EDITORIAL

TRUE STORY BEHIND SHILONG VIOLENCE AGAINST SIKHS

ਪਛਾਣ ਅਤੇ ਜ਼ਮੀਨ ਉੱਤੇ ਹੱਕ 'ਚ ਨੇ ਸਿੱਖ ਤੇ ਖਾਸੀ ਵਿਵਾਦ ਦੀਆਂ ਜੜ੍ਹਾਂ

TRUE STORY BEHIND SHILONG VIOLENCE AGAINST SIKHS: ਜਿਵੇਂ ਹੀ ਟੈਕਸੀ ਮੌਲਾਂਗ ਘਾਟ ਤਿਰਾਹਾ ਤੋਂ ਮੁੜੀ ਤਾਂ ਖੱਬੇ ਪਾਸੇ ਕੂੜੇ ਦਾ ਢੇਰ, ਨਾਲੇ ਅਤੇ ਮੀਂਹ ਕਰਕੇ ਹੋਏ ਚਿੱਕੜ ਨਾਲ ਸੜਕ ਚਿਪਚਿਪੀ ਜਿਹੀ ਹੋ ਗਈ ਸੀ। ਇਸ ਸੜਕ ਦੇ ਦੋਵੇਂ ਪਾਸੇ ਟੀਨ, ਲੱਕੜੀ ਅਤੇ ਇੱਟਾਂ ਦੇ ਘਰ ਸਨ, ਜੋ ਆਪਣੇ-ਆਪ ਨੂੰ ਖੜੇ ਕਰੀ ਰੱਖਣ ਦੇ ਯਤਨਾਂ ਵਿੱਚ ਲੱਗੇ ਹੋਏ ਜਾਪ ਰਹੇ ਸਨ। ਇਨ੍ਹਾਂ ਸਾਰਿਆਂ ਦੇ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਹਨ।

ਇਹ ਹੈ ਸ਼ਿਲਾਂਗ ਦਾ ਪੰਜਾਬੀ ਮੁਹੱਲਾ।

ਸ਼ਹਿਰ ਦੇ ਕੁਝ ਲੋਕ ਇਸ ਨੂੰ ਸਵੀਪਰ ਲੇਨ ਜਾਂ ਹਰੀਜਨ ਕਾਲੋਨੀ ਵੀ ਕਹਿੰਦੇ ਹਨ।

ਫ਼ਸਾਦ ਕਿਵੇਂ ਸ਼ੁਰੂ ਹੋਇਆ?

ਥਾਂ-ਥਾਂ ਤਾਇਨਾਤ ਅਰਧ ਸੈਨਿਕ ਦਸਤਿਆਂ ਦੇ ਜਵਾਨਾਂ ਦੀ ਮੌਜੂਦਗੀ ਇਹ ਸਾਫ਼ ਕਰ ਦਿੰਦੀ ਹੈ ਕਿ ਇਸ ਇਲਾਕੇ ਨੇ ਹਾਲ ਹੀ ਵਿੱਚ ਕੋਈ ਵੱਡੀ ਹਿੰਸਾ ਦੇਖੀ ਹੈ।

‘ਝਗੜੇ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਲੜਕੀਆਂ ਪਬਲਿਕ ਨਲਕੇ ਤੋਂ ਪਾਣੀ ਭਰ ਰਹੀਆਂ ਸੀ। ਬਸ ਵਾਲੇ ਨੇ ਬਸ ਨਲਕੇ ਦੇ ਸਾਹਮਣੇ ਲਿਆ ਕੇ ਖੜੀ ਕਰ ਦਿੱਤੀ, ਜਿਸ ਦਾ ਲੜਕੀਆਂ ਨੇ ਵਿਰੋਧ ਕੀਤਾ। ਫੇਰ ਪਹਿਲਾਂ ਡਰਾਈਵਰ ਅਤੇ ਫੇਰ ਦੋਹਾਂ ਪਾਸਿਆਂ ਤੋਂ ਗਾਲਾਂ ਚੱਲ ਪਈਆਂ। ਗੁੱਸੇ ਵਿੱਚ ਡਰਾਈਵਰ ਨੇ ਲੜਕੀ ਦੇ ਲੱਤ ਮਾਰੀ, ਜਿਸ ਮਗਰੋਂ ਲੜਕੀਆਂ ਨੇ ਡਰਾਈਵਰ ਦਾ ਕੁੱਟਾਪਾ ਚਾੜ ਦਿੱਤਾ।’

‘ਭਗਤ ਸਿੰਘ, ਅੰਬੇਦਕਰ, ਗਾਂਧੀ ਅਤੇ ਬਾਬਾ ਦੀਪ ਸਿੰਘ ਦੀਆਂ ਕੰਧਾਂ ਤੇ ਲੱਗੀਆਂ ਤਸਵੀਰਾਂ ਦੇ ਵਿਚਕਾਰ ਆਪਣੀ ਮੇਜ਼ ਦੇ ਪਿੱਛੇ ਬੈਠੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗੁਰਜੀਤ ਸਿੰਘ ਕਹਿੰਦੇ ਹਨ ਕਿ ਡਰਾਈਵਰ ਦੇ ਨਾਲ ਬੱਸ ਦਾ ਕੰਡਕਟਰ ਵੀ ਕੁੱਟਿਆ ਗਿਆ।’

ਮਜ਼ਹਬੀ ਸਿੱਖ ਪਰਿਵਾਰ ਵਿੱਚ ਜਨਮੇ ਬਾਬਾ ਦੀਪ ਸਿੰਘ ਨੇ ਅਫ਼ਗਾਨ ਹੁਕਮਰਾਨ ਅਹਿਮਦ ਸ਼ਾਹ ਦੁਰਾਨੀ ਦੀ ਫੌਜ ਦੇ ਹੱਥੋਂ ਦਰਬਾਰ ਸਾਹਿਬ ਨੂੰ ਤੋੜੇ ਜਾਣ ਦਾ ਬਦਲਾ ਲੈਣ ਦੀ ਧਾਰੀ ਸੀ। ਇਸ ਲੜਾਈ ਵਿੱਚ ਉਹ ਸ਼ਹੀਦ ਹੋ ਗਏ।

ਸੋਸ਼ਲ ਮੀਡੀ ਉੱਪਰ ਅਫ਼ਵਾਹਾਂ

ਲੜਾਈ ਨੂੰ ਲੈ ਕੇ ਛੇੜਛਾੜ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਇਹ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੇ ਪੱਖ ਨਾਲ ਗੱਲ ਕਰ ਰਹੇ ਹੋ।

ਸਥਾਨਕ ਮੀਡੀਆ ਵਿੱਚ ਕਈ ਥਾਈਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਮੁੱਹਲੇ ਵਿੱਚ ਉਸ ਦਿਨ ਕੁੱਟ ਖਾਣ ਵਾਲੇ ਤਿੰਨ ਘੱਟ ਉਮਰ ਦੇ ਨੌਜਵਾਨ ਸਨ। ਜਿਨ੍ਹਾਂ ਵਿੱਚੋਂ ਇੱਕ 14 ਅਤੇ ਦੂਸਰਾ 15 ਸਾਲ ਦਾ ਸੀ। ਇਨ੍ਹਾਂ ਮੁੰਡਿਆਂ ਦਾ ਸੰਬੰਧ ਸੂਬੇ ਦੇ ਸਭ ਤੋਂ ਵੱਡੇ ‘ਖਾਸੀ’ ਭਾਈਚਾਰੇ ਨਾਲ ਸੀ।

ਭਾਵੇਂ ਇਨ੍ਹਾਂ ਤਿੰਨਾਂ ਨੂੰ ਸਿਵਲ ਹਸਪਤਾਲ ਤੋਂ ਬਾਅਦ ਖੇਤਰੀ ਮੈਡੀਕਲ ਕਾਲਜ ਵਿੱਚ ਪੰਜ ਦਿਨਾਂ ਮਗਰੋਂ ਛੁੱਟੀ ਦੇ ਦਿੱਤੀ ਗਈ ਪਰ ਸੋਸ਼ਲ ਮੀਡੀਆ ਉੱਪਰ ਇਹ ਅਫ਼ਵਾਹ ਫੈਲ ਗਈ ਕਿ ਉਨ੍ਹਾਂ ਵਿੱਚੋਂ ਇੱਕ ਲੜਕੇ ਦੀ ਮੌਤ ਹੋ ਗਈ ਹੈ।

ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿੱਚ ਨੌਜਵਾਨ ਵੱਡੇ ਬਾਜ਼ਾਰ ਵਿੱਚ ਇਕੱਠੇ ਹੋ ਗਏ। ਪੁਲਿਸ ਨੇ ਉਨ੍ਹਾਂ ਨੂੰ ਤਿਤਰ-ਬਿਤਰ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਹਿਲਾਂ ਨਾਅਰੇਬਾਜ਼ੀ ਅਤੇ ਫੇਰ ਪੱਥਰਬਾਜ਼ੀ ਸ਼ੁਰੂ ਹੋ ਗਈ।

ਪੁਲਿਸ ਮੁਖੀ ਸਵਰਾਜਬੀਰ ਸਿੰਘ ਨੇ ਦੱਸਿਆ ਕਿ ਇਸ ਕੇਸ ਦੇ ਸਿਲਸਿਲੇ ਵਿੱਚ 50 ਗ੍ਰਿਫਤਾਰੀਆਂ ਹੋਈਆਂ ਹਨ। ਪੰਜਾਬੀ ਮੁੱਹਲੇ ਦੇ ਤਿੰਨ ਨੌਜਵਾਨ ਵੀ ਹਵਾਲਾਤ ਵਿੱਚ ਹਨ।

ਸ਼ਿਲਾਂਗ ਵਿੱਚ ਹਿੰਸਾ ਦੇ ਦੂਸਰੇ ਦਿਨ ਕਰਫਿਊ ਲੱਗ ਗਿਆ ਜੋ ਸ਼ਹਿਰ ਵਿੱਚ ਸ਼ਾਮ ਤੋਂ ਅਤੇ ਹਿੰਸਾ ਵਾਲੇ ਇਲਾਕਿਆਂ ਵਿੱਚ ਸੂਰਜ ਛਿਪਣ ਮਗਰੋਂ ਜਾਰੀ ਰੱਖਿਆ ਗਿਆ ਹੈ।

ਇੰਟਰਨੈੱਟ ਸੇਵਾਵਾਂ ਉੱਪਰ ਪੂਰਨ ਪਾਬੰਦੀ ਹੈ ਅਤੇ ਸ਼ਹਿਰ ਵਿੱਚ ਅਰਧ-ਸੈਨਿਕ ਦਸਿਤਆਂ ਦੀ ਤੈਨਾਤੀ ਹਰ ਇਲਾਕੇ ਵਿੱਚ ਦਿਖਦੀ ਹੈ।

‘ਖਾਸੀ ਗੁੱਸੇ ਵਿੱਚ ਸਨ’

ਖਾਸੀ ਸਟੂਡੈਂਟ ਯੂਨੀਅਨ ਦੇ ਮੁਖੀ ਲੈਂਬਾਕ ਮਾਰੇਂਗਾਰ ਕਹਿੰਦੇ ਹਨ, ’31 ਮਈ ਨੂੰ ਉਸ ਏਰੀਏ ਵਿੱਚ ਜੋ ਹੋਇਆ ਉਹ ਨਵਾਂ ਨਹੀਂ ਸੀ। ਪਿਛਲੇ ਦਹਾਕੇ ਵਿੱਚ ਅਜਿਹਾ ਵਾਰ-ਵਾਰ ਹੋਇਆ ਹੈ। ਉਸ ਦਿਨ ਤਿੰਨ ਖਾਸੀ ਲੜਕਿਆਂ ਨੂੰ ਕੁੱਟਿਆ ਗਿਆ ਜਿਸ ਮਗਰੋਂ ਖਾਸੀਆਂ ਨੇ ਪੂਰਾ ਦਹਾਕਾ ਜੰਮਿਆ ਹੋਇਆ ਰੋਹ ਅਤੇ ਗੁੱਸਾ ਫੁੱਟ ਪਿਆ।’

‘ਮਾਮੂਲੀ ਕੱਦ ਕਾਠ ਅਤੇ ਸਾਂਵਲੇ ਰੰਗ ਦੇ ਲੈਂਬਾਕ ਗੁੱਸੇ ਵਿੱਚ ਕਹਿੰਦੇ ਹਨ, ਬਜਾਏ ਇਸ ਦੇ ਕਿ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਪੁਲਿਸ ਮਾਮਲੇ ਵਿੱਚ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਗਲੇ ਤਿੰਨ ਚਾਰ ਦਿਨ ਹੋਣ ਵਾਲੀਆਂ ਹਿੰਸਕ ਘਟਨਾਵਾਂ ਇਸੇ ਕਰਕੇ ਹੋਈਆਂ।’

ਅੰਗਰੇਜ਼ੀ ਦੇ ਰੋਜ਼ਾਨਾ ਦਿ ਸ਼ਿਲਾਂਗ ਟਾਈਮਜ਼ ਦੀ ਸੰਪਾਦਕ ਪੈਟ੍ਰਿਸ਼ਿਆ ਮੁਖਿਮ ਨੇ ਕਿਹਾ, ‘ਪੁਲਿਸ ਨੂੰ ਮਾਮਲੇ ਵਿੱਚ ਸੁਲਾਹ ਸਫਾਈ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ।’ ਉਨ੍ਹਾਂ ਮੁਤਾਬਕ ਮੇਘਾਲਿਆ ਵਿੱਚ ਕਿਸੇ ‘ਲੋਕਲ’ ਨੂੰ ਕੁੱਟ ਕੇ ਬਚਣਾ ਮੁਸ਼ਕਿਲ ਹੈ। ਪੈਟ੍ਰਿਸ਼ਿਆ ਮੁਖਿਮ ਕਹਿੰਦੇ ਹਨ, ‘ਕਿਸੇ ਮੂਲ ਨਿਵਾਸੀ ਦਾ ਕਿਸੇ ਬਾਹਰੀ ਬੰਦੇ ਦੇ ਹੱਥੋਂ ਮਾਰ ਖਾ ਜਾਣ ਨੂੰ ਇੱਥੇ ਬੇਇਜ਼ਤੀ ਅਤੇ ਸ਼ਰਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜਿਵੇਂ ਕੋਈ ਤੁਹਾਨੂੰ ਘਰੇ ਵੜ ਕੇ ਕੁੱਟ ਗਿਆ ਹੋਵੇ।’

ਉਹ ਕਹਿੰਦੇ ਹਨ, ‘ਅਤੇ ਆਪਣੇ ਹਿੱਤ ਪੂਰੇ ਕਰਨ ਵਾਲੇ ਅਜਿਹੇ ਲੋਕ ਤਾਂ ਬੈਠੇ ਹੀ ਹਨ ਜੋ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰਦੇ ਹਨ। ਇਸੇ ਕਰਕੇ ਕੁਝ ਲੋਕਾਂ ਵਿਚਕਾਰ ਹੋਈ ਹੱਥੋਪਾਈ ਦਾ ਮਾਮਲਾ ਫਿਰਕੂ ਹਿੰਸਾ ਵਿੱਚ ਬਦਲ ਗਿਆ।’

ਫੇਰ ਉਹੀ ਜ਼ਰ ਅਤੇ ਜ਼ਮੀਨ

ਹਾਲ ਹੀ ਵਿੱਚ ਹੋਏ ਹੰਗਾਮੇ ਮਗਰੋਂ ਮੌਲਾਂਗ ਘਾਟ ਦੇ ਤਕਰੀਬਨ ਦੋ ਏਕੜ ਦੇ ਘੇਰੇ ਵਿੱਚ ਵਸੀ ਪੰਜਾਬੀ ਕਾਲੋਨੀ ਨੂੰ ਕਿਤੇ ਹੋਰ ਤਬਦੀਲ ਕਰਨ ਦੀ ਮੰਗ ਹੋਰ ਤੇਜ਼ ਹੋ ਗਈ ਹੈ।

ਸ਼ਿਲਾਂਗ ਦੇ ਸਭ ਤੋਂ ਪਹਿਲੇ ਕਮਰਸ਼ੀਅਲ ਇਲਾਕੇ ਪੁਲਿਸ ਬਾਜ਼ਾਰ ਤੋਂ ਬਾਅਦ ਮੌਲਾਂਗ ਘਾਟ ਜਾਂ ਵੱਡੇ ਬਾਜ਼ਾਰ ਦਾ ਹੀ ਨਾਮ ਆਉਂਦਾ ਹੈ। ਉੱਥੇ ਹੀ ਹੈ ਪੰਜਾਬੀ ਮੁਹੱਲਾ ਜਿਸਦੇ ਦੋਵੇਂ ਪਾਸੇ ਛੋਟੀਆ-ਛੋਟੀਆਂ ਦੁਕਾਨਾਂ ਅਤੇ ਉੱਪਰ ਅਤੇ ਹੇਠਾਂ ਵੱਲ ਬੇਤਰਤੀਬੇ ਮਕਾਨ ਅਤੇ ਝੁੱਗੀਆਂ ਹਨ।

ਦੋ ਦਿਨ ਪਹਿਲਾਂ ਇੱਕ ਸ਼ਾਂਤੀ ਮਾਰਚ ਦਰਮਿਆਨ ਪ੍ਰਾਰਥਨਾ ਸਭਾ ਹੋਈ ਜਿਸ ਵਿੱਚ ਉੱਚ ਪੱਧਰੀ ਮੁੜਵਸੇਬਾ ਕਮੇਟੀ ਤੋਂ ਮੰਗ ਕੀਤੀ ਗਈ ਕਿ ਉਹ ਸਵੀਪਰਜ਼ ਕਾਲੋਨੀ ਨੂੰ ਦੂਸਰੀ ਥਾਂ ਵਸਾਉਣ ਦੇ ਕੰਮ ਵਿੱਚ ਤੇਜ਼ੀ ਲਿਆਵੇ।

ਇਸ ਕਮੇਟੀ ਦਾ ਗਠਨ ਐਨਡੀਏ ਦੀ ਕੌਨਰੈਡ ਸੰਗਮਾ ਦੀ ਸਰਕਾਰ ਨੇ ਕੀਤਾ ਹੈ।

ਲੈਂਬਾਕ ਮਾਰੇਂਗਾਰ ਕਹਿੰਦੇ ਹਨ, ‘ਇਹ ਰਿਹਾਇਸ਼ੀ ਇਲਾਕਾ ਨਹੀਂ ਕਮਰਸ਼ੀਅਲ ਏਰੀਆ ਹੈ। ਜੇ ਸਰਕਾਰ ਇੱਥੋਂ ਦੇ ਲੋਕਾਂ ਨੂੰ ਦੂਸਰੀ ਥਾਂ ਵਸਾ ਕੇ ਇਸ ਨੂੰ ਵਪਾਰਕ ਖੇਤਰ ਵਜੋਂ ਵਿਕਸਿਤ ਕਰੇ ਤਾਂ ਉਸ ਨਾਲ ਸੂਬੇ ਦਾ ਵਿਕਾਸ ਹੋਵੇਗਾ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।’

ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਸਨੀ ਸਿੰਘ ਕਹਿੰਦੇ ਹਨ, ‘ਉਹ ਇਸ ਇਲਾਕੇ ਨੂੰ ਕਮਰਸ਼ੀਅਲ ਕੇਂਦਰ ਵਜੋਂ ਵਿਕਸਿਤ ਕਰਨਾ ਚਾਹੁੰਦੇ ਹਨ ਅਤੇ ਉਹ ਉਸ ਸਮੇਂ ਤੱਕ ਨਹੀਂ ਜਦੋਂ ਤੱਕ ਅਸੀਂ ਇੱਥੋਂ ਜਾਂਦੇ ਨਹੀਂ।’

TRUE STORY BEHIND SHILONG VIOLENCE AGAINST SIKHS

ਮੂਲ ਰੂਪ ਵਿੱਚ ਪੰਜਾਬ ਦੇ ਗੁਰਦਾਸਪੁਰ ਨਾਲ ਸੰਬੰਧ ਰੱਖਣ ਵਾਲੇ ਸਨੀ ਸਿੰਘ ਇਹ ਵੀ ਕਹਿੰਦੇ ਹਨ, ‘ਅੱਜ ਤਾਂ ਕੋਈ 10 ਸਾਲ ਕਿਤੇ ਰਹਿ ਲਵੇ ਤਾਂ ਜ਼ਮੀਨ ਨਹੀਂ ਛੱਡਦਾ ਅਸੀਂ ਤਾਂ ਇੱਥੇ ਪਿਛਲੇ ਲਗਪਗ ਡੇਢ ਸੌ ਸਾਲਾਂ ਤੋਂ ਰਹਿੰਦੇ ਆ ਰਹੇ ਹਾਂ।’

ਆਖ਼ਰ ਜ਼ਮੀਨ ਹੈ ਕਿਸਦੀ?

ਗੁਰਜੀਤ ਸਿੰਘ ਦਾ ਕਹਿਣਾ ਹੈ ਕਿ, ‘ਮੁੜ ਵਸੇਬੇ ਦਾ ਸਵਾਲ ਤਾਂ ਤਦ ਆਵੇਗਾ ਜਦੋਂ ਅਸੀਂ ਜ਼ਮੀਨ ਉੱਪਰ ਆਪਣੇ ਹੱਕ ਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਾਂਗੇ।’

ਪੰਜਾਬੀ ਭਾਈਚਾਰਾ ਆਪਣੇ ਹੱਕ ਵਿੱਚ ਸਥਾਨਕ ਸਰਕਾਰ- ਸਿਯੇਮ ਆਫ਼ ਮਿਲੇਨੀਅਮ, ਦੇ ਜਾਰੀ ਕੀਤੇ ਕਥਿਤ ਦਸਦਾਵੇਜ਼ ਦਿਖਾਉਂਦੇ ਹਨ। ਜਿਨ੍ਹਾਂ ਮੁਤਾਬਕ ਉਨ੍ਹਾਂ ਨੇ ਜ਼ਮੀਨ ਉਨ੍ਹਾਂ ਨੂੰ ਇਹ ਜ਼ਮੀਨ ਰਹਿਣ ਲਈ ਉਨੀਂਵੀਂ ਸਦੀ ਦੇ ਮੱਧ ਵਿੱਚ ਦਿੱਤੀ ਗਈ ਸੀ।

ਇਹ ਸਿੱਖ ਪਰਿਵਾਰ ਇੱਥੇ ਬਰਤਾਨਵੀਂ ਅਧਿਕਾਰੀਆਂ ਵੱਲੋਂ ਮਲ-ਮੂਤਰ ਦੀ ਸਫ਼ਾਈ ਦੇ ਕੰਮ ਲਈ ਲਿਆਂਦੇ ਗਏ ਸਨ।

ਹੁਣ ਵਿਵਾਦ ਇਸ ਗੱਲ ਦਾ ਹੈ ਕਿ ਸਥਾਨਕ ਸਰਕਾਰ ਨੇ ਇਹ ਜ਼ਮੀਨ ਸਮਝੌਤੇ ਦੇ ਅਧੀਨ ਨਗਰ ਨਿਗਮ ਨੂੰ ਆਪਣੇ ਕਰਮਚਾਰੀਆਂ ਲਈ ਦਿੱਤੀ ਸੀ ਜਾਂ ਸਿੱਧੇ ਸਿੱਖ ਭਾਈਚਾਰੇ ਨੂੰ!

ਸ਼ਿਲਾਂਗ ਦੇ ਡਿਪਟੀ ਕਮਿਸ਼ਨਰ ਪੀਐਸ ਡਖਰ ਜ਼ਮੀਨ ਦੇ ਮਾਲਕਾਨਾ ਹੱਕ ਦੇ ਸਵਾਲ ਬਾਰੇ ਕਹਿੰਦੇ ਹਨ ਕਿ ਇਹ ਜ਼ਮੀਨ ਮਾਲੀਆ ਵਿਭਾਰ ਦੇ ਅਧੀਨ ਨਹੀਂ ਆਉਂਦੀ, ਇਸ ਲਈ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

ਖਾਸੀ ਸੰਗਠਨਾਂ ਦਾ ਕਹਿਣਾ ਹੈ ਕਿ ਜੇ ਜ਼ਮੀਨ ਸਿੱਖਾਂ ਨੂੰ ਨਗਰ ਨਿਗਮ ਵੱਲੋਂ ਮਿਲੀ ਵੀ ਸੀ ਤਾਂ ਸਿਰਫ਼ ਉਨ੍ਹਾਂ ਲੋਕਾਂ ਦੇ ਰਹਿਣ ਲਈ ਜੋ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਸਨ ਜਾਂ ਹਨ। ਜਿਨ੍ਹਾਂ ਦੀ ਗਿਣਤੀ 20 ਤੋਂ 25 ਲੋਕ ਹੋਵੇਗੀ ਪਰ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਲੋਕ ਵਸੇ ਹੋਏ ਹਨ, ਉਹ ਕੌਣ ਹਨ!?

ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਇਲਾਕੇ ਵਿੱਚੋਂ ਹਟਾਉਣ ਦਾ ਇੱਕ ਨੋਟਿਸ 1990 ਦੇ ਦਹਾਕੇ ਵਿੱਚ ਹਾਈ ਕੋਰਟ ਵਿੱਚ ਉਨ੍ਹਾਂ ਦੇ ਪੱਖ ਵਿੱਚ ਆਇਆ ਸੀ ਪਰ ਦੂਜੇ ਪਾਸੇ ਖਾਸੀ ਸੰਗਠਨ ਕਹਿ ਰਹੇ ਹਨ ਕਿ ਉਹ ਮੁੜ ਵਸੇਬੇ ਨੂੰ ਲੈ ਕੇ ਕੁਝ ਮਹੀਨੇ ਦੇਖਣ ਮਗਰੋਂ ਲੋੜ ਪਈ ਤਾਂ ਸਖ਼ਤ ਰੁਖ ਅਪਨਾਉਣਗੇ।

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker