜ਼ਾਦੇ, ਪੰਨਾ 20.
5. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 966-67.
6. ਕਵੀ ਸੈਨਾਪਤਿ, ਸ੍ਰੀ ਗੁਰੂ ਸੋਭਾ, ਸੰਪਾਦਕ ਡਾ. ਗੰਡਾ ਸਿੰਘ, ਅਧਿਆਇ 8.18.315.
7. ਉਹੀ, ਅਧਿਆਇ 8.31-328.
8. ਰਛਪਾਲ ਸਿੰਘ ਗਿੱਲ (ਸੰਪਾ.), ਪੰਜਾਬ ਕੋਸ਼, ਜਿਲਦ ਪਹਿਲੀ, ਪੰਨਾ 826.
9. ਮੇਜਰ ਗੁਰਮੁਖ ਸਿੰਘ, ਚਮਕੌਰ ਸਾਹਿਬ, ਇਨਸਾੲਕਲੋਪੀਡੀਆ ਆਫ਼ ਸਿੱਖਿਜ਼ਮ, ਭਾਗ ਪਹਿਲਾ, ਸੰਪਾਦਕ ਪੋ੍ਰ. ਹਰਬੰਸ ਸਿੰਘ, ਪੰਨਾ 429.
10. ਸ੍ਵਰੂਪ ਸਿੰਘ ਕੋਸ਼ਿਸ਼, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 155-56.
11. ਸਯਦ ਮੁਹੰਮਦ ਲਤੀਫ਼, ਪੰਜਾਬ ਦਾ ਇਤਿਹਾਸ, ਭਾਗ 2, ਅਨੁਵਾਦਕ ਗੁਰਮੁਖ ਸਿੰਘ ਗੁਰਮੁਖ, ਪੰਨਾ 73.
12. ਭਾਈ ਰਣਧੀਰ ਸਿੰਘ (ਸੰਪਾ.), ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੋਥੀ ਤੀਜੀ, ਪੰਨਾ 1241.
13. ਕੁਇਰ ਸਿੰਘ, ਗੁਰ ਬਿਲਾਸ ਪਾਤਸ਼ਾਹੀ 10, ਪੰਨਾ 202.
14. ਕਵੀ ਸੈਨਾਪਤਿ, ਸ੍ਰੀ ਗੁਰੂ ਸੋਭਾ, ਸੰਪਾਦਕ ਡਾ. ਗੰਡਾ ਸਿੰਘ, ਅਧਿਆਇ 12.29.498.
15. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 1013-14.
16. ਜੋਗੀ ਅਲ੍ਹਾ ਯਾਰ ਖ਼ਾਂ, ਗੰਜਿ ਸ਼ਹੀਦਾਂ, 94.
17. ਪੂਰਨ ਸਿੰਘ, ਦਸ ਗੁਰ ਦਰਸ਼ਨ, ਪੰਨਾ 130.
18. ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, ਸੰਪਾਦਕ, ਡਾ. ਜੀਤ ਸਿੰਘ ਸੀਤਲ, ਪੰਨਾ 95.
19. ਗਿਆਨੀ ਭਜਨ ਸਿੰਘ, ਸਾਡੇ ਇਤਿਹਾਸਕ ਗੁਰਧਾਮ, ਪੰਨਾ 52;

ਦੁਇ ਸਾਹਿਬਜ਼ਾਦੇ ਨਿਕੜੇ ਨਾਲਿ ਗਏ।
ਰਥ ਵਿਚਿ ਨਾਲਿ ਦਾਦੀ ਕੇ ਸੁੱਤੇ ਪਏ।
ਸੋ ਰਥ ਰੰਘੜਾਂ ਤੁਰਕਾਂ ਨੂੰ ਹਥਿ ਆਇਆ।
ਉਨ੍ਹਾਂ ਤੁਰਕਾਂ ਰੰਘੜਾਂ ਲੁਟ ਪੁਟ ਕੇ ਰਥ ਸੀਰੰਦ ਪਕੜਿ ਪਠਾਇਆ।

ਕੇਸਰ ਸਿੰਘ ਛਿੱਬਰ, ਬੰਸਾਂਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਸੰਪਾਦਕ ਪਿਆਰਾ ਸਿੰਘ ਪਦਮ, ਅਧਿਆਇ 10.557;

ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਸਮੇਤ ਇਕ ਰੱਥ ਵਿਚ ਬਿਠਾ ਕੇ ਇੱਥੋਂ (ਸਹੇੜੀ ਪਿੰਡ) ਮੋਰਿੰਡੇ ਲੈ ਜਾਇਆ ਗਿਆ। ਇਸ ਕਾਰਨ ਇਸ ਗੁਰਦੁਆਰੇ ਦਾ ਨਾਂ ਗੁਰਦੁਆਰਾ ਰੱਥ ਸਾਹਿਬ ਹੈ। ਬਾਬਾ ਅਜੀਤ ਸਿੰਘ ਜੀ ਦੱਸਦੇ ਹੁੰਦੇ ਸਨ ਕਿ ਇਹ ਰੱਥ ਉਨ੍ਹਾਂ ਦਾ ਸੀ। ਮਾਤਾ (ਗੁਜਰੀ) ਜੀ ਨੇ ਅਸ਼ੀਰਵਾਦ ਦੇ ਕੇ ਬਚਨ ਕੀਤੇ ਸਨ ਕਿ ਰੱਥ ਵਾਲਿਆਂ ਦੇ ਪ੍ਰਵਾਰ ਵਿਚ ਕੋਈ ਵੱਡੇ ਮਹਾਂਪੁਰਖ ਜਨਮ ਲੈਣਗੇ। ਗਿਆਨੀ ਹਰਿਬੰਸ ਸਿੰਘ, ਜੀਵਨ ਗਾਥਾ ਸ੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ (ਨੱਥਲਪੁਰ ਵਾਲੇ), ਪੰਨਾ 59.

20. ਜੋਗੀ ਅਲ੍ਹਾ ਯਾਰ ਖਾਂ, ਸ਼ਹੀਦਾਨਿ ਵਫ਼ਾ, ਬੰਦ 72.
21. ਪੂਰਨ ਸਿੰਘ, ਦਸ ਗੁਰ ਦਰਸ਼ਨ, ਪੰਨਾ 132.
22. ਇਹ ਸਰਹਿੰਦ ਦੇ ਇਕ ਗ਼ਰੀਬ ਜਿਹੇ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਸੂਬਾ ਸਰਹਿੰਦ ਪਾਸ ਹਿੰਦੂ ਕੈਦੀਆਂ ਨੂੰ ਰੋਟੀ ਖਵਾਉਣ ਵਾਲੇ ਰਸੋਈਖ਼ਾਨੇ ਵਿਚ ਨੌਕਰੀ ਕਰਦਾ ਸੀ। ਪਰ ਕਈ ਵਾਰ ਆਏ ਸਿੰਘਾਂ ਨੂੰ ਵੀ ਲੁਕ ਛਿਪ ਕੇ ਭੋਜਨ ਕਰਾ ਦਿੰਦਾ ਸੀ। ਜਦੋਂ ਮਾਤਾ ਗੁਜਰੀ ਸਹਿਤ ਦੋ ਮਾਸੂਮ ਜਿੰਦਾਂ ਨੂੰ ਠੰਡੇ ਬੁਰਜ ਵਿਚ ਕੈਦ ਕੀਤਾ ਗਿਆ, ਤਾਂ ਇਸ ਤੋਂ ਭੁੱਖੇ ਭਾਣੇ ਬੱਚਿਆਂ ਦਾ ਦੁੱਖ ਝੱਲਿਆ ਨਾ ਗਿਆ। ਇਸ ਨੇ ਦੁੱਧ ਦਾ ਗੜਵਾ ਭਰ ਕੇ ਕਮੰਦ ਰਾਹੀਂ ਬੁਰਜ ਵਿਚ ਪਹੁੰਚਣ ਦਾ ਉਦਮ ਕੀਤਾ। ਇਸ ਤਰ੍ਹਾਂ ਲਗਾਤਾਰ ਤਿੰਨ ਦਿਨ ਇਹ ਦੁੱਧ ਦੀ ਸੇਵਾ ਕਰਦਾ ਰਿਹਾ। ਇਸ ਤੋਂ ਬਾਅਦ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਦਾਹ-ਸੰਸਕਾਰ ਵੇਲੇ ਵੀ ਲੱਕੜੀਆਂ ਲਿਆਉਣ ਲਈ ਇਸ ਨੇ ਦੀਵਾਨ ਟੋਡਰ ਮੱਲ ਦੀ ਮਦਦ ਕੀਤੀ ਸੀ। ਜਦੋਂ ਬਾਅਦ ਵਿਚ ਨਵਾਬ ਵਜ਼ੀਰ ਖ਼ਾਨ ਨੂੰ ਪਤਾ ਲਗਾ ਤਾਂ ਉਸ ਨੇ ਇਸ ਨੂੰ ਤੁਰੰਤ ਪਰਿਵਾਰ ਸਹਿਤ ਕੋਹਲੂ ਵਿਚ ਪਿੜਵਾ ਦਿੱਤਾ ਸੀ।
ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ 1460.
23. ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼, ਸੰਪਾਦਕ ਡਾ. ਜੀਤ ਸਿਘ ਸੀਤਲ, ਪੰਨਾ 104.
24. ਜੋਗੀ ਅੱਲਾ ਯਾਰ ਖ਼ਾਂ, ਸ਼ਹੀਦਾਨਿ ਵਫ਼ਾ, ਬੰਦ 104.
25. ਤਮਰੋ ਪਿਤਾ ਮਧਿ ਚਮਕੌਰ।
ਮਾਰਿ ਲਯੋ ਗੜ ਮਧਿ ਤਿਤ ਠੌਰ।
ਸੀਸ ਕਾਟ ਤਾਨ ਅਸ ਸਾਥਾ।
ਦਿਲੀ ਗਯੋ ਸਾਹਿ ਕੇ ਹਾਥਾ। ਸੁੱਖਾ ਸਿੰਘ, ਗੁਰ ਬਿਲਾਸ ਪਾਤਸਾਹੀ ੧੦, ਸੰਪਾਦਕ ਡਾ. ਗੁਰਸ਼ਰਨ ਕੌਰ ਜੱਗੀ, ਅਧਿਆਇ 21.264;

ਸਾਹਿਬਜ਼ਾਦਯੋ ਪਿਤਾ ਤੁਹਾਰਾ।
ਗਢ ਚਮਕੌਰ ਘੇਰਿ ਗਹਿ ਮਾਰਾ॥21॥ ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰੁਤ 6, ਅੰਸੂ 51, ਪੰਨਾ 5950.

26. ਪਵਨ ਰੂਪ ਹਮਰੋ ਬਰ ਬਾਪ।
ਸਕਤ ਕੌਨ ਤਾ ਕੋ ਕਰ ਘਾਤ। ਸੁੱਖਾ ਸਿੰਘ, ਗੁਰ ਬਿਲਾਸ ਪਾਤਿਸ਼ਾਹੀ ੧੦, ਸੰਪਾਦਕ ਡਾ. ਗੁਰਸ਼ਰਨ ਕੌਰ ਜੱਗੀ, ਅਧਿਆਇ 21.285;

ਸ਼੍ਰੀ ਸਤਿਗੁਰ ਜੋ ਪਿਤਾ ਹਮਾਰਾ।
ਜਗ ਮਹਿਂ ਕੌਨ ਸਕਹਿ ਤਿਹ ਮਾਰਾ॥24॥ ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰੁਤ-6, ਅੰਸੂ 51, ਪੰਨਾ 5951.

27. ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰੁਤ 6, ਅੰਸੂ 51, ਪੰਨਾ 5952.
28. ਸਯਦ ਮੁਹੰਮਦ ਲਤੀਫ਼, ਪੰਜਾਬ ਦਾ ਇਤਿਹਾਸ, ਭਾਗ 2, ਅਨੁਵਾਦਕ ਗੁਰਮੁਖ ਸਿੰਘ ਗੁਰਮੁਖ, ਪੰਨਾ 72.
29. ਇਕਬਾਲ ਸਿੰਘ, ਲਲਕਾਰਦੇ ਸਾਹਿਬਜ਼ਾਦੇ, ਪੰਨਾ 93.
ਕਿਹਾ ਜਾਂਦਾ ਹੈ ਕਿ ਇਹ ਚਿੱਠੀ ਮਲੇਰਕੋਟਲੇ ਦੇ ਪੋ੍ਰ. ਮੁਹੰਮਦ ਰਫ਼ੀ ਅਤੇ ਪ੍ਰਿੰਸੀਪਲ ਅਮਰਵੰਤ ਸਿੰਘ ਖੰਨਾ ਵਾਲਿਆਂ ਪਾਸ ਹੈ। ਉਪਰੋਕਤ ਕਿਤਾਬ ਵਿਚ ਇਕ ਚਿੱਠੀ ਦਾ ਮੂਲ ਫ਼ਾਰਸੀ ਖਰੜਾ ਅਤੇ ਪੰਜਾਬੀ ਅਨੁਵਾਦ ਛਪਿਆ ਹੋਇਆ ਹੈ।
30. ਪ੍ਰਿੰ. ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ, ਸਿੱਖ ਇਤਿਹਾਸ, ਅਨੁਵਾਦਕ ਡਾ. ਭਗਤ ਸਿੰਘ, ਫ਼ੁੱਟ-ਨੋਟ, ਪੰਨਾ 75.
31. ਸੋਹਣ ਸਿੰਘ ਸੀਤਲ, ਛੋਟੇ ਸਾਹਿਬਜ਼ਾਦੇ, ਚਾਰ ਸਾਹਿਬਜ਼ਾਦੇ, ਸੰਪਾਦਕ ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘਾ, ਪੰਨਾ 131.
32. ਜਬ ਕਟਾਰ ਸੋਂ ਸੀਸ ਉਤਾਰੇ।
ਚਲਯੌ ਦੂਧ ਤਬ ਦੁਸ਼ਟ ਪੁਕਾਰੇ। ਦੁਨਾ ਸਿੰਘ ਹੰਡੂਰੀਆ, ਕਥਾ ਗੁਰੂ ਜੀ ਕੇ ਸੁਤਨ ਕੀ, ਬੰਦ 84;

ਦੋਊ ਸਿਸਨ ਕੇ ਸੀਸ ਉਤਾਰੀ।
ਦਏ ਕਾਟ ਉਨ ਅਧਮ ਗਵਾਰੀ।
ਸੁੱਖਾ ਸਿੰਘ, ਗੁਰ ਬਿਲਾਸ ਪਾਤਸਾਹੀ ੧੦, ਸੰਪਾਦਕ ਡਾ. ਗੁਰਸ਼ਰਨ ਕੌਰ ਜੱਗੀ, ਅਧਿਆਇ 21.274;

ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲਿ ਬੇਗ ਛੁਟ ਗਏ।
ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ।
ਕੇਸਰ ਸਿੰਘ ਛਿੱਬਰ, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਸੰਪਾਦਕ ਪਿਆਰਾ ਸਿੰਘ ਪਦਮ, ਅਧਿਆਇ 10.581;

ਹੁਤੋ ਉਹਾਂ ਖੋ ਛੁਰਾ ਇਕ ਵਾਰੋ ਦੈ ਗੋਡੇ ਹੇਠ ਕਰ ਜ਼ਿਬਹ ਡਾਰੋ।
ਤੜਫ ਤੜਫ ਗਈ ਜਿੰਦ ਉਡਾਇ ਇਸ ਸ਼ੀਰ ਖੋਰ ਦੁਇ ਦਏ ਕਤਲਾਇ।
ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ, ਸੰਪਾਦਕ ਡਾ. ਜੀਤ ਸਿੰਘ ਸੀਤਲ, ਪੰਨਾ 104;

ਓੜਕ ਸੂਬੇ ਦੁਸ਼ਟ ਸੁਨਾਈ।
ਮਾਰੋ ਗਰਦਨ ਇਨੈ ਇਬਾਈ।
ਸਾਸਲ ਬੇਗ ਅਰ ਬਾਛਲ ਬੇਗ।
ਉਭੈ ਜਲਾਦਨ ਖਿਚ ਕੇ ਤੇਗ।
ਤਿਸਤੀ ਫੌਰ ਖਰਿਓਂ ਕੇ ਸੀਸ।
ਤੁਰਤ ਉਤਾਰੇ ਦੁਸਟੈਂ ਰੀਸ। ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ਪੰਨਾ 300.
33. ਟੋਡਰ ਮੱਲ ਨਾਮੇ ਇਕ ਗੁਰੂ ਕਾ ਸਿੱਖ ਕੁਝ ਦੂਰ ਰਹਿੰਦਾ ਸੀ, ਜਦ ਉਸ ਸੁਣਿਆ ਕਿ ਸਾਹਿਬਜ਼ਾਦੇ ਫੜੇ ਗਏ ਹਨ, ਤਦ ਨੱਠਾ ਕਿ ਮੈਂ ਜਾ ਕੇ ਸਾਰਾ ਸਰਬੰਸ ਖਰਚ ਕਰ ਦਿਆਂ, ਪਰ ਬੱਚਿਆਂ ਨੂੰ ਬਚਾ ਲਵਾਂ। ਇਹ ਸਿਦਕੀ ਪੁਰਖ ਉਸ ਵੇਲੇ ਪਹੁੰਚਾ ਜਿਸ ਵੇਲੇ ਤੇਰੇ ਦੁਲਾਰੇ ਸਰੀਰਾਂ ਨੂੰ ਤਜ ਗਏ ਸਨ। ਇਥੋਂ ਤੁਰ ਕੇ ਟੋਡਰ ਮੱਲ ਨੇ ਮਾਤਾ ਜੀ ਨੂੰ ਜਾ ਸਮਾਚਾਰ ਸੁਣਾਇਆ। ਇਹ ਭਯਾਨਕ ਖ਼ਬਰ ਸੁਣ ਕੇ ਮਾਤਾ ਜੀ ਨੇ ਆਪਣੇ ਸਰੀਰ ਤੋਂ ਉਡਾਰੀ ਮਾਰੀ ਤੇ ਸਚੇ ਲੋਕ ਨੂੰ ਪਧਾਰ ਗਈ। ਟੋਡਰ ਮੱਲ ਨੇ ਮਾਤਾ ਤੇ ਸਾਹਿਬਜ਼ਾਦਿਆਂ ਦਾ ਚੰਦਨ ਦੀਆਂ ਚਿਤਾ ਵਿਚ ਸੰਸਕਾਰ ਕਰਵਾਇਆ।
ਭਾਈ ਵੀਰ ਸਿਘ, ਸ੍ਰੀ ਕਲਗ਼ੀਧਰ ਚਮਤਕਾਰ, ਉਤ੍ਰਾਰਧ, ਦੂਜਾ ਅੱਧ, ਪੰਨਾ 116.

ਪੰਜਾਬ ਦੇ ਸਰਹਿੰਦ ਨਗਰ ਦਾ ਨਿਵਾਸੀ ਜੋ ਇਕ ਮੰਨਿਆ ਪ੍ਰਮੰਨਿਆ ਸ਼ਾਹੂਕਾਰ ਸੀ। ਇਸ ਨੇ ਸਰਹਿੰਦ ਦੀਆਂ ਦੀਵਾਰਾਂ ਵਿਚ ਚਿਣੇ ਜਾਣ ਕਰਕੇ ਸ਼ਹੀਦ ਹੋਏ ਦੋ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਦੁਖ ਨਾ ਸਹਾਰਦੇ ਹੋਇਆਂ ਮਾਤਾ ਗੁਜਰੀ ਦੇ ਪ੍ਰਾਣ ਤਿਆਗਣ ਤੋਂ ਬਾਅਦ ਤਿੰਨਾਂ ਦਾ ਸਸਕਾਰ ਕਿਲ੍ਹੇ ਦੇ ਕਿਤੇ ਨੇੜੇ-ਤੇੜੇ ਕਰਨਾ ਚਾਹਿਆ, ਪਰ ਕਿਸੇ ਨੇ ਵੀ ਸੂਬੇਦਾਰ ਵਜ਼ੀਰ ਖ਼ਾਨ ਤੋਂ ਡਰਦਿਆਂ ਉਨ੍ਹਾਂ ਦਾ ਸਸਕਾਰ ਆਪਣੇ ਖੇਤਾਂ ਵਿਚ ਨਾ ਕਰਨ ਦਿੱਤਾ। ਕਹਿੰਦੇ ਹਨ ਕਿ ਆਖ਼ਿਰ ਚੌਧਰੀ ਅੱਤਾ ਸਸਕਾਰ ਲਈ ਥਾਂ ਦੇਣੀ ਇਸ ਸ਼ਰਤ ਤੇ ਮੰਨਿਆ ਕਿ ਉਤਨੀ ਧਰਤੀ ਉਤੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਾਣ। ਸੇਠ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਧਰਤੀ ਖ਼ਰੀਦੀ ਅਤੇ ਉਸ ਉਤੇ ਤਿੰਨਾਂ ਦਾ ਸਸਕਾਰ ਕੀਤਾ।
ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ 874.
34. ਸ੍ਵਰੂਪ ਸਿੰਘ ਕੋਸ਼ਿਸ਼, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 163.
35. ਪ੍ਰਿ. ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ, ਸਿੱਖ ਇਤਿਹਾਸ, ਅਨੁਵਾਦਕ ਡਾ. ਭਗਤ ਸਿੰਘ, ਪੰਨਾ 76.
36. ਭਾਈ ਰਣਧੀਰ ਸਿੰਘ (ਸੰਪਾ.), ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੋਥੀ ਤੀਜੀ, ਪੰਨਾ 1246.
37. ਸ੍ਵਰੂਪ ਸਿੰਘ ਕੋਸ਼ਿਸ਼, ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 183.
38. ਪੂਰਨ ਸਿੰਘ, ਦਸ ਗੁਰ ਦਰਸ਼ਨ, ਪੰਨਾ 134.
39. ਡਾ. ਗੰਡਾ ਸਿੰਘ, ਬੰਦਾ ਸਿੰਘ ਬਹਾਦਰ, ਪੰਨਾ 32.
40. ਮੈਥਿਲੀ ਸ਼ਰਨ ਗੁਪਤ, ਗੁਰੂ ਕੁਲ, ਪੰਨਾ 78.

 

ਖੋਜ ਕਰਤਾ

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ                                                                                                                                                      paramvirsingh68@gmail.com

Tags
Show More