OPINION

TRIPLE TALAQ ROW Talaq procedure in Islam Shariyat

ਇਸਲਾਮ ਵਿਚ ਤਲਾਕ ਦੀ ਵਿਵਸਥਾ:ਕੁੱਝ ਅਹਿਮ ਪੱਖ

TRIPLE TALAQ ROW Talaq procedure in Islam Shariyat:  ਡਾ.ਅਨਵਰ ਚਿਰਾਗ਼
ਤਲਾਕ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸਦਾ  ਕੋਸ਼ਗਤ ਅਰਥ ਹੈ ਖੋਲ੍ਹਣਾ, ਛੱਡ ਦੇਣਾ। ਇਸਲਾਮੀ ਸ਼ਰੀਅਤ ਦੇ ਅੰਤਰਗਤ ਇਸ ਸ਼ਬਦ ਦਾ ਭਾਵਾਰਥ ਪਤੀ ਦਾ ਪਤਨੀ  ਨੂੰ ਆਪਣੇ ਨਿਕਾਹ ਤੋਂ ਖ਼ਾਰਜ ਕਰ ਦੇਣਾ ਹੈ। ਪਤਨੀ ਦੁਆਰਾ ਪਤੀ ਤੋਂ ਅਲੱਗ ਹੋਣ ਨੂੰ ਖ਼ੁਲਅ ਕਿਹਾ ਜਾਂਦਾ ਹੈ।  ਇਸਲਾਮ ਅਨੁਸਾਰ ਔਰਤ ਅਤੇ ਮਰਦ ਦਾ ਨਿਕਾਹ ਇਕ ਤਰ੍ਹਾਂ ਦਾ ਧਾਰਮਿਕ ਅਤੇ ਸਮਾਜਿਕ ਸਮਝੌਤਾ ਹੈ, ਜਿਸਦੇ ਅਧੀਨ ਦੋ ਇਨਸਾਨ ਮਿਲ ਕੇ ਆਪਣਾ ਪਰਿਵਾਰਕ ਜੀਵਨ ਬਤੀਤ ਕਰਦੇ ਹਨ। ਇਸ ਨਿਕਾਹ/ਸਮਝੌਤੇ ਅਧੀਨ ਪਤੀ  ਦੇ ਆਪਣੀ ਪਤਨੀ ਪ੍ਰਤੀ ਕੁੱਝ ਫ਼ਰਜ਼ ਹਨ ਜਿਵੇਂ ਉਸ ਨਾਲ ਚੰਗਾ ਵਿਹਾਰ ਕਰਨਾ, ਪਾਕਦਾਮਨ ਰਹਿਣਾ, ਉਸਦੇ ਜੀਵਨ ਨਿਰਬਾਹ ਲਈ ਸਾਧਨ ਉਪਲਬਧ ਕਰਨਾ ਆਦਿ। ਇਸੇ ਤਰ੍ਹਾਂ ਪਤਨੀ ਦੇ ਆਪਣੇ ਪਤੀ ਪ੍ਰਤੀ ਵੀ ਕੁੱਝ ਫ਼ਰਜ਼ ਹਨ ਜਿਵੇਂ ਪਾਕ ਦਾਮਨ ਰਹਿਣਾ, ਪਤੀ ਦੀ ਆਗਿਆ ਦਾ ਪਾਲਣ ਕਰਨਾ, ਘਰ ਪਰਿਵਾਰ ਦੀ ਸੰਭਾਲ ਕਰਨਾ ਆਦਿ। ਨਿਕਾਹ ਦੀ ਲਿਖਤ ਵਿੱਚ ਅਜਿਹੀਆਂ ਹੋਰ ਗੱਲਾਂ ਦਾ ਵਾਧਾ ਵੀ ਕੀਤਾ ਜਾ ਸਕਦਾ ਹੈ। ਨਿਕਾਹ ਦੀਆਂ ਸ਼ਰਤਾਂ ਜੇਕਰ ਜੀਵਨ ਦੇ ਕਿਸੇ ਪੜਾਅ ‘ਤੇ ਕਾਇਮ ਨਹੀਂ ਰਹਿੰਦੀਆਂ ਤਾਂ ਮਰਦ ਅਤੇ ਔਰਤ ਦੋਵਾਂ ਨੂੰ ਇਹ ਅਧਿਕਾਰ ਹੈ ਕਿ ਉਹ ਇਸ ਨਿਕਾਹ ਨੂੰ ਸ਼ਰੀਅਤ ਦੁਆਰਾ ਪੇਸ਼ ਨਿਯਮਿਤ ਵਿਧੀ ਰਾਹੀਂ ਖ਼ਤਮ ਕਰ ਸਕਦੇ ਹਨ।

TRIPLE TALAQ ROW Talaq procedure in Islam Shariyatਇਸਲਾਮੀ ਸ਼ਰੀਅਤ ਅਨੁਸਾਰ ਤਲਾਕ ਦੇਣ ਦਾ ਉੱਤਮ ਤਰੀਕਾ ਇਹੋ ਹੈ ਕਿ ਤਿੰਨ ਤਲਾਕ  ਤਿੰਨ ਮਹੀਨਿਆਂ ਵਿਚ ਨਿਯਮਤ ਵਿਧੀ ਅਨੁਸਾਰ ਪੜਾਅਵਾਰ ਦਿੱਤੇ ਜਾਣ। ਇਸ ਨੂੰ ਤਲਾਕ-ਏ-ਅਹਿਸਨ (ਉੱਤਮ ਢੰਗ ਨਾਲ ਦਿੱਤਾ ਤਲਾਕ ) ਕਿਹਾ ਜਾਂਦਾ ਹੈ।ਇਹਨਾਂ ਪੜਾਅਵਾਰ ਦਿੱਤੇ ਤਿੰਨ ਤਲਾਕਾਂ ਨੂੰ ਕ੍ਰਮਵਾਰ ਤਲਾਕ-ਏ-ਰਜਈ (Revocable Divorce),ਤਲਾਕ-ਏ-ਬਾਈਨ (Irrevocable Divorce) ਅਤੇ ਤਲਾਕ-ਏ-ਮਗੱਲਜ਼ਾ (Absolute Divorce) ਕਿਹਾ ਜਾਂਦਾ ਹੈ।ਇਕੋ ਵੇਲੇ ਤਿੰਨ ਤਲਾਕ ਦੇਣ ਨੂੰ  ਤਲਾਕ-ਏ-ਬਿਦਅਤ ਕਿਹਾ ਜਾਂਦਾ ਹੈ। ਤਲਾਕ-ਏ-ਬਿਦਅਤ ਤੋਂ  ਭਾਵ ਇਸਦਾ ਸ਼ਰੀਅਤ ਅਨੁਸਾਰ ਉਚਿਤ ਨਾ ਹੋਣਾ ਹੈ।

ਪੜਾਅਵਾਰ ਤਲਾਕ ਦੇਣ ਦਾ ਹੁਕਮ ਇਸ ਕਾਰਨ ਹੈ ਕਿ ਜੇਕਰ ਪਤੀ ਪਤਨੀ ਵਿਚ ਆਪਸੀ ਸਮਝੌਤੇ ਦੀ ਕੋਈ ਗੁੰਜਾਇਸ਼ ਹੈ ਤਾਂ ਉਹਨਾਂ ਦਾ ਰਿਸ਼ਤਾ ਖ਼ਤਮ ਹੋਣ ਤੋਂ ਬਚ ਜਾਏ। ਸਮਝੌਤੇ ਦੀ ਉੱਕਾ ਹੀ ਕੋਈ ਸੰਭਾਵਨਾ ਨਾ ਹੋਣ ਦੀ ਸੂਰਤ ਵਿਚ ਤੀਜਾ ਤਲਾਕ ਦੇਣ ਦਾ ਹੁਕਮ ਹੈ। ਇਸਲਾਮ ਵਿਚ ਤਲਾਕ ਨੂੰ  ਬਹੁਤ ਨਾਪਸੰਦ ਕੀਤਾ ਗਿਆ ਹੈ ਅਤੇ ਇਸਦਾ ਪ੍ਰਯੋਗ ਕੇਵਲ ਨਾਬਚਣਯੋਗ ਹਾਲਾਤ (Unavoidable Circumstances) ਵਿੱਚ ਹੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪੈਗ਼ੰਬਰ ਸਾਹਿਬ ਦਾ ਕਥਨ ਹੈ ਕਿ, ‘ਖ਼ੁਦਾ ਦੇ ਨਜ਼ਦੀਕ ਹਲਾਲ ਕਾਰਜਾਂ ਵਿਚੋਂ ਸਭ ਤੋਂ ਨਾਪਸੰਦ ਕਾਰਜ ਤਲਾਕ ਹੈ।’ ਪਵਿੱਤਰ ਕੁਰਆਨ ਅਨੁਸਾਰ :

‘ਮਰਦ ਇਸਤਰੀਆਂ ਦੇ ਮਾਮਲਿਆਂ ਦੇ ਜ਼ਿੰਮੇਵਾਰ ਹਨ। ਇਸ ਆਧਾਰ ‘ਤੇ ਕਿ ਖ਼ੁਦਾ ਨੇ ਉਹਨਾਂ ਵਿਚੋਂ ਇਕ ਨੂੰ ਦੂਜੇ ਦੇ ਮੁਕਾਬਲੇ ‘ਤੇ ਅੱਗੇ ਰੱਖਿਆ ਹੈ ਅਤੇ ਇਸ ਕਾਰਨ ਵੀ ਕਿ ਪੁਰਸ਼ ਆਪਣਾ ਧਨ ਖ਼ਰਚ ਕਰਦੇ ਹਨ। ਸੋ ਜਿਹੜੀਆਂ ਨੇਕ ਔਰਤਾਂ ਹਨ, ਉਹ ਆਗਿਆਕਾਰ ਹੁੰਦੀਆਂ ਹਨ ਅਤੇ ਪੁਰਸ਼ਾਂ ਦੀ ਪਿੱਠ-ਪਿੱਛੇ ਖ਼ੁਦਾ ਦੀ ਦੇਖ-ਰੇਖ ਤੇ ਨਿਗਰਾਨੀ ਹੇਠ ਉਹਨਾਂ ਦੇ ਹੱਕਾਂ ਦੀ ਰਾਖੀ ਕਰਦੀਆਂ ਹਨ ਅਤੇ ਜਿਹੜੀਆਂ ਔਰਤਾਂ ਕੋਲੋਂ ਤੁਹਾਨੂੰ ਸਰਕਸ਼ੀ (ਹੱਦ ਤੋਂ ਅੱਗੇ ਵਧਣ) ਦਾ ਡਰ ਹੋਵੇ, ਉਹਨਾਂ ਨੂੰ ਸਮਝਾਉ।

TRIPLE TALAQ ROW Talaq procedure in Islam Shariyat(ਜੇਕਰ ਉਹ ਫਿਰ ਵੀ ਨਾ ਮੰਨਣ ਤਾਂ) ਉਹਨਾਂ ਨਾਲ ਸੇਜਾਂ ਮਾਣਨੀਆਂ ਤਿਆਗ ਦੇਵੋ (ਜੇਕਰ ਫਿਰ ਵੀ ਉਹ ਸਰਕਸ਼ੀ/ਵਧੀਕੀ/ਗੁਨਾਹ ਕਰਨਾ ਨਾ ਛੱਡਣ ਤਾਂ) ਉਹਨਾਂ ਨੂੰ ਮਾਰੋ। ਫਿਰ ਜੇਕਰ ਉਹ ਪਾਕਦਾਮਨ/ਆਗਿਆਕਾਰ ਬਣ ਜਾਣ ਤਾਂ ਖ਼ਾਹਮਖ਼ਾਹ ਉਹਨਾਂ ਨਾਲ ਧੱਕਾ ਕਰਨ ਵਾਸਤੇ ਬਹਾਨੇ ਤਲਾਸ਼ ਨਾ ਕਰੋ। ਬੇਸ਼ੱਕ ਉਪਰ ਖ਼ੁਦਾ ਮੌਜੂਦ ਹੈ ਜਿਹੜਾ ਸਰਬ-ਸ਼ਕਤੀਮਾਨ ਅਤੇ ਸਰਬ-ਉੱਚ ਹੈ ਅਤੇ ਜੇਕਰ ਤੁਹਾਨੂੰ ਕਿਧਰੇ ਪਤੀ-ਪਤਨੀ ਦੇ ਸਬੰਧਾਂ ਵਿਚ ਵਿਗਾੜ ਪੈਦਾ ਹੋ ਜਾਣ ਦਾ ਡਰ ਹੋਵੇ ਤਾਂ ਇਕ ਵਿਅਕਤੀ ਮਰਦ ਦੇ ਸਬੰਧੀਆਂ ਵਿਚੋਂ ਅਤੇ ਇਕ ਔਰਤ ਦੇ ਸਬੰਧੀਆਂ ਵਿਚੋਂ ਨਿਯਤ ਕਰੋ, ਉਹ ਦੋਵੇਂ (ਪੰਚ ਅਤੇ ਦੋਵੇਂ ਪਤੀ ਪਤਨੀ)

ਜੇਕਰ ਗੱਲ ਸੁਆਰਨਾ ਚਾਹੁੰਣਗੇ ਤਾਂ ਖ਼ੁਦਾ ਉਹਨਾਂ ਵਿਚਾਲੇ ਮਿਲਾਪ ਦਾ ਕੋਈ ਰਾਹ ਪੈਦਾ ਕਰ ਦੇਵੇਗਾ, ਖ਼ੁਦਾ ਸਭ ਕੁੱਝ ਜਾਣਨ ਵਾਲਾ ਅਤੇ ਖ਼ਬਰਦਾਰ ਹੈ।’ (ਅਨ-ਨਿਸਾ, 4:34-35)

ਤਲਾਕ ਸਬੰਧੀ ਨਿਯਮਤ ਵਿਧੀ-ਵਿਧਾਨ ਉਪਰੋਕਤ ਆਇਤਾਂ ਦੇ ਭਾਵਾਰਥ ਵਿਚੋਂ ਪ੍ਰਤੱਖ ਰੂਪ ਵਿਚ ਉਜਾਗਰ ਹੁੰਦਾ ਹੈ। ਜ਼ਾਹਿਰ ਹੈ ਕਿ ਇਕੋ ਸਮੇਂ ਤਿੰਨ ਤਲਾਕ ਦੇਣਾ ਕੁਰਆਨ ਦੀ ਭਾਵਨਾ ਅਨੁਸਾਰ ਉਚਿਤ ਪ੍ਰਤੀਤ ਨਹੀਂ ਹੁੰਦਾ। ਪਤਨੀ ਨੂੰ ਮਾਰਨ-ਕੁੱਟਣ ਸਬੰਧੀ ਇਹ ਗੱਲ ਅਹਿਮ ਹੈ ਕਿ ਇਸਨੂੰ ਸਿਰਫ਼ ਸੁਧਾਰ ਲਈ ਆਖ਼ਰੀ ਯਤਨ ਅਤੇ ਤਲਾਕ ਤੋਂ ਬਚਣ ਦਾ ਆਖ਼ਰੀ ਹੀਲਾ ਹੀ ਸਮਝਣਾ ਚਾਹੀਦਾ ਹੈ। ਵਰਨਾ ਪਤਨੀ ਨਾਲ ਅੱਛਾ ਵਿਹਾਰ ਕਰਨ ਦੀ ਕੁਰਆਨ ਅਤੇ ਹਦੀਸ

ਸ਼ਰੀਫ਼ ਵਿਚ ਪੁਰਜ਼ੋਰ ਤਾਕੀਦ ਕੀਤੀ ਗਈ ਹੈ। ਪਵਿੱਤਰ ਕੁਰਆਨ ਅਨੁਸਾਰ :
‘ਅਤੇ ਉਹਨਾਂ (ਪਤਨੀਆਂ) ਦੇ ਨਾਲ ਵਧੀਆ ਢੰਗ ਨਾਲ ਜ਼ਿੰਦਗੀ ਬਤੀਤ ਕਰੋ।’                          (ਅਨ-ਨਿਸਾ, 4:19)

TRIPLE TALAQ ROW Talaq procedure in Islam Shariyatਪ੍ਰਸਿੱਧ ਸਿੱਖ ਚਿੰਤਕ ਡਾ. ਹਰਪਾਲ ਸਿੰਘ ਪੰਨੂ ਨੇ ਪੰਜਾਬੀ ਟ੍ਰਿਬਿਊਨ (23 ਮਈ,2012) ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਇਸਲਾਮ ਦੁਆਰਾ ਪੇਸ਼ ਤਲਾਕ ਦੀ ਵਿਵਸਥਾ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਅਨੁਸਾਰ, ‘ਤਲਾਕ ਦੀ ਵਿਵਸਥਾ ਆਧੁਨਿਕ ਸਮਾਜ ਦੀ ਸਖ਼ਤ ਜ਼ਰੂਰਤ ਹੈ। ਸੰਸਾਰ ਦੇ ਸਾਰੇ ਧਰਮਾਂ ਵਿਚੋਂ ਕੇਵਲ ਇਸਲਾਮ ਧਰਮ ਵਿੱਚ ਤਲਾਕ ਦੀ ਵਿਵਸਥਾ ਹੈ ਉਹ ਵੀ ਯੋਜਨਾਬੱਧ ਤਰੀਕੇ ਤੇ ਸਿਆਣਿਆਂ ਦੀ ਰਜ਼ਾਮੰਦੀ ਅਨੁਸਾਰ। ਹਜ਼ਰਤ ਮੁਹੰਮਦ ਸਾਹਿਬ ਦਾ ਤਲਾਕ ਬਾਰੇ ਇਹ ਨਜ਼ਰੀਆ ਯਥਾਰਥ ਦਾ ਸਾਹਮਣਾ ਕਰਨ ਵਾਲਾ ਫ਼ੈਸਲਾ ਹੈ। ਜਿਵੇਂ ਨਿਕਾਹ ਹੋਣ ਵਕਤ ਮਰਦ-ਔਰਤ ਦੋਵਾਂ ਦੇ ਪਰਿਵਾਰ/ਰਿਸ਼ਤੇਦਾਰ ਸ਼ਾਮਲ ਹੁੰਦੇ ਹਨ, ਉਸੇ ਤਰ੍ਹਾਂ ਜੇ ਅਣਬਣ ਹੋ ਕੇ ਤਲਾਕ ਦੀ ਨੌਬਤ ਆ ਜਾਵੇ, ਤਦ ਵੀ ਦੋਨਾਂ ਧਿਰਾਂ ਦੇ ਜ਼ਿੰਮੇਵਾਰ ਪਰਿਵਾਰ ਆਹਮੋ-ਸਾਹਮਣੇ ਬੈਠਦੇ ਹਨ। ਮਰਦ ਅਤੇ ਔਰਤ ਵਿੱਚ ਤਕਰਾਰ ਦੀ ਵਜ੍ਹਾ ਜਾਣੀ ਜਾਂਦੀ ਹੈ, ਉਨ੍ਹਾਂ ਨੂੰ ਇਕੱਠੇ ਰਹਿਣ ਲਈ ਮਨਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇ ਉਹ ਸਹਿਮਤ ਨਾ ਹੋਣ ਤਾਂ ਸੋਚਣ ਵਾਸਤੇ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ। ਮਹੀਨੇ ਬਾਅਦ ਫਿਰ ਇਹ ਮਜਲਿਸ ਬੈਠਦੀ ਹੈ ਤੇ ਇਹ ਬੈਠਕਾਂ ਤਿੰਨ ਵਾਰ, ਤਿੰਨ ਮਹੀਨੇ ਦੁਹਰਾਈਆਂ ਜਾਂਦੀਆਂ ਹਨ। ਜੇ ਫਿਰ ਵੀ ਸਹਿਮਤੀ ਨਾ ਹੋ ਸਕੇ ਤਦ ਤਲਾਕ ਅਮਲ ਵਿੱਚ ਆਉਂਦਾ ਹੈ। ਇਹ ਸਾਰਾ ਮਾਮਲਾ ਕੁਰਾਨ ਸ਼ਰੀਫ਼ ਅਤੇ ਹਦੀਸ ਦੋਵਾਂ ਵਿੱਚ ਹੈ।’

ਤਲਾਕ ਸਬੰਧੀ ਵਿਧੀ-ਵਿਧਾਨ ਨਾਂ ਤਾਂ ਬਹੁਤ ਸਖ਼ਤ ਹੋਣਾ ਚਾਹੀਦਾ ਹੈ ਕਿ ਵਿਆਹੁਤਾ ਸਬੰਧ ਪਤੀ-ਪਤਨੀ ਦੋਹਾਂ ਲਈ ਅਜ਼ਾਬ ਬਣਿਆ ਰਹੇ ਅਤੇ ਜਾਂ ਫਿਰ ਇਕ ਦੂਜੇ ਨੂੰ ਮਾਰਨ ਤੱਕ ਦੀ ਨੌਬਤ ਆ ਜਾਵੇ। ਇਸਦੇ ਨਾਲ ਹੀ ਤਲਾਕ ਦਾ ਤਰੀਕਾ ਇਤਨਾ ਸਰਲ ਵੀ ਨਹੀਂ ਹੋਣਾ ਚਾਹੀਦਾ ਕਿ ਇਹ ਇਕ ਮਜ਼ਾਕ ਬਣ ਜਾਵੇ ਅਤੇ ਔਰਤ ਨੂੰ ਕਿਸੇ ਤਰ੍ਹਾਂ ਦੀ ਵਧੀਕੀ ਜਾਂ ਜ਼ੁਲਮ ਦਾ ਸ਼ਿਕਾਰ ਹੋਣਾ ਪਵੇ। ਇਸਲਾਮ ਤਲਾਕ ਪ੍ਰਤੀ ਇਸੇ ਸੰਤੁਲਿਤ ਪਹੁੰਚ ਦਾ ਧਾਰਨੀ ਹੈ।

ਇਸਲਾਮ ਇਕ ਪ੍ਰਾਚੀਨ ਅਤੇ ਵਿਸ਼ਵ-ਵਿਆਪੀ ਧਰਮ ਹੈ। ਇਸਦੇ ਵਿਭਿੰਨ ਫ਼ਿਰਕੇ (ਸੰਪਰਦਾਇ) ਹਨ। ਇਸਲਾਮ ਦਾ ਪ੍ਰਮੁਖ ਸੰਪਰਦਾਇ  ਸੁੰਨੀ ਸੰਪਰਦਾਇ ਹੈ। ਭਾਰਤ ਵਿਚ  ਇਸ ਸੰਪਰਦਾਇ ਦੇ ਕੇਵਲ ਫ਼ਿਕਹ-ਏ-ਹਨਫ਼ੀ ਨਾਲ ਸਬੰਧਿਤ ਭਾਈਚਾਰੇ ਵਿਚ ਇਕੋ ਸਮੇਂ ਦਿੱਤੇ ਤਿੰਨ ਤਲਾਕਾਂ ਨੂੰ ਤਿੰਨ ਤਲਾਕ ਹੀ ਪ੍ਰਵਾਨ ਕਰ ਲਿਆ ਜਾਂਦਾ ਹੈ। ਭਾਰਤ ਦੇ ਲੋਕ ਮੁਖ ਰੂਪ ਵਿਚ ਫਿਕਹ-ਏ-ਹਨਫ਼ੀ ਦੇ ਧਾਰਨੀ  ਹਨ। ਇਸੇ ਲਈ ਇਹ ਮਸਲਾ ਭਾਰਤ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਕੋ ਸਮੇਂ ਤਿੰਨ ਤਲਾਕ ਦੇਣ ਦੀ ਪ੍ਰਥਾ ਇਸਲਾਮ ਦੇ ਦੂਸਰੇ  ਫ਼ਿਰਕਿਆਂ ਵਿਚ ਮੌਜੂਦ ਨਹੀਂ ਹੈ।ਸੁੰਨੀ ਸੰਪਰਦਾਇ ਦੇ ਦੂਜੇ ਮਸਲਕਾਂ (School Of Thoughts ) ਭਾਵ ਫ਼ਿਕਹ-ਏ-ਹੰਬਲੀ, ਫ਼ਿਕਹ-ਏ-ਸ਼ਾਫ਼ਈ ਅਤੇ ਫ਼ਿਕਹ-ਏ-ਮਾਲਿਕੀ ਵਿੱਚ ਤਲਾਕ ਦੇਣ ਦੀ ਜੋ ਵਿਵਸਥਾ ਹੈ, ਉਹ ਇਕ-ਇਕ ਕਰਕੇ ਪੜਾਅਵਾਰ ਤਲਾਕ ਦੇਣ ਦੀ ਹੈ।

TRIPLE TALAQ ROW Talaq procedure in Islam Shariyatਫ਼ਿਕਹ-ਏ-ਹਨਫ਼ੀ ਵਿਚ ਵੀ ਵਿਵਸਥਾ ਤਾਂ ਪੜਾਅਵਾਰ ਤਲਾਕ ਦੇਣ ਦੀ ਹੀ  ਹੈ ਪਰੰਤੂ ਇਸ ਵਿੱਚ ਇਕੋ ਸਮੇਂ ਦਿੱਤੇ ਤਿੰਨ ਤਲਾਕਾਂ ਨੂੰ ਵੀ ਤਿੰਨ ਤਲਾਕ ਮੰਨ ਲਿਆ ਜਾਂਦਾ ਹੈ ਜਦ ਕਿ ਸੁੰਨੀ ਸੰਪਰਦਾਇ  ਦੇ ਦੂਜੇ ਮਸਲਕਾਂ ਇਸ ਨੂੰ ਇਕ ਤਲਾਕ ਹੀ ਮੰਨਿਆ ਜਾਂਦਾ ਹੈ। ਹਨਫ਼ੀ ਫ਼ਿਕਹ (ਧਰਮ ਸ਼ਾਸਤਰ) ਅਨੁਸਾਰ ਇਕੋ ਸਮੇਂ ਤਿੰਨ ਤਲਾਕ ਦੇਣਾ ਭਾਵੇਂ ਹਰਾਮ ਅਤੇ ਸਖ਼ਤ ਗੁਨਾਹ ਹੈ ਪਰੰਤੂ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਉਸਦਾ ਤਲਾਕ ਹੋ ਜਾਵੇਗਾ। ਇਕੋ ਸਮੇਂ ਤਿੰਨ ਤਲਾਕ ਦੇਣ ਦੀ ਪ੍ਰਥਾ ਇਸਲਾਮ ਦੇ ਦੂਸਰੇ ਖ਼ਲੀਫ਼ਾ ਹਜ਼ਰਤ ਉਮਰ ਫ਼ਾਰੂਕ ਨਾਲ ਸਬੰਧਿਤ  ਇਕ ਰਿਵਾਇਤ ਤੇ ਅਧਾਰਿਤ ਹੈ । ਇਸ ਰਿਵਾਇਤ ਅਨੁਸਾਰ ਆਪ ਦੇ ਸ਼ਾਸਨ ਕਾਲ ਸਮੇਂ ਕੁੱਝ ਲੋਕ ਆਪਣੀਆਂ  ਪਤਨੀਆਂ  ਨੂੰ ਤੰਗ ਪ੍ਰੇਸ਼ਾਨ ਕਰਨ ਲਈ ਤਿੰਨ ਵਾਰ ਤਲਾਕ ਆਖ  ਦਿੰਦੇ ਸਨ ਅਤੇ ਬਾਅਦ ਵਿਚ ਆਖ ਦਿੰਦੇ ਸਨ ਕਿ ਅਸੀਂ ਤਾਂ ਇਕੋ ਹੀ ਤਲਾਕ ਦਿੱਤਾ ਹੈ । ਹਜ਼ਰਤ ਉਮਰ ਫ਼ਾਰੂਕ ਨੇ ਇਸ ਬੁਰਾਈ ਦੀ ਰੋਕਥਾਮ ਲਈ ਇਹ ਹੁਕਮ ਦਿੱਤਾ ਕਿ ਇਕੋ ਸਮੇਂ ਤਿੰਨ ਤਲਾਕ ਦੇਣ ਨੂੰ ਵੀ ਤਿੰਨ ਤਲਾਕ  ਹੀ ਮੰਨਿਆ ਜਾਵੇਗਾ।ਇਸ ਦੇ ਨਾਲ ਹੀ ਆਪ ਨੇ ਸ਼ਰੀਅਤ ਦੁਆਰਾ ਨਿਯਮਤ ਵਿਧੀ ਦੀ ਉਲੰਘਣਾ ਕਰਨ  ਵਾਲੇ  ਅਜਿਹੇ ਵਿਅਕਤੀ ਲਈ ਸੌ ਕੋਰੜਿਆਂ ਦੀ ਸਜ਼ਾ ਵੀ ਨਿਰਧਾਰਤ ਕੀਤੀ ।ਜੇਕਰ ਭਾਰਤ ਵਿਚ ਵੀ ਇਕੋ ਸਮੇਂ ਤਿੰਨ ਤਲਾਕ ਦੇਣ ਨਾਲ ਸਜ਼ਾ ਵਾਲਾ ਪਹਿਲੂ ਜੋੜ ਲਿਆ ਜਾਂਦਾ ਤਾਂ ਫਿਰ ਸ਼ਾਇਦ ਇਸ ਸਬੰਧੀ ਏਨਾ  ਵਿਵਾਦ ਪੈਦਾ ਨਾ ਹੁੰਦਾ।

ਭਾਰਤ ਦੇ ਮੁਸਲਿਮ ਲੋਕ ਜ਼ਿਆਦਾਤਰ  ਤਲਾਕ ਸਬੰਧੀ ਨਿਯਮਤ ਵਿਧੀ-ਵਿਧਾਨ ਦੀ ਹੀ ਪਾਲਣਾ ਕਰਦੇ ਹਨ ਪਰੰਤੂ ਕੁੱਝ ਲੋਕ ਇਕੋ ਸਮੇਂ ਹੀ ਤਿੰਨ ਤਲਾਕ ਵੀ ਦੇ ਦਿੰਦੇ ਹਨ। ਇਸ ਦੇ ਕਈ ਕਾਰਨ ਹਨ ਜਿਵੇਂ ਸ਼ਰੀਅਤ ਦਾ ਅਲਪ ਗਿਆਨ/ਅਵੇਸਲਾਪਣ, ਮਨੁੱਖੀ ਤੇ ਸਮਾਜਿਕ ਬੁਰਾਈਆਂ ਜਿਵੇਂ ਗੁੱਸਾ, ਹੰਕਾਰ, ਸਹੁਰਾ ਪਰਿਵਾਰ ਵਲੋਂ ਪਾਏ ਜਾਣ ਵਾਲੇ ਅਣ-ਉਚਿਤ ਦਬਾਅ ਦਾ ਡਰ,  ਦਾਜ  ਦੇ ਝੂਠੇ ਕੇਸ ਦਾ ਡਰ ਆਦਿ। ਇਸ ਤਰ੍ਹਾਂ ਜ਼ਾਹਿਰ ਹੈ ਕਿ ਇਸ ਗਲਤ ਪ੍ਰਥਾ ਦੇ ਪ੍ਰਚਲਨ  ਪਿੱਛੇ ਮੁੱਖ ਕਾਰਨ ਕੇਵਲ ਧਾਰਮਿਕ ਪਹਿਲੂਆਂ ਨਾਲ ਹੀ ਵਾਬਸਤਾ ਨਹੀਂ ਹਨ ਬਲਕਿ ਇਸਦੀਆਂ ਤੰਦਾਂ ਸਾਡੀ ਭ੍ਰਿਸ਼ਟ ਸਮਾਜਿਕ ਵਿਵਸਥਾ  ਨਾਲ ਵੀ ਜੁੜੀਆਂ ਹੋਈਆਂ ਹਨ।

 ਅਸਿਸਟੈਂਟ ਪ੍ਰੋਫ਼ੈਸਰ,                                                                          
 ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਜਾਬ)। 

+ 91- 94171-24170

dranwarchiragh@yahoo.com

 

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker